“ਕੀ ਤੁਸੀਂ ਜਾਣਦੇ ਹੋ ਉਹ ਕਿਹੜੀ ਸ਼ੈਅ ਹੈ ਜੋ ਇਸ ਗੱਲ ਨੂੰ ਸੰਭਵ ਬਣਾਉਂਦੀ ਹੈ ਕਿ ਅਸੀਂ ਆਪਣੇ ਅਧਿਕਾਰਾਂ ਅਤੇ ਸੁਤੰਤਰਤਾਵਾਂ ਨੂੰ ਜਾਣ ਵੀ ਸਕੀਏ ਤੇ ਮਾਣ ਵੀ ਸਕੀਏ? ਉਹ ਹੈ ਭਾਰਤ ਦਾ ਸੰਵਿਧਾਨ ।” ਰਾਮਪਿਆਰੀ ਨੇ ਆਪਣੀ ਕਿਤਾਬਾਂ ਦੀ ਮੋਬਾਇਲ (ਤੁਰਦੀ-ਫਿਰਦੀ) ਦੁਕਾਨ ਵਿਖੇ ਕਿਤਾਬਾਂ ਦੇਖ ਰਹੇ ਇੱਕ ਗਾਹਕ ਨੂੰ ਸੰਵਿਧਾਨ ਦੀ ਕਾਪੀ ਦਿਖਾਉਂਦਿਆਂ ਕਹਿੰਦੇ ਹਨ। ਛੱਤੀਸਗੜ੍ਹ ਦੇ ਧਮਤਰੀ ਜ਼ਿਲ੍ਹੇ ਵਿਖੇ ਪੈਂਦੇ ਪਿੰਡ ‘ਘੋਟਗਾਓਂ’ ਦੇ ਹਾਟ ਬਜ਼ਾਰ ਵਿਖੇ ਕਿਤਾਬਾਂ ਦੇ ਇਸ ਸਟਾਲ ‘ਤੇ ਰੱਖੀਆਂ ਕਿਤਾਬਾਂ ਵਿੱਚੋਂ ਸਭ ਤੋਂ ਮੋਟੀ ਕਿਤਾਬ ਸੀ ਭਾਰਤ ਦਾ ਸੰਵਿਧਾਨ। ਇਹ ਹਫ਼ਤਾਵਰੀ ਬਜ਼ਾਰ, ਧਮਤਰੀ ਜ਼ਿਲ੍ਹੇ ਦੇ ਨਗਰੀ ਬਲਾਕ ਵਿੱਚ ਸਥਿਤ ਰਾਮਪਿਆਰੀ ਦੇ ਪਿੰਡ ਜੋਰਾਡਬਰੀ ਰੈਯਤ ਤੋਂ ਕਰੀਬ 13 ਕਿਲੋਮੀਟਰ ਦੂਰ ਲੱਗਦਾ ਹੈ।
ਰਾਮਪਿਆਰੀ, ਜੋ ਖ਼ੁਦ ਪੜ੍ਹ ਜਾਂ ਲਿਖ ਤਾਂ ਨਹੀਂ ਸਕਦੇ, ਪਰ ਕਿਤਾਬਾਂ ਦੇ ਆਪਣੇ ਸਟਾਲ ’ਤੇ ਆਉਣ ਵਾਲ਼ੇ ਹਰੇਕ ਗਾਹਕ ਨੂੰ ਭਾਰਤ ਦੇ ਸੰਵਿਧਾਨ ਦਾ ਮਹੱਤਵ ਸਮਝਾ ਰਹੇ ਸਨ। ਉਨ੍ਹਾਂ ਵਾਂਗਰ ਹੀ, ਉਨ੍ਹਾਂ ਦੇ ਸੰਭਾਵਨਾ-ਸੰਪੰਨ ਗਾਹਕ ਉਸੇ ਇਲਾਕੇ ਦੇ ਆਦਿਵਾਸੀ ਭਾਈਚਾਰਿਆਂ ਨਾਲ਼ ਤਾਅਲੁੱਕ ਰੱਖਦੇ ਸਨ; ਅਤੇ ਇਸ ਕਿਤਾਬ ਵੇਚਣ ਵਾਲ਼ੇ ਦੀ ਮੁੱਖ ਦਿਲਚਸਪੀ ਉਨ੍ਹਾਂ ਨੂੰ ਸਿਰਫ਼ ਸੰਵਿਧਾਨ ਤੋਂ ਜਾਣੂ ਕਰਾਉਣ ਵਿੱਚ ਹੀ ਸੀ।
ਇਹ “ਐਨੀ ਪਵਿੱਤਰ ਕਿਤਾਬ” ਹੈ ਕਿ ਹਰੇਕ ਨੂੰ ਇਹਨੂੰ ਆਪਣੇ ਘਰੇ ਰੱਖਣਾ ਚਾਹੀਦਾ ਹੈ ਅਤੇ ਇਸ ਨੂੰ ਪੜ੍ਹ ਕੇ ਆਪਣੇ ਹੱਕਾਂ ਅਤੇ ਫ਼ਰਜ਼ਾਂ ਬਾਰੇ ਜਾਣਨਾ ਚਾਹੀਦਾ ਹੈ, ਰਾਮਪਿਆਰੀ ਨੇ ਕਿਹਾ। “ਕੀ ਤੁਸੀਂ ਜਾਣਦੇ ਹੋ ਕਿ ਸਾਨੂੰ ਆਦਿਵਾਸੀਆਂ ਅਤੇ ਦਲਿਤਾਂ ਨੂੰ ਰਾਖਵਾਂਕਰਨ (ਉੱਚੇਰੀ ਸਿੱਖਿਆ ਅਤੇ ਸਰਕਾਰੀ ਨੌਕਰੀਆਂ ਵਿੱਚ) ਪ੍ਰਾਪਤ ਹੈ ਜੋ ਭਾਰਤ ਦੇ ਸੰਵਿਧਾਨ ਅਤੇ ਇਹਦੇ ਪ੍ਰੋਵੀਜ਼ਨਾਂ ਅਤੇ ਪੰਜਵੀਂ ਅਤੇ ਛੇਵੀਂ ਅਨੁਸੂਚੀ (ਆਦਿਵਾਸੀ ਭਾਈਚਾਰਿਆਂ ਦੀ ਸੁਰੱਖਿਆ ਕਰਨ ਵਾਲ਼ੀ) ਦੁਆਰਾ ਹੀ ਹਾਸਲ ਹੋਇਆ ਹੈ?” ਰਾਮਪਿਆਰੀ ਨੇ ਇਹ ਗੱਲਾਂ ਘੋਟਗਾਓਂ ਦੇ ਉਨ੍ਹਾਂ ਲੋਕਾਂ ਨੂੰ ਕਹੀਆਂ ਜੋ ਹਾਟ ਵਿਖੇ ਰਾਸ਼ਨ, ਸਬਜ਼ੀਆਂ ਅਤੇ ਹੋਰ ਲੋੜਵੰਦੀਆਂ ਵਸਤੂਆਂ ਖਰੀਦਣ ਆਏ ਹੋਏ ਸਨ।
ਰਾਮਪਿਆਰੀ ਦਾ ਚਿਹਰਾ-ਮੋਹਰਾ ਦੇਖ ਕੇ ਉਨ੍ਹਾਂ ਦੀ ਉਮਰ 50 ਸਾਲ ਦੇ ਕਰੀਬ ਲੱਗਦੀ ਹੈ। ਉਹ ਛੱਤੀਸਗੜ੍ਹ ਦੇ ਸਭ ਤੋਂ ਵੱਡੇ ਆਦਿਵਾਸੀ ਸਮੂਹ ‘ਗੋਂਡ’ ਨਾਲ਼ ਤਾਅਲੁੱਕ ਰੱਖਦੇ ਹਨ- ਜਿੱਥੇ ਰਾਜ ਦੀ ਕੁੱਲ ਅਬਾਦੀ ਵਿੱਚ ਇੱਕ ਤਿਹਾਈ ਵਸੋਂ ਇਸੇ ਕਬੀਲੇ ਦੀ ਹੀ ਹੈ। ਉਹ ਜਿਹੜੀਆਂ ਕਿਤਾਬਾਂ ਵੇਚ ਰਹੇ ਹਨ ਉਨ੍ਹਾਂ ਵਿੱਚੋਂ ਬਹੁਤੇਰੀਆਂ ਕਿਤਾਬਾਂ ਹਿੰਦੀ ਵਿੱਚ ਹਨ। ਜਿਨ੍ਹਾਂ ਵਿੱਚੋਂ ਕੁਝ ਕੁ ਕਿਤਾਬਾਂ ਦੇ ਸਿਰਲੇਖ ਇੰਝ ਹਨ ਤੀਸਰੀ ਅਜ਼ਾਦੀ ਕਾ ਸਿੰਹਗਰਜਨਾ ; ਬਿਰਸਾ ਮੁੰਡਾ : ਸਚ੍ਰਿਤਰ ਜੀਵਨੀ ; ਭ੍ਰਿਸ਼ਟਾਚਾਰ ; ਹਿੰਦੂ ਆਦਿਵਾਸੀ ਨਹੀਂ ਹੈਂ। ਹਾਲਾਂਕਿ ਉਹ ਗੋਂਡੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਵੀ ਕੁਝ ਕੁਝ ਕਿਤਾਬਾਂ ਰੱਖਦੇ ਹਨ। ਜਿਵੇਂ ਹੀ ਕੋਈ ਗਾਹਕ ਕਿਸੇ ਕਿਤਾਬ ਨੂੰ ਹੱਥ ਪਾਉਂਦਾ ਹੈ, ਰਾਮਪਿਆਰੀ ਉਸ ਕਿਤਾਬ ਬਾਰੇ ਦੱਸਣ ਲੱਗਦੇ ਹਨ, ਜੋ ਕਿਸੇ ਵੀ ਕਿਤਾਬ ਦੀ ਸੰਖੇਪ ਸਮੀਖਿਆ ਵਾਂਗ ਲੱਗਦਾ ਹੈ।
“ਮੈਂ ਕਦੇ ਸਕੂਲ ਨਹੀਂ ਗਿਆ; ਮੈਂ ਪੜ੍ਹ-ਲਿਖ ਨਹੀਂ ਸਕਦਾ,” ਰਾਮਪਿਆਰੀ ਮੈਨੂੰ ਦੱਸਦੇ ਹਨ। ਪੜ੍ਹਨ ਲਈ ਉਹ ਪਿੰਡ ਦੇ ਸੇਵਾਮੁਕਤ ਸਰਪੰਚ ਸੋਬਸਿੰਘ ਮੰਡਾਵੀ ਦੀ ਮਦਦ ਲੈਂਦੇ ਹਨ, ਜੋ ਕਰੀਬ ਕਰੀਬ 70 ਸਾਲਾਂ ਦੇ ਹਨ। “ਮੈਂ ਉਨ੍ਹਾਂ ਨੂੰ ਕਿਤਾਬਾਂ ਪੜ੍ਹਨ ਦੀ ਬੇਨਤੀ ਕਰਦਾ ਹਾਂ। ਉਹ ਮੈਨੂੰ ਦੱਸਦੇ ਹਨ ਕਿ ਕਿਤਾਬ ਅੰਦਰ ਲਿਖਿਆ ਕੀ ਹੈ ਅਤੇ ਫਿਰ ਉਹੀ ਗੱਲ ਨੂੰ ਮੈਂ ਆਪਣੇ ਗਾਹਕਾਂ ਨੂੰ ਦੱਸਦਾ ਹਾਂ। ਮੈਂ ਤਾਂ ਕਿਤਾਬਾਂ ਦੀ ਕੀਮਤ ਵੀ ਨਹੀਂ ਪੜ੍ਹ ਪਾਉਂਦਾ, ਪਰ ਜੇ ਕੋਈ ਇੱਕ ਵਾਰ ਪੜ੍ਹ ਕੇ ਦੱਸ ਦੇਵੇ ਤਾਂ ਮੈਨੂੰ ਚੇਤੇ ਰਹਿੰਦਾ ਹੈ,” ਰਾਮਪਿਆਰੀ ਆਪਣੀ ਗੱਲ ਪੂਰੀ ਕਰਦੇ ਹਨ।
ਉਨ੍ਹਾਂ ਨੇ ਕਿਤਾਬਾਂ ਵੇਚਣ ਦਾ ਕੰਮ ਕਰੀਬ 15 ਸਾਲ ਪਹਿਲਾਂ ਸ਼ੁਰੂ ਕੀਤਾ। ਉਸ ਤੋਂ ਪਹਿਲਾਂ ਉਹ ਦੂਸਰਿਆਂ ਦੇ ਖੇਤਾਂ ਵਿੱਚ ਦਿਹਾੜੀ-ਧੱਪਾ ਕਰਦੇ ਸਨ। ਫਿਰ ਉਨ੍ਹਾਂ ਹਾਟ ਵਿੱਚ ਬੀਜ਼ ਅਤੇ ਕੀਟਨਾਸ਼ਕ ਵੇਚਣੇ ਸ਼ੁਰੂ ਕੀਤੇ। ਜੋਰਾਡਬਰੀ ਰੈਯਤ ਦੇ 10-15 ਕਿਲੋਮੀਟਰ ਦੇ ਘੇਰੇ (ਛੱਤੀਸਗੜ੍ਹ ਦੇ ਕੇਂਦਰ) ਵਿੱਚ ਲੱਗਣ ਵਾਲ਼ੇ ਇਸ ਹਫ਼ਤਾਵਰੀ ਬਜ਼ਾਰ ਵਿਖੇ ਉਹ ਅਜੇ ਵੀ ਭਿੰਡੀਆਂ, ਟਮਾਟਰ, ਖੀਰੇ ਅਤੇ ਫਲੀਆਂ ਦੇ ਬੀਜ ਵੇਚਦੇ ਹਨ। ਬੀਜ ਵੇਚਣ ਵਾਲ਼ਾ ਇਹ ਹਿੱਸਾ ਵੱਖਰਾ ਹੁੰਦਾ ਹੈ ਅਤੇ ਕਿਤਾਬਾਂ, ਕੈਲੰਡਰ ਅਤੇ ਘੜੀਆਂ ਵੇਚਣ ਦਾ ਸਟਾਲ ਦੂਜੇ ਹਿੱਸੇ ਵਿੱਚ ਹੁੰਦਾ ਹੈ।
ਪਹਿਲੀ ਨਜ਼ਰੇ, ਕੋਈ ਵੀ ਰਾਮਪਿਆਰੀ ਨੂੰ ਸਿਰਫ਼ ਕਿਤਾਬਾਂ ਅਤੇ ਬੀਜ਼ ਵੇਚਣ ਵਾਲ਼ਾ ਸਮਝਣ ਦੀ ਗ਼ਲਤੀ ਕਰ ਸਕਦਾ ਹੈ। ਪਰ ਉਹ ਇਸ ਤੋਂ ਕਿਤੇ ਵੱਧ ਕੇ ਹਨ। ਉਹ ਖ਼ੁਦ ਬਾਰੇ ਕਹਿੰਦੇ ਹਨ ਕਿ ਉਹ ਇੱਕ ਕਾਰਯਕਰਤਾ (ਕਾਰਕੁੰਨ) ਹਨ। ਉਨ੍ਹਾਂ ਨੇ ਆਦਿਵਾਸੀਆਂ ਨੂੰ ਉਨ੍ਹਾਂ ਦੇ ਮੁੱਦਿਆਂ ਅਤੇ ਅਧਿਕਾਰਾਂ ਬਾਰੇ ਦੱਸਣ ਵਾਸਤੇ ਕਿਤਾਬਾਂ ਵੇਚਣੀਆਂ ਸ਼ੁਰੂ ਕੀਤੀਆਂ। ਮੜਈ (ਵਾਢੀ ਦਾ ਤਿਓਹਾਰ) ਅਤੇ ਮੇਲਿਆਂ ਵਿੱਚ ਜਦੋਂ ਉਹ ਬੀਜ ਵੇਚਣ ਜਾਂਦੇ ਹੁੰਦੇ ਸਨ ਤਾਂ ਆਦਿਵਾਸੀਆਂ ਨਾਲ਼ ਜੁੜੇ ਮੁੱਦਿਆਂ ‘ਤੇ ਹੋਣ ਵਾਲ਼ੀਆਂ ਚਰਚਾਵਾਂ ਅਤੇ ਬਹਿਸਾਂ ਨੇ ਉਨ੍ਹਾਂ ਨੂੰ ਡੂੰਘਿਆਈ ਤੋਂ ਸੋਚਣ ਅਤੇ ਆਦਿਵਾਸੀਆਂ ਭਾਈਚਾਰਿਆਂ ਵਾਸਤੇ ਕੁਝ ਕਰ ਗੁਜ਼ਰਨ ਲਈ ਕੀਲਿਆ।
“ਮੈਂ ਆਪਣੇ ਸਾਥੀ ਆਦਿਵਾਸੀਆਂ ਦਰਮਿਆਨ ਜਾਗਰੂਕਤਾ ਫੈਲਾ ਰਿਹਾ ਹਾਂ,” ਰਾਮਪਿਆਰੀ ਕਹਿੰਦੇ ਹਨ, ਜੋ ਦਿਲਚਸਪੀ ਭਰਪੂਰ ਅਤੇ ਪ੍ਰੇਰਨਾਦਾਇਕ ਪੋਸਟਰ ਵੀ ਵੇਚਦੇ ਹਨ। ਉਨ੍ਹਾਂ ਪੋਸਟਰਾਂ ਵਿੱਚੋਂ ਇੱਕ ਪੋਸਟਰ ਰਾਵਣ ਦਾ ਹੈ, ਜੋ ਇੱਕ ਮਿਥਿਹਾਸਕ ਕਿਰਦਾਰ ਹੈ ਅਤੇ ਜਿਹਨੂੰ ਗੋਂਡ ਆਦਿਵਾਸੀ ਆਪਣਾ ਪੂਰਵਜ (ਪੁਰਖਾ) ਮੰਨਦੇ ਹਨ। “ਸਾਡੇ ਲੋਕ ਸਿੱਖਿਆ ਅਤੇ ਆਪਣੇ ਅਧਿਕਾਰਾਂ ਤੋਂ ਵਾਂਝੇ ਹਨ ਕਿਉਂਕਿ ਉਹ ਜਾਗਰੂਕ ਨਹੀਂ। ਸੰਵਿਧਾਨ ਦੁਆਰਾ ਸ਼ਕਤੀਆਂ ਮਿਲ਼ੇ ਹੋਣ ਦੇ ਬਾਵਜੂਦ, ਅਸੀਂ ਉਨ੍ਹਾਂ ਅਧਿਕਾਰਾਂ ਦਾ ਇਸਤੇਮਾਲ ਨਹੀਂ ਕਰ ਪਾਉਂਦੇ। ਸਾਡੀ ਮਸੂਮੀਅਤ ਹੀ ਸਾਡੇ ਸ਼ੋਸ਼ਣ ਦਾ ਕਾਰਨ ਬਣਦੀ ਹੈ,” ਉਹ ਜੋਸ਼ ਨਾਲ਼ ਕਹਿੰਦੇ ਹਨ। ਮੜਈ ਅਤੇ ਮੇਲਿਆਂ ਵਿੱਚ ਕਿਤਾਬਾਂ ਅਤੇ ਪੋਸਟਰਾਂ ਤੋਂ ਇਲਾਵਾ ਉਨ੍ਹਾਂ ਨੇ ਕਈ ਹੋਰ ਵਸਤਾਂ ਦਾ ਸਟਾਲ ਵੀ ਲਾਇਆ ਹੁੰਦਾ ਹੈ ਜਿਨ੍ਹਾਂ ਵਿੱਚ ਆਦਿਵਾਸੀ ਤਿਓਹਾਰਾਂ ਅਤੇ ਸਮਾਗਮਾਂ ਦੀ ਜਾਣਕਾਰੀ ਦਿੰਦਾ ਕੈਲੰਡਰ; ਉਲਟੀ ਦਿਸ਼ਾ ਵਿੱਚ ਘੁੰਮਦੀ ਆਦਿਵਾਸੀ ਘੜੀ ; ਅਤੇ ਆਦਿਵਾਸੀ (ਕਬਾਇਲੀ) ਪ੍ਰਤੀਕਾਂ ਵਾਲ਼ੇ ਬ੍ਰੈਸਲੈਟ ਅਤੇ ਹਾਰ ਵੀ ਸ਼ਾਮਲ ਹੁੰਦੇ ਹਨ।
ਰਾਮਪਿਆਰੀ, ਛੱਤੀਸਗੜ੍ਹ ਦੇ ਬਸਤਰ ਅਤੇ ਹੋਰ ਦੱਖਣੀ ਹਿੱਸਿਆਂ ਦੇ ਨਾਲ਼ ਨਾਲ਼, ਛੱਤੀਸਗੜ੍ਹ ਦੇ ਕਰੀਬ ਕਰੀਬ ਪੂਰੇ ਆਦਿਵਾਸੀ ਇਲਾਕੇ ਵਿੱਚ ਘੁੰਮਦੇ ਰਹੇ ਹਨ। ਉਹ ਓੜੀਸਾ, ਮਹਾਂਰਾਸ਼ਟਰ ਅਤੇ ਤੇਲੰਗਾਨਾ ਜਿਹੇ ਆਸਪਾਸ ਦੇ ਰਾਜਾਂ ਵਿੱਚ ਹੋਣ ਵਾਲ਼ੇ ਮੇਲਿਆਂ ਅਤੇ ਅਯੋਜਨਾਂ ਵਿੱਚ ਵੀ ਜਾਂਦੇ ਹਨ। ਇੱਕ ਵਾਰ ਵਿੱਚ, ਉਹ ਆਪਣੇ ਨਾਲ਼ 400-500 ਕਿਤਾਬਾਂ ਅਤੇ ਹੋਰ ਸਮਾਨ ਵੇਚਣ ਲਈ ਲਿਜਾਂਦੇ ਹਨ। ਪਿਛਲੇ ਦਹਾਕੇ ਦੌਰਾਨ, ਇਸ ਰਿਪੋਰਟ ਦੀ ਛੱਤੀਸਗੜ੍ਹ ਅਤੇ ਓੜੀਸਾ ਦੇ ਕਈ ਅਯੋਜਨਾਂ ਵਿੱਚ ਉਨ੍ਹਾਂ ਨਾਲ਼ ਮੁਲਾਕਾਤ ਹੋਈ ਹੈ।
“ਸ਼ੁਰੂ ਵਿੱਚ ਤਾਂ ਮੈਂ ਖ਼ੁਦ ਕਿਤਾਬਾਂ ਖਰੀਦਿਆ ਕਰਦਾ ਅਤੇ ਫਿਰ ਵੰਡ ਵੀ ਦਿਆ ਕਰਦਾ। ਮੈਂ ਕਰੀਬ 10,000-12,000 ਕਿਤਾਬਾਂ ਮੁਫ਼ਤ ਹੀ ਵੰਡੀਆਂ ਹੋਣਗੀਆਂ,” ਰਾਮਪਿਆਰੀ ਦੱਸਦੇ ਹਨ ਜੋ ਲੰਬੇ ਸਮੇਂ ਤੱਕ ਆਪਣੀ ਮੋਟਰਸਾਈਕਲ ‘ਤੇ ਕਿਤਾਬਾਂ ਬੰਨ੍ਹ ਕੇ ਇੱਧਰ-ਉੱਧਰ ਲਿਜਾਂਦੇ ਸਨ। ਉਹ ਇਨ੍ਹਾਂ ਕਿਤਾਬਾਂ ਨੂੰ ਮਹਾਰਾਸ਼ਟਰ ਦੇ ਨਾਗਪੁਰ, ਮੱਧਪ੍ਰਦੇਸ਼ ਦੇ ਜਬਲਪੁਰ ਅਤੇ ਛੱਤੀਸਗੜ੍ਹ ਦੇ ਰਾਇਪੁਰ ਤੋਂ ਮੰਗਵਾਉਂਦੇ ਹਨ। ਉਹ ਦੱਸਦੇ ਹਨ ਕਿ ਨਾ ਤਾਂ ਉਨ੍ਹਾਂ ਦੀ ਕੋਈ ਨਿਰਧਾਰਤ ਕਮਾਈ ਹੈ ਅਤੇ ਨਾ ਹੀ ਉਹ ਕੋਈ ਹਿਸਾਬ ਹੀ ਰੱਖਦੇ ਹਨ।
ਉਨ੍ਹਾਂ ਕੋਲ਼ 10 ਰੁਪਏ ਤੋਂ ਲੈ ਕੇ 350 ਰੁਪਏ ਤੱਕ ਦੀਆਂ ਕਿਤਾਬਾਂ ਹਨ। ਉਹ ਕਹਿੰਦੇ ਹਨ,“ਇਹ ਕਿਤਾਬਾਂ ਸਾਡੇ ਸਮਾਜ ਬਾਰੇ ਹਨ, ਇਸਲਈ ਇਨ੍ਹਾਂ ਨੂੰ ਲੋਕਾਂ ਤੀਕਰ ਪਹੁੰਚਾਉਣਾ ਜ਼ਰੂਰੀ ਹੈ। ਲੋਕਾਂ ਦਾ ਇਨ੍ਹਾਂ ਕਿਤਾਬਾਂ ਨੂੰ ਪੜ੍ਹਨਾ ਜ਼ਰੂਰੀ ਹੈ। ਤੁਹਾਡੇ ਜਿਹੇ ਲੋਕ (ਰਿਪੋਰਟਰ) ਜਦੋਂ ਸਾਡੇ ਤੋਂ ਸਵਾਲ ਪੁੱਛਦੇ ਹਨ ਤਾਂ ਅਸੀਂ ਝਿਜਕ ਜਾਂਦੇ ਹਾਂ ਅਤੇ ਬੋਲ ਨਹੀਂ ਪਾਉਂਦੇ। ਮੈਨੂੰ ਸਮਝ ਆਇਆ ਕਿ ਇੰਝ ਇਸਲਈ ਹੈ ਕਿਉਂਕਿ ਸਾਡੇ ਪੁਰਖਿਆਂ ਨੂੰ ਮੌਕਿਆਂ ਤੋਂ ਵਾਂਝੇ ਰੱਖਿਆ ਗਿਆ, ਇਸ ਕਾਰਨ ਕਰਕੇ ਅਸੀਂ ਬੋਲ ਨਹੀਂ ਪਾਉਂਦੇ ਸਾਂ, ਨਾ ਹੀ ਆਪਣੀ ਅਵਾਜ਼ ਚੁੱਕ ਪਾਉਂਦੇ ਸਾਂ।”
ਆਪਣੀਆਂ ਯਾਤਰਾਵਾਂ ਨੂੰ ਸੁਖਾਲਾ ਬਣਾਉਣ ਲਈ ਰਾਮਪਿਆਰੀ ਨੇ ਕੁਝ ਸਾਲ ਪਹਿਲਾਂ ਇੱਕ ਪੁਰਾਣੀ ਗੱਡੀ ਖਰੀਦ ਲਈ। ਇਹਦੇ ਲਈ ਉਨ੍ਹਾਂ ਨੇ ਕਿਸੇ ਜਾਣਕਾਰ ਪਾਸੋਂ ਵਿਆਜੀ ਪੈਸੇ ਫੜ੍ਹੇ। ਪਰ ਕੋਵਿਡ-19 ਕਾਰਨ ਕਰਕੇ ਮਾਰਚ 2020 ਵਿੱਚ ਲੱਗੀ ਤਾਲਾਬੰਦੀ ਕਾਰਨ, ਉਨ੍ਹਾਂ ਵਾਸਤੇ ਕਰਜੇ ਦੀਆਂ ਕਿਸ਼ਤਾਂ ਮੋੜਨਾ ਮੁਸ਼ਕਲ ਹੋ ਗਿਆ ਸੀ ਅਤੇ ਉਹ ਦੱਸਦੇ ਹਨ ਕਿ ਉਨ੍ਹਾਂ ਲਈ ਕਿਸ਼ਤਾਂ ਅਦਾ ਕਰਨੀਆਂ ਹਾਲੇ ਵੀ ਮੁਸ਼ਕਲ ਹੀ ਬਣੀਆਂ ਹੋਈਆਂ ਹਨ।
ਸਮਾਨ ਰੱਖਣ ਲਈ ਉਨ੍ਹਾਂ ਕੋਲ਼ ਕੋਈ ਗੁਦਾਮ ਨਹੀਂ ਹੈ। ਰਾਮਪਿਆਰੀ ਆਪਣੇ ਪਿੰਡ ਜੋਰਾਡਬਰੀ ਰੈਯਤ ਵਿਖੇ ਆਪਣੇ ਘਰ ਵਿੱਚ ਹੀ ਸਾਰਾ ਸਮਾਨ ਰੱਖਦੇ ਹਨ, ਉਨ੍ਹਾਂ ਦੇ ਘਰ ਵਿੱਚ ਤਿੰਨ ਕਮਰੇ ਹਨ ਅਤੇ ਛੱਤਾਂ ਖਪਰੈਲ ਦੀਆਂ ਹਨ, ਜਿੱਥੇ ਉਹ ਆਪਣੀ ਪਤਨੀ ਪ੍ਰੇਮਾ ਬਾਈ ਦੇ ਨਾਲ਼ ਰਹਿੰਦੇ ਹਨ। ਦੋਵਾਂ ਨੂੰ ਆਪਣੀ ਉਮਰ ਬਾਰੇ ਨਹੀਂ ਪਤਾ- ਉਨ੍ਹਾਂ ਕੋਲ਼ ਉਮਰ ਦੱਸਦਾ ਨਾ ਤਾਂ ਕੋਈ ਕਾਗ਼ਜ਼ ਹੈ ਤੇ ਨਾ ਹੀ ਜਨਮ ਸਰਟੀਫ਼ਿਕੇਟ। ਜਦੋਂ ਵੀ ਮੌਕਾ ਮਿਲ਼ਦਾ ਹੈ ਤਾਂ ਪ੍ਰੇਮਾ ਵੀ ਰਾਮਪਿਆਰੀ ਦੇ ਨਾਲ਼ ਸਟਾਲ ਵਿਖੇ ਮਦਦ ਕਰਨ ਲਈ ਚਲੀ ਜਾਂਦੀ ਹਨ। ਪਰ, ਜ਼ਿਆਦਾਤਰ ਉਹ ਘਰ ਦੇ ਕੰਮਾਂ ਵਿੱਚ ਰੁਝੀ ਰਹਿੰਦੀ ਹਨ ਅਤੇ ਘਰ ਦੇ ਮਗਰਲੇ ਪਾਸੇ ਮੌਜੂਦ ਜ਼ਮੀਨ ਦੇ ਛੋਟੇ ਜਿਹੇ ਟੁਕੜੇ ‘ਤੇ ਖੇਤੀ ਕਰਦੀ ਹਨ।
“ਮੈਂ ਇਹ ਕੰਮ ਇਸਲਈ ਕਰਦਾ ਹਾਂ ਕਿਉਂਕਿ ਇਸ ਨਾਲ਼ ਮੈਨੂੰ ਸੰਤੁਸ਼ਟੀ ਮਿਲ਼ਦੀ ਹੈ,” ਰਾਮਪਿਆਰੀ ਕਹਿੰਦੇ ਹਨ। “ਅਸੀਂ ਆਦਿਵਾਸੀ ਲੋਕ ਮੜਈ ਅਤੇ ਮੇਲਿਆਂ ਮੌਕੇ ਇਕੱਠੇ ਹੁੰਦੇ ਹਾਂ ਅਤੇ ਜਸ਼ਨ ਮਨਾਉਂਦੇ ਹਾਂ। ਕਮਾਈ ਤਾਂ ਮੈਂ ਕਿਤੇ ਵੀ ਕਰ ਸਕਦਾ ਹਾਂ, ਪਰ ਅਜਿਹੀਆਂ ਥਾਵਾਂ ‘ਤੇ ਮੈਂ ਨਾ ਸਿਰਫ਼ ਕਮਾਈ ਕਰਦਾ ਹਾਂ ਸਗੋਂ ਉਹ ਕੰਮ ਵੀ ਕਰ ਪਾਉਂਦਾ ਹਾਂ ਜਿਹਦੀ ਖ਼ਾਤਰ ਮੈਂ ਜਿਊਂਦਾ ਹਾਂ।”
ਲੋਕ ਪਹਿਲਾਂ ਰਾਮਪਿਆਰੀ ਨੂੰ ਕੋਚਿਆ (ਫੇਰੀਵਾਲ਼ੇ) ਵਜੋਂ ਜਾਣਦੇ ਸਨ। “ਫਿਰ ਉਹ ਮੈਨੂੰ ਸੇਠ ਕਹਿਣ ਲੱਗੇ ਅਤੇ ਹੁਣ ਉਹ ਮੈਨੂੰ ‘ ਸਾਹਿਤਕਾਰ ’ ਵਜੋਂ ਦੇਖਦੇ ਹਨ। ਮੈਨੂੰ ਬੜਾ ਚੰਗਾ ਲੱਗਦਾ ਹੈ!”
ਤਰਜਮਾ: ਕਮਲਜੀਤ ਕੌਰ