ਬਾਂਸਾਂ ਤੋਂ ਬਣੀ ਇਸ ਛੋਟੀ ਜਿਹੀ ਛੰਨ ਵਿੱਚ ਇੱਕ ਛੋਟੀ ਜਿਹੀ ਮੰਜੀ ਡੱਠੀ ਹੈ ਜਿਸ 'ਤੇ ਉਨ੍ਹਾਂ ਕੱਪੜਿਆਂ ਦਾ ਢੇਰ ਲੱਗਿਆ ਹੈ ਜੋ ਮੋਹਿਨੀ ਕੌਰ ਨੇ ਠੀਕ ਕਰਨੇ ਹਨ। ''ਮੈਂ ਕੋਈ ਬਹੁਤ ਵਧੀਆ ਦਰਜੀ ਤਾਂ ਨਹੀਂ ਪਰ ਜਿੰਨੀ ਹੋ ਸਕਦੀ ਹੈ ਮੈਂ ਸੇਵਾ ਕਰਨ ਦੀ ਕੋਸ਼ਿਸ਼ ਕਰਦੀ ਹਾਂ,'' 61 ਸਾਲਾ ਮਾਤਾ ਮੋਹਿਨੀ ਕੌਰ ਨੇ ਕਿਹਾ ਜੋ ਨਵੀਂ ਦਿੱਲੀ ਦੇ ਸਵਰੂਪ ਨਗਰ ਵਿਖੇ ਰਹਿੰਦੀ ਹਨ ਅਤੇ ਨਵੰਬਰ 2020 ਤੋਂ ਸਿੰਘੂ ਵਿਖੇ ਹੀ ਰਹਿੰਦੀ ਆਈ ਹਨ। ''ਮੈਂ ਇੱਥੇ ਧਰਨਾ ਕਰ ਰਹੇ ਇਨ੍ਹਾਂ ਕਿਸਾਨ ਵੀਰਾਂ ਦੀ ਸੇਵਾ ਖ਼ਾਤਰ ਆਈ ਸਾਂ। ਉਹ ਸਾਡੇ ਲਈ ਅੰਨ ਉਗਾਉਂਦੇ ਹਨ ਬੱਸ ਸਿਰਫ਼ ਇਸੇ ਤਰੀਕੇ ਨਾਲ਼ ਮੈਂ ਉਨ੍ਹਾਂ ਦਾ ਮੁੱਲ ਮੋੜ ਸਕਦੀ ਸਾਂ,'' ਉਨ੍ਹਾਂ ਨੇ ਕਿਹਾ। ਮੋਹਿਨੀ ਇੱਕ ਵਾਰ ਵੀ ਘਰ ਵਾਪਸ ਨਹੀਂ ਗਈ, ਜਦੋਂ ਤੱਕ ਕਿ ਇਸ ਸਾਲ 9 ਦਸੰਬਰ ਨੂੰ ਕਿਸਾਨਾਂ ਜਥੇਬੰਦੀਆਂ ਨੇ ਅੰਦੋਲਨ ਵਾਪਸ ਨਹੀਂ ਲੈ ਲਿਆ।
ਜਦੋਂ ਸਿੰਘੂ (ਦਿੱਲੀ-ਹਰਿਆਣਾ ਦੀ ਸਰਹੱਦ) ਵਿਖੇ ਉਨ੍ਹਾਂ ਦੀ ਨਿਸ਼ਕਾਮ ਸੇਵਾ ਨੂੰ ਅਜੀਤ ਅਖ਼ਬਾਰ ਨੇ ਸਾਹਮਣੇ ਲਿਆਂਦਾ ਤਾਂ ਉਨ੍ਹਾਂ ਦੀ ਸੇਵਾ ਨੇ ਪੰਜਾਬ ਦੇ ਇੱਕ ਪਾਠਕ ਨੂੰ ਉਨ੍ਹਾਂ ਦੀ ਮਦਦ ਕਰਨ ਲਈ ਪ੍ਰੇਰਿਆ। ਇਸ ਸਾਲ ਜੁਲਾਈ ਮਹੀਨੇ, 22 ਸਾਲਾ ਨੌਜਵਾਨ ਹਰਜੀਤ ਸਿੰਘ, ਮੋਹਿਨੀ ਕੌਰ ਦੀ ਮਦਦ ਕਰਨ ਲਈ ਅੱਗੇ ਆਇਆ।
ਹਰਜੀਤ ਸਿੰਘ ਦੀ ਆਪਣੀ ਦਰਜੀ ਦੀ ਦੁਕਾਨ ਹੈ, ਜੋ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਸ਼ਹਿਰ ਵਿੱਚ ਹੈ। ਉਨ੍ਹਾਂ ਦੇ ਪਿਤਾ ਇੱਕ ਕਿਸਾਨ ਹਨ ਅਤੇ ਆਪਣੀ ਚਾਰ ਏਕੜ ਦੀ ਪੈਲ਼ੀ ਵਿੱਚ ਚੌਲ਼, ਕਣਕ ਅਤੇ ਮੱਕੀ ਉਗਾਉਂਦੇ ਹਨ। ''ਮੈਂ ਆਪਣੀ ਦੁਕਾਨ ਦੋ ਕਾਰੀਗਰਾਂ ਦੇ ਆਸਰੇ ਛੱਡੀ ਅਤੇ ਮੋਹਿਨੀ ਜੀ ਦੀ ਮਦਦ ਕਰਨ ਵਾਸਤੇ ਜੁਲਾਈ ਮਹੀਨੇ ਸਿੰਘੂ ਅੱਪੜ ਗਿਆ। ਇੱਥੇ ਕਰਨ ਨੂੰ ਬੜਾ ਕੰਮ ਹੈ; ਉਹ ਇਕੱਲਿਆਂ ਤਾਂ ਕਰ ਹੀ ਨਹੀਂ ਸਕਦੀ।''
ਇਸ ਛੋਟੀ ਜਿਹੀ ਛੰਨ ਵਿੱਚ ਮੰਜੀ ਅਤੇ ਮੇਜ਼ ਤੋਂ ਇਲਾਵਾ ਦੋ ਸਿਲਾਈ ਮਸ਼ੀਨਾਂ ਅਤੇ ਇੱਕ ਪੱਖਾ ਪਿਆ ਹੈ। ਭੁੰਜੇ ਪਏ ਗੈਸ ਕਨਸਤਰ ਸਟੋਵ 'ਤੇ ਦੁੱਧ ਉਬਾਲ਼ਿਆ ਜਾਂਦਾ ਸੀ। ਇਹ ਛੰਨ ਇੰਨੀ ਛੋਟੀ ਹੈ ਕਿ ਮੋਹਿਨੀ ਜਾਂ ਹਰਜੀਤ ਨਾਲ਼ ਗੱਲ ਕਰਨ ਵਾਸਤੇ ਇੱਕ ਸਮੇਂ ਇੱਕੋ ਜਣਾ ਹੀ ਅੰਦਰ ਆ ਪਾਉਂਦਾ। 'ਗਾਹਕ' ਕਿਸਾਨ ਜਾਂ ਧਰਨੇ ਵਿਖੇ ਮੌਜੂਦ ਬਾਕੀ ਹੋਰ ਲੋਕ ਬੂਹਿਓਂ ਬਾਹਰ ਹੀ ਖੜ੍ਹੇ ਰਹਿੰਦੇ।
ਮੇਜ਼ ਦੇ ਇੱਕ ਪਾਸੇ ਕੱਪੜੇ ਦੇ ਥਾਣ ਪਏ ਹੋਏ ਸਨ। ''ਇਹ ਖ਼ਾਲਸ ਸੂਤੀ ਕੱਪੜਾ ਹੈ ਅਤੇ ਇੱਥੇ ਕੱਪੜੇ ਬਜ਼ਾਰ ਵਾਲ਼ੇ ਰੇਟ 'ਤੇ ਮਿਲ਼ਦੇ ਹਨ। ਮੈਂ ਸਿੰਥੈਟਿਕ ਕੱਪੜਾ ਨਹੀਂ ਰੱਖਦੀ,'' ਮੋਹਿਨੀ ਨੇ ਕੱਪੜੇ ਬਾਬਤ ਪੁਣ-ਛਾਣ ਕਰਦੇ ਬੰਦੇ ਨੂੰ ਜਵਾਬ ਦਿੱਤਾ। ''ਕੱਪੜੇ ਦੀ ਕੀਮਤ 100 ਰੁਪਏ ਮੀਟਰ ਹੈ।'' ਉਹ ਆਪਣੇ ਗਾਹਕਾਂ ਤੋਂ ਸਿਰਫ਼ ਕੱਪੜੇ ਦੀ ਕੀਮਤ ਲੈਂਦੀ ਹਨ ਅਤੇ ਸਿਲਾਈ ਮੁਫ਼ਤ ਕਰਦੀ ਹਨ। ਹਾਂ ਜੇਕਰ ਲੋਕ ਆਪਣੀ ਮਰਜ਼ੀ ਨਾਲ਼ ਕੁਝ ਦੇਣਾ ਚਾਹੁੰਣ ਤਾਂ ਉਹ ਲੈ ਲੈਂਦੀ ਹਨ।
ਮੋਹਿਨੀ ਨੇ 1987 ਵਿੱਚ ਬੰਗਲੁਰੂ ਵਿਖੇ ਨਰਸ ਵਜੋਂ ਸਿਖਲਾਈ ਲਈ ਸੀ। ਮਾਂ ਬਣਨ ਤੋਂ ਪਹਿਲਾਂ ਉਨ੍ਹਾਂ ਨੇ ਬਤੌਰ ਨਰਸ ਕਈ ਸਾਲ ਕੰਮ ਵੀ ਕੀਤਾ। ਉਨ੍ਹਾਂ ਦੀ ਵਿਆਹੁਤਾ ਧੀ ਦੱਖਣੀ ਪੱਛਮੀ ਦਿੱਲੀ ਦੇ ਗੁਆਂਢੀ ਇਲਾਕੇ ਦਵਾਰਕਾ ਵਿੱਚ ਰਹਿੰਦੀ ਹਨ। ਪੰਜ ਸਾਲ ਪਹਿਲਾਂ, ਚੇਚਕ ਦੇ ਗੰਭੀਰ ਸੰਕ੍ਰਮਣ ਕਾਰਨ ਮੋਹਿਨੀ ਦੇ ਜਵਾਨ ਬੇਟੇ ਦੀ ਮੌਤ ਹੋ ਗਈ ਜਿਨ੍ਹਾਂ ਦੀ ਉਮਰ ਮਸਾਂ 20 ਸਾਲ ਸੀ। ''ਆਪਣੇ ਬੇਟੇ ਦੀ ਮੌਤ ਦੇ ਦੁੱਖ 'ਚੋਂ ਉਭਰਣਾ ਕੋਈ ਸੌਖਾ ਨਹੀਂ ਸੀ। ਇਸਲਈ, ਮੈਂ ਸੋਚਿਆ, ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਕੰਮ ਨੇ ਮੇਰੇ ਅੰਦਰ ਊਰਜਾ ਭਰ ਦਿੱਤੀ ਅਤੇ ਮੈਨੂੰ ਇਕੱਲਾਪਣ ਵੀ ਮਹਿਸੂਸ ਨਹੀਂ ਹੁੰਦਾ। ਹਰਜੀਤ ਉਨ੍ਹਾਂ ਨੂੰ 'ਮਾਂ' ਕਹਿੰਦੇ ਹਨ। ''ਹੁਣ ਤੋਂ ਮੈਂ ਹੀ ਉਨ੍ਹਾਂ ਦਾ ਪੁੱਤਰ ਹਾਂ,'' ਇੰਚੀ ਟੇਪ ਨੂੰ ਗਲ਼ੇ ਵਿੱਚ ਹਾਰ ਵਾਂਗਰ ਪਾਉਂਦਿਆਂ ਉਨ੍ਹਾਂ ਨੇ ਕਿਹਾ।
26 ਨਵੰਬਰ ਨੂੰ ਸਵੇਰ ਤੋਂ ਹੀ ਸਿੰਘੂ ਦਾ ਮੰਚ ਪਾਠ, ਅਰਦਾਸ ਅਤੇ ਕੀਰਤਨ ਨਾਲ਼ ਗੂੰਜ ਉੱਠਿਆ। ਕਿਸਾਨੀ ਸੰਘਰਸ਼ ਦੀ ਪਹਿਲੀ ਵਰ੍ਹੇਗੰਢ ਮੌਕੇ ਪੂਰਾ ਆਲ਼ਾ-ਦੁਆਲ਼ਾ ਭਾਸ਼ਣਾਂ, ਗੀਤਾਂ ਅਤੇ ਤਾੜੀਆਂ ਨਾਲ਼ ਗੂੰਜ ਉੱਠਿਆ। ਪਰ ਮੋਹਿਨੀ ਅਤੇ ਹਰਜੀਤ ਪਹਿਲਾਂ ਵਾਂਗਰ ਹੀ ਰੁੱਝੇ ਰਹੇ, ਮਾਪ ਲੈਂਦੇ, ਕੱਪੜੇ ਕੱਟਦੇ ਅਤੇ ਸਿਲਾਈ ਮਸ਼ੀਨ ਦੇ ਪਹੀਏ ਘਮਾਉਂਦੇ ਰਹੇ। ਉਹ ਖਾਣਾ ਖਾਣ ਜਾਂ ਰਾਤ ਨੂੰ ਸੌਣ ਵੇਲ਼ੇ ਹੀ ਉੱਠਦੇ। ਮੋਹਿਨੀ ਇਸੇ ਛੰਨ ਵਿੱਚ ਸੌਂਦੀ ਹਨ ਅਤੇ ਹਰਜੀਤ ਥੋੜ੍ਹੀ ਦੂਰ ਖੜ੍ਹੇ ਆਪਣੀ ਟਰੈਕਟ-ਟਰਾਲੀ ਵਿੱਚ।
ਉਹ ਖਾਣਾ ਖਾਣ ਜਾਂ ਰਾਤ ਨੂੰ ਸੌਣ ਵੇਲ਼ੇ ਹੀ ਉੱਠਦੇ। ਮੋਹਿਨੀ ਇਸੇ ਛੰਨ ਵਿੱਚ ਸੌਂਦੇ ਹਨ ਅਤੇ ਹਰਜੀਤ ਥੋੜ੍ਹੀ ਦੂਰ ਖੜ੍ਹੇ ਆਪਣੀ ਟਰੈਕਟਰ-ਟਰਾਲੀ ਵਿੱਚ
ਮੋਹਿਨੀ ਅਤੇ ਹਰਜੀਤ ਕੱਪੜੇ ਸਿਉਣ ਦੀ ਆਪਣੀ ਸੇਵਾ ਉਦੋਂ ਤੀਕਰ ਜਾਰੀ ਰੱਖਣੀ ਚਾਹੁੰਦੇ ਹਨ ਜਿੰਨਾ ਚਿਰ ਕਿਸਾਨ ਇੱਥੇ ਬਣੇ ਰਹਿਣਗੇ ਅਤੇ ਉਨ੍ਹਾਂ ਨੇ ਕੀਤਾ ਵੀ ਇੰਝ ਹੀ। '' ਸੇਵਾ ਸੇ ਕਭੀ ਦਿਲ ਨਹੀਂ ਭਰਤਾ, '' ਮੋਹਿਨੀ ਨੇ ਕਿਹਾ।
9 ਦਸੰਬਰ 2021 ਨੂੰ ਕਿਸਾਨਾਂ ਦੇ ਧਰਨੇ ਦਾ 378ਵਾਂ ਦਿਨ... ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਐਲਾਨ ਕੀਤਾ ਕਿ ਕਿਸਾਨ ਦਿੱਲੀ ਦੀਆਂ ਸਰਹੱਦਾਂ ਖਾਲੀ ਕਰ ਦੇਣਗੇ। ਉਨ੍ਹਾਂ ਨੇ ਪਿਛਲੇ ਸਾਲ ਦਿੱਲੀ ਦੀਆਂ ਬਰੂਹਾਂ 'ਤੇ ਤੰਬੂ ਗੱਡੇ ਅਤੇ ਉਨ੍ਹਾਂ ਕਨੂੰਨਾਂ ਖਿਲਾਫ਼ ਧਰਨਾ ਸ਼ੁਰੂ ਕੀਤਾ ਜੋ 5 ਜੂਨ 2020 ਨੂੰ ਆਰਡੀਨੈਂਸ ਬਣਾ ਕੇ ਪਾਸ ਹੋਏ ਅਤੇ 14 ਸਤੰਬਰ ਨੂੰ ਬਤੌਰ ਖੇਤੀ ਬਿੱਲ ਸੰਸਦ ਵਿੱਚ ਪੇਸ਼ ਕੀਤੇ ਗਏ ਅਤੇ 20 ਸਤੰਬਰ 2020 ਆਉਂਦੇ ਆਉਂਦੇ ਕਨੂੰਨ ਬਣ ਗਏ।
ਵਾਹੋਦਾਹੀ ਵਿੱਚ ਪਾਸ ਕੀਤੇ ਇਹ ਖੇਤੀ ਕਨੂੰਨ 29 ਨਵੰਬਰ 2021 ਨੂੰ ਸੰਸਦ ਵਿੱਚ ਵਾਪਸ ਲੈ ਲਏ ਗਏ। ਇਹ ਕਨੂੰਨ ਸਨ: ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020 ; ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਨ) ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020 ।
ਕਿਸਾਨ ਜਥੇਬੰਦੀਆਂ ਨੇ 9 ਦਸੰਬਰ, 2021 ਨੂੰ ਅੰਦੋਲਨ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ, ਜਦੋਂ ਕੇਂਦਰ ਸਰਕਾਰ ਨੇ ਉਨ੍ਹਾਂ ਦੀਆਂ ਬਹੁਤੇਰੀਆਂ ਮੰਗਾਂ ਨੂੰ ਪ੍ਰਵਾਨ ਕਰ ਲਿਆ। ਪਰ ਉਨ੍ਹਾਂ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਕਨੂੰਨੀ ਗਰੰਟੀ ਹਾਸਲ ਕਰਨ ਲਈ ਗੱਲਬਾਤ ਜਾਰੀ ਰਹੇਗੀ।
ਸਿੰਘੂ ਬਾਰਡਰ ਤੋਂ ਕਰੀਬ 40 ਕਿਲੋਮੀਟਰ ਦੂਰ ਪੱਛਮੀ ਦਿੱਲੀ ਦੇ ਟੀਕਰੀ ਬਾਰਡਰ ਵਿਖੇ, ਡਾਕਟਰ ਸਾਕਸ਼ੀ ਪੰਨੂ ਪੂਰਾ ਹਫ਼ਤਾ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਹੈਲਥ ਕਲੀਨਿਕ ਚਲਾਉਂਦੀ ਰਹੀ। ਉਨ੍ਹਾਂ ਨੇ ਕਿਹਾ,''ਮੇਰੇ ਕੋਲ਼ ਰੋਜ਼ ਤਕਰੀਬਨ 100 ਮਰੀਜ਼ ਹਰ ਰੋਜ਼ ਆਉਂਦੇ ਹਨ। ਬਹੁਤੇਰੇ ਜਣਿਆਂ ਨੂੰ ਸਰਦੀ ਅਤੇ ਬੁਖ਼ਾਰ ਦੀ ਦਵਾਈ ਮੰਗਦੇ ਹਨ। ਕਈਆਂ ਨੂੰ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ। ਇੱਥੇ ਰਹਿੰਦਿਆਂ ਹੋਇਆਂ ਕਈ ਲੋਕਾਂ ਦਾ ਢਿੱਡ ਠੀਕ ਨਹੀਂ ਰਹਿੰਦਾ,'' ਉਨ੍ਹਾਂ ਨੇ ਕਿਹਾ।
ਨਵੰਬਰ ਮਹੀਨੇ ਜਦੋਂ ਅਸੀਂ ਸਾਕਸ਼ੀ ਨੂੰ ਮਿਲ਼ੇ ਤਾਂ ਉਨ੍ਹਾਂ ਦੀ ਕਲੀਨਿਕ ਵਿਖੇ ਮਰੀਜ਼ਾਂ ਦੀ ਬੜੀ ਲੰਬੀ ਕਤਾਰ ਲੱਗੀ ਹੁੰਦੀ। ਇੱਕ ਮਰੀਜ਼ ਉਨ੍ਹਾਂ ਕੋਲ਼ੋਂ ਖੰਘ ਦੀ ਦਵਾਈ ਮੰਗ ਰਿਹਾ ਸੀ ਅਤੇ ਉਹ ਉਨ੍ਹਾਂ ਨੂੰ ਅਗਲੇ ਦਿਨ ਆਉਣ ਦਾ ਕਹਿ ਰਹੀ ਸਨ, ਕਿਉਂਕਿ ਉਸ ਦਿਨ ਦਵਾਈ ਮੁੱਕ ਚੁੱਕੀ ਸੀ। ਕਲੀਨਿਕ ਵਾਸਤੇ ਦਵਾਈਆਂ ਅਤੇ ਹੋਰ ਉਪਕਰਣਾਂ ਦਾ ਪ੍ਰਬੰਧ, ਹਰਿਆਣਾ ਦੇ ਗ੍ਰਾਮੀਣ ਇਲਾਕਿਆਂ ਵਿੱਚ ਕਿਰਿਆਸ਼ੀਲ ਇੱਕ ਸਮਾਜਿਕ ਸੰਗਠਨ ਉਜ਼ਮਾ ਬੈਠਕ ਨੇ ਕੀਤਾ ਸੀ।
ਸਾਕਸ਼ੀ ਨੇ ਕਿਹਾ ਕਿ ਉਹ ਤਾਂ ਆਪਣੀ ਕਲੀਨਿਕ ਨੂੰ ਹੋਰ ਵੱਧ ਸਮੇਂ ਵਾਸਤੇ ਖੋਲ੍ਹਣਾ ਚਾਹੁੰਦੀ ਹੁੰਦੀ ਹਨ, ਪਰ ''ਘਰੇ ਮੇਰਾ 18 ਮਹੀਨਿਆਂ ਦਾ ਬੇਟਾ, ਵਾਸਤਿਕ ਹੈ, ਜਿਸ ਨਾਲ਼ ਸਮਾਂ ਬਿਤਾਉਣਾ ਵੀ ਜ਼ਰੂਰੀ ਹੁੰਦਾ ਹੈ। ਮੈਨੂੰ ਉਹਦੀ ਵੀ ਦੇਖਭਾਲ਼ ਕਰਨੀ ਪੈਂਦੀ ਹੈ।'' ਉਹ ਇਸ ਸਾਲ ਅਪ੍ਰੈਲ ਮਹੀਨੇ ਤੋਂ ਧਰਨੇ ਵਿਖੇ ਕੰਮ ਕਰਦੀ ਰਹੀ ਹਨ। ਜਦੋਂ ਉਹ ਕਲੀਨਿਕ ਦੇ ਕੰਮਾਂ ਵਿੱਚ ਰੁਝੀ ਹੁੰਦੀ ਹਨ ਤਾਂ ਉਸ ਦੌਰਾਨ ਵਾਸਤਿਕ ਆਪਣੇ ਦਾਦਾ-ਦਾਦੀ ਨਾਲ਼ ਹੁੰਦਾ ਹੈ ਅਤੇ ਉਹ ਕਈ ਵਾਰੀ ਆਪਣੇ ਪੋਤੇ ਨੂੰ ਲੈ ਕੇ ਧਰਨੇ 'ਤੇ ਆਉਂਦੇ ਰਹੇ ਹਨ ਅਤੇ ਅਰਦਾਸਾਂ ਅਤੇ ਮੀਟਿੰਗਾਂ ਵਿੱਚ ਹਿੱਸਾ ਲੈਂਦੇ ਰਹੇ ਹਨ। ਮੇਰਾ ਪੂਰਾ ਪਰਿਵਾਰ ਧਰਨੇ ਦੀ ਹਮਾਇਤ ਕਰਦਾ ਹੈ।
ਉਨ੍ਹਾਂ ਦੇ ਦਾਦਾ ਜੰਮੂ ਵਿੱਚ ਇੱਕ ਕਿਸਾਨ ਸਨ ਅਤੇ ਉਨ੍ਹਾਂ ਦਾ ਸਹੁਰਾ ਪਰਿਵਾਰ ਮੂਲ਼ ਰੂਪ ਵਿੱਚ ਹਰਿਆਣੇ ਦੇ ਜੀਂਦ ਜ਼ਿਲ੍ਹੇ ਦੇ ਝਾਮੋਲਾ ਪਿੰਡ ਦਾ ਰਹਿਣ ਵਾਲ਼ਾ ਹੈ। ਸਾਕਸ਼ੀ ਨੇ ਦੱਸਿਆ,''ਸਾਡੀਆਂ ਜੜ੍ਹਾਂ ਸਾਡੀ ਮਿੱਟੀ ਵਿੱਚ ਹੀ ਹਨ ਅਤੇ ਅਸੀਂ ਕਿਸਾਨਾਂ ਦੀ ਮੰਗ ਅਤੇ ਖੇਤੀ ਕਨੂੰਨਾਂ ਖ਼ਿਲਾਫ਼ ਉਨ੍ਹਾਂ ਦੇ ਅੰਦੋਲਨ ਦੀ ਪੂਰੀ ਤਰ੍ਹਾਂ ਹਮਾਇਤ ਕਰਦੇ ਹਾਂ।''
ਟੀਕਰੀ ਬਾਰਡਰ ਤੋਂ ਸਾਕਸ਼ੀ ਦਾ ਘਰ ਕਰੀਬ ਪੰਜ ਕਿਲੋਮੀਟਰ ਦੂਰ ਹੈ, ਜੋ ਹਰਿਆਣਾ ਦੇ ਬਹਾਦੁਰਗੜ੍ਹ ਕਸਬੇ ਵਿੱਚ ਪੈਂਦਾ ਹੈ, ਜਿੱਥੇ ਉਹ ਆਪਣੇ ਬੇਟੇ ਵਾਸਤਿਕ, ਪਤੀ ਅਮਿਤ ਅਤੇ ਆਪਣੇ ਸੱਸ-ਸਹੁਰੇ ਨਾਲ਼ ਰਹਿੰਦੀ ਹਨ। 2018 ਵਿੱਚ ਨਵੀਂ ਦਿੱਲੀ ਦੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਤੋਂ ਐੱਮਬੀਬੀਐੱਸ ਦੀ ਡਿਗਰੀ ਪੂਰੀ ਕਰਨ ਤੋਂ ਬਾਅਦ, ਸਾਕਸ਼ੀ ਨੇ ਇੱਕ ਸਾਲ ਤੱਕ ਕਾਲੇਜ ਦੇ ਹਸਪਤਾਲ ਵਿੱਚ ਕੰਮ ਕੀਤਾ। ਅਜੇ ਹੁਣ ਵੀ ਛੁੱਟੀ (ਪੜ੍ਹਾਈ ਤੋਂ) 'ਤੇ ਹਨ ਤਾਂਕਿ ਆਪਣੇ ਬੇਟੇ ਦੇ ਥੋੜ੍ਹਾ ਵੱਡਾ ਹੋਣ ਤੋਂ ਬਾਅਦ ਆਪਣੀ ਜਨਰਲ ਮੈਡੀਸੀਨ ਵਿੱਚ ਪੋਸਟਗ੍ਰੈਜੁਏਟ ਡਿਗਰੀ ਦੀ ਪੜ੍ਹਾਈ ਕਰ ਸਕਣ।
''ਮੈਂ ਸਦਾ ਤੋਂ ਆਮ ਲੋਕਾਂ ਵਾਸਤੇ ਕੁਝ ਨਾ ਕੁਝ ਕਰਨਾ ਲੋਚਦੀ ਸਾਂ। ਇਸਲਈ ਜਦੋਂ ਕਿਸਾਨ ਇੱਥੇ ਟੀਕਰੀ ਬਾਰਡਰ ਵਿਖੇ ਇਕੱਠੇ ਹੋਏ ਤਾਂ ਮੈਂ ਸੋਚ ਲਿਆ ਸੀ ਕਿ ਮੈਂ ਇੱਕ ਕਲੀਨਿਕ ਚਲਾਊਂਗੀ ਅਤੇ ਬਤੌਰ ਡਾਕਟਰ ਸੇਵਾ ਨਿਭਾਊਂਗੀ। ਜਦੋਂ ਤੱਕ ਕਿਸਾਨ ਡਟੇ ਰਹਿਣਗੇ ਓਦੋਂ ਤੱਕ ਮੈਂ ਵੀ ਉਨ੍ਹਾਂ ਲਈ ਕੰਮ ਕਰਦੀ ਰਹਾਂਗੀ।''
ਕਿਸਾਨਾਂ ਨੂੰ ਘਰ ਵਾਪਸੀ ਵੇਲ਼ੇ ਸਮਾਨ ਬੰਨ੍ਹਦਿਆਂ ਦੇਖ ਮੋਹਿਨੀ ਖ਼ੁਸ਼ੀ ਨਾਲ਼ ਕਹਿੰਦੀ ਹਨ,''ਫ਼ਤਹਿ ਹੋ ਗਈ।'' ਭਾਵੁਕ ਅਤੇ ਖ਼ੁਸ਼, ਸਾਕਸ਼ੀ ਕਹਿੰਦੀ ਹਨ,''ਆਖ਼ਰਕਾਰ ਪੂਰੇ ਸਾਲ ਦੀ ਮਿਹਨਤ ਨੂੰ ਬੂਰ ਪਿਆ।'' ਆਪਣੇ ਮਨ ਵਿੱਚ ਦ੍ਰਿੜਤਾ ਨਾਲ਼ ਸੇਵਾ ਦੀ ਭਾਵਨਾ ਸਮੋਈ ਉਹ ਅੱਗੇ ਕਹਿੰਦੀ ਹਨ,''ਮੈਂ ਇੱਥੇ ਉਦੋਂ ਤੱਕ ਰਹਾਂਗੀ ਜਦੋਂ ਤੱਕ ਅਖੀਰਲਾ ਕਿਸਾਨ ਭਰਾ ਵੀ ਵਾਪਸ ਮੁੜ ਨਹੀਂ ਜਾਂਦਾ।''
ਲੇਖਿਕਾ, ਇਸ ਸਟੋਰੀ ਦੀ ਰਿਪੋਰਟਿੰਗ ਵਿੱਚ ਸਹਾਇਤਾ ਦੇਣ ਲਈ ਅਮੀਰ ਮਲਿਕ ਦਾ ਸ਼ੁਕਰੀਆ ਅਦਾ ਕਰਦੀ ਹਨ।
ਤਰਜਮਾ: ਕਮਲਜੀਤ ਕੌਰ