''ਜਦੋਂ ਮੈਂ ਵੱਡਾ ਹੋ ਰਿਹਾ ਸਾਂ ਤਦ ਵੀ ਇੰਨੇ ਸਾਹੂਕਾਰ ਨਹੀਂ ਸਨ ਹੋਇਆ ਕਰਦੇ, ਪਰ ਹੁਣ ਤਾਂ ਕਾਫ਼ੀ ਸਾਰੇ ਕਿਸਾਨ ਕਰਜ਼ਾ ਚੁੱਕ ਰਹੇ ਹਨ ਕਿਉਂਕਿ ਅੱਜ ਉਨ੍ਹਾਂ ਨੂੰ ਮਸ਼ੀਨਾਂ, ਕੀਟਨਾਸ਼ਕਾਂ ਅਤੇ ਖਾਦਾਂ ਵਾਸਤੇ ਪੈਸਿਆਂ ਦੀ ਲੋੜ ਹੈ,'' ਬੜਗਾਓਂ ਦੇ ਸੁਖਲਾਲ ਸੁਲਿਆ ਕਹਿੰਦੇ ਹਨ।
''ਅਸੀਂ ਗਾਂ ਦੇ ਗੋਹੇ ਦੀ ਖਾਦ ਬਣਾਉਂਦੇ ਜੋ ਮਿੱਟੀ ਲਈ ਬੜੀ ਉਪਯੋਗੀ ਰਹਿੰਦੀ ਅਤੇ ਪੈਸੇ ਵੀ ਖ਼ਰਚਣੇ ਨਾ ਪੈਂਦੇ। ਪਰ ਫਿਰ ਸਰਕਾਰ ਨੇ ਯੂਰੀਆ ਅਤੇ ਕੀਟਨਾਸ਼ਕਾਂ ਨੂੰ ਪੇਸ਼ ਕੀਤਾ ਇਹ ਕਹਿੰਦਿਆਂ ਹੋਇਆਂ ਕਿ ਇਸ ਦੀ ਵਰਤੋਂ ਨਾਲ਼ ਤੁਹਾਨੂੰ ਬਹੁਤ ਜ਼ਿਆਦਾ ਝਾੜ ਹੱਥ ਲੱਗੂਗਾ। ਹੁਣ, 40 ਸਾਲ ਬਾਅਦ ਅੱਜ ਵੀ ਧੜੱਲੇ ਨਾਲ਼ ਕਿਸਾਨ ਇਨ੍ਹਾਂ ਕੀਟਨਾਸ਼ਕਾਂ ਅਤੇ ਰਸਾਇਣਾਂ ਦੀ ਵਰਤੋਂ ਕਰ ਰਹੇ ਹਨ, ਜਿਸ ਕਰਕੇ ਪੈਸੇ ਅਤੇ ਮਿੱਟੀ ਦੋਵੇਂ ਹੀ ਬਰਬਾਦ ਹੋ ਰਹੇ ਹਨ ਅਤੇ ਫਿਰ ਜਦੋਂ ਲਾਗਤ ਬਹੁਤ ਉੱਚੀ ਹੋ ਜਾਂਦੀ ਹੈ ਤਾਂ ਇਹ ਆੜ੍ਹਤੀਆਂ ਦੇ ਸਹਾਰੇ ਔਣੇ-ਪੌਣਾ ਭਾਆਂ 'ਤੇ ਫ਼ਸਲ ਵੇਚਣ ਨੂੰ ਮਜ਼ਬੂਰ ਹੋ ਜਾਂਦੇ ਹਨ। ਆੜ੍ਹਤੀਏ ਜੋ ਫ਼ਸਲ ਖਰੀਦਦੇ ਤਾਂ ਕੋਲ਼ਿਆਂ ਦੇ ਭਾਅ ਹਨ ਪਰ ਗਾਹਕਾਂ ਨੂੰ ਉੱਚੇ ਭਾਅ ਵੇਚਦੇ ਹਨ। ਪਰ ਕਿਸਾਨਾਂ ਦੇ ਪੱਲੇ ਫਿਰ ਕੁਝ ਨਹੀਂ ਪੈਂਦਾ,'' ਉਹ ਬੜੇ ਹਿਰਖੇ ਸੁਰ ਵਿੱਚ ਕਹਿੰਦੇ ਹਨ।
ਅਸੀਂ ਮੱਧ ਪ੍ਰਦੇਸ਼ ਦੇ ਨਿਵਾਲੀ ਤਾਲੁਕਾ ਦੇ ਸਕੜ ਪਿੰਡ ਵਿਖੇ ਸਥਿਤ ਅਧਾਰਸ਼ਿਲਾ ਲਰਨਿੰਗ ਸੈਂਟਰ ਦੀ ਆਪਣੀ ਫੇਰੀ ਦੌਰਾਨ 83 ਸਾਲਾ ਕਿਸਾਨ, ਸੁਖਲਾਲਜੀ ਨਾਲ਼ ਅੰਜੜ ਤਾਲੁਕਾ ਵਿਖੇ ਉਨ੍ਹਾਂ ਦੇ ਆਪਣੇ ਪਿੰਡ ਹੀ ਗੱਲਬਾਤ ਕੀਤੀ ਸੀ। ਉਹ ਆਪਣੇ ਬੇਟੇ, ਬਦਰੀ ਦੇ ਨਾਲ਼ ਆਏ ਸਨ, ਜੋ ਉੱਥੇ ਬਤੌਰ ਅਧਿਆਪਕ ਆਪਣੀ ਸੇਵਾ ਦਿੰਦੇ ਹਨ। ਅਸੀਂ ਇਸ ਬਾਰੇ ਕੁਝ ਜਾਣਨਾ ਚਾਹੁੰਦੇ ਸਾਂ ਕਿ ਪਿਛਲੀ ਅੱਧੀ ਸਦੀ ਵਿੱਚ ਬਚਪਨ ਕਿਵੇਂ ਬਦਲ ਜਿਹਾ ਗਿਆ। ਸੁਖਲਾਲਜੀ ਆਪਣੇ ਭਿਲਾਲ ਭਾਈਚਾਰੇ (ਪਿਛੜਿਆ ਕਬੀਲਾ) ਦੀ ਭਾਸ਼ਾ ਨਿਮਾੜੀ ਵਿੱਚ ਗੱਲ ਕਰ ਰਹੇ ਸਨ ਅਤੇ ਬਦਰੀ ਸਾਡੇ ਲਈ ਅਨੁਵਾਦ ਦਾ ਕੰਮ ਕਰ ਰਹੇ ਸਨ।
''ਗਭਰੇਟ ਉਮਰ ਦਾ ਹੁੰਦੇ ਹੁੰਦੇ ਵੀ ਮੇਰੀ ਪਹੁੰਚ ਵਿੱਚ ਨਾ ਤਾਂ ਗੱਡੇ ਸਨ ਅਤੇ ਨਾ ਹੀ ਸਾਈਕਲ ਸੀ; ਮੈਂ ਹਰ ਥਾਵੇਂ ਪੈਦਲ ਹੀ ਜਾਇਆ ਕਰਦਾ ਸਾਂ। ਮੈਂ 48 ਕਿਲੋ ਵਜ਼ਨ ਚੁੱਕ ਕੇ ਸੱਤ ਕਿਲੋਮੀਟਰ ਪੈਦਲ ਤੁਰਿਆ ਹੋਇਆ ਹਾਂ। ਉਸ ਜ਼ਮਾਨੇ ਵਿੱਚ ਸਾਈਕਲ ਖ਼ੁਸ਼ਹਾਲੀ ਦੀ ਨਿਸ਼ਾਨੀ ਹੋਇਆ ਕਰਦੇ ਸਨ। ਸਗੋਂ, ਸਾਈਕਲ 'ਤੇ ਪਿੰਡੋਂ ਆਉਣ-ਜਾਣ ਵਾਲ਼ਾ ਵਿਅਕਤੀ ਆਮ ਤੌਰ 'ਤੇ ਕੋਈ ਸਰਕਾਰੀ ਅਧਿਕਾਰੀ ਹੀ ਹੁੰਦਾ ਸੀ, ਜਿਸ ਤੋਂ ਅਸੀਂ ਡਰਦੇ ਹੁੰਦੇ ਸਾਂ!'' ਮੁਸਕਰਾਉਂਦਿਆਂ ਸੁਖਲਾਲਜੀ ਕਹਿੰਦੇ ਹਨ।
ਸੁਖਲਾਲਜੀ ਜਦੋਂ ਨੌਜਵਾਨ ਸਨ ਤਾਂ ਆਪਣੀ 14 ਏਕੜ ਜ਼ਮੀਨ 'ਤੇ ਖੇਤੀ ਕਰਿਆ ਕਰਦੇ ਸਨ ਅਤੇ ਉਨ੍ਹਾਂ ਦੇ ਜੀਵਨ ਦਾ ਧੁਰਾ ਫ਼ਸਲਾਂ, ਡੰਗਰ ਅਤੇ ਮੌਸਮੀ ਚਾਰੇ ਹੋਇਆ ਕਰਦੇ। ਉਨ੍ਹਾਂ ਦੇ ਪਰਿਵਾਰ ਨੇ ਅਰਹਰ ਅਤੇ ਮਾਂਹ ਦੀ ਦਾਲ, ਬਾਜਰਾ, ਨਾਵਣੇ, ਬਾਡਲੀ, ਸਵਰਿਆ, ਛੋਲੇ, ਲੋਬਿਆ (ਰਾਜਮਾਂਹ), ਸੋਇਆਬੀਨ, ਕਾਲ਼ੇ ਛੋਲੇ, ਸਨ (ਪਟਸਨ) ਦੇ ਬੀਜ, ਨਰਮਾ ਅਤੇ ਖੀਰਿਆਂ ਸਣੇ ਕਈ ਵੰਨ-ਸੁਵੰਨੀਆਂ ਫ਼ਸਲਾਂ ਅਤੇ ਅਨਾਜ ਉਗਾਏ। ਪਰਿਵਾਰ ਆਤਮ-ਨਿਰਭਰ ਸਨ, ਆਪਣੇ ਲਈ ਲੋੜੀਂਦਾ ਭੋਜਨ ਜੁਟਾ ਹੀ ਲਿਆ ਕਰਦੇ ਸਨ। ''ਸਾਡੇ ਬੀਜ ਅਤੇ ਅਨਾਜ ਦੇਸੀ ਹੁੰਦੇ ਸਨ,'' ਉਹ ਨਾਲ਼ ਜੋੜਦਿਆਂ ਕਹਿੰਦੇ ਹਨ। ਹੁਣ, ਸੁਖਲਾਲਜੀ ਦੇ ਵੱਡੇ ਬੇਟੇ ਰਾਜਾਰਾਮ ਸਣੇ ਇਲਾਕੇ ਦੇ ਹੋਰ ਕਈ ਕਿਸਾਨ ਮੁੱਖ ਰੂਪ ਨਾਲ਼ ਮੱਕੀ ਅਤੇ ਕਣਕ ਉਗਾਉਂਦੇ ਹਨ।
ਸੁਖਲਾਲਜੀ ਨੇ 30 ਸਾਲ ਪਹਿਲਾਂ ਖੇਤੀ ਕਰਨੀ ਬੰਦ ਕਰ ਦਿੱਤੀ ਸੀ ਅਤੇ ਹੁਣ ਉਹ ਰਾਜਾਰਾਮ ਅਤੇ ਕਦੇ-ਕਦੇ ਬਦਰੀ ਦੇ ਨਾਲ਼ ਰਹਿੰਦੇ ਹਨ। ਉਨ੍ਹਾਂ ਦੇ ਤਿੰਨ ਬੇਟੇ ਅਤੇ ਤਿੰਨ ਬੇਟੀਆਂ ਅਤੇ 17 ਪੋਤੇ-ਪੋਤੀਆਂ ਹਨ। ਉਨ੍ਹਾਂ ਵਿੱਚੋਂ ਸਿਰਫ਼ ਰਾਜਾਰਾਮ ਨੇ ਹੀ ਖੇਤੀ ਕਰਨੀ ਜਾਰੀ ਰੱਖੀ ਹੋਈ ਹੈ।
ਸੁਖਲਾਲਜੀ ਪੰਜ ਭਰਾਵਾਂ ਦੇ ਨਾਲ਼ ਇੱਕ ਸਾਂਝੇ ਪਰਿਵਾਰ ਵਿੱਚ ਵੱਡੇ ਹੋਏ- ਉਸ ਪਰਿਵਾਰ ਵਿੱਚ 30 ਲੋਕ ਇਕੱਠੇ ਰਹਿੰਦੇ ਸਨ। ''ਘਰ ਵਿੱਚ, ਔਰਤਾਂ ਪੂਰੇ ਟੱਬਰ ਵਾਸਤੇ ਰੋਜ਼ 20 ਕਿਲੋ ਅਨਾਜ- ਜਵਾਰ, ਕਣਕ, ਮੱਕੀ ਜਾਂ ਚੌਲ਼ ਪੀਸਿਆ ਕਰਦੀਆਂ। ਅਸੀਂ ਮੱਕੀ ਦੀਆਂ ਰੋਟੀਆਂ ਅਤੇ ਚੌਲ਼ਾਂ ਦੀਆਂ ਕਣੀਆਂ ਰਿੰਨ੍ਹਿਆਂ ਕਰਦੇ ਅਤੇ ਲੱਸੀ ਦੇ ਨਾਲ਼ ਖਾਇਆ ਕਰਦੇ। ਸਾਡੀਆਂ ਚਾਰ ਮੱਝਾਂ ਸਨ ਇਸਲਈ ਲੱਸੀ ਅਤੇ ਦੁੱਧ ਗੁਜ਼ਾਰੇ ਲਾਇਕ ਹੋ ਜਾਂਦਾ ਸੀ।
''ਉਦੋਂ ਕੋਈ ਮਸ਼ੀਨ ਨਹੀਂ ਸੀ ਹੋਇਆ ਕਰਦੀ, ਸਾਰਾ ਕੁਝ ਹੱਥੀਂ ਹੀ ਕੀਤਾ ਜਾਂਦਾ ਸੀ,'' ਉਹ ਚੇਤੇ ਕਰਦੇ ਹਨ। ਉਹ ਗੰਨੇ ਦੇ ਰਸ ਨਾਲ਼ ਬਾਲਟੀ ਦੇ ਅਕਾਰ ਦਾ ਗੁੜ ਤਿਆਰ ਕਰਦੇ ਅਤੇ ਮੱਝਾਂ ਦੁਆਰਾ ਘੁਮਾਈ ਜਾਂਦੀ ਘੱਟੀ (ਪਿੜਾਂ) ਰਾਹੀਂ ਮੂੰਗਫਲੀ ਦਾ ਤੇਲ ਕੱਢਿਆ ਕਰਦੇ; ਫਿਰ ਇੱਕ ਤੇਲੀ (ਤੇਲ ਵਪਾਰੀ) ਉਸ ਤੇਲ ਨੂੰ ਵੱਖ ਕਰਿਆ ਕਰਦਾ। ਇਹ ਪਰਿਵਾਰ ਇੱਕੋ ਸਮੇਂ 12 ਤੋਂ 15 ਲੀਟਰ ਤੇਲ ਕੱਢ ਲਿਆ ਕਰਦਾ ਸੀ।
''ਕੱਖ ਕਾਣ ਵਿੱਚੋਂ ਮੱਕੀ ਛੱਟਣ, ਮੱਕੀ ਨੂੰ ਸਕਾਉਣ, ਥੈਲਿਆਂ ਵਿੱਚ ਭਰਨ ਅਤੇ ਪੱਥਰ 'ਤੇ ਮਾਰ ਮਾਰ ਕੇ ਕੁੱਟਣ ਤੱਕ ਦੀ ਹਰ ਪ੍ਰਕਿਰਿਆ ਦੇ ਵੱਖਰੇ ਵੱਖਰੇ ਤਰੀਕੇ ਹੋਇਆ ਕਰਦੇ। ਇਹ ਤਰੀਕੇ ਅਗਲੀ ਪੀੜ੍ਹੀ ਤੱਕ ਲਿਜਾਣ ਦੀ ਲੋੜ ਹੀ ਨਹੀਂ ਪਈ ਕਿਉਂਕਿ ਉਦੋਂ ਤੀਕਰ ਮਸ਼ੀਨਾਂ ਆ ਗਈਆਂ।''
ਕੱਪੜੇ ਭਾਈਚਾਰੇ ਜਾਂ ਖ਼ਾਸ ਵਰਗ ਦੁਆਰਾ ਤੈਅ ਕੀਤੇ ਜਾਂਦੇ ਸਨ, ਸੁਖਲਾਲਜੀ ਚੇਤੇ ਕਰਦੇ ਹਨ। ''ਸਰਕਾਰੀ ਅਧਿਕਾਰੀ ਲਿਸ਼ਕਵੇਂ ਰੰਗਦਾਰ ਅਤੇ ਮੋਟੇ ਸੂਤੀ ਕੱਪੜੇ ਇਸਤੇਮਾਲ ਕਰਦੇ, ਜੋ ਕਾਫ਼ੀ ਮਹਿੰਗੇ ਹੁੰਦੇ ਸਨ। ਬਾਕੀ ਦੇ ਪੁਰਸ਼ ਸਧਾਰਣ ਚਿੱਟੇ ਕੱਪੜੇ ਹੀ ਪਾਉਂਦੇ, ਜਦੋਂਕਿ ਔਰਤਾਂ ਦੇ ਚਿੱਟੇ ਕੱਪੜਿਆਂ ਦੀ ਕੰਨੀ ਲਿਸ਼ਕਵੀਂ ਅਤੇ ਡਿਜ਼ਾਇਨ ਵਾਲ਼ੀ ਹੁੰਦੀ। ਕੱਪੜਿਆਂ ਦੀ ਰੰਗਾਈ ਉਸ ਖ਼ਾਸ ਭਾਈਚਾਰੇ ਦੁਆਰਾ ਕੀਤੀ ਜਾਂਦੀ ਜੋ ਇਸ ਕੰਮ ਵਿੱਚ ਮਾਹਰ ਹੁੰਦੇ ਸਨ।''
ਪਿੰਡ ਦੇ ਲੋਕ ਹਫ਼ਤੇ ਵਿੱਚ ਇੱਕ ਵਾਰੀ ਹਾਟ ਜਾਂ ਬਜ਼ਾਰ ਜਾਂਦੇ, ਜਿੱਥੋਂ ਉਹ ਕੱਪੜੇ ਜਾਂ ਕੁਝ ਅਜਿਹੀਆਂ ਵਸਤਾਂ ਖਰੀਦਦੇ, ਜਿਨ੍ਹਾਂ ਨੂੰ ਉਹ ਆਪ ਤਿਆਰ ਨਾ ਕਰ ਪਾਉਂਦੇ। ''ਅਸੀਂ ਘਿਓ ਅਤੇ ਗੁੜ ਵੇਚਿਆ ਕਰਦੇ,'' ਸੁਖਲਾਲਜੀ ਕਹਿੰਦੇ ਹਨ।
''ਹੁਣ, ਜਦੋਂ ਉਹ (ਪਿੰਡ ਦੇ ਲੋਕ) ਸ਼ਹਿਰ (ਕੰਮ ਬਾਬਤ) ਜਾਂਦੇ ਹਨ ਤਾਂ ਉਨ੍ਹਾਂ ਨੂੰ ਉਹ ਚੀਜ਼ਾਂ ਪਸੰਦ ਨਹੀਂ ਆਉਂਦੀਆਂ ਜੋ ਉਨ੍ਹਾਂ ਦੇ ਮਾਪੇ ਸੁਖ਼ਾਲਿਆਂ ਹੀ ਲੈ ਕੇ ਦੇ ਸਕਦੇ ਹਨ ਜਿਵੇਂ ਹੱਥੀਂ ਬਣੇ ਸਾਬਣ, ਭੋਜਨ ਅਤੇ ਤੇਲ਼,'' ਉਹ ਅੱਗੇ ਕਹਿੰਦੇ ਹਨ। ''ਉਨ੍ਹਾਂ ਨੂੰ ਸਟੋਰ ਤੋਂ ਖਰੀਦੀਆਂ ਚੀਜ਼ਾਂ ਹੀ ਲੁਭਾਉਂਦੀਆਂ ਹਨ। ਉਨ੍ਹਾਂ ਨੂੰ ਆਪਣੇ ਬਜ਼ੁਰਗਾਂ ਦੀ ਸਲਾਹ ਦੀ ਕੋਈ ਪਰਵਾਹ ਨਹੀਂ ਰਹੀ। ਮਾਪੇ ਉਨ੍ਹਾਂ ਦੀ ਪੜ੍ਹਾਈ ਲਈ ਵੱਡੇ ਵੱਡੇ ਕਰਜੇ ਚੁੱਕਦੇ ਹਨ ਪਰ ਕੁਝ ਬੱਚੇ ਤਾਂ ਨਸ਼ਿਆਂ ਦੇ ਵੱਸ ਪਏ ਹੋਏ ਹਨ; ਉਹ ਆਪਣੇ ਮਾਪਿਆਂ ਨੂੰ ਝੂਠ ਬੋਲਦੇ ਹਨ ਅਤੇ ਵਿਚਾਰੇ ਮਾਪਿਆਂ ਦੀ ਮਿਹਨਤ ਦਾ ਪੈਸਾ ਬੱਚਿਆਂ ਦੇ ਇਲਾਜ ਕਰਾਉਣ ਅਤੇ ਫੀਸਾਂ ਭਰਨ ਵਿੱਚ ਚਲਾ ਜਾਂਦਾ ਹੈ।''
ਫਿਰ ਬੜੇ ਦੁਖੀ ਮਨ ਨਾਲ਼ ਕਹਿੰਦੇ ਹਨ,''ਜੇ ਤੁਸੀਂ ਬੱਚਿਆਂ ਨੂੰ ਇੱਥੇ ਰੁਕਣ ਲਈ ਕਹੋ ਵੀ ਤਾਂ ਕੀ ਉਹ ਰੁਕਣਗੇ? ਮੈਨੂੰ ਪਿੰਡ ਪਸੰਦ ਹੈ, ਪਰ ਇੱਥੇ ਕੋਈ ਜੀਵਨ ਬਾਕੀ ਤਾਂ ਰਿਹਾ ਨਹੀਂ।''
ਅਸੀਂ ਬਦਰੀ, ਜਯਸ਼੍ਰੀ ਅਤੇ ਅਮਿਤ (ਸਾਰੇ ਆਪਣੇ ਪਹਿਲੇ ਨਾਮ ਲੈਣੇ ਹੀ ਪਸੰਦ ਕਰਦੇ ਹਨ) ਨੂੰ, ਅਧਾਰਸ਼ਿਲਾ ਦੇ ਅਧਿਆਪਕਾਂ ਨੂੰ ਇੰਨੇ ਨਿਮਰ ਢੰਗ ਨਾਲ਼ ਆਪਣਾ ਸਮਾਂ ਦੇ ਲਈ ਅਤੇ ਸਾਡੀ ਅਧਿਆਪਕਾ, ਕਮਲਾ ਮੁਕੁੰਦਨ ਨੂੰ ਸਾਡੀ ਮਦਦ ਕਰਨ ਲਈ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ।
ਪਾਰੀ ਤੋਂ ਪ੍ਰੇਰਿਤ ਹੋ ਕੇ, ਸੈਂਟਰ ਫ਼ਾਰ ਲਰਨਿੰਗ, ਬੰਗਲੁਰੂ ਦੇ ਮਿਡਿਲ ਸਕੂਲ ਦੇ ਦੋ ਵਿਦਿਆਰਥੀਆਂ ਨੇ ਮੱਧ ਪ੍ਰਦੇਸ਼ ਦੇ ਇੱਕ ਸਕੂਲ ਦਾ ਦੌਰਾ ਕਰਨ ਦੌਰਾਨ ਇੱਕ ਕਿਸਾਨ ਦੇ ਨਾਲ਼ ਆਪਣੀ ਮੁਲਾਕਾਤ ਦਾ ਦਸਤਾਵੇਜੀਕਰਨ ਕੀਤਾ ਹੈ। ਪਾਰੀ ਨੇ ਉਨ੍ਹਾਂ ਨੂੰ ਪੇਂਡੂ ਭਾਰਤ ਦੇ ਅੱਡੋ-ਅੱਡ ਪੱਖਾਂ ਅਤੇ ਉਨ੍ਹਾਂ ਦੇ ਖ਼ੋਜ ਦਸਤਾਵੇਜੀਕਰਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ।
ਤਰਜਮਾ: ਨਿਰਮਲਜੀਤ ਕੌਰ