11 ਦਸੰਬਰ ਦੀ ਸਵੇਰ ਜਦੋਂ ਉਹ ਬਿਜਲੀ ਦੀਆਂ ਤਾਰਾਂ ਲਾਹ ਰਹੇ ਸਨ ਤਾਂ ਨੇੜਲਾ ਇੱਕ ਦੁਕਾਨਦਾਰ ਭਾਵੁਕ ਹੋ ਗਿਆ। ''ਉਹਨੇ ਕਿਹਾ ਕਿ ਉਹਨੂੰ ਸਾਡੇ ਸਾਰਿਆਂ ਦੀ ਯਾਦ ਆਵੇਗੀ ਅਤੇ ਸਾਡੇ ਬਗ਼ੈਰ ਬੜਾ ਇਕੱਲਾ ਰਹਿ ਜਾਵੇਗਾ। ਸੱਚ ਦੱਸੀਏ ਤਾਂ ਇਹ ਸਾਡੇ ਲਈ ਵੀ ਬੜਾ ਔਖ਼ਾ ਕੰਮ ਹੈ। ਪਰ ਹੁਣ ਸਾਡੀ ਜਿੱਤ ਹੀ ਸਭ ਤੋਂ ਵੱਡਾ ਜਸ਼ਨ ਹੈ,'' ਗੁਰਵਿੰਦਰ ਸਿੰਘ ਨੇ ਕਿਹਾ।
ਸਵੇਰ ਦੇ ਕਰੀਬ 8:15 ਵੱਜੇ ਸਨ ਜਦੋਂ ਗੁਰਵਿੰਦਰ ਅਤੇ ਉਨ੍ਹਾਂ ਦੇ ਪਿੰਡ ਦੇ ਹੋਰ ਕਿਸਾਨਾਂ ਨੇ ਆਪਣੇ ਤੰਬੂ ਉਧੇੜਣੇ ਸ਼ੁਰੂ ਕਰ ਦਿੱਤੇ ਜੋ ਪੱਛਮੀ ਦਿੱਲੀ ਦੇ ਟੀਕਰੀ ਬਾਰਡਰ ਵਿਖੇ ਪਿਛਲੇ ਸਾਲ ਗੱਡੇ ਗਏ ਸਨ। ਬਾਂਸਾਂ ਦੇ ਜੋੜਾਂ ਨੂੰ ਉਧੇੜਨ ਵਾਸਤੇ ਕਦੇ ਉਹ ਡਾਂਗ ਵਰਤਦੇ ਅਤੇ ਕਦੇ ਇੱਟਾਂ ਮਾਰ ਮਾਰ ਕੇ ਤੰਬੂਆਂ ਦੀਆਂ ਨੀਹਾਂ ਭੰਨ੍ਹਦੇ। ਕਰੀਬ 20 ਮਿੰਟਾਂ ਦੇ ਅੰਦਰ ਅੰਦਰ ਸਾਰੇ ਤੰਬੂ ਇੱਕ ਢੇਰ ਵਿੱਚ ਤਬਦੀਲ ਹੋ ਗਏ ਅਤੇ ਤੰਬੂ ਉਧੇੜਨ ਵਾਲ਼ੇ ਚਾਹ ਅਤੇ ਪਕੌੜੇ ਖਾਣ ਲਈ ਰੁੱਕ ਗਏ।
''ਆਪਣੇ ਇਹ ਆਸਰੇ ਅਸੀਂ ਆਪਣੇ ਹੱਥੀਂ ਬਣਾਏ ਸਨ ਅਤੇ ਹੁਣ ਆਪਣੇ ਹੱਥੀਂ ਹੀ ਉਧੇੜ ਰਹੇ ਹਾਂ,'' 34 ਸਾਲਾ ਗੁਰਵਿੰਦਰ ਸਿੰਘ ਨੇ ਕਿਹਾ, ਪੰਜਾਬ ਦੇ ਜ਼ਿਲ੍ਹਾ ਲੁਧਿਆਣੇ ਵਿਖੇ ਪੈਂਦੇ ਪਿੰਡ ਡਾਂਗੀਆਂ ਵਿੱਚ ਉਨ੍ਹਾਂ ਦਾ ਟੱਬਰ ਆਪਣੀ ਛੇ ਏਕੜ ਦੀ ਪੈਲ਼ੀ ਵਿੱਚ ਕਣਕ, ਝੋਨਾ ਅਤੇ ਆਲੂਆਂ ਦੀ ਕਾਸ਼ਤ ਕਰਦਾ ਹੈ। ''ਫ਼ਤਹਿ ਹੋ ਕੇ ਘਰਾਂ ਨੂੰ ਮੁੜਨਾ ਬੜੀ ਖ਼ੁਸ਼ੀ ਦੀ ਗੱਲ ਹੈ, ਪਰ ਇੱਥੇ ਰਹਿ ਕੇ ਬਣੇ ਰਿਸ਼ਤਿਆਂ ਨੂੰ ਇੰਝ ਛੱਡ ਕੇ ਜਾਣ ਦਾ ਦੁੱਖ ਵੀ ਹੈ।''
''ਜਦੋਂ ਧਰਨਾ ਸ਼ੁਰੂ ਹੋਇਆ ਤਾਂ ਇੱਥੇ ਕੁਝ ਵੀ ਨਹੀਂ ਸੀ। ਅਸੀਂ ਸੜਕਾਂ 'ਤੇ ਹੀ ਸੌਂ ਜਾਇਆ ਕਰਦੇ ਪਰ ਫਿਰ ਅਸੀਂ ਇਹ ਘਰ ਉਸਾਰੇ,'' 35 ਸਾਲਾ ਦੀਦਾਰ ਸਿੰਘ ਨੇ ਕਿਹਾ ਜੋ ਜ਼ਿਲ੍ਹਾ ਲੁਧਿਆਣਾ ਦੇ ਉਸੇ ਪਿੰਡ (ਡਾਂਗੀਆਂ) ਵਿੱਚ ਹੀ ਰਹਿੰਦੇ ਹਨ ਅਤੇ ਆਪਣੀ ਸੱਤ-ਏਕੜ ਦੀ ਪੈਲ਼ੀ ਵਿੱਚ ਕਣਕ, ਝੋਨਾ, ਆਲੂ ਅਤੇ ਹਰੀਆਂ ਸਬਜ਼ੀਆਂ ਉਗਾਉਂਦੇ ਹਨ। ''ਅਸੀਂ ਇੱਥੇ ਰਹਿ ਕੇ ਬੜਾ ਕੁਝ ਸਿੱਖਿਆ, ਖ਼ਾਸ ਕਰਕੇ ਸਾਂਝ-ਭਿਆਲ਼ੀ ਦੇ ਅਹਿਸਾਸ... ਜੋ ਅਸਾਂ ਇੱਥੇ ਇਕੱਠਿਆਂ ਰਹਿੰਦਿਆਂ ਮਹਿਸੂਸ ਕੀਤੇ। ਸਰਕਾਰਾਂ ਦਾ ਸਾਨੂੰ ਲੜਾਉਂਦੀਆਂ ਹਨ। ਪਰ ਜਦੋਂ ਪੰਜਾਬ, ਹਰਿਆਣਆ ਅਤੇ ਉੱਤਰ ਪ੍ਰਦੇਸ਼ ਦੇ ਸਾਡੇ ਵੀਰ ਅਤੇ ਭੈਣਾਂ ਇੱਥੇ ਰਲ਼ ਮਿਲ਼ ਬੈਠੇ ਤਾਂ ਅਸੀਂ ਮਹਿਸੂਸ ਕੀਤਾ ਕਿ ਅਸੀਂ ਤਾਂ ਇੱਕ ਹਾਂ।''
ਸਰਕਾਰ ਵੱਲੋਂ ਤਿੰਨੋਂ ਵਿਵਾਦਤ ਖੇਤੀ ਕਨੂੰਨਾਂ ਨੂੰ ਰੱਦ ਕਰਨ ਅਤੇ ਹੋਰ ਮੰਗਾਂ ਪ੍ਰਤੀ ਸਹਿਮਤੀ ਜਤਾਉਣ ਤੋਂ ਬਾਅਦ, 9 ਦਸੰਬਰ ਨੂੰ, 40 ਪ੍ਰਦਰਸ਼ਨਕਾਰੀ ਕਿਸਾਨ ਯੂਨੀਅਨਾਂ ਦੀ ਪ੍ਰਮੁੱਖ ਜਥੇਬੰਦੀ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਨੇ ਐਲਾਨ ਕੀਤਾ ਕਿ ਉਹ ਦਿੱਲੀ ਦੀਆਂ ਸਰਹੱਦਾਂ 'ਤੇ ਇੱਕ ਸਾਲ ਤੋਂ ਚੱਲ ਰਹੇ ਕਿਸਾਨ ਵਿਰੋਧ ਪ੍ਰਦਰਸ਼ਨ ਨੂੰ ਮੁਅੱਤਲ ਕਰ ਰਹੇ ਹਨ।
ਹਾਲਾਂਕਿ ਕਿ ਕਈ ਵੱਡੇ ਮਸਲੇ ਜਿਓਂ ਦੇ ਤਿਓਂ ਹੀ ਹਨ ਜਿਨ੍ਹਾਂ ਵਿੱਚ ਫ਼ਸਲਾਂ ਲਈ ਘੱਟੋਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਗਰੰਟੀ, ਕਿਸਾਨੀ ਕਰਜ਼ੇ ਜਿਹੇ ਹੋਰ ਮੁੱਦੇ ਆਉਂਦੇ ਹਨ। ਸੰਯੁਕਤ ਕਿਸਾਨ ਮੋਰਚਾ ਨੇ ਫ਼ੈਸਲਾ ਕੀਤਾ ਹੈ ਕਿ ਉਹ ਕੇਂਦਰ ਸਰਕਾਰ ਨਾਲ਼ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਗੱਲਬਾਤ ਜਾਰੀ ਰੱਖੇਗੀ।
''ਅਸੀਂ ਇਸ ਧਰਨੇ ਨੂੰ ਮੁਅੱਤਲ ਕੀਤਾ ਹੈ ਨਾ ਕਿ ਖ਼ਤਮ। ਸਮਝ ਲਓ ਬਈ ਜਿਵੇਂ ਫ਼ੌਜੀ ਛੁੱਟੀ ਜਾਂਦੇ ਹਨ, ਅਸੀਂ ਕਿਸਾਨ ਵੀ ਛੁੱਟੀ 'ਤੇ ਹੀ ਜਾ ਰਹੇ ਹਾਂ। ਜੇ ਇਸ ਸਰਕਾਰ ਨੇ ਸਾਨੂੰ ਮਜ਼ਬੂਰ ਕੀਤਾ ਤਾਂ ਅਸੀਂ ਵਾਪਸ ਆਵਾਂਗੇ,'' ਦੀਦਾਰ ਨੇ ਕਿਹਾ।
''ਜੇ ਇਸ ਸਰਕਾਰ ਨੇ ਐੱਮਐੱਸਪੀ ਜਾਂ ਬਾਕੀ ਦੇ ਹੋਰ ਮੁੱਦਿਆਂ ਨੂੰ ਲੈ ਕੇ ਸਾਨੂੰ ਪਰੇਸ਼ਾਨ ਕੀਤਾ ਤਾਂ ਯਕੀਨਨ ਅਸੀਂ ਮੁੜਾਂਗੇ ਅਤੇ ਮੁੜਾਂਗੇ ਵੀ ਬਿਲਕੁਲ ਪਹਿਲਾਂ ਵਾਂਗਰ ਹੀ,'' ਗੁਰਵਿੰਦਰ ਨੇ ਗੱਲ ਜੋੜਦਿਆਂ ਕਿਹਾ।
ਡਾਂਗੀਆਂ ਪਿੰਡ ਦੇ ਪ੍ਰਦਰਸ਼ਨਕਾਰੀਆਂ ਦੀ ਢਾਣੀ ਤੋਂ ਕੁਝ ਮੀਟਰ ਦੂਰ, ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਸਤਬੀਰ ਗੋਦਾਰਾ ਅਤੇ ਢਾਣੀ ਭੋਜਰਾਜ ਪਿੰਡ ਦੇ ਹੋਰ ਕਿਸਾਨਾਂ ਨੇ ਆਪਣਾ ਮਾਲ਼-ਅਸਬਾਬ ਇੱਕ ਛੋਟੇ ਜਿਹੇ ਟਰੱਕ ਵਿੱਚ ਲੱਦ ਲਿਆ ਸੀ ਜਿਸ ਵਿੱਚ ਦੋ ਪੱਖੇ, ਪਾਣੀ ਦੇ ਡਰੰਮ ਅਤੇ ਕੂਲਰ (ਏਅਰ), ਤਰਪਾਲਾਂ ਅਤੇ ਲੋਹੇ ਦੇ ਪਾਈਪ/ਸਰੀਏ ਵਗੈਰਾ ਸਨ।
''ਅਸੀਂ ਇਹ ਟਰੱਕ ਆਪਣੇ ਪਿੰਡੋਂ ਮੰਗਵਾਇਆ ਹੈ ਅਤੇ ਸਾਨੂੰ ਸਿਰਫ਼ ਡੀਜ਼ਲ ਦਾ ਖਰਚਾ ਹੀ ਦੇਣਾ ਪੈਣਾ ਹੈ,'' 44 ਸਾਲਾ ਸਤਬੀਰ ਨੇ ਕਿਹਾ। ''ਇਹ ਪੂਰਾ ਸਮਾਨ ਸਾਡੇ ਜ਼ਿਲ੍ਹੇ ਦੇ ਨੇੜੇ ਧਨੀ ਗੋਪਾਲ ਚੌਕ ਵਿਖੇ ਲਾਹਿਆ ਜਾਵੇਗਾ। ਖ਼ਬਰੇ ਸਾਨੂੰ ਦੋਬਾਰਾ ਅਜਿਹੇ ਸੰਘਰਸ਼ ਦੀ ਲੋੜ ਪੈ ਗਈ ਤਾਂ? ਫਿਰ ਸਾਨੂੰ ਤਿਆਰ ਤਾਂ ਰਹਿਣਾ ਹੀ ਪੈਣਾ। ਅਜੇ ਵੀ ਸਾਡੀਆਂ ਸਾਰੀਆਂ ਮੰਗਾਂ ਕਿੱਥੇ ਪੂਰੀਆਂ ਹੋਈਆਂ। ਇਸਲਈ ਅਸੀਂ ਇਹ ਸਾਰਾ ਸਮਾਨ ਇੱਕੋ ਥਾਏਂ ਹੀ ਬੰਨ੍ਹਿਆਂ ਰਹਿਣ ਦੇਣਾ। ਹੁਣ ਅਸੀਂ ਜਾਣ ਗਏ ਹਾਂ ਕਿ ਸਰਕਾਰ ਨੂੰ ਸਬਕ ਕਿਵੇਂ ਸਿਖਾਉਣਾ ਏ।'' ਸਭ ਦੇ ਠਹਾਕੇ ਗੂੰਜ ਗਏ।
''ਅਸੀਂ ਸਰਕਾਰ ਨੂੰ ਥੋੜ੍ਹਾ ਸਮਾਂ ਦਿੱਤਾ ਹੈ। ਅਸੀਂ ਮੁੜਾਂਗੇ ਜੇਕਰ ਸਾਨੂੰ ਐੱਮਐੱਸਪੀ ਵਾਸਤੇ ਲੜਨਾ ਪਿਆ ਤਾਂ। ਸਾਡਾ ਅੰਦੋਲਨ ਸਿਰਫ਼ ਮੁਅੱਤਲ ਹੋਇਆ ਹੈ,'' ਸਤਬੀਰ ਨੇ ਕਿਹਾ। ''ਇਹ ਵਰ੍ਹਾ ਸਾਡੇ ਲਈ ਇਤਿਹਾਸਕ ਹੋ ਨਿਬੜਿਆ। ਅਸੀਂ ਪਾਣੀ ਦੀਆਂ ਵਾਛੜਾਂ, ਅੱਥਰੂ ਗੈਸ ਦੇ ਗੋਲ਼ਿਆਂ ਦਾ ਸਾਹਮਣਾ ਕੀਤਾ। ਸਾਡਾ ਰਾਹ ਰੋਕਣ ਵਾਸਤੇ ਉਨ੍ਹਾਂ ਨੇ ਸੜਕਾਂ 'ਤੇ ਵੱਡੇ ਵੱਡੇ ਪੱਥਰ ਵਿਛਾ ਛੱਡੇ। ਅਸੀਂ ਹਰ ਮੁਸੀਬਤ ਦਾ ਟਾਕਰਾ ਕੀਤਾ ਅਤੇ ਅਖ਼ੀਰ ਟੀਕਰੀ ਅੱਪੜ ਗਏ।''
11 ਦਸੰਬਰ ਦੀ ਸਵੇਰ 9 ਵਜੇ, ਕਿਸਾਨਾਂ ਦੇ ਕਈਆਂ ਜੱਥੇ ਟੀਕਰੀ ਤੋਂ ਵਾਪਸ ਰਵਾਨਾ ਹੋਏ। ਬਾਕੀ ਜਿਨ੍ਹਾਂ ਨੇ ਆਪਣਾ ਸਮਾਨ ਵਗੈਰਾ ਬੰਨ੍ਹ ਲਿਆ ਹੋਇਆ ਸੀ ਉਹ ਵੀ ਤੁਰਨ ਨੂੰ ਤਿਆਰ ਸਨ। ਬੰਦਿਆਂ ਨੇ ਟਰਾਲੀਆਂ ਵਿੱਚ ਵਿਛਾਏ ਗੱਦਿਆਂ 'ਤੇ ਆਪੋ-ਆਪਣੀ ਥਾਂ ਮੱਲ ਲਈ। ਉਨ੍ਹਾਂ ਦੀਆਂ ਟਰਾਲੀਆਂ ਵਿੱਚ ਮੰਜੀਆਂ, ਤਿਰਪਾਲਾਂ ਅਤੇ ਹੋਰ ਵਸਤਾਂ ਵੀ ਵਾਪਸੀ ਲਈ ਤਿਆਰ ਸਨ। ਕਈ ਟਰੱਕਾਂ 'ਤੇ ਸਵਾਰ ਹੋ ਮੁੜ ਰਹੇ ਸਨ ਅਤੇ ਬਾਕੀ ਕਈ ਕਾਰਾਂ ਅਤੇ ਬਲੈਰੋ ਗੱਡੀਆਂ ਵਿੱਚ।
ਉਨ੍ਹਾਂ ਵਿੱਚੋਂ ਬਹੁਤੇਰੇ ਜੱਥੇ ਵੈਸਟਰ ਪੈਰੀਫਰੇਲ ਐਕਸਪ੍ਰੈਸ ਦਾ ਰਾਹ ਫੜ੍ਹਨ ਲਈ ਸਿੱਧੇ ਵੱਧ ਰਹੇ ਸਨ, ਜਦੋਂ ਕਿ ਬਾਕੀ ਹੋਰ ਜੱਥੇ ਦਿੱਲੀ-ਰੋਹਤਕ ਰੋਡ (ਹਰਿਆਣਾ ਦੇ ਬਹਾਦਰਗੜ੍ਹ ਸ਼ਹਿਰ ਵੱਲ) ਖੱਬੇ ਪਾਸੇ ਮੁੜ ਰਹੇ ਸਨ, ਇਸੇ ਥਾਂ 'ਤੇ ਭਾਰਤੀ ਕਿਸਾਨ ਯੂਨੀਅਨ (ਬੀਕੇਯੂ, ਏਕਤਾ ਉਗਰਾਹਾਂ) ਤਾਇਨਾਤ ਰਹੀ ਸੀ।
ਉਸੇ ਸੜਕ 'ਤੇ 30 ਸਾਲਾ ਕਲਪਨਾ ਦਾਸੀ ਜੋ ਝਾਰਖੰਡ ਦੇ ਪਾਕੁਰ ਜ਼ਿਲ੍ਹੇ ਦੀ ਰਹਿਣ ਵਾਲ਼ੀ ਹਨ, ਆਪਣੇ 10 ਸਾਲਾ ਬੇਟੇ ਅਕਾਸ਼ ਦੇ ਨਾਲ਼ ਬਹਾਦੁਰਗੜ੍ਹ ਵਿਖੇ ਕੂੜਾ ਚੁਗਣ ਦਾ ਕੰਮ ਕਰਦੀ ਹਨ। ਉਹ ਧਰਨੇ ਦੀ ਥਾਂ ਤੋਂ ਕੂੜਾ-ਕਰਕਟ ਚੁਗਣ ਆਇਆ ਕਰਦੀ। ਉਨ੍ਹਾਂ ਨੇ ਕਿਹਾ ਕਿ ਉਹ ਜਾਣਦੀ ਸਨ ਕਿ ਧਰਨੇ 'ਤੇ ਬੈਠੇ ਕਿਸਾਨਾਂ ਨੇ ਇੱਕ ਨਾ ਇੱਕ ਦਿਨ ਮੁੜਨਾ ਤਾਂ ਸੀ ਹੀ ਪਰ ਉਨ੍ਹਾਂ ਨੂੰ ਚੰਗਾ ਨਹੀਂ ਲੱਗ ਰਿਹਾ। ''ਅਸੀਂ ਜਦੋਂ ਵੀ ਇੱਥੇ ਕੂੜਾ-ਕਰਕਟ ਚੁਗਣ ਆਉਂਦੇ ਤਾਂ ਉਹ ਸਾਨੂੰ ਦਿਨ ਦੇ ਦੋ ਡੰਗ ਖਾਣਾ ਖੁਆਉਂਦੇ,'' ਉਨ੍ਹਾਂ ਨੇ ਕਿਹਾ।
ਇਸ ਸੜਕ ਦੇ ਮੂਹਰੇ ਜਾਂਦੇ (ਰੋਹਤਕ ਨੂੰ) ਟਰੈਕਟਰਾਂ ਨੂੰ ਪਲਾਸਿਟਕ ਅਤੇ ਕਾਗ਼ਜ਼ ਦੇ ਫੁੱਲਾਂ ਤੇ ਲਿਸ਼ਕਣੀਆਂ ਝੰਡੀਆਂ ਅਤੇ ਯੂਨੀਅਨ ਦੇ ਝੰਡਿਆਂ ਨਾਲ਼ ਸਜਾਇਆ ਗਿਆ ਹੈ। ਅਸੀਂ ਆਪਣੇ ਟਰੈਕਟਰਾਂ ਨੂੰ ਵੀ ਇੰਝ ਹੀ ਸਜਾਇਆ ਹੋਇਆ ਹੈ ਅਤੇ ਕਿਸੇ ਜਸ਼ਨ ਮਨਾਉਂਦੀ ਬਰਾਤ ਵਾਂਗਰ ਅੱਗੇ ਵੱਧਦੇ ਜਾਵਾਂਗੇ,'' 50 ਸਾਲਾ ਸਿਰੀਂਦਰ ਕੌਰ ਨੇ ਕਿਹਾ, ਜੋ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਡਾਲਾ ਤੋਂ ਹਨ। ਇੱਕ ਟਰਾਲੀ ਵਿੱਚ ਉਨ੍ਹਾਂ ਦੇ ਗੱਦੇ, ਭਾਂਡੇ ਅਤੇ ਬਾਕੀ ਸਮਾਨ ਲੱਦਿਆ ਗਿਆ, ਇੱਕ ਦੂਸਰੀ ਟਰਾਲੀ ਵਿੱਚ ਬੰਦਿਆਂ ਨੇ ਬੈਠਣਾ ਸੀ, ਜਦੋਂਕਿ ਔਰਤਾਂ ਇੱਕ ਵੱਖਰੀ ਮੈਟਾਡੋਰ ਵਿੱਚ ਸਵਾਰ ਹੋਈਆਂ।
''ਸੈਂਕੜੇ ਟਰੈਕਟਰ ਮੋਗਾ ਦੇ ਬੁੱਟਰ ਵਿਖੇ ਅੱਪੜਨਗੇ, ਸਾਡੇ ਪਿੰਡਾਂ ਤੋਂ ਦੋ-ਤਿੰਨ ਪਿੰਡ ਪਹਿਲਾਂ। ਉੱਥੇ ਸਾਡਾ ਫੁੱਲਾਂ ਨਾਲ਼ ਸੁਆਗਤ ਕੀਤਾ ਜਾਵੇਗਾ ਅਤੇ ਫਿਰ ਅਖ਼ੀਰ ਅਸੀਂ ਆਪਣੇ ਪਿੰਡ ਅੱਪੜਾਂਗੇ,'' ਸਿਰੀਂਦਰ ਕੌਰ ਨੇ ਕਿਹਾ। ਡਾਲਾ ਪਿੰਡ ਵਿਖੇ ਉਨ੍ਹਾਂ ਦਾ ਪਰਿਵਾਰ ਝੋਨੇ, ਕਣਕ ਅਤੇ ਕਾਬਲੀ ਛੋਲਿਆਂ ਦੀ ਕਾਸ਼ਤ ਕਰਦਾ ਹੈ। ਉਨ੍ਹਾਂ ਦੀ ਪਿਛੋਕੜ ਸੁਤੰਤਰਤਾ ਸੈਲਾਨੀਆਂ ਦੀ ਹੈ, ਉਨ੍ਹਾਂ ਨੇ ਕਿਹਾ। ਇਸ ਸਮੇਂ (11 ਦਸੰਬਰ ਤੀਕਰ),''ਮੇਰਾ ਇੱਕ ਦਿਓਰ ਟੀਕਰੀ, ਇੱਕ ਦਿਓਰ ਸਿੰਘੂ ਵਿਖੇ ਪ੍ਰਦਰਸ਼ਨ ਵਿੱਚ ਮੌਜੂਦ ਰਹੇ ਹਨ ਅਤੇ ਮੇਰਾ ਪਰਿਵਾਰ ਇੱਥੇ (ਬਹਾਦੁਰਗੜ੍ਹ, ਰੋਹਤਕ ਰੋਡ) ਤਾਇਨਾਤ ਰਿਹਾ। ਸਾਡਾ ਪਰਿਵਾਰ ਯੋਧਿਆਂ ਦਾ ਪਰਿਵਾਰ ਹੈ ਅਤੇ ਹੁਣ ਅਸੀਂ ਇਹ ਲੜਾਈ ਵੀ ਜਿੱਤ ਲਈ ਹੈ। ਤਿੰਨੋਂ ਖੇਤੀ ਕਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਸਾਡੀ ਮੰਗ ਮੰਨੀ ਗਈ ਹੈ ਹੁਣ ਅਸੀਂ ਉਵੇਂ ਹੀ ਕਰਾਂਗੇ ਜਿਵੇਂ ਸਾਡੀ ਯੂਨੀਅਨ (ਬੀਕੇਯੂ ਏਕਤਾ ਉਗਰਾਹਾਂ) ਕਹਿੰਦੀ ਹੈ।''
ਇੱਕ ਹੋਰ ਟਰਾਲੀ ਵਿੱਚ ਸਵਾਰ 48 ਸਾਲਾ ਕਿਰਨਪ੍ਰੀਤ ਕੌਰ ਕਾਫ਼ੀ ਥੱਕੀ ਹੋਈ ਜਾਪ ਰਹੀ ਸਨ। ਉਹ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਬਧਨੀ ਕਲਾਂ ਤੋਂ ਹਨ। ''ਅਸੀਂ ਸਿਰਫ਼ ਇੱਕ ਘੰਟਾ ਹੀ ਸੁੱਤੇ। ਕੱਲ੍ਹ ਤੋਂ ਹੀ ਅਸੀਂ ਸਮਾਨ ਬੰਨ੍ਹ ਰਹੇ ਹਾਂ,'' ਉਨ੍ਹਾਂ ਨੇ ਕਿਹਾ। ''ਅਸੀਂ ਜਿੱਤ ਦਾ ਜਸ਼ਨ ਮਨਾਉਣ ਵਿੱਚ ਮਘਨ ਰਹੇ ਜੋ ਸਵੇਰੇ 3 ਵਜੇ ਤੀਕਰ ਚੱਲਿਆ।''
ਪਿਛਾਂਹ ਘਰੇ, ਉਨ੍ਹਾਂ ਦਾ ਪਰਿਵਾਰ 15 ਏਕੜ ਦੀ ਪੈਲ਼ੀ ਵਿੱਚ ਕਣਕ, ਝੋਨਾ, ਮੱਕੀ, ਸਰ੍ਹੋਂ ਅਤੇ ਆਲੂਆਂ ਦੀ ਕਾਸ਼ਤ ਕਰਦਾ ਹੈ। ਉਨ੍ਹਾਂ ਨੇ ਅੱਗੇ ਕਿਹਾ,''ਇੱਥੇ ਰਹਿ ਕੇ ਮੈਂ ਸਿੱਖਿਆ ਕਿ ਸ਼ਾਂਤਮਈ ਪ੍ਰਦਰਸ਼ਨ ਕਿਵੇਂ ਕਰੀਦਾ ਹੈ ਅਤੇ ਖ਼ਾਸ ਕਰਕੇ ਉਦੋਂ ਜਦੋਂ ਅਸੀਂ ਆਪਣੇ ਹੱਕਾਂ ਵਾਸਤੇ ਲੜਦੇ ਹੋਈਏ ਤਾਂ ਜਿੱਤ ਕਿਵੇਂ ਯਕੀਨੀ ਹੋ ਸਕਦੀ ਹੁੰਦੀ ਹੈ।''
ਕਿਰਨਪ੍ਰੀਤ ਨੇ ਕਿਹਾ ਕਿ ਰਵਾਨਾ ਹੋਣ ਤੋਂ ਪਹਿਲਾਂ ਅਸੀਂ ਪੂਰੀ ਦੀ ਪੂਰੀ ਥਾਂ ਦੀ ਸਫ਼ਾਈ ਕਰ ਦਿੱਤੀ ਜੋ ਅਸਾਂ ਘੇਰੀ ਹੋਈ ਸੀ। ''ਮੈਂ ਮਿੱਟੀ ਅੱਗੇ ਸੀਸ ਨਿਵਾਇਆ। ਇਸੇ ਮਿੱਟੀ ਨੇ ਸਾਨੂੰ ਪ੍ਰਦਰਸ਼ਨ ਕਰਨ ਦੀ ਥਾਂ ਦਿੱਤੀ। ਜਿਸ ਮਿੱਟੀ ਦੀ ਤੁਸੀਂ ਪੂਜਾ ਕਰਦੇ ਹੋ ਉਹ ਆਪਣਾ ਮੁੱਲ ਮੋੜਦੀ ਹੀ ਮੋੜਦੀ ਹੈ।''
ਬਹਾਦੁਰਗੜ੍ਹ ਵਿਖੇ ਬੀਕੇਯੂ ਦੀ ਮੇਨ ਸਟੇਜ ਦੇ ਕੋਲ਼ ਮੌਜੂਦ ਪਰਮਜੀਤ ਕੌਰ ਜੋ ਬਠਿੰਡਾ ਜ਼ਿਲ੍ਹੇ ਦੀ ਮਹਿਲਾ ਯੂਨੀਅਨ ਲੀਡਰ ਹਨ, ਹਰ ਕਿਸੇ ਨੂੰ ਟਰਾਲੀਆਂ ਵਿੱਚ ਥਾਂ ਦਵਾਉਣ ਵਿੱਚ ਰੁੱਝੀ ਹੋਈ ਸਨ। 60 ਸਾਲਾ ਪਰਮਜੀਤ ਕੌਰ ਨੇ ਸੜਕ ਦੇ ਡਿਵਾਈਡਰ ਦਾ ਉਹ ਹਿੱਸਾ ਸਾਫ਼ ਕੀਤਾ ਜਿੱਥੇ ਉਹ ਆਲੂ, ਟਮਾਟਰ, ਸਰ੍ਹੋਂ ਅਤੇ ਹਰੀਆਂ ਸਬਜ਼ੀਆਂ ਉਗਾਇਆ ਕਰਦੀ ਸਨ। (ਦੇਖੋ ਸਟੋਰੀ: ਟੀਕਰੀ ਦੀ ਕਿਸਾਨ : ' ਅਸੀਂ ਇਹ ਸਾਰੇ ਤਸ਼ੱਦਦ ਤਾਉਮਰ ਚੇਤੇ ਰੱਖਾਂਗੇ ' )। ''ਮੈਂ ਸਬਜ਼ੀਆਂ ਤੇ ਫ਼ਸਲ ਨੂੰ ਕੱਟਿਆ ਅਤੇ ਸਾਰਾ ਕੁਝ ਮਜ਼ਦੂਰਾਂ ਨੂੰ ਦੇ ਦਿੱਤਾ,'' ਉਨ੍ਹਾਂ ਨੇ ਕਿਹਾ। ''ਅਸੀਂ ਆਪਣੇ ਨਾਲ਼ ਬਹੁਤ ਥੋੜ੍ਹਾ ਕੁਝ ਹੀ ਵਾਪਸ ਲਿਜਾ ਰਹੇ ਹਾਂ। ਅਸੀਂ ਲੱਕੜਾਂ, ਤਿਰਪਾਲਾਂ ਇੱਥੋਂ ਦੀ ਗ਼ਰੀਬ ਲੋਕਾਂ ਨੂੰ ਦੇ ਦਿੱਤੀਆਂ ਤਾਂ ਕਿ ਉਹ ਆਪਣੇ ਘਰ ਬਣਾ ਲੈਣ।''
ਅੱਜ ਰਾਤੀਂ, ਸਾਡੀ ਟਰਾਲੀ ਰਸਤੇ ਵਿੱਚ ਪੈਂਦੇ ਕਿਸੇ ਗੁਰੂਦੁਆਰਾ ਸਾਹਬ ਵਿਖੇ ਰੁਕੇਗੀ ਅਤੇ ਅਗਲੀ ਸਵੇਰ ਅਸੀਂ ਚਾਲੇ ਪਾਵਾਂਗੇ। ''ਸਾਡੇ ਪਿੰਡ ਵਾਸੀ ਸਾਡਾ ਸੁਆਗਤ ਕਰਨਗੇ। ਅਸੀਂ ਰੱਜ ਕੇ ਖ਼ੁਸ਼ੀਆਂ ਮਨਾਵਾਂਗੇ ਕਿ ਅਖ਼ੀਰ ਅਸੀਂ ਆਪਣੀਆਂ ਜ਼ਮੀਨਾਂ ਬਚਾ ਲਈਆਂ। ਵੈਸੇ ਸਾਡਾ ਸੰਘਰਸ਼ ਅਜੇ ਮੁੱਕਿਆ ਨਹੀਂ। ਅਸੀਂ ਦੋ ਦਿਨ ਅਰਾਮ ਕਰਾਂਗੇ ਅਤੇ ਫਿਰ ਪੰਜਾਬ ਵਿੱਚ ਰਹਿ ਕੇ ਹੀ ਆਪਣੀਆਂ ਹੋਰਨਾਂ ਮੰਗਾਂ ਵਾਸਤੇ ਸੰਘਰਸ਼ ਵਿੱਢ ਦਿਆਂਗੇ।''
ਜਦੋਂ ਉਹ ਬੋਲ ਰਹੀ ਸਨ ਤਾਂ ਆਪੋ-ਆਪਣੀਆਂ ਟਰੈਕਟਰ-ਟਰਾਲੀਆਂ ਵਿੱਚ ਸਵਾਰ ਕਿਸਾਨਾਂ ਦੀ ਇੱਕ ਕਾਫ਼ਲਾ ਉਨ੍ਹਾਂ ਦੇ ਕੋਲ਼ੋਂ ਦੀ ਲੰਘ ਰਿਹਾ ਸੀ। ਮੁੜਦੇ ਕਿਸਾਨਾਂ ਦੇ ਵਾਹਨਾਂ ਦੀ ਭੀੜ ਦੇ ਪ੍ਰਬੰਧਨ ਵਾਸਤੇ ਹਰਿਆਣਾ ਪੁਲਿਸ ਤਾਇਨਾਤ ਕੀਤੀ ਗਈ ਸੀ। ਧਰਨਾ ਸਥਲ ਦੇ ਸ਼ੁਰੂ ਵਿੱਚ ਇੱਕ ਜੇਸੀਬੀ ਮਸ਼ੀਨ ਉਨ੍ਹਾਂ ਪੱਥਰਾਂ ਨੂੰ ਤੋੜ ਤੋੜ ਹਟਾਉਂਦੀ ਹੋਈ ਜਿਨ੍ਹਾਂ ਨੂੰ ਪਿਛਲੇ ਸਾਲ ਪ੍ਰਸ਼ਾਸਨ ਨੇ ਥਾਂ ਥਾਂ ਜੜ੍ਹਿਆ ਸੀ ਤਾਂ ਕਿ ਕਿਸਾਨਾਂ ਨੂੰ ਦਿੱਲੀ ਅੰਦਰ ਵੜ੍ਹਨ ਤੋਂ ਰੋਕਿਆ ਜਾ ਸਕੇ। ਵੈਸੇ ਇਹ ਥਾਂ ਪੰਜਾਬ ਕਿਸਾਨ ਯੂਨੀਅਨ ਦੀ ਸਟੇਜ ਤੋਂ ਕੋਈ ਬਹੁਤੀ ਦੂਰ ਨਹੀਂ ਸੀ।
ਸਵੇਰ ਦੇ 11 ਵੱਜਦੇ ਵੱਜਦੇ, ਟੀਕਰੀ ਦੀ ਜਮ਼ੀਨ ਤੋਂ ਹਰ ਸ਼ੈਅ ਹਟਾ ਦਿੱਤੀ ਗਈ ਅਤੇ ਜੋ ਵੀ ਟਾਂਵੇ-ਟਾਂਵੇ ਪ੍ਰਦਰਸ਼ਨਕਾਰੀ ਬਚੇ ਵੀ ਸਨ, ਉਹ ਵੀ ਵਾਪਸ ਨਿਕਲ਼ਣ ਨੂੰ ਤਿਆਰ-ਬਰ-ਤਿਆਰ ਖੜ੍ਹੇ ਸਨ। ਉਹ ਥਾਂ ਜਿੱਥੇ ਪਿਛਲੇ ਇੱਕ ਸਾਲ ਤੋਂ 'ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ' ਦੇ ਨਾਅਰੇ ਗੂੰਜਦੇ ਆਏ ਸਨ... ਅੱਜ ਸ਼ਾਂਤ ਹੋ ਗਈ। ਪਰ ਇਨ੍ਹਾਂ ਨਾਅਰਿਆਂ ਦੀ ਗੂੰਜ ਕਿਸਾਨਾਂ ਦੇ ਨਾਲ਼ ਉਨ੍ਹਾਂ ਦੀ ਪਿੰਡਾਂ ਤੀਕਰ ਗੂੰਜਦੀ ਜਾਵੇਗੀ ਜਿੱਥੇ ਉਨ੍ਹਾਂ ਨੇ ਆਪਣੀ ਲੜਾਈ ਨੂੰ ਜਾਰੀ ਰੱਖਣ ਦਾ ਇਰਾਦਾ ਕੀਤਾ ਹੋਇਆ ਹੈ।
ਤਰਜਮਾ: ਕਮਲਜੀਤ ਕੌਰ