ਮੇਰਾ ਜਨਮ ਅਣਵੰਡੇ ਕਾਲਾਹਾਂਡੀ ਜ਼ਿਲ੍ਹੇ ਵਿੱਚ ਹੋਇਆ ਸੀ, ਜਿੱਥੇ ਅਕਾਲ, ਭੁੱਖਮਰੀ, ਭੁੱਖ ਨਾਲ਼ ਹੁੰਦੀਆਂ ਮੌਤਾਂ ਤੇ ਸੰਕਟ ਤੋਂ ਬਚਣ ਲਈ ਪਲਾਇਨ ਜਿੱਥੋਂ ਦੇ ਲੋਕਾਂ ਦੇ ਜੀਵਨ ਦਾ ਅਨਿੱਖੜਵਾਂ ਅੰਗ ਬਣਿਆ। ਇੱਕ ਨੌਜਵਾਨ ਮੁੰਡੇ ਦੇ ਰੂਪ ਵਿੱਚ ਅਤੇ ਬਾਅਦ ਵਿੱਚ ਬਤੌਰ ਇੱਕ ਪੱਤਰਕਾਰ, ਮੈਂ ਇਨ੍ਹਾਂ ਘਟਨਾਵਾਂ ਨੂੰ ਸਾਫ਼ ਤੇ ਸਪੱਸ਼ਟ ਤੇ ਦ੍ਰਿੜਤਾ ਨਾਲ਼ ਰਿਪੋਰਟ ਕੀਤਾ। ਇਸਲਈ ਮੈਨੂੰ ਇਸ ਗੱਲ਼ ਦੀ ਸਮਝ ਹੈ ਕਿ ਲੋਕ ਕਿਉਂ ਪਲਾਇਨ ਕਰਦੇ ਹਨ, ਕੌਣ ਪਲਾਇਨ ਕਰਦੇਾ ਹੈ, ਉਹ ਕਿਹੜੇ ਹਾਲਾਤ ਹੁੰਦੇ ਹਨ ਜੋ ਉਨ੍ਹਾਂ ਨੂੰ ਪਲਾਇਨ ਕਰਨ ਨੂੰ ਮਜ਼ਬੂਰ ਕਰਦੇ ਹਨ, ਕਿਵੇਂ ਉਹ ਆਪਣੀ ਰੋਜ਼ੀ-ਰੋਟੀ ਕਮਾਉਂਦੇ ਹਨ- ਆਪਣੀ ਸਰੀਰਕ ਸ਼ਕਤੀ ਤੋਂ ਪਰ੍ਹੇ ਜਾ ਕੇ ਕੰਮ ਕਰਦੇ ਹਨ।
ਇਹ ਵੀ ‘ਸਧਾਰਣ’ ਸੀ ਕਿ ਜਦੋਂ ਉਨ੍ਹਾਂ ਨੂੰ ਸਰਕਾਰੀ ਸਹਾਇਤਾ ਦੀ ਸਭ ਤੋਂ ਵੱਧ ਲੋੜ ਸੀ, ਉਦੋਂ ਹੀ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਬਗ਼ੈਰ ਭੋਜਨ, ਪਾਣੀ ਦੇ, ਬਗ਼ੈਰ ਵਾਹਨਾਂ ਦੇ ਸੈਂਕੜੇ ਕਿਲੋਮੀਟਰ ਦੂਰ ਜਾਣ ਲਈ ਪੈਦਲ ਤੁਰਨ ਨੂੰ ਮਜ਼ਬੂਰ ਕਰ ਦਿੱਤਾ ਗਿਆ- ਜਦੋਂਕਿ ਉਨ੍ਹਾਂ ਵਿੱਚੋਂ ਬਹੁਤਿਆਂ ਕੋਲ਼ ਚੱਪਲਾਂ ਤੱਕ ਨਹੀਂ ਸਨ।
ਇਹ ਮੈਨੂੰ ਤੜਫ਼ਾਉਂਦਾ ਹੈ, ਕਿਉਂਕਿ ਇੱਥੋਂ ਦੇ ਲੋਕਾਂ ਨਾਲ਼ ਮੇਰਾ ਭਾਵਨਾਤਮਕ ਜੁੜਾਅ ਹੈ, ਇੱਕ ਰਿਸ਼ਤਾ ਹੈ- ਜਿਵੇਂ ਕਿ ਮੈਂ ਉਨ੍ਹਾਂ ਵਿੱਚੋਂ ਹੀ ਇੱਕ ਹੋਵਾਂ। ਮੇਰੇ ਵਾਸਤੇ, ਉਹ ਯਕੀਨਨ ਮੇਰੇ ਹੀ ਲੋਕ ਹਨ। ਇਸਲਈ ਮੈਂ ਉਨ੍ਹਾਂ ਲੋਕਾਂ, ਉਨ੍ਹਾਂ ਭਾਈਚਾਰਿਆਂ ਨੂੰ ਇੱਕ ਵਾਰ ਦੋਬਾਰਾ ਤਸੀਹੇ ਝੱਲਦਿਆਂ ਦੇਖ ਕੇ ਕਾਫ਼ੀ ਪਰੇਸ਼ਾਨ ਹੋਇਆਂ ਤੇ ਲਾਚਾਰ ਮਹਿਸੂਸ ਕਰਨ ਲੱਗਿਆਂ। ਇਹਨੇ ਮੈਨੂੰ ਇਨ੍ਹਾਂ ਸ਼ਬਦਾਂ ਅਤੇ ਛੰਦਾਂ ਨੂੰ ਝਰੀਟਣ ਲਈ ਉਕਸਾਇਆ- ਜਦੋਂ ਕਿ ਮੈਂ ਕਵੀ ਹਾਂ ਹੀ ਨਹੀਂ।
ਮੈਂ ਕਵੀ ਨਹੀਂ ਹਾਂ
ਮੈਂ ਇੱਕ
ਫ਼ੋਟੋਗ੍ਰਾਫ਼ਰ ਹਾਂ
ਮੈਂ
ਨੌਜਵਾਨ ਮੁੰਡਿਆਂ ਦੀ ਫ਼ੋਟੋ ਖਿੱਚੀ
ਸਿਰਾਂ ‘ਤੇ
ਪੱਗਾਂ ਤੇ ਪੈਰੀਂ ਘੁੰਗਰੂ
ਧੌਣਾਂ ‘ਤੇ ਲਮਕਦੀਆਂ ਮਾਲਾਵਾਂ।
ਮੈਂ ਮੁੰਡਿਆਂ ਨੂੰ ਦੇਖਿਆ ਹੈ
ਉਤਸਾਹ ਭਰਪੂਰ
ਇਨ੍ਹਾਂ ਸੜਕਾਂ ‘ਤੇ ਸਾਈਕਲ ਭਜਾਉਂਦੇ
ਜਿੱਥੇ ਚਿਣਗਾਂ ‘ਤੇ ਤੁਰ ਉਹ ਘਰ ਜਾ ਰਹੇ ਹਨ।
ਢਿੱਡ ਦੀ ਅੱਗ
ਪੈਰਾਂ ਹੇਠ ਚਿਣਗਾਂ
ਅੱਖਾਂ ਛੱਡਣ ਅੰਗਾਰੇ
ਉਹ ਅੰਗਾਰਿਆਂ ‘ਤੇ ਤੁਰ ਰਹੇ
ਪੈਰਾਂ ਦੇ ਤਲ਼ੇ ਝੁਲਸਦੇ ਜਾਂਦੇ
ਪਰ ਉਹ ਤੁਰੀ ਜਾਂਦੇ।
ਮੈਂ ਛੋਟੀਆਂ ਕੁੜੀਆਂ ਦੀ ਫ਼ੋਟੋ ਖਿੱਚੀ
ਵਾਲ਼ਾਂ ਵਿੱਚ ਗੁੰਦੇ ਫੁੱਲਾਂ ਦੇ ਨਾਲ਼
ਹੱਸਦੀਆਂ ਅੱਖਾਂ ਵਾਂਗਰ ਪਾਣੀ
ਜਿਨ੍ਹਾਂ ਦੀਆਂ ਅੱਖਾਂ ਸਨ
ਮੇਰੀ ਧੀ ਦੀਆਂ ਅੱਖਾਂ ਜਿਹੀਆਂ
ਕੀ ਇਹ ਉਹੀ ਕੁੜੀਆਂ ਨੇ
ਜੋ ਹੁਣ ਪਾਣੀ ਲਈ ਵਿਲ਼ਕ ਰਹੀਆਂ ਨੇ
ਤੇ ਜਿਨ੍ਹਾਂ ਦੇ ਹਾਸੇ
ਉਨ੍ਹਾਂ ਦੇ ਹੰਝੂਆਂ ‘ਚ
ਡੁੱਬ ਰਹੇ?
ਕੌਣ ਆ ਜੋ ਸੜਕ ਕੰਢੇ ਮਰ ਰਹੀ ਹੈ
ਮੇਰੇ ਘਰ ਦੇ ਇੰਨੀ ਨੇੜੇ?
ਕੀ ਇਹ ਜਮਲੋ ਹੈ?
ਉਹ ਜਮਲੋ ਜਿਹਨੂੰ ਮੈਂ ਦੇਖਿਆ ਸੀ
ਨੰਗੇ ਪੈਰੀਂ ਟਪੂਸੀਆਂ ਮਾਰਦਿਆਂ
ਹਰੀ ਲਾਲ ਮਿਰਚ ਦੇ ਖੇਤਾਂ ਵਿੱਚ,
ਮਿਰਚਾਂ ਨੂੰ ਤੋੜਦੇ, ਚੁਗਦੇ ਤੇ ਗਿਣਦੇ ਹੋਏ
ਕਿਸੇ ਨੰਬਰ ਵਾਂਗਰ?
ਇਹ ਭੁੱਖਾ ਬੱਚਾ ਕਿਹਦਾ ਹੈ?
ਕਿਹਦਾ ਸਰੀਰ ਪਿਘਲ਼ ਰਿਹਾ ਹੈ,
ਸੜਕ ਕੰਢੇ ਨਿੱਸਲ ਹੋ ਰਿਹਾ?
ਮੈਂ ਔਰਤਾਂ ਦੀਆਂ ਫ਼ੋਟੋਆਂ ਖਿੱਚੀਆਂ
ਛੋਟੀਆਂ ਤੇ ਵੱਡੀਆਂ
ਡੋਂਗਰੀਆਂ ਕੋਂਧ ਔਰਤਾਂ
ਬੰਜਾਰਨ ਔਰਤਾਂ
ਆਪਣੇ ਸਿਰਾਂ ‘ਤੇ ਪਿੱਤਲ ਦੇ ਭਾਂਡੇ ਰੱਖੀ
ਨਾਚ ਕਰਦੀਆਂ ਔਰਤਾਂ
ਆਪਣੇ ਪੈਰਾਂ ‘ਤੇ
ਖ਼ੁਸ਼ੀ ਨਾਲ਼ ਝੂਮਦੀਆਂ ਔਰਤਾਂ
ਇਹ ਉਹ ਔਰਤਾਂ ਨਹੀਂ-
ਉਨ੍ਹਾਂ ਦੇ ਮੋਢੇ ਝੁਕੇ ਹੋਏ ਨੇ
ਕਿਹੜੇ ਭਾਰ ਨੂੰ ਢੋਹ ਰਹੀਆਂ ਨੇ!
ਨਹੀਂ, ਨਹੀਂ, ਇਹ ਨਹੀਂ ਹੋ ਸਕਦੀਆਂ
ਉਹੀ ਗੋਂਡ ਔਰਤਾਂ
ਜੋ ਲੱਕੜਾਂ ਦੀਆਂ ਪੰਡਾਂ ਸਿਰਾਂ ‘ਤੇ
ਲੱਦੀ
ਰਾਜਮਾਰਗ ‘ਤੇ ਛੋਹਲੇ ਪੈਰੀਂ ਤੁਰਦੀਆਂ ਨੇ।
ਇਹ ਅੱਧ-ਮਰੀਆਂ,
ਭੁੱਖ ਨਾਲ਼ ਵਿਲ਼ਕਦੀਆਂ ਔਰਤਾਂ ਨੇ
ਆਪਣੇ ਲੱਕ ‘ਤੇ ਖਿਝੇ-ਖਿਝੇ ਬੱਚੇ ਨੂੰ ਟਿਕਾਈ
ਤੇ ਦੂਜੇ ਨੂੰ ਬਗ਼ੈਰ ਕਿਸੇ ਉਮੀਦੋਂ ਕੁੱਖ ‘ਚ
ਸਾਂਭੀ।
ਹਾਂ, ਮੈਂ ਜਾਣਦਾ ਹਾਂ, ਉਹ ਦਿੱਸਦੀਆਂ ਨੇ
ਮੇਰੀ ਮਾਂ ਤੇ ਭੈਣ ਜਿਹੀਆਂ
ਪਰ ਇਹ ਕੁਪੋਸ਼ਿਤ, ਸ਼ੋਸਤ ਔਰਤਾਂ ਨੇ।
ਇਹ ਔਰਤਾਂ ਜੋ ਮਰਨ ਦੀ ਉਡੀਕ ਕਰ ਰਹੀਆਂ।
ਇਹ ਉਹ ਔਰਤਾਂ ਨਹੀਂ ਨੇ
ਉਨ੍ਹਾਂ ਜਿਹੀਆਂ ਜਾਪ ਜ਼ਰੂਰ ਰਹੀਆਂ
ਪਰ ਇਹ ਉਹ ਨਹੀਂ ਹਨ
ਜਿਨ੍ਹਾਂ ਦੀ ਮੈਂ ਫ਼ੋਟੋ ਖਿੱਚੀ ਸੀ
ਮੈਂ ਪੁਰਸ਼ਾਂ ਦੀ ਫ਼ੋਟੋ ਖਿੱਚੀ ਹੈ
ਲਚੀਲੇ, ਸ਼ਕਤੀਸ਼ਾਲੀ ਪੁਰਸ਼
ਇੱਕ ਮਛੇਰਾ, ਢਿਨਕਿਆ ਦਾ ਮਜ਼ਦੂਰ
ਮੈਂ ਉਹਦੇ ਗਾਣੇ ਸੁਣੇ ਹਨ
ਵਿਸ਼ਾਲ ਨਿਗਮਾਂ ਨੂੰ ਦੂਰ ਭਜਾਉਂਦੇ
ਇਹ ਚਾਂਗਰਾਂ ਮਾਰਨ ਵਾਲ਼ਾ ਉਹ ਨਹੀਂ ਹੈ,
ਕਿ ਉਹੀ ਹੈ?
ਕੀ ਮੈਂ ਇਸ ਨੌਜਵਾਨ ਪੁਰਸ਼ ਨੂੰ ਜਾਣਦਾ ਹਾਂ,
ਉਹ ਬਜ਼ੁਰਗ ਆਦਮੀ?
ਜੋ ਮੀਲ਼ਾਂ-ਬੱਧੀ ਤੁਰ ਰਿਹਾ
ਪਿੱਛਾ ਕਰਦੇ ਆਪਣੇ ਦੁੱਖਾਂ ਨੂੰ ਪਰ੍ਹਾਂ ਧੱਕਦਾ ਹੋਇਆ
ਵੱਧਦੇ ਇਕਲਾਪੇ ਨੂੰ ਦੂਰ ਕਰਨ ਲਈ
ਇੰਨਾ ਲੰਬਾ ਪੈਂਡਾ ਕੌਣ ਮਾਰਦਾ ਹੈ
ਹਨ੍ਹੇਰੇ ‘ਚੋਂ ਭੱਜਣ ਲਈ?
ਇੰਨੀ ਮਿਹਨਤ ਨਾਲ਼ ਕੌਣ ਤੁਰਦਾ ਹੈ
ਕੋਸੇ ਹੰਝੂਆਂ ਨਾਲ਼ ਲੜਨ ਲਈ?
ਕੀ ਇਹ ਪੁਰਸ਼ ਮੇਰੇ ਨਾਲ਼ ਜੁੜੇ ਨੇ?
ਕੀ ਉਹ ਡੇਗੂ ਹੈ
ਜੋ ਆਖ਼ਰ ਇੱਟ-ਭੱਠੇ ਨੂੰ ਛੱਡ
ਭੱਜ ਕੇ ਆਪਣੇ ਘਰ ਜਾਣਾ ਲੋਚਦਾ?
ਕੀ ਮੈਂ ਉਨ੍ਹਾਂ ਦੀ ਫ਼ੋਟੋ ਖਿੱਚਾਂ?
ਕੀ ਮੈਂ ਉਨ੍ਹਾਂ ਨੂੰ ਗਾਉਣ ਲਈ ਕਹਾਂ?
ਨਹੀਂ, ਮੈਂ ਕਵੀ ਨਹੀਂ ਹਾਂ
ਮੈਂ ਗਾਣਾ ਨਹੀਂ ਲਿਖ ਸਕਦਾ।
ਮੈਂ ਇੱਕ ਫ਼ੋਟੋਗ੍ਰਾਫ਼ਰ ਹਾਂ
ਪਰ ਇਹ ਉਹ ਲੋਕ ਨਹੀਂ ਹਨ
ਜਿਨ੍ਹਾਂ ਦੀ ਮੈਂ ਫ਼ੋਟੋ ਖਿੱਚਦਾ ਹਾਂ।
ਜਾਂ ਉਹੀ ਨੇ?
ਲੇਖਕ, ਪ੍ਰਤਿਸ਼ਠਾ
ਪਾਂਡਿਆ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਨ ਜਿਨ੍ਹਾਂ ਨੇ ਕਵਿਤਾ ਦੇ ਸੰਪਾਦਨ ਵਿੱਚ ਆਪਣਾ ਅਹਿਮ
ਹਿੱਸਾ ਪਾਇਆ।
ਆਡਿਓ : ਸੁਧਨਵਾ ਦੇਸ਼ਪਾਂਡੇ, ਜਨ ਨਾਟਯ ਮੰਚ ਦੇ ਇੱਕ ਅਭਿਨੇਤਾ ਅਤੇ ਨਿਰਦੇਸ਼ਕ ਅਤੇ ਲੈਫਟਵਰਡ ਬੁੱਕਸ ਦੇ ਸੰਪਾਦਕ ਹਨ।
ਤਰਜਮਾ: ਕਮਲਜੀਤ ਕੌਰ