ਕਿਸੇ ਵੀ ਔਰਤ ਲਈ ਇਨਸਾਫ਼ ਇਵੇਂ ਕਿਵੇਂ ਖ਼ਤਮ ਹੋ ਸਕਦਾ ਹੈ?
- ਬਿਲਕੀਸ ਬਾਨੋ
ਮਾਰਚ 2002 ਵਿੱਚ ਗੁਜਰਾਤ ਦੇ ਦਾਹੋਦ ਜ਼ਿਲ੍ਹੇ ਵਿਖੇ ਭੀੜ ਨੇ 19 ਸਾਲਾ ਬਿਲਕੀਸ ਯਾਕੂਬ ਰਸੂਲ ਦਾ ਸਮੂਹਿਕ-ਬਲਾਤਕਾਰ ਕੀਤਾ, ਇੰਨਾ ਹੀ ਨਹੀਂ ਇਸ ਹਾਦਸੇ ਵਿੱਚ ਉਹਦੇ ਪਰਿਵਾਰ ਦੇ ਚੌਦਾਂ ਲੋਕਾਂ ਨੂੰ ਮਾਰ ਦਿੱਤਾ ਗਿਆ- ਜਿਸ ਵਿੱਚ ਉਹਦੀ ਤਿੰਨ-ਸਾਲਾ ਧੀ, ਸਲੇਹਾ ਵੀ ਸ਼ਾਮਲ ਸੀ। ਉਸ ਵੇਲ਼ੇ ਬਿਲਕੀਸ ਬਾਨੋ 5 ਮਹੀਨਿਆਂ ਦੀ ਗਰਭਵਤੀ ਸੀ।
ਲਿਮਖੇੜਾ ਤਾਲੁਕਾ ਦੇ ਰੰਧੀਕਪੁਰ ਪਿੰਡ ਵਿਖੇ ਉਸ ਦਿਨ ਹਮਲਾ ਕਰਨ ਵਾਲ਼ੇ ਵਿਅਕਤੀ ਉਸੇ ਪਿੰਡ ਦੇ ਹੀ ਸਨ। ਬਿਲਕੀਸ ਉਨ੍ਹਾਂ ਸਾਰਿਆਂ ਨੂੰ ਜਾਣਦੀ ਸਨ।
ਦਸੰਬਰ 2003 ਵਿੱਚ ਸੁਪਰੀਮ ਕੋਰਟ ਦੇ ਨਿਰਦੇਸ਼ ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਇਸ ਮਾਮਲੇ ਦੀ ਜਾਂਚ ਕੀਤੀ। ਇੱਕ ਮਹੀਨੇ ਬਾਅਦ ਦੋਸ਼ੀ ਗ੍ਰਿਫ਼ਤਾਰ ਕਰ ਲਏ ਗਏ। ਅਗਸਤ 2004 ਵਿੱਚ, ਸੁਪਰੀਮ ਕੋਰਟ ਨੇ ਮੁਕੱਦਮੇ ਨੂੰ ਮੁੰਬਈ ਤਬਦੀਲ ਕਰ ਦਿੱਤਾ, ਜਿੱਥੇ ਕਰੀਬ ਚਾਰ ਸਾਲ ਬਾਅਦ, ਜਨਵਰੀ 2008 ਵਿੱਚ ਵਿੱਚ, ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ 20 ਅਰੋਪੀਆਂ ਵਿੱਚ 13 ਨੂੰ ਦੋਸ਼ੀ ਪਾਇਆ। ਉਨ੍ਹਾਂ ਵਿੱਚੋਂ, 11 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
ਮਈ 2017 ਨੂੰ, ਬੰਬੇ ਹਾਈ ਕੋਰਟ ਨੇ ਸੱਤ ਲੋਕਾਂ ਨੂੰ ਬਰੀ ਕਰਨ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਅਤੇ ਆਪਣੀ ਸਜ਼ਾ ਕੱਟ ਰਹੇ ਸਾਰੇ 11 ਦੋਸ਼ੀਆਂ ਦੀ ਆਜੀਵਨ ਕਾਰਾਵਾਸ ਦੀ ਸਜ਼ਾ ਨੂੰ ਬਰਕਰਾਰ ਰੱਖਿਆ।
ਕਰੀਬ ਪੰਜ ਸਾਲਾਂ ਬਾਅਦ 15 ਅਗਸਤ 2022 ਨੂੰ, ਗੁਜਰਾਤ ਸਰਕਾਰ ਦੁਆਰਾ ਸਥਾਪਤ ਜੇਲ੍ਹ ਸਲਾਹਕਾਰ ਕਮੇਟੀ ਦੀ ਸਿਫ਼ਾਰਸ਼ ‘ਤੇ ਸਾਰੇ 11 ਦੋਸ਼ੀਆਂ ਨੂੰ ਕੈਦ ਤੋਂ ਛੋਟ ਦੇ ਦਿੱਤੀ।
ਕਈ ਕਨੂੰਨੀ ਮਾਹਰਾਂ ਨੇ ਕੈਦ ਤੋਂ ਦਿੱਤੀ ਗਈ ਛੋਟ ਦੀ ਕਨੂੰਨੀਤਾ (ਵੈਧਤਾ) ਨੂੰ ਲੈ ਕੇ ਸਵਾਲ ਚੁੱਕੇ ਹਨ। ਇੱਥੇ ਕਵੀ ਬਿਲਕੀਸ ਨਾਲ਼ ਗੱਲ਼ਬਾਤ ਕਰਦਾ ਹੈ ਅਤੇ ਉਹਦੇ ਦੁੱਖਾਂ ਦੀ ਅਵਾਜ਼ ਬਣਦਾ ਹੈ।
ਮੇਰਾ ਵੀ ਨਾਮ ਬਿਲਕੀਸ ਹੈ
ਤੇਰੇ ਨਾਮ ‘ਚ ਅਜਿਹਾ ਕੀ ਏ ਬਿਲਕੀਸ?
ਜੋ ਮੇਰੀ ਕਵਿਤਾ ਦਾ ਫੱਟ ਬਲ਼ ਉੱਠਦਾ ਏ,
ਉਹਦੇ ਬੋਲ਼ੇ ਕੰਨਾਂ ‘ਚੋਂ ਲਹੂ ਰਿਸਣ ਲੱਗਦਾ ਏ
ਤੇਰੇ ਨਾਮ ‘ਚ ਅਜਿਹਾ ਕੀ ਏ ਬਿਲਕੀਸ?
ਕਿ ਜ਼ੁਬਾਨ ਨੂੰ ਲਕਵਾ ਮਾਰ ਜਾਂਦਾ ਏ,
ਜਮ ਜਾਂਦੀ ਏ ਬੋਲ਼ਦਿਆਂ ਬੋਲ਼ਦਿਆਂ।
ਤੇਰੀਆਂ ਉਦਾਸ ਅੱਖਾਂ ‘ਚ ਬਲ਼ੇ ਸੂਰਜ ਜਿਓਂ
ਜੋ ਚੁੰਧਿਆ ਦੇਵੇ ਹਰ ਤਸਵੀਰ ਨੂੰ
ਤੇਰੀ ਪੀੜ੍ਹ ਦਾ ਅੰਦਾਜ਼ਾ ਤਾਂ ਹੈ
ਮੈਨੂੰ,
ਝੁਲਸਾਉਂਦੇ ਉਬਲ਼ਦੇ ਬੇਅੰਤ ਰੇਗਿਸਤਾਨ।
ਯਾਦਾਂ ਦੀ ਘੁੰਮਣਘੇਰੀ,
ਵਿੰਨ੍ਹਦੀ ਨਜ਼ਰ ਵਿੱਚ ਕੈਦ ਹੋ ਜਾਂਦੀ ਏ,
ਹਰ ਵਿਚਾਰ ਸੁਕਾ ਸੁੱਟੇ ਜਿਹਨੂੰ ਮੈਂ ਮੰਨਦਾ ਹਾਂ,
ਅਤੇ ਢਹਿਢੇਰੀ ਕਰ ਸੁੱਟੇ ਸਭਿਅਤਾ ਦੀ ਬੁਨਿਆਦ
ਕਾਗ਼ਜ਼ ਦਾ ਮਹਿਲ ਹੈ, ਸਦੀਆਂ ਤੋਂ ਵਿਕਦਾ ਝੂਠ ਹੈ।
ਤੇਰੇ ਨਾਮ ‘ਚ ਅਜਿਹਾ ਕੀ ਏ ਬਿਲਕੀਸ?
ਜੋ ਦਵਾਤਾਂ ਨੂੰ ਮੂਧਾ ਕਰ ਸੁੱਟਦਾ ਏ
ਕਿ ਇਨਸਾਫ਼ ਦਾ ਚਿਹਰਾ ਦਾਗ਼ਦਾਰ ਜਾਪਦਾ ਏ?
ਤੇਰੀ ਰਤ-ਲਿਬੜੀ ਇਹ ਧਰਤੀ,
ਸਾਲੇਹਾ ਦੇ ਮਲੂਕ, ਟੁੱਟੇ ਸਿਰ ਵਾਂਗਰ
ਸ਼ਰਮਿੰਦਾ ਹੋ ਫਟ ਜਾਊਗੀ ਇੱਕ ਦਿਨ।
ਦੇਹ ‘ਤੇ ਲੀਰਾਂ ਲਮਕਾਈ
ਜਿਹੜੀ ਚੜ੍ਹਾਈ ਚੜ੍ਹੀ ਸੀ ਤੂੰ
ਉਹ ਬੇਲਿਬਾਸ ਹੀ ਰਹਿ ਜਾਣੀ ਸ਼ਾਇਦ,
ਯੁੱਗਾਂ ਤੱਕ ਤਿੜ ਵੀ ਨਹੀਂ ਉਗਣੀ ਜਿੱਥੇ,
ਤੇ ਹਵਾ ਦਾ ਬੁੱਲ੍ਹਾ ਵੀ ਜੋ ਲੰਘੇਗਾ ਇੱਥੋਂ,
ਫੈਲਾ ਜਾਊਗਾ ਮਗਰ ਬੇਬਸੀ ਦਾ ਸ਼ਰਾਪ।
ਤੇਰੇ ਨਾਮ ‘ਚ ਅਜਿਹਾ ਕੀ ਏ ਬਿਲਕੀਸ?
ਕਿ ਮੇਰੀ ਮਰਦਾਨਾ ਕਲਮ ਜਿਊਂ
ਐਡਾ ਸਫ਼ਰ ਤੈਅ ਕਰ
ਬ੍ਰਹਿਮੰਡ ਦੀ ਗੋਲਾਈ ‘ਚ ਅਟਕ ਜਾਂਦੀ ਜਿਊਂ
ਆਪਣੀ ਨੈਤਿਕਤਾਵਾਂ ਦੀ ਨੋਕ ਵੀ ਤੋੜ
ਲੈਂਦੀ ਹੈ?
ਸੰਭਾਵਨਾ ਹੈ ਕਿ ਇਹ ਕਵਿਤਾ ਵੀ,
ਬੇਕਾਰ ਰਹਿ ਜਾਣੀ,
ਰਹਿਮ ਦੀ ਮਰੀ ਅਪੀਲ, ਸ਼ੱਕੀ ਕਨੂੰਨੀ ਮਸਲੇ ਵਾਂਗਰ
ਹਾਂ, ਤੇਰੀ ਜੀਵਨ-ਦਾਤੀ ਛੋਹ, ਬਖ਼ਸ਼ ਦੇਵੇ ਹੌਂਸਲਾ ਕਿਤੇ।
ਇਸ ਕਵਿਤਾ ਨੂੰ ਆਪਣਾ ਨਾਮ ਦੇ ਦੇ ਬਿਲਕੀਸ
ਸਿਰਫ਼ ਨਾਂਅ ਨਹੀਂ, ਜਜ਼ਬਾ ਵੀ ਭਰ ਦੇ
ਖ਼ਸਤਾ ਹਾਲਤ ਇਰਾਦਿਆਂ ਨੂੰ ਜਾਨ ਦੇ ਦੇ ਬਿਲਕੀਸ
ਜੜ੍ਹੋਂ ਉਖੜੇ ਨਾਵਾਂ ਨੂੰ ਤਾਕਤ ਦੇ ਦੇ।
ਮੇਰੀਆਂ ਕੋਸ਼ਿਸ਼ਾਂ ਨੂੰ ਵਹਿਣਾ ਸਿਖਾ ਦੇ
ਜਿਊਂ ਹੋਣ ਬੇਰੋਕ ਸਵਾਲ, ਬਿਲਕੀਸ।
ਘਾਟਾਂ ਮਾਰੀ ਮੇਰੀ ਭਾਸ਼ਾ ਨੂੰ ਸ਼ਬਦ ਦੇ ਦੇ
ਆਪਣੀ ਕੋਮਲ, ਸੁਰੀਲੀ ਬੋਲੀ ਦੇ ਨਾਲ਼
ਕਿ ਬਣ ਜਾਵੇ ਹਿੰਮਤ ਨਾਮ ਦੂਜਾ
ਅਜ਼ਾਦੀ ਦਾ ਉਪਨਾਮ ਜਿਉਂ, ਬਿਲਕੀਸ।
ਇਨਸਾਫ਼ ਦੀ ਪੁਕਾਰ ਹੈਂ,
ਬਦਲੇ ਦੀ ਉਲਟੀ ਦਿਸ਼ਾ ਹੈਂ, ਬਿਲਕੀਸ।
ਆਪਣੀ ਨਜ਼ਰਾਂ ਵਿੱਚ ਠਹਿਰਾ ਦੇ, ਬਿਲਕੀਸ।
ਆਪਣੀ ਰਾਤ ਨੂੰ ਵਹਿਣ ਦੇ ਇੰਝ ਕਿ
ਇਨਸਾਫ਼ ਦੀਆਂ ਅੱਖਾਂ ਦਾ ਕੱਜਲ ਬਣ ਜਾਏ, ਬਿਲਕੀਸ।
ਬਿਲਕੀਸ ਇੱਕ ਸੁਰ ਹੈ, ਬਿਲਕੀਸ ਇੱਕ ਲੈਅ ਹੈ,
ਬਿਲਕੀਸ ਰੂਹ ‘ਚ ਵੱਸਿਆ ਗੀਤ ਜਿਊਂ,
ਕਾਗ਼ਜ਼-ਕਲਮ ਦੇ ਘੇਰੇ ‘ਚ ਨਾ ਰਹਿ ਪਾਵੇ ਜੋ,
ਅਤੇ ਜਿਹਦੀ ਪਰਵਾਜ਼ ਹੋਵੇ ਖੁੱਲ੍ਹੇ ਅਸਮਾਨੀਂ;
ਤਾਂਕਿ ਮਨੁੱਖਤਾ ਦੇ ਚਿੱਟਾ ਕਬੂਤਰ
ਰੱਤ-ਲਿਬੜੀ ਧਰਤੀ ‘ਤੇ ਨਾ ਛਾ ਜਾਣ
ਇਹਦੀ ਪਰਵਾਜ਼ ਹੇਠਾਂ, ਰਾਜ਼ੀ ਹੋ ਤੇ ਕਹਿ ਸੁੱਟ
ਜੋ ਤੇਰੇ ਨਾਮ ਦੇ ਅਰਥ ‘ਚ ਲੁਕਿਆ ਹੈ।
ਹਾਏ ਰੱਬਾ! ਮੇਰਾ ਨਾਮ ਵੀ ਹੋ ਜਾਣ ਦੇ ਬਿਲਕੀਸ ਹੀ।
ਤਰਜਮਾ: ਕਮਲਜੀਤ ਕੌਰ