ਇਹ ਸਟੋਰੀ ਜਲਵਾਯੂ ਤਬਦੀਲੀ 'ਤੇ ਅਧਾਰਤ ਪਾਰੀ ਦੀ ਉਸ ਲੜੀ ਦਾ ਹਿੱਸਾ ਹੈ ਜਿਹਨੇ ਵਾਤਾਵਰਣ ਸਬੰਧੀ ਰਿਪੋਰਟਿੰਗ ਦੀ ਸ਼੍ਰੇਣੀ ਵਿੱਚ ਸਾਲ 2019 ਦਾ ਰਾਮਨਾਥ ਗੋਇਨਕਾ ਪੁਰਸਕਾਰ ਜਿੱਤਿਆ।
ਇਹ ਕਲਾਸਿਕ ਭਾਰਤੀ ਸਿਨੇਮਾ ਦਾ ਰੇਗਿਸਤਾਨ ਵਿੱਚ ਲੜਾਈ ਦਾ ਦ੍ਰਿਸ਼ ਹੈ। ਨਾਇਕ, ਜਿਹਦੇ ਪਿੱਛੇ ਰੇਤ ਦੇ ਟਿੱਲੇ ਹਨ ਜਿਨ੍ਹਾਂ 'ਤੇ ਕਿਤੇ-ਕਿਤੇ ਛੋਟਾ ਘਾਹ ਉੱਗ ਰਿਹਾ ਹੈ, ਖਲਨਾਇਕ ਦਾ ਕਚੂਮਰ ਬਣਾਉਣ ਲਈ ਬੰਜਰ ਭੂਮੀ ਦੀ ਮੱਚਦੀ ਹੋਈ ਰੇਤ ਨਾਲ਼ ਉੱਠਦਾ ਹੈ। ਇਸ ਫ਼ਿਲਮ ਵਿੱਚ ਕੁਦਰਤ ਦੁਆਰਾ ਬਖ਼ਸ਼ੀ ਗਈ ਗਰਮੀ ਅਤੇ ਧੂੜ ਨੂੰ ਜੋੜਦੇ ਹੋਏ ਇਹ ਫ਼ਿਲਮ ਨੂੰ ਸੁਖਦ ਅੰਤ ਤੀਕਰ (ਖ਼ਲਨਾਇਕਾਂ ਨੂੰ ਛੱਡ ਕੇ) ਲੈ ਜਾਂਦੀ ਹੈ। ਅਣਗਿਣਤ ਭਾਰਤੀ ਫ਼ਿਲਮਾਂ ਨੇ ਰਾਜਸਥਾਨ ਦੇ ਕੁਝ ਬੀਆਬਾਨ ਇਲਾਕਿਆਂ ਵਿੱਚ ਜਾਂ ਮੱਧਪ੍ਰਦੇਸ਼ ਵਿੱਚ ਚੰਬਲ ਘਾਟੀ ਦੇ ਬੀਹੜਾਂ ਵਿੱਚ ਵੀ, ਉਨ੍ਹਾਂ ਨਜ਼ਾਰਿਆਂ ਦਾ ਮੰਚਨ ਕੀਤਾ ਹੈ।
ਸਿਰਫ਼, ਇਸ ਖ਼ੁਸ਼ਕ ਉਜਾੜ ਦੇ ਦ੍ਰਿਸ਼ (ਵੀਡਿਓ ਕਲਿਪ ਦੇਖੋ) ਵਿੱਚ ਰਾਜਸਥਾਨ ਜਾਂ ਚੰਬਲ ਦੀ ਕੋਈ ਥਾਂ ਇਸਤੇਮਾਲ ਨਹੀਂ ਕੀਤੀ ਗਈ। ਇਹਦੀ ਸ਼ੂਟਿੰਗ ਦੱਖਣੀ ਪ੍ਰਾਇਦੀਪ ਦੇ ਬਹੁਤ ਅੰਦਰ, ਆਂਧਰਾ ਪ੍ਰਦੇਸ਼ ਦੇ ਰਾਯਲਸੀਮਾ ਖੇਤਰ ਵਿੱਚ ਵੀ ਕੀਤੀ ਗਈ ਸੀ। ਅਨੰਤਪੁਰ ਜਿਲ੍ਹੇ ਵਿੱਚ ਲਗਭਗ 1,000 ਏਕੜ ਦਾ ਇਹ ਵਿਸ਼ੇਸ਼ ਇਲਾਕਾ-ਜੋ ਕਦੇ ਬਾਜਰੇ ਦੀ ਖੇਤੀ ਨਾਲ਼ ਭਰਿਆ ਹੁੰਦਾ ਸੀ-ਕਈ ਦਹਾਕਿਆਂ ਤੋਂ ਰੇਗਿਸਤਾਨ ਬਣਿਆ ਹੋਇਆ ਹੈ। ਇਹ ਸਾਰਾ ਕੁਝ ਅੰਤਰ-ਵਿਰੋਧੀ ਕਾਰਕਾਂ ਦੇ ਸਬੱਬੀਂ ਹੋਇਆ ਹੈ-ਅਤੇ ਇਹਨੇ ਕੁਝ ਅਜਿਹੀਆਂ ਥਾਵਾਂ ਘੜ੍ਹੀਆਂ ਜਿਹਦਾ ਪਤਾ ਲਗਾਉਣ ਲਈ ਫਿਲਮ ਨਿਰਮਾਤਾ ਆਪਣੇ ਲੋਕੇਸ਼ਨ ਸਕਾਊਟਸ ਨੂੰ ਭੇਜਦੇ ਰਹੇ ਹਨ।
ਦਰਗਾਹ ਹੋਨੂਰ ਪਿੰਡ ਵਿੱਚ, ਜਿੱਥੇ ਇਸ ਇਲਾਕੇ ਦੇ ਵੱਡੇ ਜ਼ਿਮੀਂਦਾਰ ਰਹਿੰਦੇ ਹਨ, ਲੋਕਾਂ ਨੂੰ ਇਹ ਸਮਝਣਾ ਮੁਸ਼ਕਲ ਸੀ ਕਿ ਅਸੀਂ ਫ਼ਿਲਮ ਦੀ ਸ਼ੂਟਿੰਗ ਦੇ ਲਈ ਥਾਂ ਤਲਾਸ਼ ਕਰਨ ਵਾਲ਼ੇ ਲੋਕ ਨਹੀਂ ਹਨ। "ਇਹ ਕਿਸ ਫ਼ਿਲਮ ਲਈ ਹੈ? ਇਹ ਕਦੋਂ ਆ ਰਹੀ ਹੈ?" ਇਹੀ ਉਨ੍ਹਾਂ ਦਾ ਸਪੱਸ਼ਟ ਸਵਾਲ ਸੀ ਜਾਂ ਉਸ ਸਮੇਂ ਉਨ੍ਹਾਂ ਦੇ ਦਿਮਾਗ਼ ਵਿੱਚ ਚੱਲ ਰਿਹਾ ਸੀ। ਕੁਝ ਲੋਕਾਂ ਨੂੰ ਜਦੋਂ ਇਹ ਪਤਾ ਚੱਲਿਆ ਕਿ ਅਸੀਂ ਪੱਤਰਕਾਰ ਹਾਂ, ਤਾਂ ਉਨ੍ਹਾਂ ਦੀ ਰੁਚੀ ਫ਼ੌਰਨ ਹੀ ਮਰ ਗਈ।
ਇਸ ਥਾਂ ਨੂੰ ਮਸ਼ਹੂਰ ਕਰਨ ਵਾਲ਼ੀ ਤੇਲਗੂ ਫ਼ਿਲਮ- ਜਯਮ ਮਨਡੇ ਰਾ (ਵਿਜੈ ਸਾਡੀ ਹੈ)-ਨੇ ਨਿਰਮਾਤਾਵਾਂ ਨੇ ਇੱਥੇ ਲੜਾਈ ਦੇ ਉਨ੍ਹਾਂ ਨਜ਼ਾਰਿਆਂ ਦੀ ਸ਼ੂਟਿੰਗ 1998 ਤੋਂ 2000 ਦੇ ਦਰਮਿਆਨ। ਕਿਸੇ ਵੀ ਮਿਹਨਤੀ ਕਾਰੋਬਾਰੀ ਫਿਲਮ ਨਿਰਮਾਤਾਵਾਂ ਵਾਂਗ, ਉਨ੍ਹਾਂ ਨੇ ਰੇਗਿਸਤਾਨ ਦੇ ਪ੍ਰਭਾਵ ਨੂੰ ਵਧਾਉਣ ਲਈ ਆਪਣੇ 'ਸੈਟ' ਦੇ ਨਾਲ਼ ਛੇੜਖਾਨੀ ਕੀਤੀ। "ਸਾਨੂੰ ਆਪਣੇ ਫ਼ਸਲ ਨੂੰ ਪੁੱਟਣਾ ਪਿਆ (ਜਿਹਦੇ ਬਦਲੇ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ)," 45 ਸਾਲਾ ਪੁਜਾਰੀ ਲਿੰਗਨਨਾ ਕਹਿੰਦੇ ਹਨ ਜਿਨ੍ਹਾਂ ਦੇ ਪਰਿਵਾਰ ਦੇ ਕੋਲ਼ 34 ਏਕੜ ਜ਼ਮੀਨ ਹੈ ਜਿਸ ਵਿੱਚ ਲੜਾਈ ਦੀ ਸ਼ੂਟਿੰਗ ਹੋਈ ਸੀ। "ਅਸੀਂ ਕੁਝ ਵਣਸਪਤੀ ਅਤੇ ਛੋਟੇ ਰੁੱਖਾਂ ਨੂੰ ਵੀ ਹਟਾਇਆ, ਤਾਂਕਿ ਇਹ ਜ਼ਿਆਦਾ ਅਸਲੀ ਦਿਖਾਈ ਪੈਣ," ਬਾਕੀ ਦਾ ਕੰਮ ਕੈਮਰੇ ਦੇ ਕੁਸ਼ਲ ਪ੍ਰਬੰਧਨ ਅਤੇ ਫਿਲਟਰ ਦੀ ਹੁਸ਼ਿਆਰੀ ਨਾਲ਼ ਵਰਤੋਂ ਨੇ ਕੀਤਾ।
ਜੇਕਰ ਜਯਮ ਮਨਡੇ ਰਾ ਦੇ ਨਿਰਮਾਤਾ ਅੱਜ 20 ਸਾਲ ਬਾਅਦ, ਇਹਦੀ ਅਗਲੀ ਕੜੀ ਦੀ ਸ਼ੂਟਿੰਗ ਕਰ ਰਹੇ ਹੁੰਦੇ, ਤਾਂ ਉਨ੍ਹਾਂ ਨੂੰ ਬਹੁਤ ਘੱਟ ਮਿਹਨਤ ਕਰਨੀ ਪੈਂਦੀ। ਸਮਾਂ ਅਤੇ ਸਤਾਈ ਕੁਦਰਤ ਅਤੇ ਅਥੱਕ ਮਾਨਵ ਦਖ਼ਲ ਨੇ ਰੇਗਿਸਤਾਨ ਨੂੰ ਫੈਲਾ ਕੇ ਇੰਨਾ ਕਰ ਦਿੱਤਾ ਹੈ ਜਿੰਨੇ ਦੀ ਉਹ ਮੰਗ ਕਰ ਸਕਦੇ ਸਨ।
ਰਾਜਸਥਾਨ ਜਾਂ ਚੰਬਲ ਦੀ ਕੋਈ ਥਾਂ ਇਸਤੇਮਾਲ ਨਹੀਂ ਕੀਤੀ ਗਈ। ਇਹਦੀ ਸ਼ੂਟਿੰਗ ਦੱਖਣੀ ਪ੍ਰਾਇਦੀਪ ਦੇ ਬਹੁਤ ਅੰਦਰ, ਆਂਧਰਾ ਪ੍ਰਦੇਸ਼ ਦੇ ਰਾਯਲਸੀਮਾ ਖੇਤਰ ਵਿੱਚ ਕੀਤੀ ਗਈ ਸੀ।
ਪਰ ਇਹ ਇੱਕ ਉਤਸੁਕ ਰੇਗਿਸਤਾਨੀ ਇਲਾਕਾ ਹੈ। ਖੇਤੀ ਹਾਲੇ ਵੀ ਹੁੰਦੀ ਹੈ-ਕਿਉਂਕਿ ਭੂਮੀਗਤ ਅਜੇ ਵੀ ਸਤ੍ਹਾ ਦੇ ਬਹੁਤ ਨੇੜੇ ਹੈ। "ਸਾਨੂੰ ਇਸ ਇਲਾਕੇ ਵਿੱਚ ਸਿਰਫ਼ 15 ਫੁੱਟ ਹੇਠਾਂ ਪਾਣੀ ਮਿਲ਼ ਜਾਂਦਾ ਹੈ," ਲਿੰਗੱਨਾ ਦੇ ਬੇਟੇ, ਪੀ ਹੋਨੂਰੇਡੀ ਕਹਿੰਦੀ ਹੈ। ਅਨੰਤਪੁਰ ਦੇ ਬਹੁਤੇਰੇ ਹਿੱਸਿਆਂ ਵਿੱਚ, ਬੋਰਵੈਲਾਂ ਵਿੱਚ 500-600 ਫੁੱਟ ਤੋਂ ਉਤਾਂਹ ਪਾਣੀ ਨਹੀਂ ਮਿਲ਼ਦਾ। ਜਿਲ੍ਹੇ ਦੇ ਕੁਝ ਹਿੱਸਿਆਂ ਵਿੱਚ, ਉਨ੍ਹਾਂ ਨੇ 1,000 ਫੁੱਟ ਦੇ ਨਿਸ਼ਾਨ ਨੂੰ ਤੋੜ ਦਿੱਤਾ ਹੈ। ਪਰ ਇੱਥੇ, ਜਿਸ ਸਮੇਂ ਅਸੀਂ ਗੱਲ ਕਰ ਰਹੇ ਹਾਂ, ਚਾਰ ਇੰਚ ਦੇ ਬੋਰਵੈੱਲ ਵਿੱਚ ਪਾਣੀ ਨੱਕੋਨੱਕ ਭਰਿਆ ਹੋਇਆ ਹੈ। ਇੰਨਾ ਪਾਣੀ, ਸਤ੍ਹਾ ਦੇ ਇੰਨਾ ਨੇੜੇ, ਉਹ ਵੀ ਇਸ ਗਰਮ ਅਤੇ ਰੇਤੀਲੇ ਇਲਾਕੇ ਵਿੱਚ?
"ਇਹ ਪੂਰਾ ਇਲਾਕਾ ਇੱਕ ਫੈਲੀ ਹੋਈ ਨਦੀ ਦੀ ਜ਼ਮੀਨ ਵਿੱਚ ਸਥਿਤ ਹੈ," ਨੇੜਲੇ ਇੱਕ ਪਿੰਡ ਦੇ ਕਿਸਾਨ, ਪਲਥੁਰੂ ਮੁਕੰਨਾ ਦੱਸਦੇ ਹਨ। ਕਿਹੜੀ ਨਦੀ? ਅਸੀਂ ਤਾਂ ਕੁਝ ਨਹੀਂ ਦੇਖ ਸਕਦੇ। "ਉਨ੍ਹਾਂ ਨੇ (ਲਗਭਗ ਪੰਜ) ਦਹਾਕੇ ਪਹਿਲਾਂ, ਹੁਨੂਰ ਤੋਂ ਕਰੀਬ 25-30 ਕਿਲੋਮੀਟਰ ਦੂਰ, ਇੱਥੋਂ ਹੋ ਕੇ ਵਗਣ ਵਾਲ਼ੀ ਵੇਦਵਤੀ ਨਦੀ 'ਤੇ ਇੱਕ ਬੰਨ੍ਹ ਬਣਾਇਆ ਸੀ। ਪਰ ਸਾਡੇ ਇਲਾਕੇ ਵਿੱਚ ਵੇਦਵਤੀ (ਤੁੰਗਭਦਰਾ ਦੀ ਇੱਕ ਸਹਾਇਕ ਨਦੀ- ਜਿਹਨੂੰ ਅਧਾਰੀ ਵੀ ਕਿਹਾ ਜਾਂਦਾ ਹੈ) ਸੁੱਕ ਗਈ।"
"ਅਸਲ ਵਿੱਚ ਇਹੀ ਹੋਇਆ ਹੈ," (ਅਨੰਤਪੁਰ ਦੇ ਗ੍ਰਾਮੀਣ ਵਿਕਾਸ ਟ੍ਰਸਟ ਦੇ) ਵਾਤਾਵਰਣ ਕੇਂਦਰ ਦੇ ਮੱਲਾ ਰੇਡੀ ਕਹਿੰਦੇ ਹਨ-ਕੁਝ ਹੀ ਲੋਕ ਇਸ ਖੇਤਰ ਨੂੰ ਜਾਣਦੇ ਹਨ ਜਿਨ੍ਹਾਂ ਅੰਦਰ ਇਹ ਵੀ ਸ਼ਾਮਲ ਹਨ। "ਅਤੇ ਹੋ ਸਕਦਾ ਹੈ ਕਿ ਨਦੀ ਸੁੱਕ ਗਈ ਹੋਵੇ ਪਰ, ਸਦੀਆਂ ਤੋਂ, ਇਹਨੇ ਪਾਣੀ ਦੇ ਇੱਕ ਭੂਮੀਗਤ ਜਲ-ਸੋਮਿਆਂ ਨੂੰ ਬਣਾਉਣ ਵਿੱਚ ਮਦਦ ਕੀਤੀ ਜਿਹਨੂੰ ਹੁਣ ਲਗਾਤਾਰ ਪੁਟਾਈ ਕਰਕੇ ਕੱਢਿਆ ਜਾ ਰਿਹਾ ਹੈ। ਇੰਨੀ ਗਤੀ ਨਾਲ਼ ਕਿ ਇਹ ਆਉਣ ਵਾਲ਼ੀ ਬਿਪਤਾ ਦਾ ਸੰਕੇਤ ਦੇ ਰਹੀ ਹੈ।"
ਉਸ ਆਫ਼ਤ ਨੂੰ ਆਉਣ ਵਿੱਚ ਦੇਰ ਨਹੀਂ ਲੱਗੇਗੀ। "ਇੱਥੇ 20 ਸਾਲ ਪਹਿਲਾਂ ਬਾਮੁਸ਼ਕਲ ਕੋਈ ਖੂਹ ਸੀ," 46 ਸਾਲਾ ਕਿਸਾਨ, ਵੀ.ਐੱਲ. ਹਿਮਾਚਲ ਕਹਿੰਦੇ ਹਨ, ਜਿਨ੍ਹਾਂ ਦਾ ਇਸ ਬੰਜਰ ਖੇਤਰ ਵਿੱਚ 12.5 ਏਕੜ ਖੇਤ ਹੈ। "ਇੱਥੇ ਮੀਂਹ ਦੇ ਪਾਣੀ ਨਾਲ਼ ਖੇਤੀ ਹੁੰਦੀ ਸੀ। ਪਰ ਹੁਣ, ਕਰੀਬ 1,000 ਏਕੜ ਵਿੱਚ 300-400 ਬੋਰਵੈੱਲ ਹਨ। ਅਤੇ ਸਾਨੂੰ 30-35 ਫੁੱਟ ਦੀ ਡੂੰਘਾਈ ਵਿੱਚ ਪਾਣੀ ਮਿਲ਼ਦਾ ਹੈ, ਕਦੇ-ਕਦਾਈਂ ਉਸ ਤੋਂ ਵੀ ਹੇਠਾਂ।" ਯਾਨਿ ਹਰ ਤਿੰਨ ਏਕੜ ਜਾਂ ਉਸ ਤੋਂ ਵੀ ਘੱਟ ਵਿੱਚ ਇੱਕ ਬੋਰਵੈੱਲ ਦਾ ਹੋਣਾ।
ਇਹ ਸੰਖਿਆ ਬਹੁਤ ਵੱਡੀ ਹੈ, ਅਨੰਤਪੁਰ ਲਈ ਵੀ, ਜਿਵੇਂ ਕਿ ਮੱਲਾ ਰੇਡੀ ਦੱਸਦੇ ਹਨ, ਜਿੱਥੇ "ਕਰੀਬ 270,000 ਬੋਰਵੈੱਲ ਹਨ, ਹਾਲਾਂਕਿ ਜਿਲ੍ਹੇ ਦੇ ਵਹਿਣ ਸਮਰੱਥਾ 70,000 ਹੈ। ਅਤੇ ਇਸ ਸਾਲ ਉਨ੍ਹਾਂ ਵਿੱਚੋਂ ਲਗਭਗ ਅੱਧੇ ਸੁੱਕ ਗਏ ਹਨ।"
ਤਾਂ ਇਨ੍ਹਾਂ ਬੰਜਰ ਇਲਾਕਿਆਂ ਵਿੱਚ ਬੋਰਵੈੱਲ ਕਾਹਦੇ ਲਈ ਹਨ? ਕਿਹੜੀ ਚੀਜ਼ ਦੀ ਖੇਤੀ ਕੀਤੀ ਜਾ ਰਹੀ ਹੈ? ਅਸੀਂ ਜਿਸ ਇਲਾਕੇ ਵਿੱਚ ਘੁੰਮ ਰਹੇ ਹਾਂ, ਉੱਥੇ ਚੁਫ਼ੇਰੇ ਝਾਤੀ ਮਾਰਨ 'ਤੇ ਨਜ਼ਰੀਂ ਪੈਣ ਵਾਲ਼ੀ ਜਿਲ੍ਹੇ ਦੀ ਵਿਆਪਤ (ਮੌਜੂਦ) ਮੂੰਗਫਲੀ ਦੀ ਫ਼ਸਲ ਨਹੀਂ, ਸਗੋਂ ਬਾਜਰੇ ਦੀ ਫ਼ਸਲ ਹੈ। ਇਸ ਬਾਜਰੇ ਦੀ ਖੇਤੀ ਇੱਥੇ ਬੀਜ ਨੂੰ ਕਈ ਗੁਣਾ ਵਧਾਉਣ ਲਈ ਕੀਤੀ ਜਾਂਦੀ ਹੈ। ਖਾਣ ਲਈ ਜਾਂ ਮੰਡੀ ਲਈ, ਸਗੋਂ ਬੀਜ ਕੰਪਨੀਆਂ ਲਈ ਉਗਾਇਆ ਜਾ ਰਿਹਾ ਹੈ ਜਿਨ੍ਹਾਂ ਨੇ ਕਿਸਾਨਾਂ ਨੂੰ ਇਹ ਕੰਮ ਠੇਕੇ 'ਤੇ ਦਿੱਤਾ ਹੈ। ਤੁਸੀਂ ਨੇੜਲੀਆਂ ਕਿਆਰੀਆਂ ਵਿੱਚ ਬੜੇ ਹੀ ਕਰੀਨੇ ਨਾਲ਼ ਲਗਾਏ ਗਏ ਨਰ ਅਤੇ ਮਾਦਾ ਪੌਦਿਆਂ ਨੂੰ ਦੇਖ ਸਕਦੇ ਹੋ। ਕੰਪਨੀਆਂ ਬਾਜਰੇ ਦੀ ਦੋ ਅਲੱਗ-ਅਲੱਗ ਪ੍ਰਜਾਤੀਆਂ ਨਾਲ਼ ਇੱਕ ਹਾਈਬ੍ਰਿਡ ਬਣਾ ਰਹੀਆਂ ਹਨ। ਇਸ ਕੰਮ ਵਿੱਚ ਕਾਫ਼ੀ ਸਾਰਾ ਪਾਣੀ ਲੱਗੇਗਾ। ਬੀਜ ਕੱਢਣ ਤੋਂ ਬਾਅਦ ਜੋ ਕੁਝ ਬਚੇਗਾ, ਉਹ ਚਾਰੇ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾਵੇਗਾ।
"ਬੀਜ ਦੀ ਇਸ ਨਕਲ ਦੇ ਕੰਮ ਬਦਲੇ ਸਾਨੂੰ 3,800 ਰੁਪਏ ਪ੍ਰਤੀ ਕੁਵਿੰਟਲ ਮਿਲ਼ਦੇ ਹਨ," ਪੁਜਾਰੀ ਲਿੰਗਨਾ ਕਹਿੰਦੇ ਹਨ। ਇਸ ਵਿੱਚ ਦਰਕਾਰ ਮਿਹਨਤ ਅਤੇ ਸੰਰਖਣ ਨੂੰ ਦੇਖਦੇ ਹੋਏ, ਇਹ ਘੱਟ ਪ੍ਰਤੀਤ ਹੁੰਦਾ ਹੈ-ਅਤੇ ਇਹ ਇੱਕ ਸੱਚਾਈ ਹੈ ਕਿ ਕੰਪਨੀਆਂ ਉਨ੍ਹਾਂ ਬੀਜ਼ਾਂ ਨੂੰ ਸਮਾਨ ਵਰਗ ਦੇ ਕਿਸਾਨਾਂ ਨੂੰ ਬੜੀਆਂ ਉੱਚੀਆਂ ਕੀਮਤਾਂ 'ਤੇ ਵੇਚਣਗੀਆਂ। ਇਸ ਇਲਾਕੇ ਦੀ ਇੱਕ ਹੋਰ ਕਿਸਾਨ, ਵਾਈ.ਐੱਸ. ਸ਼ਾਂਤੰਮਾ ਕਹਿੰਦੀ ਹੈ ਕਿ ਉਨ੍ਹਾਂ ਪਰਿਵਾਰ ਨੂੰ 3,700 ਰੁਪਏ ਪ੍ਰਤੀ ਕੁਵਿੰਟਲ ਮਿਲ਼ਦਾ ਹੈ।
ਸ਼ਾਂਤੰਮਾ ਅਤੇ ਉਨ੍ਹਾਂ ਦੀ ਬੇਟੀ ਵੰਦਕਸ਼ੀ ਕਹਿੰਦੀ ਹਨ ਕਿ ਇੱਥੇ ਖੇਤੀ ਕਰਨ ਦੀ ਸਮੱਸਿਆ ਪਾਣੀ ਨਹੀਂ ਹੈ। "ਸਾਨੂੰ ਪਿੰਡ ਵਿੱਚ ਵੀ ਪਾਣੀ ਮਿਲ਼ਦਾ ਹੈ, ਹਾਲਾਂਕਿ ਸਾਡੇ ਘਰ ਵਿੱਚ ਪਾਈਪ ਵਾਲ਼ਾ ਕੋਈ ਕਨੈਕਸ਼ਨ ਨਹੀਂ ਹੈ।" ਉਨ੍ਹਾਂ ਸਿਰਦਰਦ ਰੇਤ ਹੈ ਜੋ-ਪਹਿਲਾਂ ਤੋਤਂ ਮੌਜੂਦ ਭਾਰੀ ਮਾਤਰਾ ਤੋਂ ਇਲਾਵਾ-ਬੜੀ ਤੇਜ਼ੀ ਨਾਲ਼ ਜਮ੍ਹਾ ਹੋ ਸਕਦਾ ਹੈ। ਅਤੇ ਕਈ ਫੁੱਟ ਡੂੰਘੀ ਰੇਤ 'ਤੇ ਥੋੜ੍ਹੀ ਦੂਰ ਚੱਲਣਾ ਵੀ ਥਕਾ ਦੇਣ ਵਾਲ਼ਾ ਹੋ ਸਕਦਾ ਹੈ।
"ਇਹ ਤੁਹਾਡੇ ਦੁਆਰਾ ਕੀਤੇ ਗਏ ਕੰਮ ਨੂੰ ਨਸ਼ਟ ਕਰ ਸਕਦਾ ਹੈ," ਮਾਂ ਅਤੇ ਧੀ ਦਾ ਕਹਿਣਾ ਹੈ। ਪੀ. ਹੇਨੂਰੇਡੀ ਸਹਿਮਤ ਹਨ ਅਤੇ ਸਾਨੂੰ ਰੇਤ ਦੇ ਟਿਲੇ ਹੇਠਾਂ ਉਹ ਥਾਂ ਦਿਖਾਉਂਦੇ ਹਨ ਜਿੱਥੇ ਉਨ੍ਹਾਂ ਨੇ ਬੜੀ ਮੇਹਨਤ ਨਾ਼ਲ਼ ਚਾਰ ਦਿਨ ਪਹਿਲਾਂ ਹੀ ਪੌਦੇ ਦੀਆਂ ਕਿਆਰੀਆਂ ਬਣਾਈਆਂ ਹਨ। ਹੁਣ ਉਹ ਸਿਰਫ਼ ਰੇਤ ਵਿੱਚ ਢੱਕੀਆਂ ਰੇਖਾਵਾਂ ਭਰ ਹੀ ਹਨ। ਇਸ ਥਾਂ 'ਤੇ ਧੂੜ ਭਰੀ ਹਨ੍ਹੇਰੀ ਚੱਲਦੀ ਹੈ, ਜੋ ਤੇਜ਼ੀ ਨਾਲ਼ ਖ਼ੁਸ਼ਕ ਹੁੰਦੇ ਖੇਤਰ ਦਾ ਹਿੱਸਾ ਹੈ ਜਿੱਥੇ ਉੱਠਣ ਵਾਲ਼ੀਆਂ ਤੇਜ਼ ਹਵਾਵਾਂ ਪਿੰਡ ਤੱਕ ਪਹੁੰਚਦੀਆਂ ਹਨ।
"ਸਾਲ ਦੇ ਤਿੰਨ ਮਹੀਨੇ-ਇਸ ਪਿੰਡ ਵਿੱਚ ਰੇਤ ਦਾ ਮੀਂਹ ਪੈਂਦਾ ਹੈ," ਰੇਗਿਸਤਾਨ ਦੇ ਇੱਕ ਹੋਰ ਕਿਸਾਨ, ਐੱਮ.ਬਾਸ਼ ਕਹਿੰਦੇ ਹਨ। "ਇਹ ਸਾਡੇ ਘਰਾਂ ਵਿੱਚ ਆਉਂਦੀ ਹੈ; ਸਾਡੇ ਖਾਣੇ ਵਿੱਚ ਡਿੱਗਦੀ ਹੈ।" ਹਵਾਵਾਂ ਰੇਤ ਨੂੰ ਉਡਾ ਕੇ ਉਨ੍ਹਾਂ ਘਰਾਂ ਵਿੱਚ ਵੀ ਲੈ ਜਾਂਦੀਆਂ ਹਨ, ਜੋ ਰੇਤ ਦੇ ਟਿੱਲਿਆਂ ਦੇ ਬਹੁਤੇ ਨੇੜੇ ਨਹੀਂ ਹਨ। ਜਾਲੀ ਜਾਂ ਵਾਧੂ ਬੂਹੇ ਸਦਾ ਕੰਮ ਨਹੀਂ ਆਉਂਦੇ। " ਇਸਾਕਾ ਵਰਸ਼ਮ (ਰੇਤ ਦਾ ਮੀਂਹ) ਹੁਣ ਸਾਡੇ ਜੀਵਨ ਦਾ ਇੱਕ ਹਿੱਸਾ ਹੈ, ਅਸੀਂ ਇਸੇ ਦੇ ਨਾਲ਼ ਹੀ ਰਹਿੰਦੇ ਹਾਂ।"
ਡੀ. ਹੋਨੂਰ ਪਿੰਡ ਲਈ ਰੇਤ ਕੋਈ ਨਵੀਂ ਚੀਜ਼ ਨਹੀਂ ਹੈ। "ਪਰ ਹਾਂ, ਉਨ੍ਹਾਂ (ਤੂ਼ਫ਼ਾਨਾਂ) ਦੀ ਤੀਬਰਤਾ ਵੱਧ ਗਈ ਹੈ," ਹਿਮਾਚਲ ਕਹਿੰਦੇ ਹਨ। ਕਾਫ਼ੀ ਸਾਰੇ ਝਾੜੀਦਾਰ ਪੌਦੇ ਅਤੇ ਛੋਟੇ ਰੁੱਖ ਜੋ ਹਵਾ ਨੂੰ ਰੋਕਣ ਦਾ ਕੰਮ ਕਰਦੇ ਸਨ, ਹੁਣ ਖ਼ਤਮ ਹੋ ਚੁੱਕੇ ਹਨ। ਹਿਮਾਚਲ ਵਿਸ਼ਵੀਕਰਨ ਅਤੇ ਬਜ਼ਾਰ ਅਰਥ-ਚਾਰੇ ਦੇ ਪ੍ਰਭਾਵ ਬਾਰੇ ਪੂਰੀ ਜਾਣਕਾਰੀ ਨਾਲ਼ ਗੱਲ ਕਰਦੇ ਹਨ। "ਹੁਣ ਅਸੀਂ ਹਰ ਚੀਜ਼ ਦੀ ਗਣਨਾ ਨਕਦੀ ਵਿੱਚ ਕਰਦੇ ਹਾਂ। ਝਾੜੀਆਂ, ਰੁੱਖ-ਪੌਦੇ ਅਤੇ ਬਨਸਪਤੀਆਂ ਇਸਲਈ ਚਲੀਆਂ ਗਈਆਂ ਕਿਉਂਕਿ ਲੋਕ ਜ਼ਮੀਨ ਦੇ ਹਰ ਇੱਕ ਇੰਚ ਨੂੰ ਵਪਾਰਕ ਖੇਤੀ ਲਈ ਇਸਤੇਮਾਲ ਕਰਨਾ ਚਾਹੁੰਦੇ ਸਨ।" ਅਤੇ "ਜੇਕਰ ਰੇਤ ਉਸ ਸਮੇਂ ਡਿੱਗਣ ਲੱਗੇ ਜਦੋਂ ਬੀਜ਼ ਪੁੰਗਰ ਰਹੇ ਹੋਣ ਤਾਂ ਸਾਰਾ ਕੁਝ ਤਬਾਹ ਹੋ ਜਾਂਦਾ ਹੈ," 55 ਸਾਲਾ ਕਿਸਾਨ ਐੱਮ. ਤਿੱਪੈਯਹ ਕਹਿੰਦੇ ਹਨ। ਪਾਣੀ ਮੌਜੂਦ ਹੋਣ ਦੇ ਬਾਵਜੂਦ ਪੈਦਾਵਾਰ ਘੱਟ ਹੈ। "ਸਾਨੂੰ ਇੱਕ ਏਕੜ ਤੋਂ ਤਿੰਨ ਕੁਵਿੰਟਲ ਮੂੰਗਫਲੀ ਮਿਲ਼ਦੀ ਹੈ, ਜ਼ਿਆਦਾ ਵਧੀਆ ਹੋਵੇ ਤਾਂ ਚਾਰ (ਕੁਵਿੰਟਲ)," 32 ਸਾਲਾ ਕਿਸਾਨ, ਕੇ.ਸੀ. ਹੋਨੂਰ ਸਵਾਮੀ ਕਹਿੰਦੇ ਹਨ। ਜਿਲ੍ਹੇ ਦੀ ਔਸਤ ਪੈਦਾਵਰ ਕਰੀਬ ਪੰਜ ਕੁਵਿੰਟਲ ਹੈ।
ਹਵਾ ਦੀਆਂ ਕੁਦਰਤੀ ਰੁਕਾਵਟਾਂ ਵਿੱਚ ਉਨ੍ਹਾਂ ਨੂੰ ਕੋਈ ਮੁੱਲ ਨਜ਼ਰੀਂ ਨਹੀਂ ਪੈਂਦਾ? "ਉਹ ਸਿਰਫ਼ ਉਨ੍ਹਾਂ ਰੁੱਖਾਂ ਵੱਲ ਧਿਆਨ ਦੇਣਗੇ ਜਿਨ੍ਹਾਂ ਦਾ ਵਪਾਰਕ ਮੁੱਲ ਹੈ," ਹਿਮਾਚਲ ਕਹਿੰਦੇ ਹਨ। ਜੋ, ਇਨ੍ਹਾਂ ਹਾਲਤਾਂ ਲਈ ਅਣਢੁੱਕਵੀਆਂ ਹਨ, ਇੱਥੇ ਬਿਲਕੁਲ ਨਹੀਂ ਉਗਾ ਸਕਦੇ। "ਅਤੇ ਉਂਜ ਵੀ, ਅਧਿਕਾਰੀ ਕਹਿੰਦੇ ਰਹਿੰਦੇ ਹਨ ਕਿ ਉਹ ਰੁੱਖ ਉਗਾਉਣ ਵਿੱਚ ਮਦਦ ਕਰਨਗੇ, ਪਰ ਇੰਜ ਹੋਇਆ ਨਹੀਂ ਹੈ।"
"ਕਈ ਸਾਲ ਪਹਿਲਾਂ, ਕਈ ਸਰਕਾਰੀ ਅਧਿਕਾਰੀ ਨਿਰੀਖਣ ਲਈ ਰੇਤ ਦੇ ਟਿੱਲਿਆਂ ਵਾਲ਼ੇ ਇਲਾਕੇ ਵਿੱਚ ਆਏ ਸਨ," ਪਲਥੁਰੂ ਮੁਕੰਨਾ ਦੱਸਦੇ ਹਨ। ਰੇਗਿਸਤਾਨ ਦੀ ਯਾਤਰਾ ਬੁਰੀ ਤਰ੍ਹਾਂ ਖ਼ਤਮ ਹੋਈ, ਉਨ੍ਹਾਂ ਦੀ ਐੱਸਯੂਵੀ (SUV) ਰੇਤ ਵਿੱਚ ਹੀ ਧੱਸ ਗਈ, ਜਿਹਨੂੰ ਗ੍ਰਾਮੀਣਾਂ ਨੇ ਟਰੈਕਟਰ ਨਾਲ਼ ਖਿੱਚ ਕੇ ਬਾਹਰ ਕੱਢਿਆ। "ਅਸੀਂ ਉਦੋਂ ਤੋਂ ਹੀ, ਉਨ੍ਹਾਂ ਵਿੱਚੋਂ ਕਿਸੇ ਹੋਰ ਨੂੰ ਨਹੀਂ ਦੇਖਿਆ ਹੈ," ਮੁਕੰਨਾ ਕਹਿੰਦੇ ਹਨ। ਕਿਸਾਨ, ਮੋਖਾ ਰਾਕੇਸ਼ ਕਹਿੰਦੇ ਹਨ ਕਿ ਕਦੇ-ਕਦਾਈਂ ਇੰਜ ਵੀ ਹੁੰਦਾ ਹੈ "ਜਦੋਂ ਬੱਸ ਪਿੰਡ ਦੇ ਉਸ ਪਾਸੇ ਬਿਲਕੁਲ ਵੀ ਨਹੀਂ ਜਾ ਸਕਦੀ।"
ਝਾੜੀ ਅਤੇ ਜੰਗਲ ਦਾ ਖ਼ਾਤਮਾ ਰਾਯਲਸੀਮਾ ਦੇ ਇਸ ਪੂਰੇ ਇਲਾਕੇ ਦੀ ਸਮੱਸਿਆ ਹੈ। ਇਕੱਲੇ ਅਨੰਤਪੁਰ ਜਿਲ੍ਹੇ ਵਿੱਚ, 11 ਫੀਸਦੀ ਖੇਤਰ ਨੂੰ 'ਜੰਗਲ' ਦੇ ਰੂਪ ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ। ਪਰ ਜੰਗਲ ਵਾਲ਼ਾ ਇਲਾਕਾ ਹੁਣ ਘੱਟ ਕੇ 2 ਫੀਸਦੀ ਤੋੰ ਵੀ ਘੱਟ ਹੀ ਰਹਿ ਗਿਆ ਹੈ। ਇਹਦਾ ਮਿੱਟੀ, ਹਵਾ, ਪਾਣੀ ਅਤੇ ਤਾਪਮਾਨ 'ਤੇ ਅਟਲ ਪ੍ਰਭਾਵ ਪੈਂਦਾ ਹੈ। ਅਨੰਤਪੁਰ ਵਿੱਚ ਜੋ ਇਕਲੌਤਾ ਵੱਡਾ ਸਾਰਾ ਜੰਗਲ ਤੁਸੀਂ ਦੇਖ ਰਹੇ ਹੋ, ਉਹ ਪੌਣ-ਚੱਕੀ ਦਾ ਜੰਗਲ ਹੈ-ਹਜ਼ਾਰਾਂ ਦੀ ਗਿਣਤੀ ਵਿੱਚ-ਜੋ ਚੁਫ਼ੇਰੇ ਦਿਖਾਈ ਦਿੰਦਾ ਹੈ, ਇੱਥੋਂ ਤੱਕ ਕਿ ਇਸ ਛੋਟੇ ਰੇਗਿਸਤਾਨ ਦੀ ਸੀਮਾ 'ਤੇ ਵੀ। ਇਹ ਪੌਣ-ਚੱਕੀ ਕੰਪਨੀਆਂ ਦੁਆਰਾ ਖਰੀਦੀ ਗਈ ਜਾਂ ਪਟੇ 'ਤੇ ਦਿੱਤੀ ਗਈ ਭੂਮੀ 'ਤੇ ਬਣਾਈਆਂ ਗਈਆਂ ਹਨ।
ਵਾਪਸ ਡੀ. ਹੋਨੂਰ ਵਿੱਚ, ਰੇਗਿਸਤਾਨ ਭੂਖੰਡ 'ਤੇ ਖੇਤੀ ਕਰਨ ਵਾਲ਼ੇ ਕਿਸਾਨਾਂ ਦਾ ਇੱਕ ਦਲ ਸਾਨੂੰ ਦੱਸਦਾ ਹੈ ਕਿ ਇੱਥੇ ਸਦਾ ਤੋਂ ਇਹੀ ਹਾਲ ਰਿਹਾ ਹੈ। ਫਿਰ ਉਹ ਇਹਦੇ ਉਲਟ ਮਜ਼ਬੂਤ ਸਬੂਤ ਪੇਸ਼ ਕਰਦੇ ਹਨ। ਰੇਤ ਇੱਥੇ ਸਦਾ ਤੋਂ ਰਹੀ ਹੈ, ਹਾਂ, ਪਰ ਰੇਤ ਦੇ ਤੂਫ਼ਾਨ ਪੈਦਾ ਕਰਨ ਵਾਲ਼ਾ ਉਨ੍ਹਾਂ ਵਿਚਲਾ ਜ਼ੋਰ ਵੱਧ ਗਿਆ ਹੈ। ਪਹਿਲਾਂ ਜੰਗਲ ਅਤੇ ਝਾੜੀਆਂ ਹੁੰਦੀਆਂ ਸਨ। ਪਰ ਹੁਣ, ਹਰਿਆਲੀ ਘੱਟ ਗਿਆ ਹੈ। ਉਨ੍ਹਾਂ ਦੇ ਆਸਪਾਸ ਪਾਣੀ ਹੋਇਆ ਕਰਦਾ ਸੀ, ਹਾਂ, ਪਰ ਸਾਨੂੰ ਬਾਅਦ ਵਿੱਚ ਪਤਾ ਚੱਲਿਆ ਕਿ ਨਦੀ ਸੁੱਕ ਗਈ ਹੈ। ਦੋ ਦਹਾਕੇ ਪਹਿਲਾਂ ਤਾਂ ਬੋਰਵੈੱਲ ਵੀ ਬਹੁਤ ਘੱਟ ਹੀ ਹੋਇਆ ਕਰਦੇ ਸਨ, ਹੁਣ ਉਨ੍ਹਾਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ। ਉਨ੍ਹਾਂ ਵਿੱਚੋਂ ਹਰ ਇੱਕ ਪਿਛਲੇ ਦੋ ਦਹਾਕਿਆਂ ਵਿੱਚ ਹੋ ਰਹੇ ਕਠੋਰ ਮੌਸਮੀ ਬਦਲਾਵਾਂ ਦੀ ਗਿਣਤੀ ਨੂੰ ਯਾਦ ਕਰਦਾ ਹੈ।
ਮੀਂਹ ਦਾ ਖ਼ਾਸਾ ਬਦਲ ਗਿਆ ਹੈ। "ਜਦੋਂ ਸਾਨੂੰ ਮੀਂਹ ਦੀ ਲੋੜ ਹੁੰਦੀ ਹੈ, ਤਾਂ ਮੈਂ ਕਹਾਂਗਾ ਕਿ 60 ਫੀਸਦੀ ਘੱਟ ਮੀਂਹ ਪੈਂਦਾ ਹੈ," ਹਿਮਾਚਲ ਕਹਿੰਦੇ ਹਨ। "ਪਿਛਲੇ ਕੁਝ ਸਾਲਾਂ ਵਿੱਚ, ਉਗਾਦੀ (ਤੇਲੁਗੂ ਨਵੇਂ ਸਾਲ ਦਾ ਦਿਨ, ਅਪ੍ਰੈਲ ਦੇ ਆਸਪਾਸ ਵਿੱਚ) ਘੱਟ ਮੀਂਹ ਪਿਆ।" ਅਨੰਤਪੁਰ ਨੂੰ ਦੱਖਣ-ਪੱਛਮ ਅਤੇ ਉੱਤਰ-ਪੂਰਬੀ ਦੋਵੇਂ ਹੀ ਮਾਨਸੂਨ ਛੂੰਹਦੇ ਹਨ, ਪਰ ਕਿਸੇ ਇੱਕ ਦਾ ਵੀ ਪੂਰਾ ਲਾਭ ਨਹੀਂ ਮਿਲ਼ਦਾ।
ਉਨ੍ਹਾਂ ਸਾਲਾਂ ਵਿੱਚ ਵੀ, ਜਦੋਂ ਜਿਲ੍ਹੇ ਵਿੱਚ 535 ਮਿਮੀ ਦੀ ਸਲਾਨਾ ਵਰਖਾ ਹੁੰਦੀ ਹੈ-ਸਮਾਂ, ਪਸਾਰ ਅਤੇ ਛਿੜਕਾਅ ਬਹੁਤ ਹੀ ਅਨਿਯਮਿਤ ਰਿਹਾ ਹੈ। ਬੀਤੇ ਕੁਝ ਵਰ੍ਹਿਆਂ ਤੋਂ ਮੀਂਹ, ਬੇ-ਬਹਾਰਾ (ਫ਼ਸਲ ਤੋਂ ਗੈਰ-ਫ਼ਸਲ ਵਾਲੇ ਮੌਸਮ ਵਿੱਚ) ਪੈਣ ਲੱਗਿਆ ਹੈ ਅਤੇ ਉਸ ਤੋਂ ਬਾਅਦ ਲੰਬੇ ਦਿਨਾਂ ਤੱਕ ਮੌਸਮ ਸੁੱਕਿਆ ਰਹਿੰਦਾ ਹੈ। ਪਿਛਲੇ ਵਰ੍ਹੇ, ਕੁਝ ਮੰਡਲਾਂ ਨੇ ਫ਼ਸਲ ਦੇ ਮੌਸਮ (ਜੂਨ ਤੋਂ ਅਕਤੂਬਰ) ਦੌਰਾਨ ਕਰੀਬ 75 ਦਿਨਾਂ ਤੱਕ ਸੋਕੇ ਦਾ ਸਾਹਮਣਾ ਕੀਤਾ। ਅਨੰਤਪੁਰ, ਜਿੱਥੋਂ ਦੀ 75 ਫੀਸਦੀ ਅਬਾਦੀ ਖੇਤੀ-ਕਾਰਜ (ਕਿਸਾਨ ਜਾਂ ਮਜ਼ਦੂਰ ਦੇ ਰੂਪ ਵਿੱਚ) ਕਰਦੇ ਹਨ, ਉੱਥੋਂ ਲਈ ਇਹ ਤਬਾਹਕੁੰਨ ਸਾਬਤ ਹੁੰਦਾ ਹੈ।
"ਬੀਤੇ ਦੋ ਦਹਾਕਿਆਂ ਵਿੱਚੋਂ ਹਰ ਇੱਕ ਵਿੱਚ, ਅਨੰਤਪੁਰ ਵਿੱਚ ਸਿਰਫ਼ ਦੋ 'ਸਧਾਰਣ' ਸਾਲ ਰਹੇ ਹਨ," ਇਕੋਲਾਜੀ ਸੈਂਟਰ ਦੇ ਮੱਲਾ ਰੇਡੀ ਕਹਿੰਦੇ ਹਨ। ''ਬਾਕੀ ਵਰ੍ਹਿਆਂ ਵਿੱਚੋਂ ਹਰੇਕ ਵਿੱਚ, ਜਿਲ੍ਹੇ ਦੇ ਦੋ-ਤਿਹਾਈ ਤੋਂ ਤਿੰਨ-ਚੌਥਾਈ ਹਿੱਸੇ ਨੂੰ ਸੋਕਾ-ਪ੍ਰਭਾਵਤ ਐਲਾਨਿਆ ਗਿਆ ਹੈ। ਉਸ ਸਮੇਂ-ਸੀਮਾ ਤੋਂ ਪਹਿਲਾਂ ਦੇ 20 ਸਾਲਾਂ ਵਿੱਚ, ਹਰ ਦਹਾਕੇ ਵਿੱਚ ਤਿੰਨ ਅਕਾਲ ਹੁੰਦੇ ਸਨ। ਇਹ ਬਦਲਾਅ 1980 ਦੇ ਦਹਾਕੇ ਦੇ ਅਖੀਰ ਵਿੱਚ ਸ਼ੁਰੂ ਹੋਇਆ, ਉਹ ਹਰ ਸਾਲ ਤੇਜ਼ ਹੁੰਦਾ ਚਲਾ ਗਿਆ।''
ਕਿਸੇ ਸਮੇਂ ਬਾਜਰੇ ਦੀ ਬਹੁਤਾਤ ਵਾਲ਼ਾ ਇਹ ਜਿਲ੍ਹਾ ਤੇਜੀ ਨਾਲ਼ ਮੂੰਗਫਲੀ ਵਰਗੀਆਂ ਵਪਾਰਕ ਫ਼ਸਲਾਂ ਵੱਲ ਵੱਧਣ ਲੱਗਿਆ ਅਤੇ ਇਹਦੇ ਫ਼ਲਸਰੂਪ, ਇੱਥੇ ਭਾਰੀ ਗਿਣਤੀ ਵਿੱਚ ਬੋਰਵੈੱਲਾਂ ਦੀ ਖੁਦਾਈ ਹੋਣ ਲੱਗੀ। (ਨੈਸ਼ਨਲ ਰੇਨਫੇਡ ਏਰੀਆ ਅਥਾਰਿਟੀ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹੁਣ ਇੱਥੇ ''ਕੁਝ ਅਜਿਹੇ ਇਲਾਕੇ ਹਨ ਜਿੱਥੇ ਪਾਣੀ ਦੀ ਵਰਤੋਂ 100 ਫੀਸਦੀ ਤੋਂ ਜਿਆਦਾ ਹੋ ਗਿਆ ਹੈ।'')
"ਚਾਲ੍ਹੀ ਸਾਲ ਪਹਿਲਾਂ, ਇੱਕ ਸਪੱਸ਼ਟ ਪੈਟਰਨ ਸੀ- 10 ਸਾਲਾਂ ਵਿੱਚ ਤਿੰਨ ਵਾਰ ਸੋਕਾ-ਅਤੇ ਕਿਸਾਨ ਜਾਣਦੇ ਸਨ ਕਿ ਕੀ ਬੀਜਣਾ ਹੈ। ਵੰਨ-ਸੁਵੰਨੀਆਂ 9 ਤੋਂ 12 ਫ਼ਸਲਾਂ ਅਤੇ ਇੱਕ ਸਥਿਰ ਖੇਤੀ ਚੱਕਰ ਹੋਇਆ ਕਰਦਾ ਸੀ," ਸੀ.ਕੇ. 'ਬਬਲੂ' ਗਾਂਗੁਲੀ ਕਹਿੰਦੇ ਹਨ। ਇਹ ਟਿੰਬਕਟੂ ਕਲੈਕਟਿਵ ਨਾਮੀਂ ਐੱਨਜੀਓ ਦੇ ਚੇਅਰਮੈਨ ਹਨ, ਜਿਹਨੇ ਤਿੰਨ ਦਹਾਕਿਆਂ ਤੱਕ ਇਸ ਖੇਤਰ ਵਿੱਚ ਗ੍ਰਾਮੀਣ ਗ਼ਰੀਬਾਂ ਦੀ ਆਰਥਿਕ ਬੇਹਤਰੀ ਵੱਲ ਧਿਆਨ ਕੇਂਦਰਤ ਕੀਤਾ ਹੈ। ਖੁਦ ਚਾਰ ਦਹਾਕਿਆਂ ਤੱਕ ਇੱਥੇ ਕੰਮ ਕਰਨ ਕਰਕੇ ਉਨ੍ਹਾਂ ਨੂੰ ਇਸ ਖੇਤਰ ਦੀ ਖੇਤੀ ਬਾਰੇ ਕਾਫੀ ਜਾਣਕਾਰੀ ਹੋ ਗਈ ਹੈ।
"ਮੂੰਗਫਲੀ (ਹੁਣ ਅਨੰਤਪੁਰ ਵਿੱਚ ਖੇਤੀ ਦੇ 69 ਫੀਸਦੀ ਇਲਾਕੇ ਨੂੰ ਕਵਰ ਕਰਦੀ ਹੈ) ਨੇ ਸਾਡੇ ਨਾਲ਼ ਉਹੀ ਕੁਝ ਕੀਤਾ ਜੋ ਅਫ਼ਰੀਕਾ ਵਿੱਚ ਸਾਹੇਲ ਨਾਲ਼ ਹੋਇਆ। ਜਿਸ ਇੱਕ ਫਸਲੀ ਖੇਤੀ ਨੂੰ ਅਸੀਂ ਅਪਣਾਇਆ, ਉਸ ਵਿੱਚ ਸਿਰਫ਼ ਪਾਣੀ ਦੀ ਹਾਲਤ ਵਿੱਚ ਹੀ ਤਬਦੀਲੀ ਨਹੀਂ ਹੋਈ। ਮੂੰਗਫਲੀ ਦਾ ਬੂਟਾ ਛਾਂ ਨਹੀਂ ਦੇ ਸਕਦਾ, ਲੋਕ ਦਰਖਤ ਕੱਟ ਰਹੇ ਹਨ। ਅਨੰਤਪੁਰ ਦੀ ਮਿੱਟੀ ਤਬਾਹ ਕਰ ਦਿੱਤੀ ਗਈ। ਬਾਜਰਾ ਖ਼ਤਮ ਹੋ ਗਿਆ। ਨਮੀ ਖ਼ਤਮ ਹੋ ਗਈ, ਜਿਸ ਕਰਕੇ ਮੀਂਹ ਵਾਲੀ ਖੇਤੀ ਵੱਲ ਮੁੜਨਾ ਮੁਸ਼ਕਲ ਹੋ ਰਿਹਾ ਹੈ।" ਫਸਲ ਵਿੱਚ ਬਦਲਾਅ ਨੇ ਖੇਤੀ ਵਿੱਚ ਔਰਤਾਂ ਦੀ ਭੂਮਿਕਾ ਨੂੰ ਵੀ ਘੱਟ ਕਰ ਦਿੱਤਾ ਹੈ। ਪਰੰਪਰਾਗਤ ਰੂਪ ਤੋਂ, ਉਹ ਮੀਂਹ ਅਧਾਰਤ ਇੱਥੇ ਉਗਣ ਵਾਲੀਆਂ ਵੰਨ-ਸੁਵੰਨੀਆਂ ਫਸਲਾਂ ਦੇ ਬੀਜ ਦੀਆਂ ਸੰਰਖਕ ਸਨ। ਕਿਸਾਨਾਂ ਨੇ ਜਿਵੇਂ ਹੀ ਨਕਦੀ ਫਸਲ ਹਾਈਬ੍ਰਿਡ (ਜਿਓਂ ਮੂੰਗਫਲੀ ਲਈ) ਲਈ ਬਜਾਰ ਤੋਂ ਬੀਜ ਖਰੀਦਣਾ ਸ਼ੁਰੂ ਕੀਤਾ, ਔਰਤਾਂ ਦੀ ਭੂਮਿਕਾ ਕਾਫੀ ਹੱਦ ਤੱਕ ਘੱਟ ਕੇ ਮਜ਼ਦੂਰਾਂ ਵਾਲੀ ਹੋ ਗਈ। ਇਹਦੇ ਨਾਲ਼ ਹੀ, ਦੋ ਪੀੜ੍ਹੀਆਂ ਦੌਰਾਨ, ਕਿਸਾਨਾਂ ਦੁਆਰਾ ਇੱਕ ਹੀ ਖੇਤ ਵਿੱਚ ਵੱਖ-ਵੱਖ ਕਿਸਮਾਂ ਦੀਆਂ ਫਸਲਾਂ ਨੂੰ ਉਗਾਉਣ ਦਾ ਕੌਸ਼ਲ ਵੀ ਜਾਂਦਾ ਰਿਹਾ।
ਚਾਰੇ ਦੀਆਂ ਫਸਲਾਂ ਹੁਣ ਖੇਤੀ ਵਾਲੇ ਕੁੱਲ ਖੇਤਰ ਦਾ 3 ਫੀਸਦੀ ਤੋਂ ਵੀ ਘੱਟ ਹਨ। "ਅਨੰਤਪੁਰ ਵਿੱਚ ਕਦੇ ਦੇਸ਼ ਦੇ ਜੁਗਾਲ਼ੀ ਕਰਨ ਵਾਲ਼ੇ ਛੋਟੇ ਛੋਟੇ ਪਸ਼ੂਆਂ ਦੀ ਗਿਣਤੀ ਸਭ ਤੋਂ ਜਿਆਦਾ ਸੀ," ਗਾਂਗੁਲੀ ਕਹਿੰਦੇ ਹਨ। "ਜੁਗਾਲ਼ੀ ਵਾਲੇ ਛੋਟੇ ਪਸ਼ੂ ਕੁਰੁਬਾਸ ਜਿਹੇ ਪਰੰਪਰਿਕ ਆਜੜੀਆਂ ਦੇ ਪ੍ਰਾਚੀਨ ਭਾਈਚਾਰਿਆਂ ਦੇ ਲਈ ਸਭ ਤੋਂ ਚੰਗੀ ਸੰਪੱਤੀ ਹਨ-ਮੋਬਾਇਲ ਸੰਪੱਤੀ। ਪਰੰਪਰਿਕ ਚੱਕਰ, ਜਿਸ ਵਿੱਚ ਆਜੜੀਆਂ ਦੇ ਝੁੰਡ ਫਸਲ ਕਟਾਈ ਤੋਂ ਬਾਅਦ ਕਿਸਾਨਾਂ ਦੇ ਖੇਤਾਂ ਵਿੱਚ ਗੋਹਾ ਅਤੇ ਮੂਤ ਦੇ ਰੂਪ ਵਿੱਚ ਖਾਦ ਪ੍ਰਦਾਨ ਕਰਦੇ ਸਨ, ਹੁਣ ਫਸਲ ਦੇ ਬਦਲਦੇ ਪੈਟਰਨ ਅਤੇ ਰਸਾਇਣਿਕ ਖੇਤੀ ਕਾਰਨ ਇਹ ਪ੍ਰਕਿਰਿਆ ਵੀ ਰੁੱਕ ਗਈ ਹੈ। ਇਸ ਖੇਤਰ ਲਈ ਬਣਾਈ ਜਾ ਰਹੀ ਯੋਜਨਾ ਗ਼ਰੀਬਾਂ ਲਈ ਪ੍ਰਤਿਕੂਲ ਸਾਬਤ ਹੋਈ ਹੈ।"
ਹੋਨੂਰ ਵਿੱਚ ਹਿਮਾਚਲ ਆਪਣੇ ਆਸਪਾਸ ਦੀ ਖੇਤੀ ਜੈਵ- ਵਿਭਿੰਨਤਾ ਅਤੇ ਉਹਦੇ ਨਤੀਜਿਆਂ ਨੂੰ ਸਮਝਦੇ ਹਨ। "ਕਿਸੇ ਜ਼ਮਾਨ ਵਿੱਚ, ਇਹਨੂੰ ਪਿੰਡ ਵਿੱਚ, ਸਾਡੇ ਕੋਲ਼ ਬਾਜਰਾ , ਲੋਬੀਆ, ਕਬੂਤਰ ਮਟਰ, ਰਾਗੀ , ਕਾਂਗਣੀ, ਚਨਾ, ਸੇਮ ਹੋਇਆ ਕਰਦੇ ਸਨ..." ਉਹ ਲੰਬੀ ਸੂਚੀ ਦੱਸਦੇ ਹਨ। "ਮੀਂਹ ਅਧਾਰਤ ਖੇਤੀ ਵਿੱਚ ਫ਼ਸਲ ਉਗਾਉਣਾ ਤਾਂ ਸੌਖਾ ਹੈ, ਪਰ ਇਹ ਸਾਡੇ ਲਈ ਨਕਦੀ ਨਹੀਂ ਲਿਆਉਂਦੀ।" ਮੂੰਗਫਲੀ ਨੇ ਥੋੜ੍ਹੇ ਸਮੇਂ ਲਈ ਇਹ ਕੰਮ ਜ਼ਰੂਰ ਕੀਤਾ।
ਮੂੰਗਫਲੀ ਦੀ ਫਸਲੀ ਚੱਕਰ ਕਰੀਬ 110 ਦਿਨਾਂ ਦਾ ਹੁੰਦਾ ਹੈ। ਉਨ੍ਹਾਂ ਵਿੱਚ, ਇਹ ਸਿਰਫ਼ ਮਿੱਟੀ ਨੂੰ ਕੱਜਦੀ ਹੈ, ਉਹਨੂੰ 60-70 ਦਿਨਾਂ ਤੱਕ ਖੁਰਨ ਤੋਂ ਬਚਾਉਂਦੀ ਹੈ। ਉਸ ਯੁੱਗ ਵਿੱਚ ਜਦੋਂ ਨੌ ਵੱਖ ਵੱਖ ਬਾਜਰੇ ਅਤੇ ਦਾਲਾਂ ਉਗਾਈਆਂ ਜਾਂਦੀਆਂ ਸਨ ਤਾਂ ਉਹ ਹਰ ਸਾਲ ਜੂਨ ਤੋਂ ਫ਼ਰਵਰੀ ਤੱਕ ਸਭ ਤੋਂ ਉਪਰਲੀ ਮਿੱਟੀ ਨੂੰ ਇੱਕ ਸੁਰੱਖਿਆਤਮਕ ਛਾਂ ਪ੍ਰਦਾਨ ਕਰਦੀਆਂ ਸਨ, ਤਦ ਕੋਈ ਨਾ ਕੋਈ ਫਸਲ ਜ਼ਮੀਨ 'ਤੇ ਉੱਗੀ ਹੀ ਰਹਿੰਦੀ ਸੀ।
ਵਾਪਸ ਹੋਨੂਰ ਵਿੱਚ, ਹਿਮਾਚਲ ਚਿੰਤਨਸ਼ੀਲ ਹਨ। ਉਹ ਜਾਣਦੇ ਹਨ ਕਿ ਬੋਰਵੈੱਲ ਅਤੇ ਨਕਦੀ ਫ਼ਸਲਾਂ ਨੇ ਕਿਸਾਨਾਂ ਨੂੰ ਬੜਾ ਨਫਾ ਪਹੁੰਚਾਇਆ ਹੈ। ਉਹ ਉਸ ਵਿੱਚੋਂ ਵੀ ਢਲਾਣ ਦੀ ਪ੍ਰਵਿਰਤੀ ਦੇਖ ਰਹੇ ਹਨ- ਅਤੇ ਰੋਜ਼ੀ-ਰੋਟੀ ਦੇ ਦਾਇਰੇ ਦੇ ਸੁੰਗੜਨ ਕਾਰਨ ਪਲਾਇਨ ਵਿੱਚ ਵਾਧੇ ਨੂੰ ਵੀ। "ਸਦਾ 200 ਤੋਂ ਵੱਧ ਪਰਿਵਾਰ ਬਾਹਰ ਜਾ ਕੇ ਕੰਮ ਕਰਨਾ ਚਾਹੁੰਦੇ ਹਨ," ਹਿਮਾਚਲ ਕਹਿੰਦੇ ਹਨ। ਯਾਨਿ 2011 ਦੀ ਮਰਦਮਸ਼ੁਮਾਈ ਅਨੁਸਾਰ ਅਨੰਤਪੁਰ ਦੇ ਬੋਮਨਹਲ ਮੰਡਲ ਦੇ ਇਸ ਪਿੰਡ ਦੇ 1,227 ਘਰਾਂ ਵਿੱਚੋਂ ਹਰ ਛੇਵਾਂ। "ਸਾਰੇ ਘਰਾਂ ਵਿੱਚੋਂ ਕਰੀਬ 70-80 ਫੀਸਦੀ ਕਰਜੇ ਦੀ ਮਾਰ ਹੇਠ ਹਨ," ਉਹ ਅੱਗੇ ਕਹਿੰਦੇ ਹਨ। ਦੋ ਦਹਾਕਿਆਂ ਤੋਂ ਅਨੰਤਪੁਰ ਵਿੱਚ ਖੇਤੀ ਸੰਕਟ ਕਾਫੀ ਡੂੰਘਾ ਹੋਇਆ ਹੈ- ਅਤੇ ਇਹ ਆਂਧਰਾ ਪ੍ਰਦੇਸ਼ ਦਾ ਉਹ ਜਿਲ੍ਹਾ ਹੈ ਜੋ ਕਿਸਾਨ ਆਤਮ-ਹੱਤਿਆਵਾਂ ਨਾਲ਼ ਸਭ ਤੋਂ ਵੱਧ ਪ੍ਰਭਾਵਤ ਇਲਾਕਾ ਹੈ।
"ਬੋਰਵੈੱਲ ਦਾ ਵਧੀਆ ਵਾਲਾ ਸਮਾਂ ਮੁੱਕ ਚੁੱਕਿਆ ਹੈ," ਮੱਲਾ ਰੇਡੀ ਕਹਿੰਦੇ ਹਨ। "ਇਹੀ ਹਾਲ ਨਕਦੀ ਫ਼ਸਲ ਅਤੇ ਇਕੱਲੀ ਫਸਲ ਦਾ ਵੀ ਹੈ।" ਤਿੰਨਾਂ ਵਿੱਚ ਹਾਲੇ ਵੀ ਵਾਧਾ ਹੋ ਰਿਹਾ ਹੈ, ਹਾਲਾਂਕਿ, ਉਪਭੋਗ ਲਈ ਉਤਪਾਦਨ ਤੋਂ "ਅਣਜਾਣ ਬਜਾਰਾਂ ਦੇ ਲਈ ਉਤਪਾਦਨ" ਤੱਕ ਦੇ ਉਸ ਮੌਲਿਕ ਬਦਲਾਅ ਤੋਂ ਪ੍ਰੇਰਿਤ ਹੋ ਕੇ।
ਜੇਕਰ ਜਲਵਾਯੂ ਪਰਿਵਰਤਨ ਸਿਰਫ਼ ਕੁਦਰਤ ਦੁਆਰਾ ਆਪਣੇ ਰਿਸੈੱਟ ਬਟਨ ਨੂੰ ਨੱਪਣ ਬਾਰੇ ਹੈ, ਤਾਂ ਹੋਨੂਰ ਅਤੇ ਅਨੰਤਪੁਰ ਵਿੱਚ ਅਸੀਂ ਕੀ ਦੇਖਿਆ ਸੀ? ਇਸ ਤੋਂ ਇਲਾਵਾ, ਜਿਵੇਂ ਕਿ ਵਿਗਿਆਨਕ ਸਾਨੂੰ ਦੱਸਦੇ ਹਨ, ਜਲਵਾਯੂ ਪਰਿਵਰਤਨ ਬੜਾ ਵਿਸ਼ਾਲ ਕੁਦਰਤੀ ਖੇਤਰਾਂ ਅਤੇ ਇਲਾਕਿਆਂ ਵਿੱਚ ਹੁੰਦਾ ਹੈ- ਹੋਨੂਰ ਅਤੇ ਅਨੰਤਪੁਰ ਪ੍ਰਸ਼ਾਸਨਕ ਇਕਾਈਆਂ ਹਨ, ਸਿਰਫ਼ ਸੂਖਮ-ਬਿੰਦੂ, ਯੋਗਤਾ ਪ੍ਰਾਪਤ ਕਰਨ ਲਈ ਬਹੁਤ ਹੀ ਸੂਖਮ। ਕੀ ਇੰਜ ਹੋ ਸਕਦਾ ਹੈ ਕਿ ਜਿਆਦਾ ਵੱਡੇ ਇਲਾਕਿਆਂ ਦੇ ਕੈਨਵਸ ਵਿੱਚ ਇੰਨੇ ਵੱਧ ਬਦਲਾਅ ਕਦੇ-ਕਦੇ ਉਨ੍ਹਾਂ ਦੇ ਅੰਦਰ ਉਪ-ਖੇਤਰਾਂ ਦੀਆਂ ਮੌਜੂਦਾ ਵਿਲੱਖਣ ਵਿਸ਼ੇਸ਼ਤਾਵਾਂ ਨੂੰ ਵਧਾ ਸਕਦੇ ਹਨ?
ਇੱਥੇ ਪਰਿਵਰਤਨ ਦੇ ਲਗਭਗ ਸਾਰੇ ਤੱਤ ਮਨੁੱਖ ਦੀ ਦਖ਼ਲ-ਅੰਦਾਜੀ ਦੇ ਫਲਸਰੂਪ ਹੋਏ। 'ਬੋਰਵੈੱਲ ਮਹਾਂਮਾਰੀ', ਵਪਾਰਕ ਫਸਲ ਅਤੇ ਇਕੱਲ ਖੇਤੀ ਨੂੰ ਭਾਰੀ ਗਿਣਤੀ ਵਿੱਚ ਅਪਣਾਇਆ ਜਾਣਾ; ਜੈਵ- ਵਿਭਿੰਨਤਾ ਦਾ ਖਾਤਮਾ ਜੋ ਜਲਵਾਯੂ ਪਰਿਵਰਤਨ ਦੇ ਖਿਲਾਫ਼ ਅਨੰਤਪੁਰ ਨੂੰ ਸਭ ਤੋਂ ਚੰਗੀ ਰੱਖਿਆ ਪ੍ਰਦਾਨ ਕਰ ਸਕਦੀ ਸੀ; ਨਮੀ ਭਰੇ ਪੱਧਰ ਦੀ ਵਰਤੋਂ; ਇਸ ਅੱਧ-ਖੁਸ਼ਕ ਇਲਾਕੇ ਵਿੱਚ ਜੋ ਥੋੜ੍ਹਾ-ਬਹੁਤ ਜੰਗਲੀ ਇਲਾਕਾ ਸੀ, ਉਹਦੀ ਤਬਾਹੀ; ਘਾਹ ਦੇ ਮੈਦਾਨ ਦੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣਾ ਅਤੇ ਮਿੱਟੀ ਦੇ ਉਪਜਾਊਪੁਣੇ ਵਿੱਚ ਗਿਰਾਵਟ; ਰਸਾਇਣਿਕ ਖੇਤੀ ਵਿੱਚ ਉਦਯੋਗਿਕ ਬਹੁਲਤਾ ਦਾ ਆਉਣਾ; ਖੇਤ ਅਤੇ ਜੰਗਲ, ਆਜੜੀਆਂ ਅਤੇ ਕਿਸਾਨਾਂ ਦਰਮਿਆਨ ਸਹਿਜੀਵੀ ਸਬੰਧਾਂ ਦਾ ਖ਼ਤਮ ਹੁੰਦੇ ਜਾਣਾ- ਮੌਸਮ ਅਤੇ ਜਲਵਾਯੂ ਨੂੰ ਸਪੱਸ਼ਟ ਰੂਪ ਨਾਲ਼ ਪ੍ਰਭਾਵਤ ਕੀਤਾ ਹੈ-ਜਿਨ੍ਹਾਂ ਨੇ ਬਦਲੇ ਵਿੱਚ ਇਨ੍ਹਾਂ ਪ੍ਰਕਿਰਿਆਵਾਂ ਨੂੰ ਹੋਰ ਵਧਾ ਦਿੱਤਾ ਹੈ।
ਜੇਕਰ ਮਾਨਵ ਏਜੰਸੀ, ਅਰਥ-ਸ਼ਾਸਤਰ ਅਤੇ ਵਿਕਾਸ ਦੇ ਮਾਡਲ ਦੁਆਰਾ ਸੰਚਾਲਤ ਹੋਣ ਕਾਰਨ ਪਾਗ਼ਲ ਹੋ ਚੁੱਕੀ ਹੈ, ਸਾਡੇ 'ਤੇ ਹੋਣ ਵਾਲੇ ਪਰਿਵਰਤਨਾਂ ਦੀ ਇੱਕ ਪ੍ਰਮੁੱਖ ਕਾਰਕ ਹੈ, ਤਾਂ ਇਸ ਖੇਤਰ ਅਤੇ ਇਸ ਜਿਹੇ ਦੂਸਰੇ ਖੇਤਰਾਂ ਤੋਂ ਬਹੁਤ ਕੁਝ ਸਿੱਖਿਆ ਜਾ ਕਦਾ ਹੈ।
"ਸ਼ਾਇਦ ਸਾਨੂੰ ਬੋਰਵੈੱਲਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਮੀਂਹ ਅਧਾਰਤ ਖੇਤੀ ਵੱਲ ਪੈੜਾਂ ਮੋੜਨੀਆਂ ਚਾਹੀਦੀਆਂ ਹਨ," ਹਿਮਾਚਲ ਕਹਿੰਦੇ ਹਨ। "ਪਰ ਇਹ ਬਹੁਤ ਮੁਸ਼ਕਲ ਹੈ।"
ਪੀ. ਸਾਈਨਾਥ ਪੀਪੁਲਸ ਆਰਕਾਈਵ ਆਫ਼ ਰੂਰਲ ਇੰਡੀਆ ( PARI ) ਦੇ ਸੰਸਥਾਪਕ ਸੰਪਾਦਕ ਹਨ।
ਕਵਰ ਫ਼ੋਟੋ : ਰਾਹੁਲ ਐੱਮ. /PARI
ਜਲਵਾਯੂ ਪਰਿਵਰਤਨ ਨੂੰ ਲੈ ਕੇ PARI ਦੀ ਰਾਸ਼ਟਰ-ਵਿਆਪੀ ਰਿਪੋਰਟਿੰਗ, ਆਮ ਲੋਕਾਈ ਦੀਆਂ ਅਵਾਜਾਂ ਅਤੇ ਜੀਵਨ ਦੇ ਤਜ਼ਰਬਿਆਂ ਦੇ ਜ਼ਰੀਏ ਉਸ ਘਟਨਾ ਨੂੰ ਰਿਕਾਰਡ ਕਰਨ ਲਈ UNDP -ਸਮਰਥਨ ਪ੍ਰਾਪਤ ਪਹਿਲਾ ਦਾ ਇੱਕ ਹਿੱਸਾ ਹੈ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ