ਜਦੋਂ ਉਹਨਾਂ ਨੇ ਖ਼ੂਨ ਨਾਲ਼ ਲਥਪਥ ਸਟ੍ਰੈਕਚਰ ਦੇਖਿਆ ਤਾਂ ਸ੍ਰੀਕ੍ਰਿਸ਼ਨ ਬਾਜਪਾਈ ਘਬਰਾ ਗਏ। ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਵਿੱਚ, ਫਰਵਰੀ ਦੀ ਦੁਪਹਿਰੇ, ਕੜਕਦੀ ਠੰਡ ਵਿੱਚ, ਆਪਣੇ ਘਰ ਦੇ ਬਾਹਰ ਅੱਗ ਸੇਕਦੇ ਹੋਏ ਇੱਕ ਸੱਤਰ ਸਾਲਾ ਕਿਸਾਨ ਯਾਦ ਕਰਦੇ ਹੋਏ ਕਹਿੰਦੇ ਹਨ, “ਸਾਨੂੰ ਸਾਵਧਾਨ ਕੀਤਾ ਗਿਆ ਸੀ ਕਿ ਇਹ ਡਿਲੀਵਰੀ ਅਸਾਨ ਨਹੀਂ ਹੋਵੇਗੀ। ਪਿੰਡ ਦੀਆਂ ਆਸ਼ਾ ਵਰਕਰਾਂ ਨੇ ਮੇਰੀ ਨੂੰਹ ਦੀ ਡਿਲੀਵਰੀ ਨੂੰ ਹਾਈ ਰਿਸਕ ਵਾਲੀ ਦੱਸਿਆ ਸੀ।”
ਭਾਵੇਂ ਕਿ ਇਹ ਸਤੰਬਰ 2019 ਵਿੱਚ ਵਾਪਰਿਆ ਸੀ, ਪਰ ਸ੍ਰੀਨਿਵਾਸ ਨੂੰ ਇੰਝ ਜਾਪਦਾ ਹੈ ਕਿ ਜਿਵੇਂ ਇਹ ਕੱਲ੍ਹ ਦੀ ਹੀ ਗੱਲ ਹੋਵੇ। “ਪਾਣੀ [ਹੜ੍ਹ] ਹੁਣ ਲੱਥ ਗਿਆ ਸੀ ਪਰ ਇਸ ਨੇ ਸੜਕਾਂ ਨੂੰ ਨਕਾਰਾ ਕਰ ਦਿੱਤਾ ਸੀ, ਜਿਸ ਕਾਰਨ ਐਂਬੂਲੈਂਸ ਸਾਡੇ ਬੂਹੇ ਤੱਕ ਨਾ ਪਹੁੰਚ ਸਕੀ,” ਉਹ ਕਹਿੰਦੇ ਹਨ। ਸ੍ਰੀਨਿਵਾਸ ਦਾ ਛੋਟਾ ਜਿਹਾ ਪਿੰਡ ਟਾਂਡਾ ਖੁਰਦ, ਲਹਿਰਪੁਰ ਬਲਾਕ ਵਿੱਚ ਪੈਂਦਾ ਹੈ, ਜੋ ਸ਼ਾਰਦਾ ਤੇ ਘੱਗਰ ਨਦੀਆਂ ਦੇ ਨੇੜੇ ਹੈ। ਇੱਥੋਂ ਦੇ ਪਿੰਡ ਲਗਾਤਾਰ ਆਉਣ ਵਾਲ਼ੇ ਹੜ੍ਹਾਂ ਦੇ ਸ਼ਿਕਾਰ ਹੁੰਦੇ ਰਹਿੰਦੇ ਹਨ, ਜਿਸ ਕਾਰਨ ਐਂਮਰਜੈਂਸੀ ਵੇਲ਼ੇ ਆਵਾਜਾਈ ਦਾ ਪ੍ਰਬੰਧ ਕਰਨਾ ਮੁਸ਼ਕਿਲ ਹੋ ਜਾਂਦਾ ਹੈ।
ਟਾਂਡਾ ਖੁਰਦ ਤੋਂ ਸੀਤਾਪੁਰ ਜ਼ਿਲ੍ਹੇ ਦੇ ਹਸਪਤਾਲ ਦਾ 42 ਕਿਲੋਮੀਟਰ ਦਾ ਸਫ਼ਰ ਕਿਸੇ ਵੀ ਗਰਭਵਤੀ ਔਰਤ ਲਈ ਔਖ਼ਾ ਤਾਂ ਹੈ ਹੀ- ਹੋਰ ਔਖ਼ੇਰਾ ਉਦੋਂ ਹੋ ਜਾਂਦਾ ਹੈ, ਜਦੋਂ ਪਹਿਲੇ ਪੰਜ ਕਿਲੋਮੀਟਰ ਦਾ ਉੱਬੜ-ਖਾਬੜ ਤੇ ਤਿਲਕਣਾ ਰਾਹ ਦੋ ਪਹੀਆ ਵਾਹਨ ਸਹਾਰੇ ਤੈਅ ਕਰਨਾ ਪੈਂਦਾ ਹੋਵੇ। “ਪਰ ਜਿਓਂ ਹੀ ਅਸੀਂ ਜ਼ਿਲ੍ਹਾ ਹਸਪਤਾਲ ਪਹੁੰਚੇ ਤਾਂ ਤਕਲੀਫ਼ ਵੀ ਸ਼ੁਰੂ ਹੋ ਗਈ ਸੀ।”
ਬੱਚੀ ਨੂੰ ਜਨਮ ਦੇਣ ਤੋਂ ਬਾਅਦ ਵੀ ਮਮਤਾ ਦਾ ਖ਼ੂਨ ਵਗਣਾ ਬੰਦ ਨਾ ਹੋਇਆ। ਸ੍ਰੀਕ੍ਰਿਸ਼ਨ ਕਹਿੰਦੇ ਹਨ ਕਿ ਉਹ ਬਿਹਤਰੀ ਦੀ ਉਮੀਦ ਕਰਦੇ ਰਹੇ। “ਇਹ ਅਚਾਨਕ ਨਹੀਂ ਸੀ ਹੋਇਆ। ਸਾਨੂੰ ਪਤਾ ਸੀ ਕਿ ਮੁਸ਼ਕਿਲਾਂ ਆ ਸਕਦੀਆਂ ਹਨ। ਪਰ ਸਾਡਾ ਖਿਆਲ ਸੀ ਕਿ ਡਾਕਟਰ ਉਸਨੂੰ ਬਚਾ ਲੈਣਗੇ।”
ਪਰ ਜਦੋਂ ਉਹਨਾਂ ਨੂੰ ਸਟ੍ਰੈਕਚਰ ’ਤੇ ਪਾਈ ਵਾਰਡ ਵਿੱਚ ਲਿਜਾਇਆ ਜਾ ਰਿਹਾ ਸੀ ਤਾਂ ਸ੍ਰੀਕ੍ਰਿਸ਼ਨ ਸਿਰਫ਼ ਇੰਨਾ ਹੀ ਦੇਖ ਸਕੇ ਕਿ ਹੇਠਾਂ ਵਿਛੀ ਚਾਦਰ ਸਫ਼ੇਦ ਨਹੀਂ ਰਹਿ ਗਈ ਸੀ। “ਖ਼ੂਨ ਬਹੁਤ ਜ਼ਿਆਦਾ ਸੀ। ਮੈਨੂੰ ਢਿੱਡ ਵਿੱਚ ਮਰੋੜ ਪੈਂਦਾ ਮਹਿਸੂਸ ਹੋਇਆ,” ਉਹਨਾਂ ਨੇ ਕਿਹਾ। “ਡਾਕਟਰਾਂ ਨੇ ਸਾਨੂੰ ਖ਼ੂਨ ਦਾ ਇੰਤਜਾਮ ਕਰਨ ਲਈ ਕਿਹਾ। ਅਸੀਂ ਜਲਦੀ ਤੋਂ ਜਲਦੀ ਪ੍ਰਬੰਧ ਕੀਤਾ, ਪਰ ਜਦੋਂ ਅਸੀਂ ਬਲੱਡ ਬੈਂਕ ਤੋਂ ਹਸਪਤਾਲ ਪਹੁੰਚੇ ਤਾਂ ਮਮਤਾ ਦੀ ਮੌਤ ਹੋ ਚੁੱਕੀ ਸੀ।”
ਉਹ 25 ਵਰ੍ਹਿਆਂ ਦੀ ਸਨ।
ਉਹਨਾਂ ਦੀ ਮੌਤ ਤੋਂ ਇੱਕ ਦਿਨ ਪਹਿਲਾਂ ਕੀਤੀ ਗਈ ਡਾਕਟਰੀ ਜਾਂਚ ਅਨੁਸਾਰ ਮਮਤਾ ਦਾ ਭਾਰ 43 ਕਿਲੋ ਸੀ। ਘੱਟ ਭਾਰ ਹੋਣ ਦੇ ਨਾਲ਼-ਨਾਲ਼ ਉਨ੍ਹਾਂ ਵਿੱਚ ਪ੍ਰੋਟੀਨ ਦੀ ਕਮੀ ਸੀ ਤੇ ਉਨ੍ਹਾਂ ਦਾ ਹੀਮੋਗਲੋਬਿਨ ਪੱਧਰ ਵੀ 8 g/dl ਸੀ, ਜੋ ਕਿ ਇੱਕ ਗੰਭੀਰ ਅਨੀਮੀਆ ਹੋਣ ਦੀ ਸੀਮਾ 'ਤੇ ਖੜ੍ਹਾ ਸੀ। (ਜਦਕਿ ਇੱਕ ਗਰਭਵਤੀ ਔਰਤ ਵਿੱਚ ਹੀਮੋਗਲੋਬਿਨ ਦੀ ਮਾਤਰਾ 11 g/dl ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ।)
ਰਾਸ਼ਟਰੀ (ਕੌਮੀ) ਪਰਿਵਾਰ ਸਿਹਤ ਸਰਵੇਖਣ 2019-21 ( NFHS-5 ) ਮੁਤਾਬਿਕ ਉੱਤਰ ਪ੍ਰਦੇਸ਼ ਵਿੱਚ ਅਨੀਮੀਆ ਇੱਕ ਪ੍ਰਮੁੱਖ ਜਨਤਕ ਸਿਹਤ ਸਮੱਸਿਆ ਹੈ। ਖ਼ਾਸ ਕਰਕੇ ਔਰਤਾਂ ਅਤੇ ਬੱਚਿਆਂ ਵਿੱਚ। ਰਾਜ ਵਿੱਚ 15 ਤੋਂ 49 ਸਾਲ ਉਮਰ ਵਰਗ ਦੀਆਂ ਔਰਤਾਂ ਵਿੱਚੋਂ 50 ਫੀਸਦ ਤੋਂ ਵੱਧ ਖ਼ੂਨ ਦੀ ਕਮੀ ਨਾਲ਼ ਪੀੜਤ ਹਨ।
ਪੌਸ਼ਟਿਕ ਤੱਤਾਂ ਦੀ ਕਮੀ ਅਨੀਮੀਆ ਦੇ ਆਮ ਕਾਰਨਾਂ ਵਿੱਚੋਂ ਇੱਕ ਹੈ। ਲੋਹੇ (ਆਇਰਨ) ਦੀ ਕਮੀ ਦੁਨੀਆ ਦੇ ਲਗਪਗ ਅੱਧੇ ਅਨੀਮੀਆ ਮਾਮਲਿਆਂ ਲਈ ਜ਼ਿੰਮੇਵਾਰ ਹੈ ਪਰ ਲਾਗ ਦੀਆਂ ਬੀਮਾਰੀਆਂ ਅਤੇ ਜਣਨ ਹਾਲਾਤਾਂ ਤੋਂ ਇਲਾਵਾ ਫੋਲੇਟ (ਵਿਟਾਮਿਨ B9) ਅਤੇ ਵਿਟਾਮਿਨ B12 ਦੀ ਕਮੀ ਵੀ ਮਹੱਤਵਪੂਰਨ ਕਾਰਕ ਹਨ।
NFHS-5 ਦੇ ਅੰਕੜਿਆਂ ਅਨੁਸਾਰ ਯੂਪੀ ਵਿੱਚ ਸਿਰਫ਼ 22.3 ਫ਼ੀਸਦੀ ਮਾਵਾਂ ਨੇ ਹੀ ਆਪਣੀ ਗਰਭ ਅਵਸਥਾ ਦੌਰਾਨ ਘੱਟੋ-ਘੱਟ 100 ਦਿਨਾਂ ਲਈ ਆਇਰਨ ਅਤੇ ਫੋਲਿਕ ਐਸਿਡ ਪੂਰਕਾਂ (ਸਪਲੀਮੈਂਟ) ਨੂੰ ਗ੍ਰਹਿਣ ਕੀਤਾ ਹੈ। 2019-21 ਵਿੱਚ ਰਾਸ਼ਟਰੀ ਦਰ ਲਗਪਗ ਦੁੱਗਣੀ ਸੀ, ਜੋ ਕਿ 44.1 ਫ਼ੀਸਦ ਬਣਦੀ ਹੈ। ਪਰ ਸੀਤਾਪੁਰ ਇਲਾਕੇ ਵਿੱਚ ਸਿਰਫ਼ 18 ਫ਼ੀਸਦ ਮਾਵਾਂ ਨੇ ਹੀ ਪੂਰਕਾਂ ਦਾ ਗ੍ਰਹਿਣ ਕੀਤਾ।
ਅਨੀਮੀਆ ਨਾਲ਼ ਮਾਵਾਂ ਅਤੇ ਬੱਚਿਆਂ ਦੀ ਸਿਹਤ 'ਤੇ ਦੂਰਗਾਮੀ ਨਤੀਜੇ ਨਿਕਲ਼ਦੇ ਹਨ। ਹੋਰ ਪ੍ਰਭਾਵਾਂ ਦੇ ਇਲਾਵਾ ਇਸ ਦੇ ਕਾਰਨ ਸਮੇਂ ਤੋਂ ਪਹਿਲਾਂ ਜਣੇਪਾ ਅਤੇ ਜਨਮ ਸਮੇਂ ਘੱਟ ਭਾਰ ਵਰਗੀਆਂ ਸਮੱਸਿਆਵਾਂ ਆ ਸਕਦੀਆਂ ਹਨ। ਸਭ ਤੋਂ ਉਪਰ, ਇਹ ਸਿੱਧੇ ਤੌਰ 'ਤੇ ਮਾਤਰੀ (ਜੱਚਾ) ਮੌਤ ਦਰ ਅਤੇ ਨਵਜਾਤ ਸ਼ਿਸ਼ੂ (ਬੱਚਾ) ਮੌਤ ਦਰ ਨਾਲ਼ ਜੁੜਿਆ ਹੋਇਆ ਹੈ, ਅਰਥਾਤ ਮਰੇ ਹੋਏ ਬੱਚਿਆਂ ਦਾ ਜਨਮ ਅਤੇ ਸ਼ੁਰੂਆਤੀ ਨਵਜਾਤ ਮੌਤਾਂ।
2017-19 ਵਿੱਚ ਭਾਰਤ ਵਿੱਚ ਮਾਤਰੀ ਮੌਤ ਦਰ ਜਾਂ MMR ਪ੍ਰਤੀ 100,000 ਜੀਵਤ ਜਨਮਾਂ ਮਗਰ 103 ਸੀ। ਇਸੇ ਸਮੇਂ ਦੌਰਾਨ ਯੂਪੀ ਵਿੱਚ MMR 167 'ਤੇ ਖੜ੍ਹਾ ਸੀ। ਰਾਜ ਦੀ ਬਾਲ ਮੌਤ ਦਰ 2019 ਵਿੱਚ ਪ੍ਰਤੀ 1,000 ਜੀਵਤ ਜਨਮਾਂ ਮਗਰ 41 ਸੀ, ਜੋ ਕਿ 30 ਰਾਸ਼ਟਰੀ ਦਰ ਨਾਲ਼ੋਂ 36 ਫ਼ੀਸਦ ਵੱਧ ਹੈ।
ਮਮਤਾ ਦੀ ਮੌਤ ਹੀ ਬਾਜਪਾਈ ਪਰਿਵਾਰ ਦਾ ਇਕਲੌਤਾ ਦੁਖਾਂਤ ਨਹੀਂ ਸੀ। ਉਨ੍ਹਾਂ ਦੀ ਬੱਚੀ ਦੀ ਵੀ 25 ਦਿਨਾਂ ਬਾਅਦ ਮੌਤ ਹੋ ਗਈ। “ਅਸੀਂ ਅਜੇ ਇੱਕ ਦੁਖਾਂਤ ’ਚੋਂ ਨਿਕਲ਼ੇ ਹੀ ਨਹੀਂ ਸੀ ਕਿ ਦੂਜਾ ਆਣ ਪਿਆ” ਸ੍ਰੀਕ੍ਰਿਸ਼ਨ ਕਹਿੰਦੇ ਹਨ।“ਅਸੀਂ ਸਦਮੇ ਵਿੱਚ ਸੀ।”
ਮਹਾਂਮਾਰੀ ਛੇ ਮਹੀਨੇ ਦੂਰ ਸੀ ਜਦੋਂ ਸਿਰਫ਼ ਕੁਝ ਦਿਨਾਂ ਦੇ ਅੰਤਰਾਲ ਨਾਲ਼ ਮਮਤਾ ਤੇ ਉਨ੍ਹਾਂ ਦੀ ਬੱਚੀ ਦੀ ਮੌਤ ਹੋ ਗਈ ਸੀ। ਪਰ ਜਦੋਂ ਕੋਵਿਡ-19 ਫੈਲਿਆ ਤਾਂ ਦੇਸ਼ ਭਰ ਵਿੱਚ ਜਨਤਕ ਸਿਹਤ ਸਹੂਲਤਾਂ ਪ੍ਰਭਾਵਿਤ ਹੋਈਆਂ ਜਿਸ ਨਾਲ਼ ਮਾਤਰੀ ਸਿਹਤ ਸੂਚਕਾਂ ਵਿੱਚ ਭਾਰੀ ਗਿਰਾਵਟ ਆਈ।
ਅਪ੍ਰੈਲ ਅਤੇ ਜੂਨ 2020 ਵਿੱਚ ਹੈਲਥ ਮੈਨੇਜਮੈਂਟ ਇਨਫਾਰਮੇਸ਼ਨ ਸਿਸਟਮ ਦੇ ਲੇਖਾਂ ਤੋਂ ਭਾਰਤੀ ਅਬਾਦੀ ਫਾਊਂਡੇਸ਼ਨ ਦੁਆਰਾ ਕੀਤੇ ਗਏ ਵਿਸ਼ਲੇਸ਼ਣ ਅਨੁਸਾਰ, 2019 ਦੀ ਤੁਲਨਾ ਵਿੱਚ ਗਰਭਵਤੀ ਔਰਤਾਂ ਦੁਆਰਾ ਪ੍ਰਾਪਤ ਕੀਤੀ ਜਾਂਦੀ ਜਣੇਪਾ ਤੋਂ ਬਾਅਦ ਦੀ ਦੇਖਭਾਲ਼ ਦੌਰਿਆਂ ਵਿੱਚ 27 ਫ਼ੀਸਦ ਗਿਰਾਵਟ ਦਰਜ ਕੀਤੀ ਗਈ ਸੀ। ਜਣੇਪੇ ਤੋਂ ਪਹਿਲਾਂ ਦੀ ਦੇਖਭਾਲ਼ ਦੇ ਦੌਰਿਆਂ ਵਿੱਚ 22 ਪ੍ਰਤੀਸ਼ਤ ਦੀ ਗਿਰਾਵਟ ਦੇਖੀ ਗਈ ਸੀ। PFI ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ, “ਮਾਤਰੀ ਸਿਹਤ ਸਹੂਲਤਾਂ ਵਿੱਚ ਵਿਗਾੜ, ਸਿਹਤ ਸੰਭਾਲ਼ ਵਾਲ਼ੇ ਵਿਵਹਾਰ ਵਿੱਚ ਕਮੀ ਅਤੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲ਼ਿਆਂ ਤੋਂ ਸੰਕਰਮਿਤ ਹੋਣ ਦੇ ਡਰ ਨੇ ਗਰਭ ਅਵਸਥਾ ਦੇ ਖ਼ਤਰਿਆ ਨੂੰ ਹੋਰ ਵਧਾ ਦਿੱਤਾ ਹੈ ਅਤੇ ਔਰਤਾਂ ਅਤੇ ਬੱਚਿਆਂ ਦੇ ਸਿਹਤ ਨਤੀਜਿਆਂ ਨੂੰ ਹੋਰ ਵੀ ਬਦਤਰ ਕਰ ਦਿੱਤਾ ਹੈ।”
ਪੱਪੂ ਅਤੇ ਉਨ੍ਹਾਂ ਦੇ ਪਰਿਵਾਰ ਨੇ ਮਹਾਂਮਾਰੀ ਦੇ ਪ੍ਰਭਾਵਾਂ ਨੂੰ ਖੁਦ ਅਨੁਭਵ ਕੀਤਾ।
ਜਦੋਂ ਕੋਵਿਡ-19 ਦੀ ਦੂਜੀ ਲਹਿਰ ਆਪਣੇ ਸਿਖ਼ਰ 'ਤੇ ਸੀ, ਉਹਨਾਂ ਦੀ ਪਤਨੀ ਸਰਿਤਾ ਦੇਵੀ ਪੰਜ ਮਹੀਨਿਆਂ ਦੀ ਗਰਭਵਤੀ ਸਨ ਤੇ ਅਨੀਮੀਆ ਪ੍ਰਭਾਵਿਤ ਵੀ। ਜੂਨ 2021 ਦੀ ਇੱਕ ਸ਼ਾਮ ਉਹਨਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਮਹਿਸੂਸ ਹੋਈ, (ਜੋ ਕਿ ਨੀਵੇਂ ਹੀਮੋਗਲੋਬਿਨ ਪੱਧਰ ਦੀ ਨਿਸ਼ਾਨੀ ਹੈ) ਅਤੇ ਘਰ ਵਿੱਚ ਹੀ ਬੇਹੋਸ਼ ਹੋ ਗਈ। “ਉਸ ਸਮੇਂ ਘਰ ਵਿੱਚ ਕੋਈ ਨਹੀਂ ਸੀ,” 32 ਸਾਲਾ ਪੱਪੂ ਦੱਸਦੇ ਹਨ। “ਮੈਂ ਕੰਮ ਦੀ ਭਾਲ਼ ਵਿੱਚ ਬਾਹਰ ਗਿਆ ਹੋਇਆ ਸਾਂ। ਮੇਰੇ ਮਾਤਾ ਵੀ ਬਾਹਰ ਸਨ।”
“ਸਰਿਤਾ ਉਸ ਸਵੇਰ ਬਿਲਕੁਲ ਠੀਕ ਸੀ,” ਪੱਪੂ ਦੇ 70 ਸਾਲਾ ਮਾਤਾ ਜੀ ਮਾਲਤੀ ਕਹਿੰਦੇ ਹਨ। “ਉਸ ਨੇ ਦੁਪਹਿਰੇ ਬੱਚਿਆਂ ਲਈ ਖਿਚੜੀ ਵੀ ਬਣਾਈ ਸੀ।”
ਪਰ ਜਦੋਂ ਪੱਪੂ ਸ਼ਾਮ ਨੂੰ ਘਰ ਵਾਪਸ ਪਰਤੇ, 20 ਸਾਲਾ ਸਰਿਤਾ ਪੀਲੀ ਅਤੇ ਕਮਜ਼ੋਰ ਪੈ ਚੁੱਕੀ ਸਨ। “ਉਹ (ਅਸਾਨੀ ਨਾਲ਼) ਸਾਹ ਨਹੀਂ ਲੈ ਪਾ ਰਹੀ ਸੀ।” ਇਸ ਲਈ ਉਹਨਾਂ ਨੇ ਤੁਰੰਤ ਭਦੋਹੀ ਜਾਣ ਲਈ ਇੱਕ ਆਟੋ ਰਿਕਸ਼ਾ ਲਿਆ ਜੋ ਕਿ ਵਾਰਾਣਸੀ ਜ਼ਿਲ੍ਹੇ ਦੇ ਬਾਰਾਗਾਓਂ ਬਲਾਕ ਵਿੱਚ ਉਹਨਾਂ ਦੇ ਪਿੰਡ ਦਲੀਪੁਰ ਤੋਂ 35 ਕਿਲੋਮੀਟਰ ਦੂਰ ਹੈ। “ਇੱਥੇ [ਬਾਰਾਗਾਓਂ ਵਿੱਚ] ਹਸਪਤਾਲ ਭਰੇ ਪਏ ਸਨ ਅਤੇ ਇੱਥੇ ਪ੍ਰਾਇਮਰੀ ਸਿਹਤ ਕੇਂਦਰ ਵਿੱਚ ਕੋਈ ਸਹੂਲਤ ਨਹੀਂ ਮਿਲ਼ਦੀ,” ਉਹ ਕਹਿੰਦੇ ਹਨ। “ਅਸੀਂ ਸੋਚਿਆ ਕਿ ਸਾਨੂੰ ਕਿਸੇ ਪ੍ਰਾਈਵੇਟ ਹਸਪਤਾਲ ਜਾਣਾ ਚਾਹੀਦਾ ਹੈ ਜਿੱਥੇ ਅਸੀਂ ਢੁਕਵਾਂ ਇਲਾਜ ਪ੍ਰਾਪਤ ਕਰ ਸਕੀਏ।”
ਮਹਾਮਾਰੀ ਨਾਲ਼ ਨਜਿੱਠਣ ਵਿੱਚ ਅਸਮਰੱਥ ਸਿਹਤ ਸੰਭਾਲ਼ ਪ੍ਰਣਾਲੀਆਂ ਨੇ ਵਿਸ਼ਵ ਪੱਧਰ 'ਤੇ ਮਾਤਰੀ ਸਿਹਤ 'ਤੇ ਮਾੜਾ ਪ੍ਰਭਾਵ ਪਾਇਆ ਹੈ। ਮਾਰਚ 2021 ਵਿੱਚ ਪ੍ਰਕਾਸ਼ਿਤ 17 ਦੇਸ਼ਾਂ ਦੇ ਅਧਿਐਨਾਂ ਦੇ ਮੈਟਾ-ਵਿਸ਼ਲੇਸ਼ਣ ਵਿੱਚ, ਦਿ ਲੈਂਸਟ ਨੇ ਮਾਵਾਂ, ਭਰੂਣ ਅਤੇ ਨਵਜੰਮੇ ਬੱਚਿਆਂ 'ਤੇ ਪਏ ਮਹਾਂਮਾਰੀ ਦੇ ਪ੍ਰਭਾਵਾਂ ਦੀ ਸਮੀਖਿਆ ਕੀਤੀ ਤੇ ਸਿੱਟਾ ਕੱਢਿਆ ਕਿ ਮਹਾਂਮਾਰੀ “ਮਾਵਾਂ ਅਤੇ ਨਵਜੰਮੇ ਬੱਚਿਆਂ ਦੀ ਨਾ-ਬਚਣਯੋਗ ਮੌਤ ਦਾ ਕਾਰਨ ਬਣੀ ਹੈ।” ਇਸ ਦੇ ਅਨੁਸਾਰ “ਘੱਟ-ਸ੍ਰੋਤ ਸਥਿਤੀਆਂ ਵਿੱਚ ਮਾਵਾਂ ਤੇ ਬਾਲ ਮੌਤ ਦਰ ਨੂੰ ਘਟਾਉਣ ਲਈ ਦਹਾਕਿਆਂ ਦੇ ਨਿਵੇਸ਼ ਨੂੰ ਪਿੱਛੇ ਛੱਡਣ ਤੋਂ ਬਚਣ ਲਈ” ਤੁਰੰਤ ਕਾਰਵਾਈ ਦੀ ਲੋੜ ਸੀ।
ਪਰ ਰਾਜ ਨੇ ਗਰਭਵਤੀ ਮਾਵਾਂ ਲਈ ਕੋਈ ਲੋੜੀਂਦੀ ਤੁਰੰਤ ਕਾਰਵਾਈ ਨਹੀਂ ਕੀਤੀ।
ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਆਟੋ ਰਿਕਸ਼ਾ ਵਿੱਚ ਸਰਿਤਾ ਦੀ ਮੌਤ ਹੋ ਗਈ ਸੀ। “ਲੌਕਡਾਊਨ ਕਾਰਨ ਰਸਤੇ ਵਿੱਚ ਹੀ ਸਾਨੂੰ ਦੇਰੀ ਹੁੰਦੀ ਗਈ,” ਪੱਪੂ ਦੱਸਦੇ ਹਨ। “ਰਾਹ ਵਿੱਚ ਬਹੁਤ ਸਾਰੇ ਨਾਕੇ ਸਨ ਜਿਨ੍ਹਾਂ ਨੇ ਆਵਾਜਾਈ ਨੂੰ ਰੋਕਿਆ ਹੋਇਆ ਸੀ।”
ਜਦੋਂ ਪੱਪੂ ਨੂੰ ਪਤਾ ਲੱਗਾ ਕਿ ਸਰਿਤਾ ਦੀ ਮੌਤ ਹੋ ਗਈ ਹੈ ਤਾਂ ਉਹਨਾਂ ਦੇ ਦਿਮਾਗ਼ ‘ਤੇ ਆਪਣੀ ਪਤਨੀ ਨੂੰ ਗੁਆਉਣ ਦੇ ਦੁੱਖ ਨਾਲ਼ੋਂ ਪੁਲਿਸ ਦਾ ਡਰ ਹਾਵੀ ਹੋ ਗਿਆ। ਇਸ ਤੋਂ ਡਰਦੇ ਹੋਏ ਕਿ ਜੇਕਰ ਪੁਲਿਸ ਨੇ ਉਹਨਾਂ ਨੂੰ ਇੱਕ ਲਾਸ਼ ਨਾਲ਼ ਸਫ਼ਰ ਕਰਦੇ ਫੜ੍ਹ ਲਿਆ ਤਾਂ ਕੀ ਹੋਵੇਗਾ, ਉਹਨਾਂ ਨੇ ਆਟੋ ਰਿਕਸ਼ਾ ਚਾਲਕ ਨੂੰ ਪਿੰਡ ਵਾਪਸ ਮੁੜਨ ਲਈ ਕਿਹਾ। “ਮੈਂ ਇਹ ਯਕੀਨੀ ਬਣਾਇਆ ਕਿ ਜਦੋਂ ਅਸੀਂ ਰਸਤੇ ਵਿੱਚੋਂ ਇੱਕ ਨਾਕੇ ਕੋਲ਼ੋਂ ਦੀ ਲੰਘੀਏ, ਉਸ ਦਾ ਸਰੀਰ ਸਿੱਧਾ ਰਹੇ,” ਉਹ ਕਹਿੰਦੇ ਹਨ। “ਵਢਭਾਗੀਂ, ਨਾ ਸਾਨੂੰ ਕਿਸੇ ਰੋਕਿਆ ਅਤੇ ਨਾ ਹੀ ਕਿਤੇ ਕੋਈ ਸਵਾਲ ਪੁੱਛੇ ਗਏ।”
ਪੱਪੂ ਅਤੇ ਮਾਲਤੀ ਲਾਸ਼ ਨੂੰ ਅੰਤਿਮ ਸਸਕਾਰ ਲਈ ਡੱਲੀਪੁਰ ਦੇ ਨਜ਼ਦੀਕੀ ਘਾਟ 'ਤੇ ਲੈ ਗਏ। ਉਹਨਾਂ ਨੂੰ ਅੰਤਮ ਰਸਮਾਂ ਵਾਸਤੇ ਆਪਣੇ ਰਿਸ਼ਤੇਦਾਰਾਂ ਤੋਂ 2,000 ਰੁਪਏ ਉਧਾਰ ਲੈਣੇ ਪਏ। “ਮੈਂ ਇੱਟਾਂ ਦੇ ਭੱਠੇ 'ਤੇ ਕੰਮ ਕਰਿਆ ਕਰਦਾ ਸੀ ਪਰ [ਮਾਰਚ 2020 ਵਿੱਚ]ਲੌਕਡਾਊਨ ਤੋਂ ਬਾਅਦ ਇਹ ਬੰਦ ਹੋ ਗਿਆ,” ਪੱਪੂ ਦੱਸਦੇ ਹਨ ਜੋ ਕਿ ਮੁਸਾਹਰ ਭਾਈਚਾਰੇ ਨਾਲ਼ ਸਬੰਧਿਤ ਹਨ, ਯੂਪੀ ਵਿੱਚ ਸਭ ਤੋਂ ਹਾਸ਼ੀਗਤ ਅਨੁਸੂਚਿਤ (ਪਿਛੜੀਆਂ) ਜਾਤੀਆਂ ਵਿੱਚੋਂ ਇੱਕ।
ਲੌਕਡਾਊਨ ਤੋਂ ਪਹਿਲਾਂ ਭੱਠੇ 'ਤੇ ਕੰਮ ਕਰਕੇ ਉਹ 6,000 ਰੁਪਏ ਪ੍ਰਤੀ ਮਹੀਨਾ ਕਮਾਉਂਦੇ ਸਨ। “ਇੱਟਾਂ ਦੇ ਭੱਠੇ ਦੁਬਾਰਾ ਖੁੱਲ੍ਹ ਗਏ ਹਨ, ਪਰ ਮੇਰੀ ਪਤਨੀ ਦੀ ਮੌਤ ਤੋਂ ਬਾਅਦ ਮੈਂ ਇਸ ਤਰ੍ਹਾਂ ਦਾ ਕੰਮ ਕਰਨਾ ਬੰਦ ਕਰ ਦਿੱਤਾ ਹੈ,” ਉਹ ਕਹਿੰਦੇ ਹਨ। “ਮੈਂ ਹੁਣ ਬਾਹਰ ਨਹੀਂ ਰਹਿ ਸਕਦਾ, ਜਿਸ ਤਰ੍ਹਾਂ ਪਹਿਲਾਂ ਰਹਿੰਦਾ ਸੀ। ਹੁਣ ਮੈਨੂੰ ਆਪਣੇ ਬੱਚਿਆਂ ਨਾਲ਼ ਰਹਿਣ ਦੀ ਲੋੜ ਹੈ।”
ਉਨ੍ਹਾਂ ਦੀਆਂ ਬੱਚੀਆਂ 3 ਸਾਲਾ ਜੋਤੀ ਅਤੇ 2 ਸਾਲਾ ਰਾਣੀ, ਬੈਠੀਆਂ ਆਪਣੇ ਪਿਤਾ ਨੂੰ ਗਲੀਚੇ ਬੁਣਦੇ ਵੇਖਦੀਆਂ ਹਨ ਇਹੀ ਤਾਂ ਉਹਨਾਂ ਦੀ ਆਮਦਨ ਦਾ ਨਵਾਂ ਸ੍ਰੋਤ ਹੈ। “ਮੈਂ ਇਹ ਕੰਮ ਕੁਝ ਮਹੀਨੇ ਪਹਿਲਾਂ ਹੀ ਸ਼ੁਰੂ ਕੀਤਾ ਸੀ,” ਉਹ ਦੱਸਦੇ ਹਨ। “ਦੇਖਦੇ ਹਾਂ ਕਿ ਇਹ ਕਿਵੇਂ ਚੱਲਦਾ ਹੈ। ਹਾਂ, ਘਰੇ ਰਹਿ ਕੇ ਮੈਂ ਇਸ ਕੰਮ ਨੂੰ ਕਰ ਸਕਦਾ ਹਾਂ ਅਤੇ ਆਪਣੇ ਬੱਚਿਆਂ ਦਾ ਖ਼ਿਆਲ ਰੱਖ ਸਕਦਾ ਹਾਂ। ਮੇਰੇ ਮਾਤਾ ਬਹੁਤ ਜ਼ਿਆਦਾ ਬਜ਼ੁਰਗ ਹਨ, ਉਹ ਇਕੱਲੇ ਉਹਨਾਂ ਦੀ ਦੇਖਭਾਲ਼ ਨਹੀਂ ਕਰ ਸਕਦੇ। ਜਦੋਂ ਸਰਿਤਾ ਜਿਉਂਦੀ ਸੀ ਤਾਂ ਉਹਨੇ ਬੱਚਿਆਂ ਦੇ ਨਾਲ਼ ਨਾਲ਼ ਮੇਰੇ ਮਾਤਾ ਦੀ ਵੀ ਦੇਖਭਾਲ਼ ਕੀਤੀ। ਮੈਂ ਨਹੀਂ ਜਾਣਦਾ ਕਿ ਜਦੋਂ ਉਹ ਗਰਭਵਤੀ ਸੀ ਤਾਂ ਅਸੀਂ ਉਸ ਦੀ ਦੇਖਭਾਲ਼ ਕਿਵੇਂ ਕਰ ਸਕਦੇ ਸਾਂ। ਸਾਨੂੰ ਉਸ ਨੂੰ ਇਕੱਲਾ ਨਹੀਂ ਛੱਡਣਾ ਚਾਹੀਦਾ ਸੀ।”
“ਕੋਵਿਡ-19 ਫੈਲਣ ਤੋਂ ਬਾਅਦ ਬਾਰਾਗਾਓਂ ਬਲਾਕ ਵਿੱਚ ਜਣੇਪੇ ਦੀ ਦੇਖਭਾਲ਼ ਨੂੰ ਹੋਰ ਵੀ ਅਣਗੌਲ਼ਿਆ ਕੀਤਾ ਗਿਆ,” ਵਾਰਾਣਸੀ ਸਥਿਤ ਪੀਪਲਜ਼ ਵਿਜੀਲੈਂਸ ਕਮੇਟੀ ਆੱਨ ਹਿਊਮਨ ਰਾਈਟਸ ਨਾਲ਼ ਜੁੜੇ ਇੱਕ ਕਾਰਕੁੰਨ ਮਹਿਲਾ ਮੰਗਲਾ ਰਾਜਭਾਰ ਕਹਿੰਦੀ ਹਨ। “ਇਸ ਬਲਾਕ ਵਿੱਚ ਬਹੁਤ ਸਾਰੀਆਂ ਔਰਤਾਂ ਖੂਨ ਦੀ ਕਮੀ ਨਾਲ਼ ਪੀੜਤ ਹਨ। ਉਹਨਾਂ ਨੂੰ ਵਾਧੂ ਦੇਖਭਾਲ਼ ਅਤੇ ਅਰਾਮ ਦੀ ਲੋੜ ਹੈ,” ਰਾਜਭਾਰ ਕਹਿੰਦੀ ਹਨ ਜਿਨ੍ਹਾਂ ਨੇ ਪਿਛਲੇ ਦੋ ਦਹਾਕਿਆਂ ਦੇ ਵੱਧ ਸਮੇਂ ਤੋਂ ਬਾਰਾਗਾਓਂ ਵਿੱਚ ਸਥਾਨਕ ਭਾਈਚਾਰਿਆਂ ਲਈ ਕੰਮ ਕੀਤਾ ਹੈ। “ਪਰ ਗ਼ਰੀਬੀ ਪੁਰਸ਼ਾਂ ਨੂੰ ਘਰ ਛੱਡਣ ਅਤੇ (ਕਿਤੇ) ਦੂਜੀ ਥਾਵੇਂ ਕੰਮ ਲੱਭਣ ਲਈ ਮਜ਼ਬੂਰ ਕਰਦੀ ਹੈ। ਇਸੇ ਲਈ ਤਾਂ ਔਰਤਾਂ ਘਰਾਂ ਅਤੇ ਖੇਤਾਂ ਵਿੱਚ ਕੰਮ ਕਰਦੀਆਂ ਰਹੀਆਂ ਹਨ।''
ਭਾਵੇਂ ਕਿ ਔਰਤਾਂ ਨੂੰ ਆਪਣੇ ਭੋਜਨ ਵਿੱਚ ਪ੍ਰੋਟੀਨ, ਵਿਟਾਮਿਨ ਅਤੇ ਆਇਰਨ ਦੀ ਲੋੜ ਹੁੰਦੀ ਹੈ, ਫਿਰ ਵੀ ਉਹ ਜਨਤਕ ਰਾਸ਼ਨ ਡਿਪੂਆਂ ਤੋਂ ਮਿਲ਼ੇ ਅਨਾਜ ਨੂੰ ਹੀ ਖਾਂਦੀਆਂ ਹਨ ਅਤੇ ਸਬਜ਼ੀਆਂ ਵਗੈਰਾ ਖ਼ਰੀਦ ਹੀ ਨਹੀਂ ਪਾਉਂਦੀਆਂ, ਰਾਜਭਾਰ ਅੱਗੇ ਕਹਿੰਦੀ ਹਨ। “ਨਾ ਹੀ ਉੱਚ ਸਿਹਤ ਸੰਭਾਲ਼ ਤੱਕ ਉਨ੍ਹਾਂ ਦੀ ਕੋਈ ਪਹੁੰਚ ਬਣਦੀ ਹੈ। ਇਸ ਢਾਂਚੇ ਨੇ ਉਹਨਾਂ ਦਰਪੇਸ਼ ਮੁਸ਼ਕਿਲਾਂ ਹੀ ਮੁਸ਼ਕਿਲਾਂ ਖੜ੍ਹੀਆਂ ਕੀਤੀਆਂ ਹਨ।”
ਸੀਤਾਪੁਰ ਦੇ ਟਾਂਡਾ ਖੁਰਦ ਵਿੱਚ ਆਸ਼ਾ ਵਰਕਰ ਆਰਤੀ ਦੇਵੀ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਔਰਤਾਂ ਅਨੀਮੀਆ ਅਤੇ ਘੱਟ ਵਜ਼ਨ ਵਰਗੀਆਂ ਸਮੱਸਿਆਵਾਂ ਤੋਂ ਗ੍ਰਸਤ ਹਨ, ਜੋ ਗਰਭ ਅਵਸਥਾ ਵਿੱਚ ਪ੍ਰੇਸ਼ਾਨੀਆਂ ਪੈਦਾ ਕਰਦੀਆਂ ਹਨ। “ਇੱਥੇ ਲੋਕ ਸਿਰਫ਼ ਦਾਲ਼ ਅਤੇ ਚਾਵਲ ਹੀ ਖਾਂਦੇ ਹਨ,” ਉਹ ਕਹਿੰਦੀ ਹਨ, “ਉਹਨਾਂ ਵਿੱਚ ਪੋਸ਼ਣ ਦੀ ਘਾਟ ਹੈ। [ਉਹਨਾਂ ਦੀ ਖੁਰਾਕ ਵਿੱਚੋਂ] ਸਬਜ਼ੀਆਂ ਲਗਪਗ ਗਾਇਬ ਹੀ ਹਨ। ਕਿਸੇ ਕੋਲ਼ ਵੀ ਢੁੱਕਵੇਂ (ਉਚਿਤ) ਪੈਸੇ ਨਹੀਂ ਹੁੰਦੇ।”
ਸ੍ਰੀਕ੍ਰਿਸ਼ਨ ਦੀ ਪਤਨੀ ਕਾਂਤੀ, ਜੋ ਕਿ 55 ਵਰ੍ਹਿਆਂ ਦੀ ਹਨ, ਦੱਸਦੀ ਹਨ ਕਿ ਖੇਤੀ ਤੋਂ ਆਮਦਨ ਘੱਟ ਰਹੀ ਹੈ। “ਸਾਡੇ ਕੋਲ਼ ਸਿਰਫ਼ 2 ਏਕੜ ਜ਼ਮੀਨ ਹੈ ਜਿਸ ਵਿਚ ਅਸੀਂ ਕਣਕ ਦੀ ਖੇਤੀ ਕਰਦੇ ਹਾਂ। ਸਾਡੀਆਂ ਫ਼ਸਲਾਂ ਨਿਰੰਤਰ ਆਉਂਦੇ ਹੜ੍ਹਾਂ ਨਾਲ਼ ਰੁੜ੍ਹ ਜਾਂਦੀਆਂ ਹਨ।”
ਮਮਤਾ ਦੇ ਪਤੀ, ਕਾਂਤੀ ਦੇ ਬੇਟੇ, ਵਿਜੇ ਜੋ ਕਿ 33 ਵਰ੍ਹਿਆਂ ਦੇ ਹਨ, ਪਰਿਵਾਰ ਦੀ ਸਿਰਫ਼ ਖੇਤੀ ’ਤੇ ਨਿਰਭਰਤਾ ਤੋਂ ਬਚਣ ਲਈ ਸੀਤਾਪੁਰ ਵਿੱਚ ਨੌਕਰੀ ਕਰਨ ਲੱਗੇ ਸਨ। ਕੋਵਿਡ-19 ਦੇ ਫੈਲਣ ’ਤੇ ਉਹ ਇੱਕ ਵਾਰ ਨੌਕਰੀ ਤੋਂ ਵਾਂਝੇ ਹੋ ਗਏ ਸਨ ਪਰ 2021 ਦੇ ਅਖੀਰ ਤੱਕ ਉਹਨਾਂ ਨੂੰ ਉਹੀ ਨੌਕਰੀ ਦੁਬਾਰਾ ਮਿਲ ਗਈ। “ਉਹਨਾਂ ਦੀ ਤਨਖ਼ਾਹ 5000 ਰੁਪਏ ਹੈ,” ਕਾਂਤੀ ਕਹਿੰਦੀ ਹਨ। “ਇਸੇ ਆਮਦਨੀ ਨੇ ਲੌਕਡਾਊਨ ਤੋਂ ਪਹਿਲਾਂ ਸਾਨੂੰ ਜਿਉਂਦੇ ਰੱਖਿਆ। ਪਰ ਸਾਨੂੰ ਸਬਜ਼ੀਆਂ 'ਤੇ ਕਟੌਤੀ ਕਰਨੀ ਪਈ। ਲੌਕਡਾਊਨ ਤੋਂ ਪਹਿਲਾਂ ਹੀ ਦਾਲ਼ ਅਤੇ ਚਾਵਲ ਤੋਂ ਇਲਾਵਾ ਹੋਰ ਕੁਝ ਵੀ ਖਰੀਦਣਾ ਮੁਸ਼ਕਿਲ ਹੋ ਗਿਆ ਸੀ। ਕੋਵਿਡ ਤੋਂ ਬਾਅਦ ਅਸੀਂ ਸੋਚ ਵੀ ਨਹੀਂ ਸਕਦੇ।”
ਇੱਕ ਅਧਿਐਨ ਅਨੁਸਾਰ 2020 ਵਿੱਚ ਕੋਵਿਡ-19 ਦੇ ਫੈਲਣ ਦੇ ਤੁਰੰਤ ਬਾਅਦ ਆਮਦਨ ਵਿੱਚ ਆਈ ਗਿਰਾਵਟ ਨੇ ਪੂਰੇ ਭਾਰਤ ਵਿੱਚ 84 ਪ੍ਰਤੀਸ਼ਤ ਘਰਾਂ ਨੂੰ ਪ੍ਰਭਾਵਿਤ ਕੀਤਾ। ਇਸ ਨੇ ਅੱਗੇ ਖੁਰਾਕ ਤੇ ਪੋਸ਼ਣ ਨੂੰ ਪ੍ਰਭਾਵਿਤ ਕੀਤਾ।
ਰਾਜਭਾਰ ਅਤੇ ਆਰਤੀ ਦੇਵੀ ਦਾ ਮੰਨਣਾ ਹੈ ਕਿ ਵੱਧਦੀ ਗਰੀਬੀ, ਜੱਚਾ ਦੀ ਅਧੂਰੀ ਦੇਖਭਾਲ਼ ਅਤੇ ਆਇਰਨ ਤੇ ਫੋਲਿਕ ਐਸਿਡ ਵੇਲ਼ੇ ਸਿਰ ਨਾ ਲੈਣਾ, ਹਾਈ ਰਿਸਕ ਵਾਲ਼ੇ ਜਣੇਪਿਆ ਨੂੰ ਕੰਟਰੋਲ ਕਰਨਾ ਹੋਰ ਮੁਸ਼ਕਿਲ ਬਣਾਉਂਦਾ ਰਹੇਗਾ। ਖ਼ਾਸ ਤੌਰ ’ਤੇ ਦਿਹਾਤੀ (ਪੇਂਡੂ) ਖਿੱਤਿਆਂ ਵਿੱਚ, ਜਿੱਥੇ ਜਨਤਕ ਸਿਹਤ ਸਹੂਲਤਾਂ ਤੱਕ ਪਹੁੰਚ ਬਣਾਉਣਾ ਮੁਸ਼ਕਿਲ ਹੈ।
ਮਮਤਾ ਦੀ ਮੌਤ ਤੋਂ ਕਰੀਬ ਡੇਢ ਸਾਲ ਬਾਅਦ ਵਿਜੇ ਨੇ ਦੁਬਾਰਾ ਵਿਆਹ ਕਰ ਲਿਆ। ਉਹਨਾਂ ਦੀ ਦੂਜੀ ਪਤਨੀ ਪ੍ਰਿਆ, 2021 ਦੇ ਸ਼ੁਰੂ ਵਿੱਚ ਗਰਭਵਤੀ ਸਨ। ਉਨ੍ਹਾਂ ਨੂੰ ਵੀ ਖੂਨ ਦੀ ਕਮੀ ਸੀ ਅਤੇ ਉਨ੍ਹਾਂ ਦੇ ਜਣੇਪਾ ਨੂੰ ਵੀ ਹਾਈ ਰਿਸਕ ਮੰਨਿਆ ਗਿਆ ਸੀ। ਨਵੰਬਰ 2021 ਵਿੱਚ ਜਦੋਂ ਉਹ ਜਣੇਪੇ ਲਈ ਤਿਆਰ ਸਨ ਤਾਂ ਹੜ੍ਹ ਦੇ ਪਾਣੀ ਨੇ ਟਾਂਡਾ ਖੁਰਦ ਵਿੱਚ ਦੋਬਾਰਾ ਮਾਰ ਮਾਰੀ।
ਮਮਤਾ ਨੂੰ ਹਸਪਤਾਲ ਲਿਜਾਏ ਜਾਣ ਵਾਲ਼ੇ ਦਿਨ ਵਾਂਗ ਇਹ ਦਿਨ ਸ੍ਰੀਕ੍ਰਿਸ਼ਨ ਲਈ ਵੱਖਰਾ ਸੀ। ਪਰ ਇਸ ਵਾਰ ਹੜ੍ਹ ਇੰਨਾ ਜ਼ਿਆਦਾ ਨਹੀਂ ਸੀ ਅਤੇ ਐਂਬੂਲੈਂਸ ਉਹਨਾਂ ਦੇ ਬੂਹੇ 'ਤੇ ਪਹੁੰਚਣ ਵਿੱਚ ਕਾਮਯਾਬ ਹੋ ਗਈ। ਪਰਿਵਾਰ ਨੇ ਪ੍ਰਿਆ ਨੂੰ 15 ਕਿਲੋਮੀਟਰ ਦੂਰ ਇੱਕ ਪ੍ਰਾਈਵੇਟ ਹਸਪਤਾਲ ਲਿਜਾਣ ਦਾ ਫੈ਼ਸਲਾ ਕੀਤਾ। ਖੁਸ਼ਕਿਸਮਤੀ ਨਾਲ਼ ਉਹ ਪ੍ਰਸਵ ਦੀ ਪੂਰੀ ਪ੍ਰਕਿਰਿਆ ਵਿੱਚ ਸਫ਼ਲ ਰਹੀ ਅਤੇ ਇੱਕ ਸਿਹਤਮੰਦ ਲੜਕੀ ਸਵਾਤਿਕਾ ਨੂੰ ਜਨਮ ਦਿੱਤਾ। ਇਸ ਵਾਰੀ ਸੰਭਾਵਨਾਵਾਂ ਉਹਨਾਂ ਦੇ ਹੱਕ ਵਿੱਚ ਸਨ।
ਪਾਰਥ ਐਮ . ਐਨ . ਠਾਕੁਰ ਫੈਮਿਲੀ ਫਾਊਂਡੇਸ਼ਨ ਤੋਂ ਪ੍ਰਾਪਤ ਸੁਤੰਤਰ ਪੱਤਰਕਾਰੀ ਗ੍ਰਾਂਟ ਰਾਹੀਂ ਜਨਤਕ ਸਿਹਤ ਅਤੇ ਨਾਗਰਿਕ ਆਜ਼ਾਦੀ ਬਾਰੇ ਲਿਖਦੇ ਹਨ । ਠਾਕੁਰ ਫੈਮਿਲੀ ਫਾਊਂਡੇਸ਼ਨ ਇਸ ਰਿਪੋਰਟ ਦੀ ਸਮੱਗਰੀ ’ ਤੇ ਕੋਈ ਸੰਪਾਦਕੀ ਦਾਅਵਾ ਨਹੀਂ ਕਰਦੀ ਹੈ।
ਤਰਜਮਾ : ਇੰਦਰਜੀਤ ਸਿੰਘ