ਜਿਸ ਦਿਨ ਮੇਰਾ ਐੱਸਐੱਸਸੀ (ਸੈਕੰਡਰ ਸਕੂਲ ਸਰਟੀਫ਼ਿਕੇਟ) ਦਾ ਨਤੀਜਾ ਆਉਣ ਵਾਲ਼ਾ ਸੀ, ਮੇਰੀ ਹਾਲਤ ਕ੍ਰਿਕੇਟ ਦੇ ਬੱਲੇ ਨਾਲ਼ ਉਡਾਈ ਗਈ ਖਿੱਦੋ ਜਿਹੀ ਸੀ। ਤੁਸੀਂ ਜਾਣਦੇ ਹੋ ਕਿ ਸਭ ਦੀਆਂ ਨਜ਼ਰਾਂ ਉਸੇ ਖਿੱਦੋ ਵੱਲ ਹੁੰਦੀਆਂ ਹਨ? ਕੀ ਚੌਕਾ ਵੱਜੇਗਾ ਜਾਂ ਛੱਕਾ? ਹਰ ਕੋਈ ਬੱਸ ਦੇਖ ਰਿਹਾ ਹੁੰਦਾ ਹੈ। ਕੀ ਬਣੂ ਜੇ ਮੈਂ ਫੇਲ੍ਹ ਹੋ ਗਈ? ਮੇਰੇ ਪਿਤਾ ਨੇ ਤਾਂ ਫ਼ੌਰਨ ਮੇਰਾ ਵਿਆਹ ਕਰਵਾ ਦੇਣਾ।
ਜਦੋਂ ਨਤੀਜੇ ਦਾ ਐਲਾਨ ਹੋਇਆ ਤਾਂ ਮੈਂ 79.06 ਪ੍ਰਤੀਸ਼ਤ ਅੰਕ ਹਾਸਲ ਕੀਤੇ ਅਤੇ ਮੈਂ ਸਿਰਫ਼ ਇੱਕ ਨੰਬਰ ਨਾਲ਼ ਆਪਣੇ ਸਕੂਲ ਵਿੱਚ ਤੀਜੇ ਨੰਬਰ ਦਾ ਰੈਂਕ ਹਾਸਲ ਕਰਨ ਵਿੱਚ ਚੂਕ ਗਈ। ਮੈਂ ਆਪਣੀ ਸਫ਼ਲਤਾ 'ਤੇ ਖ਼ੁਸ਼ ਸਾਂ: ਨਾਥਜੋਗੀ ਖ਼ਾਨਾਬਦੋਸ਼ ਭਾਈਚਾਰੇ ਵਿੱਚ, ਅੱਜ ਤੀਕਰ ਇੱਕ ਵੀ ਕੁੜੀ 10ਵੀਂ ਜਮਾਤ ਤੱਕ ਨਹੀਂ ਪਹੁੰਚ ਸਕੀ।
ਮੈਂ ਨਵ ਖ (ਜਲਗਾਓਂ ਜਮੋਦ ਤਹਿਸੀਲ, ਬੁਲਡਾਣਾ ਜ਼ਿਲ੍ਹਾ) ਵਿਖੇ ਰਹਿੰਦੀ ਹਾਂ, ਜੋ ਇੱਕ ਛੋਟਾ ਜਿਹਾ ਪਿੰਡ ਹੈ ਜਿੱਥੇ ਸਿਰਫ਼ ਮੇਰੇ ਹੀ ਭਾਈਚਾਰੇ ਦੇ ਲੋਕ ਰਹਿੰਦੇ ਹਨ। ਇੱਥੋਂ ਦੇ ਬਹੁਤੇਰੇ ਲੋਕ ਅਜਿਹੇ ਹਨ ਜੋ ਭੀਖ ਮੰਗਣ ਲਈ ਪੂਨੇ, ਮੁੰਬਈ ਅਤੇ ਨਾਗਪੁਰ ਜਾਂਦੇ ਹਨ। ਮੇਰੇ ਮਾਪਿਆਂ ਜਿਹੇ ਬਾਕੀ ਦੇ ਲੋਕ ਆਪਣੇ ਪਿੰਡਾਂ ਦੇ ਨੇੜੇ-ਤੇੜੇ ਦਿਹਾੜੀ-ਧੱਪਾ ਕਰਦੇ ਹਨ।
ਮੇਰੇ ਮਾਪੇ- 45 ਸਾਲਾ ਪਿਤਾ ਭਾਊਲਾਲ ਸਾਹੇਬਰਾਓ ਸੋਲਾਂਕੇ ਅਤੇ 36 ਸਾਲਾ ਮਾਂ ਦ੍ਰੋਪਦਾ ਸੋਲਾਂਕੇ- ਹੋਰਨਾਂ ਦੇ ਖੇਤਾਂ ਵਿੱਚ ਖੇਤ ਮਜ਼ਦੂਰੀ ਕਰਦੇ ਹਨ ਜਿੱਥੇ ਕਣਕ, ਜਵਾਰ, ਮੱਕੀ, ਸੋਇਆਬੀਨ ਅਤੇ ਨਰਮਾ ਉਗਾਇਆ ਜਾਂਦਾ ਹੈ। ਖੇਤਾਂ ਵਿੱਚ ਅੱਠ ਘੰਟੇ ਮਿੱਟੀ ਨਾਲ਼ ਮਿੱਟੀ ਹੋਣ ਦੇ ਬਦਲੇ ਉਨ੍ਹਾਂ ਨੂੰ 200-200 ਰੁਪਏ ਦਿਹਾੜੀ ਮਿਲ਼ਦੀ ਹੈ। ਇਹ ਕੰਮ ਵੀ ਮਹੀਨੇ ਦੇ ਬਾਮਸ਼ੁਕਲ 10-12 ਦਿਨ ਹੀ ਮਿਲ਼ਦਾ ਹੈ ਕਿਉਂਕਿ ਕੰਮ ਦੀ ਭਾਲ਼ ਵਿੱਚ ਮਾਰੇ ਮਾਰੇ ਫਿਰਦੇ ਲੋਕਾਂ ਦੀ ਗਿਣਤੀ ਜ਼ਿਆਦਾ ਹੈ ਪਰ ਕੰਮ ਓਨਾ ਨਹੀਂ ਹੈ।
ਮੇਰੇ ਪਿਤਾ 5ਵੀਂ ਜਮਾਤ ਤੱਕ ਸਕੂਲ ਗਏ ਅਤੇ ਫਿਰ ਸਕੂਲ ਛੱਡ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੇਰੀਆਂ ਦੋ ਭੈਣਾਂ ਵੱਡੀਆਂ ਹਨ- 24 ਸਾਲਾ ਰੁਕਮਾ ਅਤੇ 22 ਸਾਲਾ ਨੀਨਾ। ਰੁਕਮਾ ਕਦੇ ਸਕੂਲ ਨਹੀਂ ਗਈ ਅਤੇ ਨੀਨਾ ਪੰਜਵੀਂ ਤੀਕਰ ਪੜ੍ਹੀ ਹੈ। ਮੇਰੀਆਂ ਦੋਵਾਂ ਭੈਣਾਂ ਦਾ ਵਿਆਹ ਹੋ ਚੁੱਕਿਆ ਹੈ ਅਤੇ ਉਹ ਵੀ ਸਕੂਲ ਛੱਡਣ ਤੋਂ ਬਾਅਦ ਤੋਂ ਦਿਹਾੜੀ ਧੱਪਾ ਕਰਦੀਆਂ ਰਹੀਆਂ ਹਨ। ਮੇਰਾ ਵੱਡਾ ਭਰਾ, 20 ਸਾਲਾ ਦੇਵਲਾਲ ਵੀ ਦਿਹਾੜੀ ਮਜ਼ਦੂਰ ਹੈ। ਉਹਨੇ ਵੀ 9ਵੀਂ ਜਮਾਤ ਵਿੱਚ ਪੜ੍ਹਾਈ ਛੱਡ ਦਿੱਤੀ ਸੀ। ਜਦੋਂ ਮੈਂ 10 ਸਾਲਾਂ ਦੀ ਹੋਈ ਤਾਂ ਪਿਤਾ ਨੇ ਮੈਨੂੰ ਕਿਹਾ,''ਤੂੰ ਵੀ ਹੁਣ ਕੰਮ ਕਰਨਾ ਸ਼ੁਰੂ ਕਰ ਸਕਦੀ ਹੈਂ; ਪੜ੍ਹਨ-ਲਿਖਣ ਦੀ ਕੋਈ ਲੋੜ ਨਹੀਂ।'' ਮੈਨੂੰ ਪੜ੍ਹਨੋਂ ਰੋਕਣ ਵਾਲ਼ੇ ਉਹ ਇਕੱਲੇ ਨਹੀਂ ਹਨ। ਇੱਕ ਬਜ਼ੁਰਗ ਔਰਤ ਵੀ ਮੈਨੂੰ ਰਾਹ ਵਿੱਚ ਖੜ੍ਹੀ ਹੋ ਹੋ ਸਕੂਲ ਜਾਣ ਤੋਂ ਵਰਜਦੀ ਹਨ, ਉਹ ਰੋਜ਼ ਮੇਰੇ ਸਕੂਲ ਦੇ ਰਾਹ ਵਿੱਚ ਮਿਲ਼ਦੀ ਹਨ। ਉਨ੍ਹਾਂ ਨੇ ਮੈਨੂੰ ਝਿੜਕਦਿਆਂ ਕਿਹਾ,''ਤੇਰੀਆਂ ਭੈਣਾਂ ਤਾਂ ਸਕੂਲ ਗਈਆਂ ਨਹੀਂ, ਤੈਨੂੰ ਕੀ ਲੋੜ ਹੈ? ਤੈਨੂੰ ਕੀ ਲੱਗਦਾ ਪੜ੍ਹ-ਲਿਖ ਕੇ ਨੌਕਰੀ ਲੱਗ ਜਾਵੇਂਗੀ?''
ਇੱਥੋਂ ਤੱਕ ਕਿ ਮੇਰਾ ਚਾਚਾ ਵੀ ਮੇਰੇ ਮਾਪਿਆਂ ਨੂੰ ਮੇਰਾ ਵਿਆਹ ਕਰ ਦੇਣ ਲਈ ਕਹਿੰਦੇ ਰਹਿੰਦੇ ਅਤੇ ਮੇਰੇ ਪਿਤਾ ਉਨ੍ਹਾਂ ਦੀਆਂ ਗੱਲਾਂ ਵਿੱਚ ਆ ਵੀ ਜਾਂਦੇ। ਮੈਂ ਆਪਣੀ ਮਾਂ ਨੂੰ ਕਹਿੰਦੀ ਹਾਂ,''ਬਾਬਾ (ਪਿਤਾ) ਨੂੰ ਕਹਿ ਦਿਓ ਮੇਰੇ ਜਾਂ ਕਿਸੇ ਹੋਰ ਨਾਲ਼ ਮੇਰੀ ਵਿਆਹ ਬਾਬਤ ਗੱਲ ਨਾ ਕਰਿਆ ਕਰਨ। ਮੈਂ ਪੜ੍ਹਨਾ ਚਾਹੁੰਦੀ ਹਾਂ।'' ਮਾਂ ਜਦੋਂ ਵੀ ਪਿਤਾ ਨਾਲ਼ ਗੱਲ ਕਰਨ ਦੀ ਕੋਸ਼ਿਸ਼ ਕਰਦੀ ਤਾਂ ਉਹ ਦੋਵੇਂ ਆਪਸ ਵਿੱਚ ਹੀ ਭਿੜ ਜਾਂਦੇ ਹਨ।
ਬਾਅਦ ਵਿੱਚ, ਜਦੋਂ ਮੈਂ 10ਵੀਂ ਪਾਸ ਕਰ ਲਈ ਅਤੇ ਇੱਕ ਪੱਤਰਕਾਰ ਮੇਰੀ ਇੰਟਰਵਿਊ ਲੈਣ ਆਇਆ ਤਾਂ ਮੇਰੇ ਪਿਤਾ ਰੋ ਰਹੇ ਸਨ। ਉਨ੍ਹਾਂ ਨੇ ਉਸ ਪੱਤਰਕਾਰ ਨੂੰ ਦੱਸਿਆ,''ਮੈਂ ਬੜਾ ਖ਼ੁਸ਼ ਹਾਂ ਕਿ ਮੇਰੀ ਧੀ ਨੇ ਮੇਰੀ ਇੱਕ ਨਾ ਸੁਣੀ ਅਤੇ ਪੜ੍ਹਾਈ ਕਰਨੀ ਜਾਰੀ ਰੱਖੀ।''
ਮੈਂ ਸੱਤ ਸਾਲ ਦੀ ਉਮਰੇ ਸਕੂਲ ਜਾਣਾ ਸ਼ੁਰੂ ਕੀਤਾ ਸੀ। ਗੁਆਂਢ ਦੇ ਪਾਲਸ਼ੀ ਸੂਪੋ ਦੇ ਇੱਕ ਸਰਕਾਰੀ ਸਕੂਲ ਤੋਂ ਦੋ ਅਧਿਆਪਕ ਸਕੂਲ ਜਾਣ ਵਾਲ਼ੀਆਂ (ਚਾਹਵਾਨ) ਲੜਕੀਆਂ ਦੇ ਨਾਮ ਲਿਖਣ ਮੇਰੇ ਪਿੰਡ ਆਏ ਸਨ। ਕਿਸੇ ਨੇ ਮੇਰਾ ਨਾਮ ਵੀ ਲਿਖਵਾ ਦਿੱਤਾ, ਤਾਂ ਮੈਂ ਉੱਥੋਂ ਦੇ ਸਕੂਲ ਵਿੱਚ ਪਹਿਲੀ ਜਮਾਤ ਵਿੱਚ ਦਾਖਲਾ ਲੈ ਲਿਆ।
ਇੱਕ ਸਾਲ ਬਾਅਦ ਮੇਰੇ ਹੀ ਪਿੰਡ ਵਿੱਚ ਇੱਕ ਪ੍ਰਾਇਮਰੀ ਸਕੂਲ ਸ਼ੁਰੂ ਹੋ ਗਿਆ ਅਤੇ ਮੈਂ ਉੱਥੇ ਜਾਣ ਲੱਗੀ। 5ਵੀਂ ਜਮਾਤ ਤੀਕਰ ਮੈਂ 14 ਕਿਲੋਮੀਟਰ ਦੂਰ, ਜਲਗਾਓਂ ਜਮੋਦ ਦੇ ਤਹਿਸੀਲ ਹੈੱਡਕੁਆਰਟਰ ਵਿਖੇ ਮਹਾਤਮਾ ਫੂਲੇ ਨਗਰ ਪਰਿਸ਼ਦ ਸਕੂਲ ਜਾਣ ਲੱਗੀ। ਸਕੂਲ ਪਹੁੰਚਣ ਵਾਸਤੇ ਮੈਂ ਦੋ ਕਿਲੋਮੀਟਰ ਪੈਦਲ ਤੁਰਦੀ ਸਾਂ, ਫਿਰ ਇੱਕ ਸਵਾਰੀ ਵਾਲ਼ਾ ਆਟੋ ਮੈਨੂੰ ਸ਼ਹਿਰ ਦੇ ਬੱਸ ਸਟੈਂਡ ਤੱਕ ਛੱਡਦਾ ਸੀ ਅਤੇ ਫਿਰ ਮੈਂ ਸਕੂਲ ਅਪੜਨ ਵਾਸਤੇ ਇੱਕ ਕਿਲੋਮੀਟਰ ਹੋਰ ਤੁਰਦੀ। ਆਟੋ ਰਾਹੀਂ ਮੈਨੂੰ ਕਰੀਬ ਅੱਧਾ ਘੰਟਾ ਲੱਗਦਾ ਸੀ ਅਤੇ ਇੱਕ ਪਾਸੇ ਦਾ 30 ਰੁਪਏ ਕਿਰਾਇਆ ਲੱਗਦਾ ਸੀ। ਸਾਡੇ ਪਿੰਡ ਦੀਆਂ ਛੇ ਕੁੜੀਆਂ ਉਸੇ ਸਕੂਲ ਜਾਇਆ ਕਰਦੀਆਂ ਅਤੇ ਅਸੀਂ ਸਾਰੀਆਂ ਇਕੱਠੀਆਂ ਹੋ ਕੇ ਜਾਂਦੀਆਂ।
ਮੀਂਹ ਰੁੱਤੇ ਇੱਕ ਦਿਨ ਸਾਡੇ ਪਿੰਡ ਦੇ ਕੋਲ਼ ਵਹਿੰਦੇ ਨਾਲ਼ੇ ਦਾ ਪਾਣੀ ਬਾਹਰ ਉਛਾਲ਼ੇ ਮਾਰਨ ਲੱਗਿਆ। ਅਸੀਂ ਉਹਨੂੰ ਪਾਰ ਕਰਕੇ ਮੇਨ ਸੜਕ ਤੱਕ ਅਪੜਨਾ ਸੀ। ਆਮ ਤੌਰ 'ਤੇ ਅਸੀਂ ਜਿਵੇਂ ਕਿਵੇਂ ਆਪਣਾ ਪਜ਼ਾਮਾ ਉਤਾਂਹ ਚੁੱਕਦੀਆਂ ਅਤੇ ਚੱਪਲ ਲਾਹ ਕੇ ਹੱਥ ਵਿੱਚ ਫੜ੍ਹ ਲੈਂਦੀਆਂ ਅਤੇ ਨਾਲ਼ਾ ਪਾਰ ਕਰ ਲੈਂਦੀਆਂ। ਇੰਝ ਸਿਰਫ਼ ਸਾਡੇ ਪੈਰ ਹੀ ਗਿੱਲੇ ਹੁੰਦੇ ਸਨ।
ਪਰ, ਉਸ ਦਿਨ ਪਾਣੀ ਸਾਡੇ ਲੱਕਾਂ ਤੱਕ ਸੀ। ਕੰਢੇ ਖੜ੍ਹੇ ਸਾਡੇ ਪਿੰਡ ਦੇ ਹੀ ਇੱਕ ਆਦਮੀ ਨੂੰ ਅਸੀਂ ਮਦਦ ਦੇਣ ਵਾਸਤੇ ਕਿਹਾ,''ਕਾਕਾ, ਨਾਲ਼ਾ ਪਾਰ ਕਰਨ ਵਿੱਚ ਰਤਾ ਮਦਦ ਹੀ ਕਰ ਦਿਓ।'' ਉਹ ਅੱਗਿਓਂ ਚੀਕਿਆ,''ਤੁਸੀਂ ਸਾਰੀਆਂ ਵਾਪਸ ਮੁੜ ਜਾਓ! ਤੁਸੀਂ ਸਕੂਲ ਕਿਉਂ ਜਾਂਦੀਆਂ ਓ?'' ਉਸ ਦਿਨ ਅਸੀਂ ਸਕੂਲ ਨਾ ਜਾ ਸਕੀਆਂ। ਦੂਸਰੇ ਦਿਨ ਸਾਡੇ ਅਧਿਆਪਕ ਨੂੰ ਜਾਪਿਆ ਜਿਵੇਂ ਅਸੀਂ ਝੂਠ ਬੋਲ ਰਹੀਆਂ ਹੋਈਏ ਅਤੇ ਉਨ੍ਹਾਂ ਨੇ ਸਾਨੂੰ ਸਜ਼ਾ ਵਾਸਤੇ ਜਮਾਤ 'ਚੋਂ ਬਾਹਰ ਕੱਢ ਦਿੱਤਾ।
ਜਦੋਂ ਇੰਝ ਦੋਬਾਰਾ ਹੋਇਆ ਤਾਂ ਮੈਂ ਆਪਣੀ ਮਾਂ ਨੂੰ ਕਿਹਾ ਕਿ ਉਹ ਖ਼ੁਦ ਅਧਿਆਪਕ ਨਾਲ਼ ਗੱਲ ਕਰਨ। ਫਿਰ ਕਿਤੇ ਜਾ ਕੇ ਉਨ੍ਹਾਂ ਨੇ ਸਾਡੀ ਗੱਲ 'ਤੇ ਇਤਬਾਰ ਕੀਤਾ। ਬਾਅਦ ਵਿੱਚ, ਉਹ ਸਾਡੇ ਪਿੰਡ ਵੀ ਆਏ ਅਤੇ ਜੋ ਕੁਝ ਅਸਾਂ ਉਨ੍ਹਾਂ ਨੂੰ ਦੱਸਿਆ ਸੀ ਉਨ੍ਹਾਂ ਅੱਖੀਂ ਦੇਖਿਆ।
ਮੈਂ ਜਲਗਾਓਂ ਜਮੋਦ ਬੱਸ ਸਟੈਂਡ ਦੇ ਰਾਜ ਟ੍ਰਾਂਸਪੋਰਟ ਦਫ਼ਤਰ ਵਿਖੇ ਇੱਕ ਅਰਜ਼ੀ ਦੇਣ ਦਾ ਫ਼ੈਸਲਾ ਕੀਤਾ ਜਿਸ ਵਿੱਚ ਲਿਖਿਆ ਕਿ ਉਹ ਬੱਸ 9 ਵਜੇ ਭੇਜਣ ਦੀ ਕ੍ਰਿਪਾਲਤਾ ਕਰਨ। ਇਸ ਅਰਜ਼ੀ 'ਤੇ ਸਾਰੀਆਂ 16 ਕੁੜੀਆਂ ਨੇ ਹਸਤਾਖ਼ਰ ਕੀਤੇ ਸਨ ਜੋ ਇਸੇ ਬੱਸ ਵਿੱਚ ਸਫ਼ਰ ਕਰਦੀਆਂ ਸਨ। ਹਸਤਾਖ਼ਰ ਕਰਨ ਵਾਲ਼ੀਆਂ ਕੁੜੀਆਂ ਵਿੱਚੋਂ ਦੋ ਕੁੜੀਆਂ ਇਸਲਾਮਪੁਰ ਪਿੰਡ ਤੋਂ ਸਨ ਜੋ ਇੱਥੋਂ ਚਾਰ ਕਿਲੋਮੀਟਰ ਦੂਰ ਹੈ। ਮਾਨਵ ਵਿਕਾਸ ਬੱਸ ਸਿਰਫ਼ ਕੁੜੀਆਂ ਵਾਸਤੇ ਚੱਲਦੀ ਹੈ ਉਹ ਵੀ ਮੁਫ਼ਤ।
ਅਧਿਕਾਰੀ ਰਾਜੀ ਹੋ ਗਏ ਅਤੇ ਉਨ੍ਹਾਂ ਨੇ ਸਾਨੂੰ ਵਾਅਦਾ ਕੀਤਾ ਕਿ ਅਗਲੇ ਦਿਨ ਬੱਸ ਸਵੇਰੇ 9 ਵਜੇ ਉੱਥੇ ਅਪੜ ਜਾਵੇਗੀ। ਬੱਸ ਆ ਗਈ ਅਤੇ ਸਾਡੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਪਰ ਇਹ ਖ਼ੁਸ਼ੀ ਸਿਰਫ਼ ਇੱਕ ਦਿਨ ਹੀ ਰਹੀ। ਅਗਲੇ ਦਿਨ ਜਦੋਂ ਬੱਸ ਨਾ ਆਈਆ ਤਾਂ ਮੈਂ ਅਧਿਕਾਰੀ ਕੋਲ਼ ਗਈ ਅਤੇ ਉਨ੍ਹਾਂ ਨੇ ਮੈਨੂੰ ਦੱਸਿਆ,''ਦਰਅਸਲ ਬੱਸ ਦੂਸਰੇ ਪਿੰਡ ਵਿੱਚੋਂ ਦੀ ਹੁੰਦੇ ਹੋਏ ਆਉਂਦੀ ਹੈ ਅਤੇ ਉੱਥੋਂ ਦੇ ਲੋਕ ਸਮਾਂ ਬਦਲਵਾਉਣਾ ਨਹੀਂ ਚਾਹੁੰਦੇ। ਮੈਂ ਤੇਰੇ ਸਮੇਂ ਮੁਤਾਬਕ ਬੱਸ ਨਹੀਂ ਭੇਜ ਸਕਦਾ।'' ਉਨ੍ਹਾਂ ਮੈਨੂੰ ਸਲਾਹ ਦਿੱਤੀ ਕਿ ਮੈਂ ਆਪਣੀ ਜਮਾਤ ਦਾ ਸਮਾਂ ਬਦਲਵਾ ਲਵਾਂ, ਪਰ ਇੰਝ ਹੋਣਾ ਸੰਭਵ ਕਿੱਥੇ ਸੀ?
ਬੱਸ ਰਾਹੀਂ ਸਫ਼ਰ ਕਰਨ ਵਿੱਚ ਹੋਰ ਵੀ ਕਈ ਪਰੇਸ਼ਾਨੀਆਂ ਹਨ। ਇੱਕ ਵਾਰ ਮੇਰੀ ਸਹੇਲੀਆਂ ਅਤੇ ਮੈਂ ਰਾਜ ਟ੍ਰਾਂਸਪੋਰਟ ਬੱਸ ਵਿੱਚ ਚੜ੍ਹੀਆਂ ਅਤੇ ਅਚਾਨਕ ਇੱਕ ਮੁੰਡ ਨੇ ਮੇਰੀ ਸਹੇਲੀ ਦੀ ਚੁੰਨ੍ਹੀ ਖਿੱਚੀ ਅਤੇ ਚੀਕ ਕੇ ਬੋਲਿਆ,''ਤੁਸੀਂ ਮੋਹਿਦੀਪੁਰ ਦੀ ਕੁੜੀਓ, ਭੱਜੋ ਇੱਥੋ!'' ਦੂਸਰੇ ਮੁੰਡੇ ਵੀ ਉਹਦੀ ਸੁਰ ਵਿੱਚ ਸੁਰ ਮਿਲਾਉਣ ਲੱਗੇ ਤੇ ਲੜਾਈ ਵੱਧ ਗਈ। ਸਾਡਾ ਨਾਥਜੋਗੀ ਭਾਈਚਾਰਾ ਮੋਹਿਦੀਪੁਰ ਵਿੱਚ ਰਹਿੰਦਾ ਹੈ। ਉਹ ਮੁੰਡੇ ਨਾਥਜੋਗੀ ਭਾਈਚਾਰੇ ਦੀਆਂ ਕੁੜੀਆਂ ਨੂੰ ਬੱਸ ਵਿੱਚ ਬੈਠਣ ਨਹੀਂ ਦੇਣਾ ਚਾਹੁੰਦੇ ਸਨ। ਮੈਨੂੰ ਗੁੱਸਾ ਚੜ੍ਹ ਗਿਆ ਅਤੇ ਜਿਓਂ ਹੀ ਬੱਸ ਜਲਗਾਓਂ ਜਮੋਦ ਅਪੜੀ, ਮੈਂ ਉਸ ਮੁੰਡੇ ਨੂੰ ਰਾਜ ਟ੍ਰਾਂਸਪੋਰਟ ਦਫ਼ਤਰ ਲੈ ਗਈ। ਕੰਡਕਟਰ ਨੇ ਵਿੱਚ ਪੈਂਦਿਆਂ ਉਨ੍ਹਾਂ ਮੁੰਡਿਆਂ ਨੂੰ ਕਿਹਾ ਕਿ ਇਹ ਬੱਸ ਸਾਰਿਆਂ ਵਾਸਤੇ ਹੈ। ਪਰ ਅਜਿਹੇ ਵਾਕਿਆਤ ਹੁੰਦੇ ਹੀ ਰਹਿੰਦੇ ਹਨ, ਇਸੇ ਲਈ ਅਸੀਂ ਆਟੋ ਵਿੱਚ ਜਾਣਾ ਬਿਹਤਰ ਸਮਝਦੀਆਂ ਹਾਂ।
ਜਦੋਂ ਮੈਂ 15 ਸਾਲਾਂ ਦੀ ਸਾਂ ਤਾਂ ਮੇਰੇ ਪਿਤਾ ਜੀ ਨੇ ਉਹ ਜ਼ਮੀਨ, ਜਿਸ 'ਤੇ ਸਾਡਾ ਘਰ ਬਣਿਆ ਸੀ, ਆਪਣੇ ਨਾਮ ਕਰਵਾਉਣ ਦੀ ਕੋਸ਼ਿਸ਼ ਕੀਤੀ। ਦਰਅਸਲ ਉਹ ਜ਼ਮੀਨ ਮੇਰੇ ਦਾਦਾ ਜੀ ਦੀ ਸੀ ਅਤੇ ਉਨ੍ਹਾਂ ਨੇ ਇਹ ਮੇਰੇ ਪਿਤਾ ਜੀ ਨੂੰ ਤੋਹਫੇ ਵਿੱਚ ਦਿੱਤੀ ਸੀ। ਪਰ ਸਾਡੇ ਪਿੰਡ ਦਾ ਉਹ ਆਦਮੀ ਜੋ ਜ਼ਮੀਨ ਹਸਤਾਂਤਰਿਤ ਕਰਵਾਉਣ ਦਾ ਕੰਮ ਕਰ ਸਕਦਾ ਸੀ, ਉਹਨੇ ਪਿਤਾ ਜੀ ਪਾਸੋਂ 5,000 ਰੁਪਏ ਮੰਗੇ। ਮੇਰੇ ਪਿਤਾ ਦੇ ਕੋਲ਼ ਓਨਾ ਪੈਸਾ ਕਿੱਥੇ। ਅਸੀਂ ਉਸ ਬੰਦੇ ਦੇ ਕਈ ਵਾਰੀ ਹਾੜੇ ਕੱਢੇ ਪਰ ਉਹ ਬਗ਼ੈਰ ਪੈਸੇ ਕੰਮ ਕਰਵਾਉਣ ਲਈ ਰਾਜ਼ੀ ਨਾ ਹੋਇਆ। ਜੇ ਉਹ ਜ਼ਮੀਨ ਸਾਡੇ ਨਾਮ ਨਾ ਹੁੰਦੀ ਤਾਂ ਅਸੀਂ ਰਾਜ ਵੱਲੋਂ ਪੱਕਾ ਮਕਾਨ ਬਣਵਾਉਣ ਹੇਤੂ ਮਿਲ਼ਣ ਵਾਲ਼ੀ ਰਕਮ ਦੇ ਹੱਕਦਾਰ ਨਾ ਰਹਿੰਦੇ।
ਸਾਨੂੰ ਆਪਣੀ ਹੀ ਜ਼ਮੀਨ ਆਪਣੇ ਨਾਮ ਕਰਾਉਣ ਦੇ ਪੈਸੇ ਕਿਉਂ ਦੇਣੇ ਚਾਹੀਦੇ ਹਨ? ਕਿਸੇ ਨੂੰ ਵੀ ਅਜਿਹੀਆਂ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਮੈਂ ਪੜ੍ਹਨਾ ਚਾਹੁੰਦੀ ਹਾਂ ਅਤੇ ਇੱਕ ਦਿਨ ਬਹੁਤ ਵੱਡੀ ਅਫ਼ਸਰ ਬਣਨਾ ਲੋਚਦੀ ਹਾਂ ਤਾਂ ਕਿ ਸਾਡੇ ਜਿਹੇ ਗ਼ਰੀਬ ਲੋਕਾਂ ਨੂੰ ਆਪਣਾ ਹੀ ਕੰਮ ਕਰਵਾਉਣ ਲਈ ਰਿਸ਼ਵਤ ਨਾ ਦੇਣੀ ਪਵੇ। ਮੈਂ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਸੁਚੇਤ ਕਰਵਾਉਣਾ ਚਾਹੁੰਦੀ ਹਾਂ ਤਾਂਕਿ ਉਹ ਤਾਕਤਵਰ ਲੋਕਾਂ ਤੋਂ ਡਰਨ ਨਾ।
ਸਰਕਾਰੀ ਸਕੂਲਾਂ ਵਿੱਚ 8ਵੀਂ ਤੱਕ ਮੁਫ਼ਤ ਕਿਤਾਬਾਂ ਦਿੱਤੀਆਂ ਜਾਂਦੀਆਂ ਹਨ ਅਤੇ ਵਰਦੀ ਦਾ ਵੀ ਕੋਈ ਚੱਕਰ ਨਹੀਂ। ਪਰ 9ਵੀਂ ਜਮਾਤ ਵਿੱਚ ਹਰ ਬੱਚੇ ਨੂੰ ਕਿਤਾਬਾਂ ਤੇ ਕਾਪੀਆਂ ਅਤੇ ਵਰਦੀ ਖਰੀਦਣੀ ਪੈਂਦੀ ਹੈ। ਕਿਤਾਬਾਂ ਤੇ ਕਾਪੀਆਂ 'ਤੇ ਕੋਈ 1000 ਰੁਪਿਆ ਅਤੇ ਵਰਦੀ 'ਤੇ ਕੋਈ 550 ਰੁਪਏ ਖ਼ਰਚ ਆਉਂਦਾ ਹੈ। ਜੇ ਕਿਤੇ ਕੋਈ ਨਿੱਜੀ ਟਿਊਸ਼ਨ ਰੱਖਣੀ ਪਵੇ ਤਾਂ ਇੱਕ ਵਾਰ (ਟਰਮ) ਬਦਲੇ 3,000 ਰੁਪਏ ਹੋਰ ਖਰਚਣੇ ਪੈਂਦੇ ਹਨ। ਮੈਂ ਸਿਰਫ਼ ਇੱਕੋ ਵਾਰ ਹੀ ਟਿਊਸ਼ਨ ਲਈ ਸੀ ਤੇ ਦੂਜੀ ਵਾਰ ਨਾ ਲੈ ਸਕੀ। ਮੈਂ ਸਕੂਲ ਟੀਚਰ ਨੂੰ ਮੇਰੀ ਮਦਦ ਕਰਨ ਦੀ ਬੇਨਤੀ ਕੀਤੀ। ਆਪਣਾ ਖਰਚਾ ਚੁੱਕਣ ਵਾਸਤੇ ਮੈਂ 9ਵੀਂ ਜਮਾਤ ਵਿੱਚ ਦਾਖਲੇ ਤੋਂ ਪਹਿਲਾਂ ਪਹਿਲਾਂ ਗਰਮੀ ਦੀ ਪੂਰੀ ਰੁੱਤ ਆਪਣੇ ਮਾਪਿਆਂ ਨਾਲ਼ ਖੇਤਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੈਂ ਸਵੇਰੇ 4 ਵਜੇ ਉੱਠਦੀ ਸਾਂ ਅਤੇ ਇੱਕ ਘੰਟਾ ਪੜ੍ਹਦੀ। ਮੇਰੇ ਮਾਪੇ ਅਤੇ ਭਰਾ ਉਸੇ ਵੇਲ਼ੇ ਕੰਮਾਂ 'ਤੇ ਜਾਣ ਲਈ ਘਰੋਂ ਨਿਕਲ਼ਦੇ ਸਨ। ਇੱਕ ਘੰਟਾ ਪੜ੍ਹ ਕੇ ਮੈਂ ਭਾਖਰੀ ਅਤੇ ਭਾਜੀ (ਸਬਜ਼ੀ) ਬਣਾਉਂਦੀ ਅਤੇ ਉਨ੍ਹਾਂ ਵਾਸਤੇ ਰੋਟੀ ਲੈ ਜਾਂਦੀ।
ਮੈਂ ਉਨ੍ਹਾਂ ਦੇ ਨਾਲ਼ ਰਲ਼ ਕੇ ਸਵੇਰੇ 7 ਵਜੇ ਤੋਂ 9 ਵਜੇ ਤੱਕ ਕੰਮ ਕਰਦੀ ਅਤੇ ਮੈਨੂੰ ਇੱਕ ਘੰਟੇ ਦੇ 25 ਰੁਪਏ ਮਿਲ਼ਦੇ। 9:30 ਘਰ ਵਾਪਸ ਜਾ ਕੇ ਮੈਂ ਸਕੂਲ ਲਈ ਤਿਆਰ ਹੁੰਦੀ। ਸਕੂਲੋਂ ਵਾਪਸ ਆ ਕੇ ਮੈਂ ਦੋਬਾਰਾ ਕੰਮ 'ਤੇ ਜਾਂਦੀ। ਮੈਂ ਛੁੱਟੀਆਂ ਵਿੱਚ ਵੀ ਕੰਮ ਕਰਦੀ ਸਾਂ। ਇਸ ਪੈਸੇ ਨਾਲ਼ ਸਕੂਲ ਦੀ ਵਰਦੀ ਖਰੀਦਣ ਵਿੱਚ ਮਦਦ ਮਿਲ਼ੀ।
ਬੀਤੇ ਸਾਲ (2019), ਮੈਂ ਜਲ ਸ਼ਕਤੀ ਅਭਿਆਨ (ਜਲ ਸ੍ਰੋਤ ਮੰਤਰਾਲਾ) ਦੁਆਰਾ ਅਯੋਜਿਤ ਬਲਾਕ ਪੱਧਰੀ ਲੇਖ ਲੇਖਣ ਮੁਕਾਬਲੇ ਵਿੱਚ ਇੱਕ ਟ੍ਰਾਫ਼ੀ ਜਿੱਤੀ ਸੀ। ਬੁਲਡਾਣਾ ਵਿਖੇ ਅਯੋਜਿਤ ਜ਼ਿਲ੍ਹਾ ਪੱਧਰ ਦੀ ਵਿਗਿਆਨ ਪ੍ਰਦਰਸ਼ਨੀ ਵਿੱਚ ਜੈਵਿਕ ਖਾਦ ਨੂੰ ਲੈ ਕੇ ਬਣਾਏ ਗਏ ਮੇਰੇ ਪ੍ਰੋਜੈਕਟ ਨੂੰ ਦੂਸਰਾ ਪੁਰਸਕਾਰ ਮਿਲ਼ਿਆ ਸੀ। ਸਕੂਲ ਵਿੱਚ ਦੌੜ ਮੁਕਾਬਲੇ ਵਿੱਚ ਵੀ ਮੈਂ ਦੂਸਰਾ ਸਥਾਨ ਹਾਸਲ ਕੀਤਾ। ਮੈਨੂੰ ਜਿੱਤਣਾ ਪਸੰਦ ਹੈ। ਨਾਥਜੋਗੀ ਭਾਈਚਾਰੇ ਦੀਆਂ ਕੁੜੀਆਂ ਨੂੰ ਕਦੇ ਵੀ ਜਿੱਤਣ ਦਾ ਮੌਕਾ ਮਿਲ਼ਿਆ ਹੀ ਨਹੀਂ।
ਅਗਸਤ ਵਿੱਚ ਮੈਂ ਜਲਗਾਓਂ ਜਮੋਦ ਵਿਖੇ 11ਵੀਂ ਅਤੇ 12ਵੀਂ ਜਮਾਤ ਵਾਸਤੇ ਦਿ ਨਿਊ ਇਰਾ ਹਾਈ ਸਕੂਲ ਵਿੱਚ ਦਾਖਲਾ ਲਿਆ। ਉਹ ਇੱਕ ਨਿੱਜੀ ਸਕੂਲ ਹੈ ਅਤੇ ਉਹਦੀ ਇੱਕ ਸਾਲ ਦੀ ਫ਼ੀਸ 5,000 ਰੁਪਏ ਹੈ। ਮੈਂ ਵਿਗਿਆਨ ਦੀ ਪੜ੍ਹਾਈ ਕਰਨ ਦਾ ਸੋਚਿਆ ਹੈ- ਗਣਿਤ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ ਅਤੇ ਮੈਂ ਇਤਿਹਾਸ ਦੇ ਵਿਸ਼ੇ ਵੀ ਚੁਣੇ ਹਨ ਕਿਉਂਕਿ ਮੈਨੂੰ ਇਹੀ ਦੱਸਿਆ ਗਿਆ ਹੈ ਕਿ ਸਿਵਿਲ ਸੇਵਾ ਦਾਖਲਾ ਪ੍ਰੀਖਿਆ ਵਾਸਤੇ ਇਤਿਹਾਸ ਤੋਂ ਕਾਫ਼ੀ ਮਦਦ ਮਿਲ਼ੇਗੀ। ਮੇਰਾ ਸੁਪਨਾ ਹੈ ਕਿ ਮੈਂ ਭਾਰਤੀ ਪ੍ਰਸ਼ਾਸਨਿਕ ਸੇਵਾ ਵਿੱਚ ਭਰਤੀ ਹੋਵਾਂ।
ਸਨਾਤਕ ਦੇ ਵਾਸਤੇ ਮੈਨੂੰ ਪੂਨੇ ਜਾਂ ਬੁਲਡਾਣਾ ਜਾਣਾ ਪਵੇਗਾ ਜਿੱਥੇ ਯੂਨੀਵਰਸਿਟੀਆਂ ਹਨ। ਲੋਕ ਕਹਿੰਦੇ ਹਨ ਕਿ ਮੈਨੂੰ ਬੱਸ ਕੰਡਟਕਰ ਜਾਂ ਆਂਗਨਵਾੜੀ ਵਰਕਰ ਬਣਨਾ ਚਾਹੀਦਾ ਹੈ ਕਿਉਂਕਿ ਇੱਥੇ ਮੈਨੂੰ ਨੌਕਰੀ ਛੇਤੀ ਮਿਲ਼ ਜਾਵੇਗੀ। ਪਰ ਮੈਂ ਬਣਾਂਗੀ ਤਾਂ ਉਹੀ ਜੋ ਮੈਂ ਬਣਨਾ ਲੋਚਦੀ ਹਾਂ।
ਮੈਂ ਆਪਣੇ ਭਾਈਚਾਰੇ ਅੰਦਰ ਭੀਖ ਮੰਗ ਕੇ ਗੁਜ਼ਾਰਾ ਕਰਨ ਅਤੇ ਕੁੜੀਆਂ ਦਾ ਛੋਟੀ ਉਮਰੇ ਵਿਆਹ ਕਰਨ ਵਾਲ਼ੀ ਇਸ ਜ਼ਿੱਦ ਨੂੰ ਵੀ ਬਦਲਣਾ ਚਾਹੁੰਦੀ ਹਾਂ। ਢਿੱਡ ਭਰਨ ਵਾਸਤੇ ਭੀਖ ਮੰਗ ਕੇ ਗੁਜ਼ਾਰਾ ਕਰਨਾ ਕੋਈ ਵਿਕਲਪ ਤਾਂ ਨਹੀਂ ਹੋਇਆ; ਸਿੱਖਿਆ ਵੀ ਤੁਹਾਡਾ ਢਿੱਡ ਭਰ ਸਕਦੀ ਹੈ।
ਤਾਲਾਬੰਦੀ ਕਾਰਨ ਕਈ ਲੋਕ ਪਿੰਡ ਵਾਪਸ ਆ ਗਏ ਹਨ ਅਤੇ ਹਰ ਕੋਈ ਕੰਮ ਲੱਭ ਰਿਹਾ ਹੈ। ਮੇਰਾ ਪਰਿਵਾਰ ਵੀ ਘਰੇ ਹੀ ਹੈ ਅਤੇ ਉਨ੍ਹਾਂ ਨੂੰ ਵੀ ਕੋਈ ਕੰਮ ਨਹੀਂ ਮਿਲ਼ ਪਾ ਰਿਹਾ। ਮੇਰੇ ਪਿਤਾ ਨੇ ਮੇਰਾ ਦਾਖਲੇ ਵਾਸਤੇ ਪਿੰਡ ਦੇ ਇੱਕ ਬਜ਼ੁਰਗ ਪਾਸੋਂ ਪੈਸੇ ਉਧਾਰ ਚੁੱਕੇ ਹਨ। ਪੈਸੇ ਵਾਪਸ ਮੋੜਨੇ ਕਾਫ਼ੀ ਮੁਸ਼ਕਲ ਹੋਣ ਵਾਲ਼ੇ ਹਨ। ਅਸੀਂ ਕੋਈ ਵੀ ਕੰਮ ਕਰਨ ਨੂੰ ਰਾਜ਼ੀ ਹਾਂ, ਪਰ ਭੀਖ ਕਦੇ ਵੀ ਨਹੀਂ ਮੰਗਾਂਗੇ।
ਪ੍ਰਸ਼ਾਂਤ ਖੁੰਟੇ ਇੱਕ ਸੁਤੰਤਰ ਮਰਾਠੀ ਪੱਤਰਕਾਰ ਹਨ ਜੋ ਪੂਨੇ ਵਿੱਚ ਰਹਿੰਦੇ ਹਨ, ਉਨ੍ਹਾਂ ਨੇ ਇਸ ਕਹਾਣੀ ਨੂੰ ਲਿਖਣ ਵਿੱਚ ਮਦਦ ਕੀਤੀ ਹੈ।
ਕਵਰ ਫ਼ੋਟੋ : ਅੰਜਲੀ ਸ਼ਿੰਦੇ
ਤਰਜਮਾ: ਕਮਲਜੀਤ ਕੌਰ