ਤਾਲਾਬੰਦੀ ਦੇ ਸਤਾਏ ਅਬਦੁਲ ਸੱਤਾਰ ਨੂੰ ਬੰਗਲੁਰੂ ਛੱਡਿਆਂ ਕੋਈ ਚਾਰ ਮਹੀਨਿਆਂ ਤੋਂ ਵੱਧ ਸਮਾਂ ਲੰਘ ਚੁੱਕਿਆ ਹੈ।

''ਅਸੀਂ ਕਿਸੇ ਵੀ ਤਰ੍ਹਾਂ ਇੱਥੋਂ ਨਿਕਲ਼ ਹੀ ਜਾਵਾਂਗੇ, ਭਾਵੇਂ ਥੋੜ੍ਹੀ ਦੇਰ ਹੀ ਕਿਉਂ ਨਾ ਹੋ ਜਾਵੇ,'' ਉਹ ਨੇ ਕਿਹਾ ਸੀ। ਇਹ ਉਦੋਂ ਦੀ ਗੱਲ ਹੈ ਜਦੋਂ 20 ਮਈ ਨੂੰ ਅੰਫਨ ਚੱਕਰਵਾਤ ਜ਼ਮੀਨ ਨਾਲ਼ ਟਕਰਾਉਣ ਵਾਲ਼ਾ ਸੀ। ਫਿਰ ਵੀ, ਅਬਦੁਲ ਅਤੇ ਉਨ੍ਹਾਂ ਦੇ ਦੋਸਤ ਪੱਛਮੀ ਬੰਗਾਲ ਦੇ ਪੱਛਮ ਮੋਦਿਨੀਪੁਰ ਜ਼ਿਲ੍ਹੇ ਵਿਖੇ ਆਪਣੇ ਪਿੰਡ, ਚਕ ਲੱਛੀਪੁਰ ਤੱਕ ਦੀ 1,800 ਕਿਲੋਮੀਟਰ ਦਾ ਲੰਬਾ ਪੈਂਡਾ ਮਾਰਨ ਨੂੰ ਵੀ ਰਾਜ਼ੀ ਸਨ।

ਅਬਦੁਲ ਨੂੰ ਮੁੰਬਈ ਤੋਂ ਬੰਗਲੁਰੂ ਆਇਆਂ ਬਾਮੁਸ਼ਕਲ ਅਜੇ ਥੋੜ੍ਹੇ ਕੁ ਹੀ ਮਹੀਨੇ ਹੋਏ ਸਨ। ਉਹ ਜਨਵਰੀ ਜਾਂ ਫਰਵਰੀ ਵਿੱਚ ਇੱਥੇ ਆਏ ਸਨ, ਉਨ੍ਹਾਂ ਦਾ ਕਹਿਣਾ ਹੈ। ਉਨ੍ਹਾਂ ਦੀ ਪਤਨੀ, 32 ਸਾਲਾ ਹਮੀਦਾ ਬੇਗ਼ਮ ਜੋ ਕਿ ਘਰੇਲੂ ਔਰਤ ਹਨ ਆਪਣੇ ਬੱਚਿਆਂ, ਸਲਮਾ ਖ਼ਾਤੂਨ (ਉਮਰ 13 ਸਾਲ) ਅਤੇ ਯਾਸਿਰ ਹਾਮਿਦ (ਉਮਰ 12 ਸਾਲ) ਦੇ ਨਾਲ਼ ਘਟਕ ਤਾਲੁਕਾ ਵਿਖੇ ਪੈਂਦੇ ਆਪਣੇ ਪਿੰਡ ਵਿੱਚ ਤਿੰਨ ਕਮਰਿਆਂ ਦੇ ਛੋਟੇ ਜਿਹੇ ਘਰ ਵਿੱਚ ਰਹਿੰਦੀ ਹਨ। ਉਨ੍ਹਾਂ ਦੇ ਪਰਿਵਾਰ ਦੇ ਕੋਲ਼ 24 ਡਿਸਮਿਲ (ਇੱਕ ਚੌਥਾਈ ਏਕੜ) ਜ਼ਮੀਨ ਹੈ, ਜਿਸ 'ਤੇ ਉਨ੍ਹਾਂ ਦਾ ਭਰਾ ਝੋਨੇ ਦੀ ਖੇਤੀ ਕਰਦਾ ਹੈ।

ਅਬਦੁਲ ਨੇ 8ਵੀਂ ਜਮਾਤ ਵਿੱਚ ਹੀ ਸਕੂਲ ਜਾਣਾ ਛੱਡ ਦਿੱਤਾ ਅਤੇ ਪਿੰਡ ਦੇ ਬਾਕੀ ਲੋਕਾਂ ਵਾਂਗਰ ਕਢਾਈ ਦਾ ਕੰਮ ਸਿੱਖਣ ਲੱਗੇ। ਉਦੋਂ ਤੋਂ ਹੀ ਉਹ ਅੱਡ-ਅੱਡ ਥਾਵਾਂ 'ਤੇ ਕੰਮ ਕਰਦੇ ਰਹੇ ਹਨ। ਕੁਝ ਸਾਲਾਂ ਤੱਕ ਉਨ੍ਹਾਂ ਨੇ ਦਿੱਲੀ ਵਿੱਚ ਕੰਮ ਕੀਤਾ, ਫਿਰ ਮੁੰਬਈ ਚਲੇ ਗਏ ਅਤੇ ਹਰ 5-6 ਮਹੀਨਿਆਂ ਵਿੱਚ ਇੱਕ ਵਾਰੀ ਘਰ ਗੇੜਾ ਮਾਰਦੇ ਹਨ। ''ਮੈਂ ਮਸ਼ੀਨੀ ਕਢਾਈ ਕਰਦਾ ਹਾਂ। ਮੁੰਬਈ ਰਹਿੰਦਿਆਂ ਮੈਨੂੰ ਬਹੁਤਾ ਕੰਮ ਨਹੀਂ ਸੀ ਮਿਲ਼ ਰਿਹਾ ਸੀ, ਇਸਲਈ ਮੈਂ ਆਪਣੇ ਚਚੇਰੇ ਭਰਾ ਦੇ ਨਾਲ਼ ਰਲ਼ ਕੇ ਕੰਮ ਕਰਨ ਦਾ ਫ਼ੈਸਲਾ ਕੀਤਾ,'' ਉਨ੍ਹਾਂ ਨੇ ਕਿਹਾ।

40 ਸਾਲਾ ਅਬਦੁਲ ਆਪਣੇ ਚਚੇਰੇ ਭਰਾ 33 ਸਾਲਾ ਹਸਨੁੱਲਾਹ ਸ਼ੇਖ ਵੱਲੋਂ ਸਥਾਪਤ ਕੀਤੇ ਸਿਲਾਈ ਦੇ ਉਸ ਛੋਟੇ ਜਿਹੇ ਕਾਰੋਬਾਰ ਵਿੱਚ ਸ਼ਾਮਲ ਹੋ ਗਏ। ਉਹ ਚੱਕ ਲੱਛੀਪੁਰ ਦੇ ਹੀ ਪੰਜ ਹੋਰਨਾਂ ਲੋਕਾਂ ਦੇ ਨਾਲ਼ ਇੱਕੋ ਕਮਰੇ ਵਿੱਚ ਰਹਿੰਦੇ ਸਨ- ਇਹ ਸਾਰੇ ਛੇ ਲੋਕ ਹਸਨ ਦੀ ਦੁਕਾਨ ਵਿਖੇ ਸਿਲਾਈ ਅਤੇ ਕਢਾਈ ਕਰਨ ਦਾ ਕੰਮ ਕਰਦੇ ਸਨ।

Despite the uncertainty, Abdul Sattar, who does machine embroidery (left) and his cousin Hasanullah Sekh (right) were prepared to brave the 1,800-kilometre journey home to Chak Lachhipur village
PHOTO • Courtesy: Abdul Settar
Despite the uncertainty, Abdul Sattar, who does machine embroidery (left) and his cousin Hasanullah Sekh (right) were prepared to brave the 1,800-kilometre journey home to Chak Lachhipur village
PHOTO • Smitha Tumuluru

ਕੰਮ ਦੀ ਬੇਯਕੀਨੀ ਦੇ ਬਾਵਜੂਦ, ਅਬਦੁਲ ਸੱਤਾਰ, ਜੋ ਮਸ਼ੀਨੀ ਕਢਾਈ (ਖੱਬੇ) ਕਰਦੇ ਹਨ ਅਤੇ ਉਨ੍ਹਾਂ ਦੇ ਚਚੇਰੇ ਭਰਾ ਹਸਨੁੱਲਾਹ ਸ਼ੇਖ (ਸੱਜੇ) ਚਕ ਲੱਛੀਪੁਰ ਪਿੰਡ ਤੱਕ 1,800 ਕਿਲੋਮੀਟਰ ਦਾ ਲੰਬਾ ਪੈਂਡਾ ਮਾਰਨ ਲਈ ਵੀ ਤਿਆਰ ਸਨ

ਹਸਨ ਪਿਛਲੇ 12 ਸਾਲਾਂ ਤੋਂ ਬੰਗਲੁਰੂ ਵਿਖੇ ਆਪਣੀ ਪਤਨੀ ਅਤੇ ਛੇ ਸਾਲਾ ਬੇਟੇ ਦੇ ਨਾਲ਼ ਰਹਿ ਰਹੇ ਸਨ। ਉਹ ਅਤੇ ਉਨ੍ਹਾਂ ਦੀ ਟੀਮ ਅਪ੍ਰੈਲ ਅਤੇ ਮਈ ਦੌਰਾਨ ਵਿਆਹਾਂ ਦੇ ਸੀਜ਼ਨ ਅਤੇ ਰਮਜ਼ਾਨ ਦੇ ਮਹੀਨੇ ਦੀ ਉਡੀਕ ਕਰ ਰਹੀ ਸੀ। ''ਇਨ੍ਹਾਂ ਮਹੀਨਿਆਂ ਵਿੱਚ ਸਾਨੂੰ ਬਹੁਤ ਸਾਰੇ ਆਰਡਰ ਮਿਲ਼ਦੇ ਹਨ,'' ਉਨ੍ਹਾਂ ਨੇ ਕਿਹਾ। ਉਸ ਸੀਜ਼ਨ ਵਿੱਚ ਹਰੇਕ ਕਾਰੀਗਰ ਨੂੰ ਰੋਜ਼ਾਨਾ ਕਰੀਬ 400-500 ਰੁਪਏ ਜਾਂ ਉਸ ਤੋਂ ਥੋੜ੍ਹੇ ਵੱਧ ਮਿਲ਼ ਜਾਂਦੇ ਸਨ। ਉਨ੍ਹਾਂ ਵਿੱਚੋਂ ਹਰੇਕ ਨੂੰ ਇੱਕ ਮਹੀਨੇ ਵਿੱਚ ਘੱਟ ਤੋਂ ਘੱਟ 15,000-16,000 ਰੁਪਏ ਦੀ ਕਮਾਈ ਹੋਣ ਦੀ ਉਮੀਦ ਸੀ ਅਤੇ ਸਾਰੇ ਖ਼ਰਚੇ ਕੱਢਣ ਬਾਅਦ ਹਸਨ ਨੂੰ ਮਹੀਨੇ ਦਾ 25,000 ਰੁਪਿਆ ਬਣ ਜਾਂਦਾ।

''ਸਾਡੇ ਵਿੱਚੋਂ ਬਹੁਤੇਰੇ ਲੋਕ ਕਿਰਾਏ ਅਤੇ ਹੋਰਨਾ ਖ਼ਰਚਿਆਂ ਵਾਸਤੇ 5,000-6,000 ਰੁਪਏ ਵਿੱਚ ਆਪਣਾ ਡੰਗ ਸਾਰ ਲੈਂਦੇ ਹਨ ਅਤੇ ਬਾਕੀ ਦੇ ਪੈਸੇ ਘਰ ਭੇਜ ਦਿੰਦੇ ਹਨ। ਬਾਕੀ ਮੇਰਾ ਘਰ ਚਲਾਉਣ ਦੀ ਮੁਕੰਮਲ ਜ਼ਿੰਮੇਦਾਰੀ ਮੇਰੀ ਹੀ ਹੈ, ਆਪਣੇ ਬੱਚਿਆਂ ਦੇ ਸਕੂਲ ਦੀ ਫ਼ੀਸ ਦੇਣੀ, ਮਾਪਿਆਂ ਦੇ ਇਲਾਜ ਅਤੇ ਰੋਟੀ ਪਾਣੀ ਦਾ ਖ਼ਿਆਲ ਰੱਖਣ ਲਈ ਵੀ ਖਰਚਾ ਦਿੰਦਾ ਹਾਂ,'' ਅਬਦੁਲ ਨੇ ਕਿਹਾ।  (ਉਨ੍ਹਾਂ ਦੇ ਮਾਪੇ ਵੱਡੇ ਭਰਾ ਦੇ ਨਾਲ਼ ਰਹਿੰਦੇ ਹਨ; ਉਹ ਚਾਰ ਭਰਾ ਅਤੇ ਇੱਕ ਭੈਣ ਹਨ। ਸਭ ਤੋਂ ਵੱਡੇ ਭਰਾ, ਜੋ ਕਿ ਝੋਨੇ ਦੀ ਖੇਤੀ ਕਰਦੇ ਹਨ, ਨੂੰ ਅੰਫ਼ਨ ਚੱਕਰਵਾਤ ਕਾਰਨ ਭਾਰੀ ਨੁਕਸਾਨ ਝੱਲਣਾ ਪਿਆ।)

ਪਰ ਅਬਦੁਲ ਨੂੰ ਬੰਗਲੁਰੂ ਵਿਖੇ ਕੰਮ ਕਰਦਿਆਂ ਅਜੇ ਮੁਸ਼ਕਲ ਨਾਲ਼ ਦੋ ਕੁ ਮਹੀਨੇ ਹੀ ਹੋਏ ਸਨ ਕਿ ਤਾਲਾਬੰਦੀ ਦਾ ਐਲਾਨ ਹੋ ਗਿਆ। ਕੰਮ ਠੱਪ ਹੋ ਜਾਣ ਕਾਰਨ, ਰਾਸ਼ਨ ਵੀ ਛੇਤੀ ਛੇਤੀ ਮੁੱਕਣ ਲੱਗਿਆ। ''ਅਸੀਂ ਘਰੋਂ ਬਾਹਰ ਪੈਰ ਨਹੀਂ ਰੱਖ ਸਕਦੇ ਸਾਂ। ਸਾਡੇ ਇਲਾਕੇ ਦੀਆਂ ਸਾਰੀਆਂ ਦੁਕਾਨਾਂ ਬੰਦ ਸਨ। ਸਾਨੂੰ ਇਹ ਵੀ ਨਹੀਂ ਪਤਾ ਸੀ ਕਿ ਖਾਣ-ਪੀਣ ਦਾ ਸਮਾਨ ਕਿੱਥੋਂ ਲੈ ਸਕਦੇ ਸਾਂ। ਵਢਭਾਗੀਂ ਸਾਡੇ ਘਰ ਦੇ ਨੇੜੇ ਇੱਕ ਮਸਜਿਦ ਹੈ। ਉੱਥੇ ਕੁਝ ਸਵੈ-ਸੇਵਕਾਂ ਨੇ ਦੋ ਡੰਗ ਭੋਜਨ ਭੇਜਣਾ ਸ਼ੁਰੂ ਕਰ ਦਿੱਤਾ,'' ਹਸਨ ਨੇ ਕਿਹਾ।

''ਸਾਡੇ ਪਿੰਡ ਅਤੇ ਉਹਦੇ ਨੇੜੇ-ਤੇੜੇ ਦੇ ਕਈ ਲੋਕ ਬੰਗਲੁਰੂ ਵਿਖੇ ਰਹਿੰਦੇ ਹਨ,'' ਅਬਦੁਲ ਨੇ ਮੈਨੂੰ ਦੱਸਿਆ। ''ਉਹ ਸਾਰੇ ਲੋਕ ਇੱਕੋ ਕੰਮ ਭਾਵ ਸਿਲਾਈ ਅਤੇ ਕਢਾਈ ਦੇ ਕੰਮ ਹੀ ਕਰਦੇ ਹਨ। ਆਮ ਤੌਰ 'ਤੇ 5-6 ਲੋਕ ਇੱਕੋ ਹੀ ਕਮਰੇ ਵਿੱਚ ਇਕੱਠਿਆਂ ਰਹਿੰਦੇ ਹਨ। ਅਸੀਂ ਦੇਖਿਆ ਕਿ ਉਨ੍ਹਾਂ ਵਿੱਚੋਂ ਕਈਆਂ ਦੇ ਕੋਲ਼ ਖਾਣ-ਪੀਣ ਦਾ ਸਮਾਨ ਜਾਂ ਪੈਸਾ ਨਹੀਂ ਬਚਿਆ ਹੈ।'' ਉਹ ਗੱਲ ਜਾਰੀ ਰੱਖਦਿਆਂ ਅੱਗੇ ਕਹਿੰਦੇ ਹਨ,''ਨਾਗਰਿਕ ਸਵੈ-ਸੇਵਕਾਂ ਨੇ ਰਾਸ਼ਨ ਦੇ ਕੇ ਵੀ ਮਦਦ ਕੀਤੀ। ਅਸੀਂ ਆਪਣੇ ਰਾਸ਼ਨ ਵਿੱਚੋਂ ਕੁਝ ਰਾਸ਼ਨ ਅੱਗੇ ਆਪਣੇ ਜਾਣਨ ਵਾਲ਼ਿਆਂ ਨੂੰ ਦੇਣ ਦੀ ਕੋਸ਼ਿਸ਼ ਕਰਦੇ। ਸਾਨੂੰ ਦੂਸਰਿਆਂ ਦੀ ਮਦਦ ਕਰਦੇ ਦੇਖ ਪੁਲਿਸ ਨੇ ਸਾਨੂੰ ਬਾਈਕ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਸੀ।''

After returning home to his wife Hamida and children Salma and Yasir, Abdul worked as a farm labourer to manage expenses
PHOTO • Courtesy: Abdul Settar
After returning home to his wife Hamida and children Salma and Yasir, Abdul worked as a farm labourer to manage expenses
PHOTO • Courtesy: Abdul Settar

ਘਰੇ ਆਪਣੀ ਪਤਨੀ ਹਮੀਦਾ ਅਤੇ ਬੱਚਿਆਂ, ਸਲਮਾ ਅਤੇ ਯਾਸਿਰ ਦੇ ਕੋਲ਼ ਮੁੜਨ ਤੋਂ ਬਾਅਦ, ਅਬਦੁਲ ਨੇ ਖ਼ਰਚਾ ਤੋਰਨ ਲਈ ਖੇਤ ਮਜ਼ਦੂਰ ਦੇ ਰੂਪ ਵਿੱਚ ਕੰਮ ਕੀਤਾ

ਦੋ ਮਹੀਨਿਆਂ ਤੀਕਰ ਆਮਦਨੀ ਦਾ ਕੋਈ ਵਸੀਲਾ ਨਾ ਹੋਣ ਕਾਰਨ ਅਤੇ ਅੱਗੋਂ ਵੀ ਹਾਲਾਤ ਸੁਧਰਨ ਦੀ ਕੋਈ ਉਮੀਦ ਨਾ ਲੱਗਣ ਕਾਰਨ, ਅਬਦੁਲ, ਹਸਨ ਅਤੇ ਉਨ੍ਹਾਂ ਦੇ ਪਿੰਡ ਦੇ ਹੋਰ ਲੋਕ ਚਕ ਲੱਛੀਪੁਰ ਮੁੜਨ ਲਈ ਕਾਹਲੇ ਪੈ ਗਏ। ''ਅਸੀਂ ਕਦੋਂ ਤੱਕ ਦੂਸਰਿਆਂ ਦੀ ਮਦਦ ਸਿਰ ਨਿਰਭਰ ਰਹਿ ਸਕਦੇ ਹਾਂ?'' ਹਸਨ ਨੇ ਪੁੱਛਿਆ। ''ਜੇ ਅਸੀਂ ਵਾਪਸ ਮੁੜੀਏ ਤਾਂ ਘੱਟੋ-ਘੱਟ ਰੋਟਿਓਂ ਆਤਰ ਤਾਂ ਨਹੀਂ ਹੁੰਦੇ।''

''ਹਾਲ ਦੀ ਘੜੀ ਅਸੀਂ ਸਿਰਫ਼ ਵਾਪਸ ਹੀ ਮੁੜਨਾ ਚਾਹੁੰਦੇ ਹਾਂ,'' ਅਬਦੁਲ ਨੇ ਕਿਹਾ। ''ਸਾਡਾ ਪਰਿਵਾਰ ਵੀ ਸਾਡੀ ਘਰ ਵਾਪਸੀ ਚਾਹੁੰਦਾ ਹੈ। ਇੱਥੇ ਰਹਿ ਕੇ ਅਸੀਂ ਬੀਮਾਰ ਪੈਣ ਦਾ ਖ਼ਤਰਾ ਮੁੱਲ ਨਹੀਂ ਲੈ ਸਕਦੇ। ਮੁੰਬਈ ਵਿਖੇ ਸਾਡੇ ਇੱਕ ਰਿਸ਼ਤੇਦਾਰ ਦੀ ਕਰੋਨਾ ਕਾਰਨ ਮੌਤ ਹੋ ਗਈ ਜੋ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਤੋਂ ਦੂਰ ਰਹਿੰਦਾ ਸੀ। ਜੇ ਸਾਡੇ ਨਾਲ਼ ਵੀ ਕੁਝ ਅਜਿਹਾ ਹੀ ਹੋ ਗਿਆ ਤਾਂ! ਸਾਡੀ ਦੇਖਭਾਲ਼ ਲਈ ਕੋਈ ਪਰਿਵਾਰ ਨਹੀਂ ਹੋਣਾ। ਇਸਲਈ ਅਸੀਂ ਵਾਪਸ ਮੁੜਨ ਦੀ ਧਾਰ ਲਈ।''

ਪਰ ਘਰ ਵਾਪਸ ਮੁੜਨਾ ਹੋਰ ਵੀ ਮੁਸ਼ਕਲ ਸਾਬਤ ਹੋਣ ਲੱਗਿਆ। ਆਗਿਆ ਵਾਸਤੇ ਕਿੱਥੇ ਬਿਨੈ ਕਰਨਾ ਹੈ, ਕੀ ਉਨ੍ਹਾਂ ਨੂੰ ਪੱਛਮੀ ਬੰਗਾਲ ਅੰਦਰ ਦਾਖ਼ਲ ਹੋਣ ਲਈ ਪਾਸ ਦੀ ਲੋੜ ਹੈ ਅਤੇ ਟ੍ਰੇਨਾਂ ਕਦੋਂ ਕਦੋਂ ਚੱਲਣਗੀਆਂ, ਇਹ ਸਵਾਲ ਕਿਸੇ ਭੰਬਲ਼ਭੂਸੇ ਤੋਂ ਘੱਟ ਨਹੀਂ ਸਨ। ਖ਼ਰਾਬ ਇੰਟਰਨੈੱਟ ਦੇ ਬਾਵਜੂਦ, ਉਹ ਜਿਵੇਂ-ਕਿਵੇਂ ਰਾਜ ਸਰਕਾਰ ਦੀ ਸੇਵਾ ਸਿੰਧੂ ਵੈੱਬਸਾਈਟ 'ਤੇ ਇੱਕ ਲਾਜ਼ਮੀ ਫ਼ਾਰਮ ਭਰਨ ਵਿੱਚ ਕਾਮਯਾਬ ਰਹੇ। ਫਿਰ ਉਨ੍ਹਾਂ ਨੂੰ ਐੱਸਐੱਮਐੱਸ ਦੁਆਰਾ ਪ੍ਰਵਾਨਗੀ ਮਿਲ਼ਣ 10 ਦਿਨ ਹੋਰ ਉਡੀਕ ਕਰਨੀ ਪਈ। ਅਬਦੁਲ ਨੇ ਯਾਤਰਾ ਸਬੰਧੀ ਬਿਨੈ ਦਰਜ ਕਰਾਉਣ ਲਈ ਨੇੜਲੇ ਪੁਲਿਸ ਸਟੇਸ਼ਨ ਦਾ ਵੀ ਦੌਰਾ ਕੀਤਾ।

''ਮੇਰਾ ਵਰਤ ਹੈ ਅਤੇ ਇੰਨੀ ਧੁੱਪੇ ਪੁਲਿਸ ਸਟੇਸ਼ਨ ਦੇ ਸਾਹਮਣੇ ਲੰਬੇ ਸਮੇਂ ਤੀਕਰ ਉਡੀਕ ਕਰਨਾ ਮੁਸ਼ਕਲ ਬਣਿਆ ਹੋਇਆ ਹੈ,'' ਉਨ੍ਹਾਂ ਨੇ ਮੈਨੂੰ ਕਿਹਾ। ਟ੍ਰੇਨਾਂ ਚੱਲਣ ਨੂੰ ਲੈ ਕੇ ਹੋਈ ਬੇਯਕੀਨੀ ਅਤੇ  ਸੀਟ ਦੀ ਪੁਸ਼ਟੀ ਹੋਣ ਤੋਂ ਪਹਿਲਾਂ ਮਿਲ਼ੀ ਪ੍ਰਵਾਨਗੀ ਦੀ ਮਿਆਦ ਪੁੱਗਣ ਦੇ ਡਰ ਕਾਰਨ ਅਸੀਂ ਹੋਰ ਵਿਕਲਪਾਂ ਬਾਰੇ ਪਤਾ ਲਾਉਣ ਦਾ ਫ਼ੈਸਲਾ ਕੀਤਾ। ਨਿੱਜੀ ਗੱਡੀਆਂ ਪੰਜ ਲੋਕਾਂ ਦੀ ਯਾਤਰਾ ਲਈ 70,000 ਰੁਪਏ ਮੰਗ ਰਹੀਆਂ ਸਨ। ਇੱਕ ਬੱਸ ਵਾਲ਼ੇ ਨੇ ਤਾਂ ਇਸ ਯਾਤਰਾ ਲਈ 2.7 ਲੱਖ ਰੁਪਏ ਤੱਕ ਮੰਗ ਲਏ।

Farmers in Chak Lachhipur village, including Abdul's eldest brother, suffered huge losses due to Cyclone Amphan
PHOTO • Courtesy: Abdul Settar

ਅੰਫ਼ਨ ਚੱਕਰਵਾਤ ਕਾਰਨ, ਅਬਦੁਲ ਦੇ ਸਭ ਤੋਂ ਵੱਡੇ ਭਰਾ ਸਣੇ ਚਕ ਲੱਛੀਪੁਰ ਪਿੰਡ ਦੇ ਹੋਰਨਾਂ ਕਈ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ

ਬਹੁਤ ਸਾਰੇ ਯਤਨਾਂ ਦੇ ਬਾਅਦ, ਅਬਦੁਲ ਅਤੇ ਹਸਨ ਆਖ਼ਰਕਾਰ ਇੱਕ ਬੱਸ ਦਾ ਬੰਦੋਬਸਤ ਕਰਨ ਵਿੱਚ ਕਾਮਯਾਬ ਰਹੇ (ਦੇਖੋ ਕਵਰ ਫ਼ੋਟੋ)। ''ਸਾਡੇ ਪਿੰਡ ਵਿਖੇ ਕੋਈ ਬੱਸ ਚਲਾਉਂਦਾ ਹੈ, ਉਸਨੂੰ ਸਾਡੇ ਲਈ ਬੱਸ ਭੇਜਣ ਦਾ ਕਹਿਣ ਲਈ ਸਾਨੂੰ ਕਾਫ਼ੀ ਜੱਦੋਜਹਿਦ ਕਰਨੀ ਪਈ,'' ਮਈ ਮਹੀਨੇ ਵਿੱਚ ਹੋਈ ਗੱਲਬਾਤ ਦੌਰਾਨ ਹਸਨ ਨੇ ਮੈਨੂੰ ਦੱਸਿਆ। ''ਉਨ੍ਹਾਂ ਨੇ ਬੰਗਾਲ ਤੋਂ ਸਾਡੇ ਸਾਰਿਆਂ ਲਈ ਪਾਸ ਅਤੇ ਆਗਿਆ ਦਾ ਬੰਦੋਬਸਤ ਕੀਤਾ। ਅਸੀਂ 30 ਜਣਿਆਂ ਨੂੰ ਇਕੱਠਾ ਕਰ ਇੱਕ ਸਮੂਹ ਬਣਾਇਆ ਜੋ ਸਾਰੇ ਹੀ ਸਿਲਾਈ ਕਢਾਈ ਦਾ ਹੀ ਕੰਮ ਕਰਦੇ ਹਨ। ਅਸੀਂ 1.5 ਲੱਖ ਰੁਪਏ ਦਾ ਭੁਗਤਾਨ ਕਰਨਾ ਹੈ। ਇੰਨੇ ਪੈਸੇ ਵਾਸਤੇ ਕਈ ਮੁੰਡਿਆਂ ਨੂੰ ਗਹਿਣੇ ਜਾਂ ਜ਼ਮੀਨ ਤੱਕ ਗਿਰਵੀ ਰੱਖਣੀ ਪਈ। ਕੱਲ੍ਹ ਸਵੇਰੇ ਬੱਸ ਆਵੇਗੀ ਅਤੇ ਅਸੀਂ ਆਪਣੀ ਰਾਹ ਪਵਾਂਗੇ।''

ਅਗਲੇ ਦਿਨ ਬਣਾਈ ਯੋਜਨਾ ਮੁਤਾਬਕ ਸਮੂਹ ਨਿਕਲ਼ ਨਾ ਸਕਿਆ ਕਿਉਂਕਿ ਆਂਧਰਾ ਪ੍ਰਦੇਸ਼ ਦੀ ਸੀਮਾ 'ਤੇ ਬੱਸ ਨੂੰ ਦੇਰੀ ਹੋ ਗਈ। ਆਖਰਕਾਰ ਇੱਕ ਦਿਨ ਦੀ ਦੇਰੀ ਤੋਂ ਬਾਅਦ ਉਹ 20 ਮਈ ਨੂੰ ਰਵਾਨਾ ਹੋਣ ਵਿੱਚ ਕਾਮਯਾਬ ਰਹੇ। ਇਹ ਉਹੀ ਦਿਨ ਸੀ ਜਿਸ ਦਿਨ ਅੰਫਨ ਪੱਛਮੀ ਬੰਗਾਲ ਦੇ ਤਟ ਨਾਲ਼ ਟਕਰਿਆ। ਅੱਡ-ਅੱਡ ਚੈਕ-ਪੋਸਟਾਂ 'ਤੇ ਹੋਈ ਦੇਰੀ ਕਾਰਨ ਬੱਸ 23 ਮਈ ਨੂੰ ਚਕ ਲੱਛੀਪੁਰ ਪਿੰਡ ਪਹੁੰਚੀ। ਘਰ ਪਹੁੰਚਣ ਬਾਅਦ, ਅਬਦੁਲ ਅਤੇ ਹੋਰ ਲੋਕਾਂ ਨੇ ਆਪਣੇ ਛੋਟੇ ਘਰਾਂ ਵਿੱਚ ਦੋ ਹਫ਼ਤੇ ਦਾ ਇਕਾਂਤਵਾਸ ਕੱਟਿਆ।

ਇੱਥੋਂ ਚੱਲਣ ਲੱਗਿਆਂ, ਹਸਨ ਅਤੇ ਉਹਦੇ ਪਰਿਵਾਰ ਨੇ ਬੰਗਲੁਰੂ ਵਾਲ਼ਾ ਘਰ ਖਾਲੀ ਕਰ ਦਿੱਤਾ, ਪਰ ਉਨ੍ਹਾਂ ਨੂੰ ਸਿਲਾਈ ਕਢਾਈ ਦੀ ਦੁਕਾਨ, ਜਿੱਥੇ ਮਸ਼ੀਨਾਂ ਪਈਆਂ ਸਨ, ਨੂੰ ਅਤੇ ਉਹ ਕਮਰਾ ਜਿੱਥੇ ਕਾਮੇ ਰਹਿੰਦੇ ਸਨ, ਨਹੀਂ ਛੱਡਿਆ। ਮਾਲਕ ਨੇ ਪੇਸ਼ਗੀ ਵਜੋਂ ਦਿੱਤੀ ਹੋਈ 10,000 ਦੀ ਰਕਮ ਨੂੰ ਅਪ੍ਰੈਲ ਅਤੇ ਮਈ ਮਹੀਨੇ ਦੇ ਕਿਰਾਏ ਵਿੱਚ ਐਡਜੈਸਟ ਕਰ ਲਿਆ। ਉਹ ਉਨ੍ਹਾਂ ਦੇ ਵਾਪਸ ਪਰਤਣ ਅਤੇ ਫਿਰ ਤੋਂ ਅਗਲੇ ਦੋ ਮਹੀਨਿਆਂ ਦੇ ਕਿਰਾਏ ਲਈ ਉਡੀਕ ਕਰਨ ਲਈ ਰਾਜ਼ੀ ਹੋ ਗਈ।

ਸਤੰਬਰ ਦੇ ਪਹਿਲੇ ਹਫ਼ਤੇ ਵਿੱਚ, ਹਸਨ ਬੰਗਲੁਰੂ ਮੁੜ ਆਏ। ਹਾਲਾਂਕਿ, ਤਾਲਾਬੰਦੀ ਵਿੱਚ ਢਿੱਲ ਦੇ ਦਿੱਤੀ ਗਈ ਹੈ, ਪਰ ਕੰਮ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋਇਆ ਹੈ, ਉਹ ਕਹਿੰਦੇ ਹਨ। ''ਜੇ ਅਸੀਂ ਦੁਕਾਨ ਖੋਲ੍ਹਦੇ ਹਾਂ ਤਦ ਵੀ ਸਾਨੂੰ ਇਹ ਉਮੀਦ ਨਹੀਂ ਹੈ ਕਿ ਕਢਾਈ ਜਾਂ ਸਿਲਾਈ ਦੇ ਕੰਮ ਦਾ ਕੋਈ ਵੱਡਾ ਆਰਡਰ ਆਵੇਗਾ। ਕਾਰੋਬਾਰ ਥੋੜ੍ਹੇ ਸਮੇਂ ਲਈ ਸੁਸਤ ਰਹਿਣ ਵਾਲ਼ਾ ਹੈ। ਸਾਡਾ ਇੱਕ ਛੋਟਾ ਜਿਹਾ ਕਾਰੋਬਾਰ ਹੈ। ਅਸੀਂ ਹਰ ਦਿਨ ਹੋਣ ਵਾਲ਼ੀ ਕਮਾਈ ਦੇ ਬਗ਼ੈਰ ਸ਼ਹਿਰ ਵਿੱਚ ਨਹੀਂ ਰਹਿ ਸਕਦੇ।''

ਅਬਦੁਲ ਅਜੇ ਵੀ ਆਪਣੇ ਪਿੰਡ ਹੀ ਹਨ, ਜਿੱਥੇ ਉਨ੍ਹਾਂ ਨੂੰ 300 ਰੁਪਏ ਦਿਹਾੜੀ ਬਦਲੇ ਝੋਨੇ ਦੇ ਖੇਤਾਂ ਵਿੱਚ 25 ਦਿਨਾਂ ਲਈ ਕੰਮ ਮਿਲ਼ਿਆ ਹੈ। ਉਹ ਦੱਸਦੇ ਹਨ ਕਿ ਉਹ ਆਪਣੀ ਬਚਤ ਨਾਲ਼ ਹੋਰ ਕੁਝ ਕੁ ਦਿਨਾਂ ਦੀ ਖੇਤ ਮਜ਼ਦੂਰੀ ਨਾਲ਼ ਮਿਲ਼ਣ ਵਾਲ਼ੇ ਪੈਸੇ ਨਾਲ਼ ਘਰ ਦੇ ਸਾਰੇ ਖਰਚੇ ਤੋਰ ਰਹੇ ਹਨ। ''ਹੁਣ ਪਿੰਡ ਵਿੱਚ ਕੋਈ ਕੰਮ ਨਹੀਂ ਹੈ। ਇਸਲਈ ਅਸੀਂ ਇੱਥੋਂ ਸ਼ਹਿਰ ਚਲੇ ਗਏ ਸਾਂ,'' ਉਹ ਗੱਲ ਜਾਰੀ ਰੱਖਦੇ ਹਨ, ''ਸਾਨੂੰ ਬੰਗਲੁਰੂ ਮੁੜਨਾ ਹੀ ਪੈਣਾ ਹੈ।''

ਪਰ ਬੰਗਲੁਰੂ ਵਿਖੇ ਕੋਵਿਡ-19 ਦੇ ਵੱਧਦੇ ਮਾਮਲਿਆਂ ਕਾਰਨ, ਅਬਦੁਲ ਤੌਖਲੇ ਵਿੱਚ ਹਨ। ''ਹਸਨ ਭਾਈ ਜੋ ਕਹਿਣਗੇ ਉਸੇ ਹਿਸਾਬ ਨਾਲ਼ ਮੈਂ ਯਾਤਰਾ ਦੀ ਯੋਜਨਾ ਬਣਾਵਾਂਗਾ। ਅਸੀਂ ਬਗ਼ੈਰ ਪੈਸੇ ਦੇ ਇੰਝ ਗੁਜ਼ਾਰਾ ਨਹੀਂ ਕਰ ਸਕਦੇ। ਅਸੀਂ ਲੰਬੇ ਸਮੇਂ ਤੀਕਰ ਕਢਾਈ ਦੇ ਕੰਮ ਤੋਂ ਦੂਰ ਨਹੀਂ ਰਹਿ ਸਕਦੇ। ਅਸੀਂ ਵਾਪਸ ਜਾਵਾਂਗੇ। ਇੱਕ ਵਾਰ ਹਾਲਾਤ ਠੀਕ ਹੋ ਜਾਣ, ਤਾਂ ਅਸੀਂ ਵਾਪਸ ਮੁੜਾਂਗੇ।''

ਤਰਜਮਾ: ਕਮਲਜੀਤ ਕੌਰ

Smitha Tumuluru

स्मिता तुमुलुरु, बेंगलुरु की डॉक्यूमेंट्री फ़ोटोग्राफ़र हैं. उन्होंने पूर्व में तमिलनाडु में विकास परियोजनाओं पर लेखन किया है. वह ग्रामीण जीवन की रिपोर्टिंग और उनका दस्तावेज़ीकरण करती हैं.

की अन्य स्टोरी Smitha Tumuluru
Translator : Kamaljit Kaur

कमलजीत कौर, पंजाब की रहने वाली हैं और एक स्वतंत्र अनुवादक हैं. उन्होंने पंजाबी साहित्य में एमए किया है. कमलजीत समता और समानता की दुनिया में विश्वास करती हैं, और इसे संभव बनाने की दिशा में प्रयासरत हैं.

की अन्य स्टोरी Kamaljit Kaur