ਨਵਸ਼ਯਾ ਕੁਵਰਾ ਨੇ ਦੱਖਣ ਮੁੰਬਈ ਦੇ ਅਜ਼ਾਦ ਮੈਦਾਨ ਵਿੱਚ ਕਰੀਬ 40 ਪ੍ਰਦਰਸ਼ਨਕਾਰੀਆਂ ਲਈ ਆਪਣੀ ਧੁਮਸੀ (ਢੋਲ) ਵਜਾਉਣਾ ਅਜੇ ਹੁਣੇ ਹੀ ਸਮਾਪਤ ਕੀਤਾ। ਰਾਤ ਦੇ ਕਰੀਬ 11 ਵਜੇ ਉਹ ਜਿਓਂ ਹੀ ਅਰਾਮ ਕਰਨ ਲਈ ਬੈਠੇ, ਤਿੰਨ ਆਦਮੀ ਉਨ੍ਹਾਂ ਦੇ ਕੋਲ਼ ਅੱਪੜੇ।

"ਕੀ ਵਿਆਹ ਹੈ? ਕਿਸ ਦਿਨ?" ਨਵਸ਼ਯਾ ਨੇ ਪੁੱਛਿਆ। ਉਨ੍ਹਾਂ ਨੇ ਆਪਸ ਵਿੱਚ ਗੱਲ ਕੀਤੀ, ਇੱਕ-ਦੂਸਰੇ ਦੇ ਫੋਨ ਨੰਬਰ ਲਏ, ਫਿਰ ਤਿੰਨੋਂ ਚਲੇ ਗਏ। ਉਸ ਤੋਂ ਬਾਦ ਨਵਸ਼ਯਾ ਕਿਸਾਨਾਂ ਦੇ ਉਸ ਸਮੂਹ ਦੇ ਕੋਲ਼ ਗਏ, ਜੋ 25 ਜਨਵਰੀ ਨੂੰ ਅਜ਼ਾਦ ਮੈਦਾਨ ਦੇ ਵਿਰੋਧ ਪ੍ਰਦਰਸ਼ਨ ਵਿੱਚ ਉਨ੍ਹਾਂ ਦੇ ਨਾਲ਼ ਮੌਜੂਦ ਸਨ ਅਤੇ ਮੁਸਕਰਾਉਂਦਿਆਂ ਉਨ੍ਹਾਂ ਨੂੰ ਕਿਹਾ: "ਮੈਨੂੰ ਹੁਣੇ ਇੱਕ ਸੁਪਾਰੀ (ਕੰਮ) ਮਿਲੀ ਹੈ।"

ਡਹਾਣੂ ਤਾਲੁਕਾ ਦੇ ਆਪਣੇ ਪਿੰਡ, ਕਿੰਹਵਲੀ ਵਿੱਚ ਨਵਸ਼ਯਾ ਅਤੇ ਉਨ੍ਹਾਂ ਦੀ ਪਤਨੀ ਬਿਜਿਲੀ ਕਰੀਬ ਪੰਜ ਏਕੜ ਜੰਗਲ ਭੂਮੀ 'ਤੇ ਜਵਾਰ, ਚੌਲ਼ ਅਤੇ ਅਰਹਰ ਉਗਾਉਂਦੇ ਹਨ। ਜਦੋਂ ਉਹ ਖੇਤੀ 'ਤੇ ਨਹੀਂ ਹੁੰਦੇ ਤਾਂ 55 ਸਾਲਾ ਕਿਸਾਨ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਵਿੱਚ ਮਸ਼ਰੂਫ਼ ਰਹਿੰਦੇ ਹਨ। ਉਹ ਮਹੀਨੇ ਵਿੱਚ 10-15 ਵਿਆਹਾਂ ਵਿੱਚ ਨਾ-ਮਾਤਰ ਮਿਹਨਤਾਨੇ ਵਿੱਚ ਢੋਲ ਵਜਾਉਂਦੇ ਹਨ, ਅਤੇ ਅਯੋਜਕ ਹੀ ਉਨ੍ਹਾਂ ਦੀ ਯਾਤਰਾ, ਖਾਣ-ਪੀਣ ਅਤੇ ਠਹਿਰਣ ਦਾ ਖ਼ਰਚ ਚੁੱਕਦੇ ਹਨ। "ਜ਼ਿਆਦਾਤਰ ਨਾਸਿਕ ਵਿੱਚ ਅਤੇ ਕਦੇ-ਕਦਾਈਂ ਬਾਹਰ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਾ ਹਾਂ। ਮੈਂ ਠਾਣੇ ਅਤੇ ਗੁਜਰਾਤ ਵੀ ਗਿਆ ਹਾਂ," ਨਵਸ਼ਯਾ ਨੇ ਕਿਹਾ।

ਉਹ ਕਰੀਬ 40 ਸਾਲਾਂ ਤੋਂ ਧੁਮਸੀ ਵਜਾ ਰਹੇ ਹਨ। "ਮੈਂ ਆਪਣੇ ਪਿੰਡ ਵਿੱਚ ਹੋਰਨਾਂ ਸੰਗੀਤਕਾਰਾਂ ਨੂੰ ਸੁਣਿਆ ਅਤੇ ਇਸ ਤਰ੍ਹਾਂ ਵਜਾਉਣਾ ਸਿੱਖ ਲਿਆ," ਉਨ੍ਹਾਂ ਨੇ ਕਿਹਾ।

ਵੀਡਿਓ ਦੇਖੋ- ਸੰਗੀਤ ਦੀ ਧੁਨ : ਅਜ਼ਾਦ ਮੈਦਾਨ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਵਿੱਚ ਤਾਪਰਾ ਅਤੇ ਧੁਮਸੀ

"ਜੇਕਰ ਕੋਈ ਵਿਆਹ ਹੈ, ਕੋਈ ਤਿਓਹਾਰ ਹੈ, ਤਾਂ ਅਸੀਂ ਨੱਚਦੇ ਹਾਂ," ਉਨ੍ਹਾਂ ਨੇ ਕਿਹਾ। "ਅਸੀਂ ਲਗਾਤਾਰ ਕਈ ਦਿਨਾਂ ਤੱਕ ਨਾਚ ਕਰ ਸਕਦੇ ਹਾਂ, ਅਸੀਂ ਥੱਕਦੇ ਵੀ ਨਹੀਂ।" ਇਸ ਵਾਰ ਇਸ ਜਸ਼ਨ ਦਾ ਕਾਰਨ ਕੇਂਦਰ ਦੇ ਨਵੇਂ ਖੇਤੀ ਬਿੱਲਾਂ ਦੇ ਖਿਲਾਫ਼ ਪੂਰੇ ਮਹਾਰਾਸ਼ਟਰ ਦੇ ਕਰੀਬ 15,000 ਪ੍ਰਦਰਸ਼ਨਕਾਰੀਆਂ ਦਾ ਹਜੂਮ ਸੀ। ਸੰਯੁਕਤ ਸ਼ੇਤਕਾਰੀ ਕਾਮਗਾਰ ਮੋਰਚਾ ਦੁਆਰਾ ਅਯੋਜਿਤ ਇਸ ਧਰਨੇ ਵਿੱਚ, 21 ਜਿਲ੍ਹਿਆਂ ਦੇ ਕਿਸਾਨ ਵਾਹਨਾਂ ਵਿੱਚ ਸਵਾਰ ਹੋ ਕੇ ਦੋ ਦਿਨਾਂ ਵਿੱਚ ਕਰੀਬ 180 ਕਿਮੀ ਦੀ ਦੂਰੀ ਤੈਅ ਕਰਦਿਆਂ ਜੱਥੇ ਦੇ ਰੂਪ ਵਿੱਚ ਮੁੰਬਈ ਆਏ ਸਨ।

25 ਜਨਵਰੀ ਨੂੰ ਦਿਨ ਬੀਤਣ ਤੱਕ, ਨਵਸ਼ਯਾ ਦੋ ਦਿਨਾਂ ਤੋਂ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਹੇ ਸਨ। ਉਹ 23 ਜਨਵਰੀ ਨੂੰ ਪਾਲਘਰ ਜਿਲ੍ਹੇ ਵਿੱਚ ਸਥਿਤ ਆਪਣੇ ਘਰੋਂ ਤੁਰੇ ਸਨ, ਪਰ ਹਾਲੇ ਤੀਕਰ ਥੱਕੇ ਨਹੀਂ:"ਮੈਨੂੰ ਇਹਦੀ ਆਦਤ ਹੈ। ਮੈਂ ਵਿਆਹਾਂ ਵਿੱਚ ਵੀ ਪੂਰੀ ਰਾਤ ਵਜਾਉਂਦਾ ਹਾਂ," ਉਨ੍ਹਾਂ ਨੇ ਕਿਹਾ।

"ਹਰ ਕੋਈ (ਮੇਰੇ ਭਾਈਚਾਰੇ ਵਿੱਚ) ਇਸ ਨਾਚ ਨੂੰ ਜਾਣਦਾ ਹੈ," ਵਾਰਲੀ ਆਦਿਵਾਸੀ ਭਾਈਚਾਰੇ, ਇੱਕ ਪਿਛਲੇ ਕਬੀਲੇ ਨਾਲ਼ ਸਬੰਧ ਰੱਖਣ ਵਾਲੇ ਨਵਸ਼ਯਾ ਨੇ ਕਿਹਾ। ਉਨ੍ਹਾਂ ਦੇ ਨਾਲ਼ ਹੀ ਬੈਠੀ ਸਨ, ਡਹਾਣੂ ਤਾਲੁਕਾ ਦੇ ਧਮਨਗਾਓਂ ਦੀ 53 ਸਾਲਾ ਵਾਰਲੀ ਆਦਿਵਾਸੀ ਕਿਸਾਨ, ਤਾਈਕਕੜੇ ਥਾਪੜ। "ਤਿਓਹਾਰਾਂ ਦੀ ਸ਼ੁਰੂਆਤ ਦੁਸ਼ਹਿਰੇ ਦੇ ਆਸਪਾਸ ਹੁੰਦੀ ਹੈ। ਉਸੇ ਸਮੇਂ ਬਿਜਾਈ ਵੀ ਕੀਤੀ ਜਾਂਦੀ ਹੈ," ਥਾਪੜ ਨੇ ਕਿਹਾ। "ਦੁਸ਼ਹਿਰੇ ਤੋਂ ਲੈ ਕੇ (ਨਵੰਬਰ ਵਿੱਚ) ਦੀਵਾਲੀ ਤੱਕ, ਅਸੀਂ ਇਸ ਨਾਚ ਦੇ ਨਾਲ਼ ਜਸ਼ਨ ਮਨਾਉਂਦੇ ਹਾਂ। ਇਸੇ ਤਰ੍ਹਾਂ ਮੈਂ ਵੀ ਸਿੱਖਿਆ ਸੀ।"

ਅਜ਼ਾਦ ਮੈਦਾਨ ਵਿੱਚ ਨਰਤਕੇ-ਪ੍ਰਦਰਸ਼ਨਕਾਰੀ ਡਹਾਣੂ ਅਤੇ ਨੇੜੇ-ਤੇੜੇ ਦੇ ਤਾਲੁਕਾ ਦੇ ਵੱਖ-ਵੱਖ ਆਦਿਵਾਸੀ ਭਾਈਚਾਰਿਆਂ ਤੋਂ ਸਨ। ਉਹ ਜਿਨ੍ਹਾਂ ਕਨੂੰਨਾਂ ਦਾ ਵਿਰੋਧ ਕਰ ਰਹੇ ਹਨ: ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020 ; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020 ; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020

ਤਿੰਨੋਂ ਖੇਤੀ ਕਨੂੰਨ ਕੇਂਦਰ ਸਰਕਾਰ ਨੇ 5 ਜੂਨ 2020 ਨੂੰ ਆਰਡੀਨੈਂਸ ਵਜੋਂ ਜਾਰੀ ਕੀਤਾ, ਫਿਰ 14 ਸਤੰਬਰ ਨੂੰ ਸੰਸਦ ਵਿੱਚ ਬਤੌਰ ਖੇਤੀ ਬਿੱਲਾਂ ਦੇ ਪੇਸ਼ ਕੀਤਾ ਅਤੇ ਉਸੇ ਮਹੀਨੇ ਦੀ 20 ਤਰੀਕ ਆਉਂਦੇ-ਆਉਂਦੇ ਕਨੂੰਨ ਬਣਾ ਦਿੱਤਾ।

Navshya Kuvra (left), along with Taikakde Thapad (in red saree, centre) and other Adivasi women, and Navji Hadal (right) were among the performers at Azad Maidan
PHOTO • Riya Behl
Navshya Kuvra (left), along with Taikakde Thapad (in red saree, centre) and other Adivasi women, and Navji Hadal (right) were among the performers at Azad Maidan
PHOTO • Riya Behl
Navshya Kuvra (left), along with Taikakde Thapad (in red saree, centre) and other Adivasi women, and Navji Hadal (right) were among the performers at Azad Maidan
PHOTO • Riya Behl

ਨਵਸ਼ਯਾ ਕੁਵਰਾ (ਖੱਬੇ), ਤਾਈਕਕੜੇ ਥਾਪੜ (ਲਾਲ ਸਾੜੀ ਵਿੱਚ, ਵਿਚਕਾਰ) ਅਤੇ ਹੋਰ ਆਦਿਵਾਸੀ ਔਰਤਾਂ ਅਤੇ ਨਵਜੀ ਹਾਡਲ (ਸੱਜੇ) ਅਜਾਦ ਮੈਦਾਨ ਵਿੱਚ ਕਲਾਕਾਰਾਂ ਵਿੱਚ ਸ਼ਾਮਲ ਸਨ

ਕਿਸਾਨ ਇਨ੍ਹਾਂ ਕਨੂੰਨਾਂ ਨੂੰ ਆਪਣੀ ਰੋਜੀ-ਰੋਟੀ ਲਈ ਵਿਨਾਸ਼ਕਾਰੀ ਦੇ ਰੂਪ ਵਿੱਚ ਦੇਖ ਰਹੇ ਹਨ ਕਿਉਂਕਿ ਇਹ ਕਨੂੰਨ ਵੱਡੇ ਕਾਰਪੋਰੇਟਾਂ ਨੂੰ ਕਿਸਾਨਾਂ ਅਤੇ ਖੇਤੀ 'ਤੇ ਜਿਆਦਾ ਅਧਿਕਾਰ ਪ੍ਰਦਾਨ ਕਰਦੇ ਹਨ। ਨਵੇਂ ਕਨੂੰਨ ਘੱਟੋਘੱਟ ਸਮਰਥਨ ਮੁੱਲ (ਐੱਮਐੱਸਪੀ), ਖੇਤੀ ਪੈਦਾਵਾਰ ਮਾਰਕੀਟਿੰਗ ਕਮੇਟੀਆਂ (APMC), ਰਾਜ ਦੁਆਰਾ ਖ਼ਰੀਦ ਆਦਿ ਸਣੇ, ਕਿਸਾਨਾਂ ਦੀ ਸਹਾਇਤਾ ਕਰਨ ਵਾਲੇ ਮੁੱਖ ਰੂਪਾਂ ਨੂੰ ਵੀ ਕਮਜੋਰ ਕਰਦੇ ਹਨ। ਇਨ੍ਹਾਂ ਕਨੂੰਨਾਂ ਦੀ ਇਸਲਈ ਵੀ ਅਲੋਚਨਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਹਰ ਭਾਰਤੀ ਨੂੰ ਪ੍ਰਭਾਵਤ ਕਰਨ ਵਾਲੇ ਹੈ। ਇਹ ਭਾਰਤ ਦੇ ਸੰਵਿਧਾਨ ਦੀ ਧਾਰਾ 32 ਨੂੰ ਕਮਜੋਰ ਕਰਦਿਆਂ ਸਾਰੇ ਨਾਗਰਿਕਾਂ ਦੇ ਕਨੂੰਨੀ ਉਪਚਾਰ ਦੇ ਅਧਿਕਾਰ ਨੂੰ ਅਯੋਗ ਕਰਦੇ ਹਨ।

"ਸਰਕਾਰ ਦੇ ਤਿੰਨੋਂ ਕਨੂੰਨ ਉਨ੍ਹਾਂ ਲੋਕਾਂ ਦੇ ਖਿਲਾਫ਼ ਹਨ ਜੋ ਖੇਤਾਂ ਵਿੱਚ ਕੰਮ ਕਰਦੇ ਹਨ," ਨਾਰਾਇਣ ਗੋਰਖਾਨਾ ਨੇ ਕਿਹਾ, ਜੋ ਸਵੇਰੇ ਤੋਂ ਹੀ ਰੁੱਕ-ਰੁੱਕ ਕੇ ਤਾਰਪਾ ਜੋ ਕਿ ਸਥਿਰ ਅਤੇ ਘੱਟ ਧੁਨੀ ਵਾਲਾ ਵਾਯੂ ਸਾਜ ਹੈ-ਵਜਾ ਰਹੇ ਸਨ। "ਇਸਲਈ ਅਸੀਂ ਇੱਥੇ ਹਾਂ।" ਗੋਰਖਾਨਾ ਜਿਨ੍ਹਾਂ ਦਾ ਸਬੰਧ ਕੋਲੀ ਮਲਹਾਰ ਭਾਈਚਾਰੇ, ਇੱਕ ਪਿਛੜੇ ਕਬੀਲੇ, ਨਾਲ਼ ਹੈ, ਪਾਲਘਰ ਦੇ ਓਸਰਵੀਰਾ ਪਿੰਡ ਵਿੱਚ ਇੱਕ ਏਕੜ ਤੋਂ ਵੱਧ ਜੰਗਲੀ ਭੂਮੀ 'ਤੇ ਚੌਲ਼, ਨਚਨੀ, ਜਵਾਰ ਅਤੇ ਹੋਰਨਾਂ ਫ਼ਸਲਾਂ ਦੀ ਕਾਸ਼ਤ ਕਰਦੇ ਹਨ।

ਡਹਾਣੂ ਦੇ ਇੱਕ ਹੋਰ ਤਾਰਪਾ ਵਾਦਕ, 60 ਸਾਲਾ ਨਵਜੀ ਹਾਡਲ ਵੀ ਅਜ਼ਾਦ ਮੈਦਾਨ ਵਿੱਚ ਸਨ। ਉਹ ਪਿਛਲੇ 40 ਸਾਲਾਂ ਤੋਂ ਪੇਸ਼ਕਾਰੀ ਕਰ ਰਹੇ ਹਨ। "ਮੈਂ ਪੰਜ ਏਕੜ ਵਿੱਚ ਖੇਤੀ ਕਰਦਾ ਹਾਂ। ਪਰ ਮੈਨੂੰ ਸਿਰਫ਼ ਇੱਕ ਏਕੜ ਭੂਮੀ ਦਾ ਮਾਲਿਕਾਨਾ ਹੀ ਮਿਲਿਆ," ਉਹ ਉਸ ਜ਼ਮੀਨ ਦਾ ਜ਼ਿਕਰ ਕਰਦਿਆਂ ਕਹਿੰਦੇ ਹਨ, ਜਿਹਦਾ ਮਾਲਿਕਾਨਾ ਹੱਕ ਪ੍ਰਾਪਤ ਕਰਨ ਲਈ ਉਹ ਜੰਗਲ ਅਧਿਕਾਰ ਐਕਟ, 2006 ਦੇ ਤਹਿਤ ਹੱਕਦਾਰ ਹਨ। ਇਸ ਐਕਟ ਦੇ ਤਹਿਤ ਆਪਣੇ ਅਧਿਕਾਰਾਂ ਦੀ ਮੰਗ ਮਹਾਰਾਸ਼ਟਰ ਦੇ ਆਦਿਵਾਸੀ ਕਿਸਾਨ ਆਪਣੇ ਵਿਰੋਧ ਪ੍ਰਦਰਸ਼ਨਾਂ ਵਿੱਚ ਲਗਾਤਾਰ ਕਰਦੇ ਰਹੇ ਹਨ। "ਇਨ੍ਹਾਂ ਤਿੰਨੋਂ ਬਿੱਲਾਂ ਦੇ ਕਾਰਨ, ਹੋਰ ਵੀ ਕਈ ਕੰਪਨੀਆਂ ਖੇਤੀ ਵਿੱਚ ਪ੍ਰਵੇਸ਼ ਕਰਨਗੀਆਂ ਅਤੇ ਉਹ ਸਾਡੇ ਲਈ ਕੀਮਤਾਂ ਤੈਅ ਕਰਨਗੀਆਂ। ਅਸੀਂ ਇੰਝ ਨਹੀਂ ਚਾਹੁੰਦੇ ਹਾਂ।"

ਕਵਰ ਫ਼ੋਟੋ: ਊਰਨਾ ਰਾਊਤ

ਤਰਜਮਾ ਕਰਨ ਵਿੱਚ ਮਦਦ ਦੇਣ ਲਈ ਪਾਰਥ ਐੱਮ.ਐੱਨ. ਦਾ ਸ਼ੁਕਰੀਆ।

ਤਰਜਮਾ - ਕਮਲਜੀਤ ਕੌਰ

Oorna Raut

Oorna Raut is Research Editor at the People’s Archive of Rural India.

की अन्य स्टोरी Oorna Raut
Riya Behl

रिया बहल, मल्टीमीडिया जर्नलिस्ट हैं और जेंडर व शिक्षा के मसले पर लिखती हैं. वह पीपल्स आर्काइव ऑफ़ रूरल इंडिया (पारी) के लिए बतौर सीनियर असिस्टेंट एडिटर काम कर चुकी हैं और पारी की कहानियों को स्कूली पाठ्क्रम का हिस्सा बनाने के लिए, छात्रों और शिक्षकों के साथ काम करती हैं.

की अन्य स्टोरी Riya Behl
Translator : Kamaljit Kaur

कमलजीत कौर, पंजाब की रहने वाली हैं और एक स्वतंत्र अनुवादक हैं. उन्होंने पंजाबी साहित्य में एमए किया है. कमलजीत समता और समानता की दुनिया में विश्वास करती हैं, और इसे संभव बनाने की दिशा में प्रयासरत हैं.

की अन्य स्टोरी Kamaljit Kaur