ਅੱਜ 26 ਫ਼ਰਵਰੀ ਹੈ, ਸ਼ਾਯਲਾ ਦਾ 18ਵਾਂ ਜਨਮਦਿਨ। ਉਨ੍ਹਾਂ ਨੇ ਇੱਕ ਨਵੀਂ ਪੁਸ਼ਾਕ ਪਾਈ ਹੈ ਅਤੇ ਵਾਲ਼ਾਂ ਵਿੱਚ ਚਮੇਲੀ ਦੇ ਫੁੱਲ ਟੰਗੇ ਹਨ। ਮਾਂ ਨੇ ਉਨ੍ਹਾਂ ਦੀ ਪਸੰਦ ਦੀ ਚਿਕਨ ਬਰਿਆਨੀ ਬਣਾਈ ਹੈ। ਕਾਲਜ ਵਿੱਚ ਸ਼ਾਯਲਾ ਨੇ ਆਪਣੇ ਦੋਸਤਾਂ ਨੂੰ ਇੱਕ ਛੋਟੀ ਜਿਹੀ ਦਾਅਵਤ ਵੀ ਦਿੱਤੀ ਹੈ।
ਸ਼ਾਯਲਾ, ਚੇਨੱਈ ਦੇ ਇੱਕ ਮੰਨੇ-ਪ੍ਰਮੰਨੇ ਪ੍ਰਾਈਵੇਟ ਨਰਸਿੰਗ ਕਾਲਜ ਸ਼੍ਰੀ ਸਾਸਥਾ ਕਾਲਜ ਆਫ਼ ਨਰਸਿੰਗ ਵਿੱਚ ਪੜ੍ਹਦੀ ਹਨ। ਅੰਗਰੇਜ਼ੀ ਮੀਡੀਅਮ ਦੇ ਇਸ ਕਾਲਜ ਵਿੱਚ ਦਾਖ਼ਲਾ ਲੈਣਾ ਜੱਦੋ-ਜਹਿਦ ਵਾਲ਼ਾ ਕੰਮ ਸੀ। ਪ੍ਰਵਾਨਗੀ ਹਾਸਲ ਕਰਨਾ ਤਾਂ ਹੋਰ ਵੀ ਔਖ਼ਾ ਰਿਹਾ।
ਜਿਸ ਦਿਨ ਹੋਰਨਾਂ ਵਿਦਿਆਰਥੀਆਂ ਨੂੰ ਪਤਾ ਚੱਲਿਆ ਕਿ ਉਨ੍ਹਾਂ ਦੇ ਪਿਤਾ ਦੀ ਆਈ. ਕੰਨਨ ਦੀ ਮੌਤ ਸੈਪਟਿਕ ਟੈਂਕ ਦੀ ਸਫ਼ਾਈ ਕਰਦਿਆਂ ਹੋਈ ਸੀ, ਉਨ੍ਹਾਂ ਦਾ ਅਗਲਾ ਸਵਾਲ ਮੇਰੀ ਜਾਤ ਨੂੰ ਲੈ ਕੇ ਸੀ।
“ਫਿਰ ਅਚਾਨਕ... ਇੰਝ ਜਾਪਿਆ ਜਿਓਂ ਸਾਡੇ ਦਰਮਿਆਨ ਕੋਈ ਅਦਿੱਖ ਕੰਧ ਖੜ੍ਹੀ ਹੋ ਗਈ ਹੋਵੇ,” ਸ਼ਾਯਲਾ ਕਹਿੰਦੀ ਹਨ।
ਇਹੀ ਉਹ ਅਦਿੱਖ ਕੰਧ ਹੈ ਜਿਸਨੂੰ ਉਹ ਅਤੇ ਉਨ੍ਹਾਂ ਦੀ ਮਾਂ 27 ਸਤੰਬਰ 2007 ਤੋਂ ਖੜ੍ਹਕਾਈ ਜਾ ਰਹੀਆਂ ਹਨ, ਉਸ ਸਮਾਂ ਜਦੋਂ ਕੰਨਨ ਅਤੇ ਦੋ ਸਹਿਕਰਮੀਆਂ ਦੀ ਮੌਤ ਹੋਈ ਸੀ। ਉਹ ਆਦਿ ਦ੍ਰਵਿੜ ਮਡਿਗਾ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਸਨ, ਇੱਕ ਅਜਿਹੀ ਜਾਤ ਹੈ ਜੋ ਹੱਥੀਂ ਗੰਦਗੀ ਢੋਹਣ ਦਾ ਕੰਮ ਕਰਦੀ ਹੈ। ਉਹ ਰਾਜਮਿਸਤਰੀ ਅਤੇ ਕੁਲੀ ਦਾ ਕੰਮ ਵੀ ਕਰ ਲੈਂਦੇ ਸਨ ਅਤੇ ਲੋਕਾਂ ਦੁਆਰਾ ਸੱਦੇ ਜਾਣ ‘ਤੇ ਉਹ ਸੈਪਟਿਕ ਟੈਂਕ ਅਤੇ ਸੀਵਰੇਜ ਸਾਫ਼ ਕਰਨ ਜਾਇਆ ਕਰਦੇ ਸਨ।
“ਇਹ ਇੱਕ ਲੰਬਾ ਸੰਘਰਸ਼ ਰਿਹਾ ਹੈ,” ਸ਼ਾਯਲਾ ਕਹਿੰਦੀ ਹਨ। “ਮੈਂ ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ (ਮਾਸਟਰ) ਹਾਸਲ ਕਰਨ ਲਈ ਸਖ਼ਤ ਮਿਹਨਤ ਕਰ ਰਹੀ ਹਾਂ। ਮੇਰੇ ਪਿਤਾ ਚਾਹੁੰਦੇ ਸਨ ਕਿ ਮੈਂ ਇੱਕ ਡਾਕਟਰ ਬਣਾਂ, ਪਰ ਉਨ੍ਹਾਂ ਦੇ ਸਾਥ ਬਗ਼ੈਰ, ਇਹ ਇੱਕ ਮੁਸ਼ਕਲ ਤੇ ਬੀਹੜ ਸੁਪਨਾ ਸੀ। ਫਿਰ ਮੈਂ ਨਰਸਿੰਗ ਕਾਲਜ ਵਿੱਚ ਦਾਖਲਾ ਲੈ ਲਿਆ। ਸਾਡੇ ਇਲਾਕੇ ਵਿੱਚ ਕਿਸੇ ਨੇ ਵੀ ਇਹ ਕੋਰਸ ਨਹੀਂ ਕੀਤਾ। ਜੇ ਮੈਂ ਬਤੌਰ ਨਰਸ ਚੁਣੀ ਜਾਂਦੀ ਹਾਂ ਤਾਂ ਇਹ ਮੇਰੇ ਪਿਤਾ ਨੂੰ ਇੱਕ ਸ਼ਰਧਾਂਜਲੀ ਹੋਵੇਗੀ। ਮੈਂ ਜਾਤ-ਪਾਤ ਵਿੱਚ ਯਕੀਨ ਨਹੀਂ ਕਰਦੀ ਅਤੇ ਜਾਤੀ ਜਾਂ ਧਰਮ ਦੇ ਅਧਾਰ ‘ਤੇ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ। ਇੱਕ ਗੱਲ ਜੋ ਮੈਂ ਪੂਰੀ ਦੁਨੀਆ ਨੂੰ ਦੱਸਣਾ ਚਾਹੁੰਦੀ ਹਾਂ, ਉਹ ਇਹ ਕਿ ਕਿਸੇ ਨੂੰ ਵੀ ਮੇਰੇ ਪਿਤਾ ਦੀ ਮੌਤ ਜਿਹੀ ਮੌਤ ਨਾ ਆਵੇ।”
“ਹੌਲ਼ੀ ਹੌਲ਼ੀ,” ਸ਼ਾਯਲਾ ਗੱਲ ਜਾਰੀ ਰੱਖਦੀ ਹਨ,“ਮੈਂ ਆਪਣੇ ਕਾਲਜ ਦੇ ਦੋਸਤਾਂ ਨਾਲ਼ ਇੱਕ ਪੱਧਰ ‘ਤੇ ਗੱਲਬਾਤ ਕਰਨ ਵਿੱਚ ਸਫ਼ਲ ਹੋਈ। ਹੁਣ ਉਨ੍ਹਾਂ ਵਿੱਚੋਂ ਕੁਝ ਕੁ ਪੜ੍ਹਾਈ ਵਿੱਚ ਮੇਰੀ ਮਦਦ ਕਰਦੇ ਹਨ। ਮੈਂ ਤਮਿਲ ਮਾਧਿਅਮ ਵਿੱਚ ਪੜ੍ਹਾਈ ਕੀਤੀ ਹੈ, ਇਸਲਈ ਮੇਰੀ ਅੰਗਰੇਜ਼ੀ ਕਮਜ਼ੋਰ ਹੈ। ਹਰ ਕੋਈ ਮੈਨੂੰ ਅੰਗਰੇਜ਼ੀ ਦੀ ਕੋਚਿੰਗ ਕਲਾਸ ਕਰਨ ਲਈ ਕਹਿੰਦਾ ਹੈ, ਪਰ ਅਸੀਂ ਇੰਨੀ ਫ਼ੀਸ ਨਹੀਂ ਦੇ ਸਕਦੇ, ਇਸਲਈ ਮੈਂ ਆਪਣੀ ਹਿੰਮਤ ਨਾਲ਼ ਅੰਗਰੇਜ਼ੀ ਸਿੱਖਣ ਦੀ ਕੋਸ਼ਿਸ਼ ਕਰ ਰਹੀ ਹਾਂ। ਮੇਰੇ ਸਾਹਮਣੇ ਅਸਫ਼ਲ ਹੋਣ ਦਾ ਕੋਈ ਵਿਕਲਪ ਹੀ ਨਹੀਂ।”
ਸ਼ਾਯਲਾ ਨੂੰ ਫ਼ਖਰ ਹੈ ਕਿ ਉਨ੍ਹਾਂ ਨੇ 12ਵੀਂ ਜਮਾਤ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਅਤੇ ਨੇੜੇ ਤੇੜੇ ਦੇ ਇਲਾਕਿਆਂ ਵਿੱਚ ਇੱਕ ਰਿਕਾਰਡ ਕਾਇਮ ਕੀਤਾ। ਮੀਡੀਆ ਨੇ ਉਨ੍ਹਾਂ ਦੀ ਸਫ਼ਲਤਾ ਦੀ ਕਹਾਣੀ ਬਿਆਨ ਕੀਤੀ ਸੀ, ਜਿਸ ਕਰਕੇ ਨਰਸਿੰਗ ਦੀ ਪੜ੍ਹਾਈ ਲਈ ਆਰਥਿਕ ਸਹਾਇਤਾ ਪ੍ਰਾਪਤ ਕਰਨ ਵਿੱਚ ਮਦਦ ਮਿਲ਼ੀ।
ਹੌਲ਼ੀ-ਹੌਲ਼ੀ ਪਰਤਾਂ ਖੁੱਲ੍ਹਣ ਲੱਗਦੀਆਂ ਹਨ। ਉਨ੍ਹਾਂ ਦੀ ਮਾਂ, 40 ਸਾਲਾ ਕੇ. ਨਾਗੰਮਾ ਹੈਰਾਨ ਹਨ, ਕਿਉਂਕਿ ਸ਼ਾਯਲਾ ਇੱਕ ਸ਼ਰਮੀਲੀ ਕੁੜੀ ਹਨ। ਉਹ ਪਹਿਲੀ ਵਾਰ ਹੈ ਕਿ ਉਹ ਆਪਣੀ ਧੀ ਨੂੰ ਇੰਨਾ ਬੇਬਾਕ ਬੋਲਦਿਆਂ ਦੇਖ ਰਹੀ ਹਨ।
ਨਾਗੰਮਾ ਇਹ ਯਕੀਨੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹਨ ਕਿ ਉਨ੍ਹਾਂ ਦੀਆਂ ਧੀਆਂ ਇੱਕ ਸੁਖਦ ਭਵਿੱਖ ਦਾ ਸੁਪਨਾ ਦੇਖ ਸਕਣ। ਉਨ੍ਹਾਂ ਦੀ ਛੋਟੀ ਧੀ, 10 ਸਾਲਾ ਕੇ. ਅਨੰਦੀ 10ਵੀਂ ਜਮਾਤ ਵਿੱਚ ਹਨ।
ਜਿਸ ਦਿਨ ਨਾਗੰਮਾ ਨੇ ਆਪਣੇ ਪਤੀ ਦੀ ਮੌਤ ਬਾਰੇ ਸੁਣਿਆ, ਉਹ ਡੂੰਘੇ ਸਦਮੇ ਵਿੱਚ ਚਲੀ ਗਈ। ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਦੀ ਦੇਖਭਾਲ਼ ਕੀਤੀ। ਉਸ ਸਮੇਂ ਸ਼ਾਯਲਾ ਕੋਈ ਅੱਠ ਸਾਲ ਦੀ ਸਨ ਤੇ ਆਨੰਦੀ ਮਹਿਜ ਛੇ ਸਾਲ ਦੀ ਅਤੇ ਅਜੇ ਤੱਕ ਸਕੂਲ ਦਾ ਵੀ ਮੂੰਹ ਨਹੀਂ ਸੀ ਦੇਖਿਆ।
“ਮੈਨੂੰ ਚੇਤੇ ਨਹੀਂ ਕਿ ਮੈਂ ਆਪਣੇ ਪਤੀ ਦੀ ਮ੍ਰਿਤਕ ਦੇਹ ਦੇ ਨਾਲ਼ ਆਂਧਰਾ ਪ੍ਰਦੇਸ਼ ਦੇ ਪ੍ਰਕਾਸ਼ਮ ਜ਼ਿਲ੍ਹੇ ਵਿਖੇ ਪੈਂਦੇ ਆਪਣੇ ਪਿੰਡ ਪਮੁਰੂ ਤੀਕਰ ਗਈ ਕਿਵੇਂ ਸਾਂ, ਨਾ ਹੀ ਮੈਨੂੰ ਉਨ੍ਹਾਂ ਦੇ ਅੰਤਮ ਸਸਕਾਰ ਦੀਆਂ ਰਸਮਾਂ ਹੀ ਚੇਤੇ ਹਨ। ਮੇਰੇ ਸਹੁਰਾ ਸਾਹਬ ਮੈਨੂੰ ਹਸਪਤਾਲ ਲੈ ਕੇ ਗਏ ਜਿੱਥੇ ਮੈਨੂੰ ਬਿਜਲੀ ਦੇ ਝਟਕੇ (ਇਲੈਕਟ੍ਰੋਕੰਵਲਿਸਵ ਥੈਰੇਪੀ) ਦਿੱਤੇ ਗਏ ਅਤੇ ਕਈ ਹੋਰ ਉਪਚਾਰ ਵੀ ਕੀਤੇ ਗਏ। ਇੰਨਾ ਕੁਝ ਹੋਣ ਤੋਂ ਬਾਅਦ ਕਿਤੇ ਜਾ ਕੇ ਮੈਨੂੰ ਹੋਸ਼ ਆਈ। ਮੈਨੂੰ ਇਸ ਗੱਲ ਨੂੰ ਸਵੀਕਾਰਨ ਵਿੱਚ ਦੋ ਸਾਲ ਤੋਂ ਵੱਧ ਸਮਾਂ ਲੱਗਿਆ ਕਿ ਮੇਰੇ ਪਤੀ ਅਸਲ ਵਿੱਚ ਹੁਣ ਨਹੀਂ ਰਹੇ।”
ਇਸ ਘਟਨਾ ਨੂੰ ਹੁਣ 10 ਸਾਲ ਬੀਤ ਚੁੱਕੇ ਹਨ, ਪਰ ਨਾਗੰਮਾ ਉਨ੍ਹਾਂ ਦੀ ਮੌਤ ਨੂੰ ਚੇਤੇ ਕਰਕੇ ਅੱਜ ਵੀ ਬੇਹੋਸ਼ ਜਿਹੀ ਹੋ ਜਾਂਦੀ ਹਨ। “ਉਦੋਂ ਮੇਰੇ ਰਿਸ਼ਤੇਦਾਰਾਂ ਨੇ ਸਮਝਾਇਆ ਸੀ ਕਿ ਮੈਨੂੰ ਆਪਣੀਆਂ ਧੀਆਂ ਲਈ ਜਿਊਣਾ ਚਾਹੀਦਾ ਹੈ। ਉਸ ਤੋਂ ਬਾਅਦ ਹੀ ਮੈਂ ਆਪਣਾ ਸੰਘਰਸ਼ ਸ਼ੁਰੂ ਕੀਤਾ। ਨੇੜੇ ਹੀ ਇੱਕ ਫ਼ੈਕਟਰੀ ਵਿੱਚ ਮੈਨੂੰ ਰੱਖ-ਰਖਾਅ ਦੀ ਨੌਕਰੀ ਮਿਲ਼ ਗਈ, ਪਰ ਮੈਨੂੰ ਉਹ ਕੰਮ ਪਸੰਦ ਨਹੀਂ ਸੀ। ਮੇਰੇ ਮਾਤਾ-ਪਿਤਾ ਵੀ ਸਫ਼ਾਈ ਕਰਮੀ ਸਨ- ਮੇਰੇ ਪਿਤਾ ਸੈਪਟਿਕ ਟੈਂਕ\ਮੈਨਹੋਲ ਦੀ ਸਫ਼ਾਈ ਕਰਦੇ ਸਨ ਅਤੇ ਕੂੜਾ ਢੋਂਹਦੇ ਸਨ। ਮੇਰੀ ਮਾਂ ਝਾੜੂ ਫੇਰਿਆ ਕਰਦੀ।”
ਤਮਿਲਨਾਡੂ ਵਿਖੇ ਬਹੁਤੇਰੇ ਸਫ਼ਾਈ ਕਰਮੀ ਆਂਧਰਾ ਪ੍ਰਦੇਸ਼ ਦੇ ਹੀ ਹਨ; ਉਹ ਤੇਲਗੂ ਬੋਲਦੇ ਹਨ। ਤਮਿਲਨਾਡੂ ਦੇ ਕਈ ਹਿੱਸਿਆਂ ਵਿੱਚ, ਸਫ਼ਾਈ ਕਰਮਚਾਰੀ ਭਾਈਚਾਰੇ ਵਾਸਤੇ ਖ਼ਾਸ ਤੇਲਗੂ ਮੀਡੀਅਮ ਸਕੂਲ ਬਣੇ ਹੋਏ ਹਨ।
ਨਾਗੰਮਾ ਅਤੇ ਉਨ੍ਹਾਂ ਦੇ ਪਤੀ ਮੂਲ਼ ਰੂਪ ਵਿੱਚ ਪਮੁਰੂ ਪਿੰਡ ਦੇ ਸਨ। ਨਾਗੰਮਾ ਕਹਿੰਦੀ ਹਨ,“ਮੇਰਾ ਵਿਆਹ 1995 ਵਿੱਚ ਹੋਇਆ ਸੀ, ਜਦੋਂ ਮੈਂ 18 ਸਾਲਾਂ ਦੀ ਸਾਂ। ਮੇਰੇ ਮਾਪੇ ਮੇਰੇ ਜਨਮ ਤੋਂ ਪਹਿਲਾਂ ਹੀ ਚੇਨੱਈ ਆ ਗਏ ਸਨ। ਅਸੀਂ ਆਪਣੇ ਵਿਆਹ ਲਈ ਪਿੰਡ ਚਲੇ ਗਏ ਅਤੇ ਚੇਨੱਈ ਮੁੜਨ ਤੋਂ ਪਹਿਲਾਂ ਕੁਝ ਸਾਲ ਉੱਥੇ ਹੀ ਰਹੇ। ਮੇਰੇ ਪਤੀ ਰਾਜਗਿਰੀ ਦਾ ਕੰਮ ਕਰਨ ਲੱਗੇ। ਜਦੋਂ ਕੋਈ ਸੈਪਟਿਕ ਟੈਂਕ ਸਾਫ਼ ਕਰਨ ਲਈ ਬੁਲਾਉਂਦਾ ਤਾਂ ਓਧਰ ਚਲੇ ਜਾਂਦੇ। ਜਦੋਂ ਮੈਨੂੰ ਪਤਾ ਚੱਲਿਆ ਕਿ ਉਹ ਸੀਵਰ ਸਾਫ਼ ਕਰਨ ਦਾ ਕੰਮ ਕਰਦੇ ਹਨ ਤਾਂ ਮੈਂ ਇਸ ਗੱਲ਼ ਦਾ ਵਿਰੋਧ ਕੀਤਾ। ਉਸ ਤੋਂ ਬਾਅਦ, ਉਹ ਜਦੋਂ ਵੀ ਸੀਵਰ ਸਾਫ਼ ਕਰਨ ਜਾਂਦੇ ਤਾਂ ਮੈਨੂੰ ਦੱਸਣਾ ਮੁਨਾਸਬ ਨਾ ਸਮਝਦੇ। 2007 ਵਿੱਚ ਜਦੋਂ ਉਨ੍ਹਾਂ ਦੀ ਅਤੇ ਦੋ ਹਰ ਸਹਿਕਰਮੀਆਂ ਦੀ ਸੈਪਟਿਕ ਟੈਂਕ ਅੰਦਰ ਮੌਤ ਹੋਈ ਤਾਂ ਕਿਤੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਨਾ ਹੀ ਕਿਸੇ ਨੂੰ ਇਸ ਹਾਦਸੇ ਵਾਸਤੇ ਜ਼ਿੰਮੇਦਾਰ ਹੀ ਠਹਿਰਾਇਆ ਗਿਆ। ਦੇਖੋ, ਸਾਡਾ ਦੇਸ਼ ਹੀ ਆਪਣੇ ਲੋਕਾਂ ਨਾਲ਼ ਕਿਹੋ ਜਿਹਾ ਸਲੂਕ ਕਰਦਾ ਹੈ। ਸਾਡੀ ਮਦਦ ਵਾਸਤੇ ਕੋਈ ਅੱਗੇ ਨਹੀਂ ਆਇਆ- ਕੋਈ ਸਰਕਾਰ ਨਹੀਂ, ਕੋਈ ਅਧਿਕਾਰੀ ਨਹੀਂ। ਆਖ਼ਰਕਾਰ, ਸਫ਼ਾਈ ਕਰਮਚਾਰੀ ਅੰਦੋਲਨ (ਐੱਸਕੇਏ) ਨੇ ਮੈਨੂੰ ਆਪਣੇ ਹੱਕਾਂ ਖ਼ਾਤਰ ਲੜਨ ਦਾ ਰਾਹ ਦਿਖਾਇਆ। ਮੈਂ ਸਾਲ 2013 ਵਿੱਚ ਅੰਦੋਲਨ ਦੇ ਸੰਪਰਕ ਵਿੱਚ ਆਈ।”
ਆਪਣੇ ਹੱਕਾਂ ਬਾਰੇ ਜਾਗਰੂਕ ਹੋਣ ਤੋਂ ਬਾਅਦ, ਨਾਗੰਮਾ ਬੁਲੰਦ ਤੇ ਦ੍ਰਿੜ ਹੁੰਦੀ ਚਲੀ ਗਈ। ਉਹ ਹੋਰਨਾਂ ਔਰਤਾਂ ਨਾਲ਼ ਮਿਲ਼ੀ, ਜਿਨ੍ਹਾਂ ਨੇ ਆਪਣੇ ਪਤੀਆਂ ਜਾਂ ਪਿਆਰਿਆਂ ਨੂੰ ਸੈਪਟਿਕ ਟੈਂਕ ਹਾਦਸੇ ਵਿੱਚ ਗੁਆ ਲਿਆ ਸੀ। “ਉਦੋਂ ਕਿਤੇ ਮੈਨੂੰ ਪਤਾ ਚੱਲਿਆ ਕਿ ਗਟਰ ਦੀ ਜਿਲ੍ਹਣ ਵਿੱਚ ਆਪਣਾ ਪਤੀ ਗੁਆਉਣ ਵਾਲ਼ੀ ਮੈਂ ਇਕੱਲੀ ਨਹੀਂ ਹਾਂ, ਸਗੋਂ ਸੈਂਕੜੇ ਔਰਤਾਂ ਹਨ ਜਿਨ੍ਹਾਂ ਦਾ ਦੁੱਖ ਮੇਰੇ ਦੁੱਖ ਜਿਹਾ ਹੀ ਹੈ, ਤਾਂ ਮੈਂ ਆਪਣੇ ਦੁੱਖ ਨੂੰ ਆਪਣੀ ਤਾਕਤ ਵਿੱਚ ਬਦਲਣਾ ਸ਼ੁਰੂ ਕਰ ਦਿੱਤਾ।”
ਉਸ ਤਾਕਤ ਨੇ ਨਾਗੰਮਾ ਨੂੰ ਹਾਊਸ-ਕੀਪਿੰਗ ਦੀ ਨੌਕਰੀ ਛੱਡਣ ਦੇ ਸਮਰੱਥ ਬਣਾਇਆ। ਉਨ੍ਹਾਂ ਨੇ 20,000 ਰੁਪਏ ਦਾ ਕਰਜ਼ਾ ਚੁੱਕਿਆ ਅਤੇ ਆਪਣੇ ਪਿਤਾ ਅਤੇ ਕੁੱਲ ਭਾਰਤੀ ਸੰਗਠਨ, ਐੱਸਕੇਏ ਦੀ ਮਦਦ ਨਾਲ਼ ਇੰਦਰਾ ਨਗਰ ਵਿਖੇ ਆਪਣੇ ਘਰ ਦੇ ਸਾਹਮਣੇ ਕਰਿਆਨੇ ਦੀ ਇੱਕ ਦੁਕਾਨ ਖੋਲ੍ਹੀ।
ਪਤੀ ਦੀ ਮੌਤ ਤੋਂ ਬਾਅਦ ਮੁਆਵਜ਼ੇ ਦੀ ਉਨ੍ਹਾਂ ਦੀ ਲੜਾਈ ਨੇ 21ਵੀਂ ਸਦੀ ਦੇ ਇਸ ਭਾਰਤ ਵਿੱਚ ਜਾਤੀ ਦੀ ਹੋਰ ਡੂੰਘੇਰੀ ਹੁੰਦੀ ਖਾਈ ਨੂੰ ਉਨ੍ਹਾਂ ਦੇ ਸਾਹਮਣੇ ਲਿਆ ਪਟਕਿਆ। ਨਗਰ ਨਿਗਮ ਨੇ ਆਖ਼ਰਕਾਰ ਨਵੰਬਰ 2016 ਵਿੱਚ ਉਨ੍ਹਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ, ਜੋ ਸਾਲ 2014 ਦੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ, ਸੀਵਰ ਦੀ ਸਫ਼ਾਈ ਦੌਰਾਨ ਮਾਰੇ ਜਾਣ ਵਾਲ਼ਿਆਂ ਦੇ ਪਰਿਵਾਰਾਂ ਨੂੰ ਦੇਣਾ ਲਾਜ਼ਮੀ ਕਰ ਦਿੱਤਾ ਗਿਆ। ਨਾਗੰਮਾ ਨੇ ਕਰਜ਼ਾ ਦਾ ਪੈਸਾ ਚੁਕਾ ਦਿੱਤਾ, ਆਪਣੇ ਦੁਕਾਨ ਵਿੱਚ ਕੁਝ ਹੋਰ ਪੈਸੇ ਲਾਏ ਅਤੇ ਆਪਣੀਆਂ ਧੀਆਂ ਦੇ ਨਾਮ ‘ਤੇ ਬੈਂਕ ਵਿੱਚ ਸਥਿਰ ਜਮ੍ਹਾ ਖਾਤਾ (ਐੱਫ਼ਡੀ) ਖੁੱਲ੍ਹਵਾ ਦਿੱਤਾ।
“ਮੇਰੀ ਮਾਂ ਇੱਕ ਦਲੇਰ ਔਰਤ ਹੈ,” ਆਨੰਦੀ ਬੜੇ ਮਾਣ ਨਾਲ਼ ਕਹਿੰਦੀ ਹਨ। “ਭਾਵੇਂ ਕਿ ਉਹ ਅਨਪੜ੍ਹ ਹਨ, ਪਰ ਕਿਸੇ ਵੀ ਅਧਿਕਾਰੀ ਨਾਲ਼ ਪੂਰੇ ਆਤਮਵਿਸ਼ਵਾਸ ਨਾਲ਼ ਗੱਲ਼ ਕਰਦੀ ਹਨ ਭਾਵੇਂ ਉਹ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ। ਇਨ੍ਹਾਂ ਨੇ ਆਪਣਾ ਬਿਨੈ ਹਰ ਥਾਵੇਂ ਜਮ੍ਹਾ ਕਰਵਾਇਆ। ਅਧਿਕਾਰੀ ਜਦੋਂ ਆਪਣੇ ਦਫ਼ਤਰ ਵਿੱਚ ਪ੍ਰਵੇਸ਼ ਕਰਦੇ ਤਾਂ ਇਨ੍ਹਾਂ ਨੂੰ ਉੱਥੇ ਦੇਖ ਕੇ ਚੌਕਸ ਹੋ ਜਾਇਆ ਕਰਦੇ ਸਨ, ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਇਹ ਔਰਤ ਘੰਟਿਆਂ-ਬੱਧੀ ਉਡੀਕ ਕਰ ਲਵੇਗੀ ਅਤੇ ਆਪਣੇ ਅਧਿਕਾਰਾਂ ਨੂੰ ਲੈ ਕੇ ਅੰਤਹੀਣ ਬਹਿਸ ਕਰੇਗੀ।”
“ਮੇਰੇ ਪਤੀ ਦੀ ਮੌਤ ਸਾਲ 2007 ਵਿੱਚ ਹੋਈ ਸੀ ਅਤੇ ਇੰਨੇ ਸੰਘਰਸ਼ ਤੋਂ ਬਾਅਦ ਅਤੇ ਸੰਗਠਨ ਦੀ ਮਦਦ ਨਾਲ਼ ਮੈਨੂੰ 2016 ਦੇ ਅੰਤ ਵਿੱਚ ਜਾ ਕੇ ਮੁਆਵਜ਼ਾ ਮਿਲ਼ ਸਕਿਆ।” ਸੁਪਰੀਮ ਕੋਰਟ ਦੇ 2014 ਦੇ ਫ਼ੈਸਲੇ ਮੁਤਾਬਕ ਮੈਨੂੰ ਉਸੇ ਸਾਲ ਮੁਆਵਜ਼ਾ ਮਿਲ਼ ਜਾਣਾ ਚਾਹੀਦਾ ਸੀ। ਪਰ ਇੱਥੇ ਨਿਆ ਦਾ ਕੋਈ ਢਾਂਚਾ ਹੈ ਹੀ ਕਿੱਥੇ। ਕਿਸੇ ਨੂੰ ਫ਼ਰਕ ਨਹੀਂ ਪੈਂਦਾ। ਇਸ ਢਾਂਚੇ ਨੇ ਮੈਨੂੰ ਮਿਹਤਰ (ਸਫ਼ਾਈ ਕਰਨ ਵਾਲ਼ਾ) ਬਣਨ ਲਈ ਮਜ਼ਬੂਰ ਕੀਤਾ। ਇੰਝ ਭਲ਼ਾ ਕਿਉਂ ਹੋਇਆ? ਕਿਉਂਕਿ ਮੈਂ ਇਸ ਕੰਮ ਨੂੰ ਸਵੀਕਾਰਨ ਤੋਂ ਮਨ੍ਹਾ ਕਰ ਦਿੱਤਾ। ਮੈਂ ਆਪਣੇ ਅਤੇ ਆਪਣੀਆਂ ਧੀਆਂ ਵਾਸਤੇ ਜਾਤੀਮੁਕਤ ਜੀਵਨ ਦੀ ਲੜਾਈ ਲੜ ਰਹੀ ਹਾਂ। ਤੁਸੀਂ ਦੱਸੋ ਤੁਸੀਂ ਕਿਹੜੇ ਪਾਸੇ ਹੋ?
ਤਰਜਮਾ: ਕਮਲਜੀਤ ਕੌਰ