' ' ਚਾਲੁਨ, ਚਾਲੁਨ , ਮੈਂ ਬੱਚੇ ਨੂੰ ਕੁੱਖ 'ਚੋਂ ਬਾਹਰ ਆਉਣ 'ਚ ਮਦਦ ਕਰਦੀ ਹਾਂ।''
ਗੁਣਾਮਾਯ ਕਾਂਬਲੇ ਦੀਆਂ ਅੱਖਾਂ ਜਗਣ ਲੱਗੀਆਂ ਜਿਓਂ ਹੀ ਉਨ੍ਹਾਂ ਨੇ ਉਸ ਵੇਲ਼ੇ ਨੂੰ ਯਾਦ ਕੀਤਾ, ਜਦੋਂ ਉਹ ਇੱਕ ਦਾਈ ਹੁੰਦੀ ਸਨ ਤੇ ਹੱਥੀਂ ਬੱਚੇ ਪੈਦਾ ਕਰਾਇਆ ਕਰਦੀ ਸਨ। ਉਨ੍ਹਾਂ ਦੀ 86 ਸਾਲਾ ਉਮਰ ਇਸੇ ਲੇਖੇ ਲੱਗੀ ਰਹੀ। ਇਲਾਕੇ ਦੀ ਮੰਨੀ-ਪ੍ਰਮੰਨੀ ਦਾਈ ਰਹੀ ਗੁਣਾਮਾਯ ਨੇ ਬੱਚੇ ਦੀ ਜਨਮ-ਪ੍ਰਕਿਰਿਆ ਬਾਰੇ ਸਮਝਾਉਣਾ ਸ਼ੁਰੂ ਕੀਤਾ। ਇਹ ਸਮਝਾਉਂਦੇ ਹੋਏ ਕਿ ਬੱਚਾ ਕੁੱਖ 'ਚੋਂ ਖਿਸਕ ਕੇ ਕਿਵੇਂ ਬਾਹਰ ਆਉਂਦਾ ਹੈ ਉਨ੍ਹਾਂ ਨੇ ਮਸਾਂ-ਸੁਣੀਂਦੀ ਅਵਾਜ਼ ਵਿੱਚ ਕਿਹਾ,'' ਹਾਤਤ ਕਾਕਣਂ ਘਾਲਤੋ ਨਾ, ਅਗਦੀ ਤਾਸਾ ! (ਬਿਲਕੁਲ ਇਵੇਂ ਜਿਵੇਂ ਅਸੀਂ ਚੂੜੀਆਂ ਨੂੰ ਗੁੱਟ ਵੱਲ ਨੂੰ ਖਿਸਕਾਉਂਦੇ ਹਾਂ!)।'' ਇੰਨਾ ਕਹਿ ਉਨ੍ਹਾਂ ਨੇ ਆਪਣੇ ਗੁੱਟ 'ਤੇ ਲਿਸ਼ਕਾਂ ਮਾਰਦੀਆਂ ਲਾਲ ਰੰਗੀਆਂ ਚੂੜੀਆਂ ਵੱਲ ਇਸ਼ਾਰਾ ਕੀਤਾ।
ਵਗਦਰੀ ਪਿੰਡ ਦੀ ਇਸ ਦਲਿਤ ਔਰਤ, ਗੁਣਾਮਾਯ ਨੂੰ ਪਹਿਲਾ ਬੱਚਾ ਪੈਦਾ ਕਰਾਇਆਂ ਸੱਤ ਦਹਾਕੇ ਬੀਤ ਚੁੱਕੇ ਹਨ ਤੇ ਉਸ ਤੋਂ ਬਾਅਦ ਉਨ੍ਹਾਂ ਨੇ ਓਸਮਾਨਾਬਾਦ ਦੇ ਸੈਂਕੜੇ ਹੀ ਬੱਚਿਆਂ ਨੂੰ ਮਾਵਾਂ ਦੀਆਂ ਕੁੱਖਾਂ 'ਚੋਂ ਸੁਰੱਖਿਅਤ ਕੱਢ ਧਰਤੀ 'ਤੇ ਲਿਆਂਦਾ। ''ਇਹ ਹੱਥਾਂ ਦਾ ਜਾਦੂ ਹੈ,'' ਬਜ਼ੁਰਗ ਦਾਈ ਨੇ ਕਿਹਾ, ਜਿਨ੍ਹਾਂ ਨੇ ਚਾਰ ਸਾਲ ਪਹਿਲਾਂ 82 ਸਾਲ ਦੀ ਉਮਰੇ ਆਪਣੇ ਹੱਥੀਂ ਬੱਚਾ ਪੈਦਾ ਕਰਵਾਇਆ ਸੀ। ਉਹ ਬੜੇ ਫ਼ਖਰ ਨਾਲ਼ ਦੱਸਦੀ ਹਨ,''ਮੇਰੇ ਹੱਥਾਂ ਤੋਂ ਕਦੇ ਕੋਈ ਗੜਬੜੀ ਨਹੀਂ ਹੋਈ। ਪਰਮਾਤਮਾ ਸਦਾ ਮੇਰੇ ਅੰਗ-ਸੰਗ ਸਹਾਈ ਰਹੇ।''
ਗੁਣਾਮਾਯ ਦੀ ਧੀ, ਵੰਦਨਾ ਸੋਲਾਪੁਰ ਦੇ ਸਿਵਲ ਹਸਪਤਾਲ ਵਾਪਰੀ ਉਸ ਘਟਨਾ ਨੂੰ ਚੇਤਿਆਂ ਕਰਦੀ ਹਨ ਜਦੋਂ ਉਨ੍ਹਾਂ ਦੀ ਮਾਂ ਨੇ ਡਾਕਟਰਾਂ ਨੂੰ ਆਪਣੇ ਹੱਥੀਂ ਪੈਦਾ ਕਰਾਏ ਉਨ੍ਹਾਂ ਤਿੰਨ ਬੱਚਿਆਂ ਨੂੰ ਦੇਖਣ ਲਈ ਕਿਹਾ ਸੀ ਜੋ ਸੀਜ਼ੇਰੀਅਨ ਸੈਕਸ਼ਨ ਨਾਲ਼ ਪੈਦਾ ਹੋਣ ਵਾਲ਼ੇ ਸਨ। ''ਉਨ੍ਹਾਂ ਕਿਹਾ,'ਆਜੀ, ਤੁਸੀਂ ਸਾਡੇ ਨਾਲ਼ੋਂ ਕਿਤੇ ਵੱਧ ਤਜ਼ਰਬੇਕਾਰ ਹੋ'।'' ਗੁਣਾਮਾਯ ਉਸ ਹੈਰਾਨੀ ਤੇ ਤਾਰੀਫ਼ ਭਰੀ ਘਟਨਾ ਨੂੰ ਚੇਤਿਆਂ ਕਰ ਮੁਸਕਰਾਉਣ ਲੱਗੀ।
ਗੁਣਾਮਾਯ ਦੀ ਮੁਹਾਰਤ ਬੱਚੇ ਪੈਦਾ ਕਰਾਉਣ ਤੋਂ ਵੀ ਪਰ੍ਹਾਂ ਸੀ। ਉਨ੍ਹਾਂ ਨੂੰ ਸੋਲਾਪੁਰ, ਕੋਲ੍ਹਾਪੁਰ ਤੇ ਪੂਨੇ ਤੋਂ ਸ਼ੁਰੂ ਹੋ ਕੇ ਮਹਾਰਾਸ਼ਟਰ ਦੇ ਵੱਖ-ਵੱਖ ਹਿੱਸਿਆਂ ਤੋਂ ਸੱਦੇ ਆਉਂਦੇ। ਕੁਝ ਮਹੀਨੇ ਪਹਿਲਾਂ ਪਾਰੀ ਨਾਲ਼ ਹੋਈ ਮੁਲਾਕਾਤ ਦੌਰਾਨ ਉਨ੍ਹਾਂ ਦੀ ਪੋਤੀ, ਸ਼੍ਰੀਦੇਵੀ ਨੇ ਬੜੇ ਫ਼ਖਰ ਨਾਲ਼ ਦੱਸਿਆ,''ਮੇਰੀ ਦਾਦੀ ਉਨ੍ਹਾਂ ਚੀਜ਼ਾਂ ਨੂੰ ਬਾਹਰ ਕੱਢਣ ਵਿੱਚ ਬੜੀ ਮਾਹਰ ਨੇ ਜੋ ਕਈ ਵਾਰੀ ਬੱਚਿਆਂ ਦੀਆਂ ਅੱਖਾਂ, ਕੰਨਾਂ ਤੇ ਨੱਕ 'ਚ ਫੱਸ ਜਾਂਦੀਆਂ ਹੋਣ। ਫਿਰ ਭਾਵੇਂ ਉਹ ਕੱਖ-ਕਾਨ, ਦਾਣੇ ਜਾਂ ਮੋਤੀ ਹੀ ਕਿਉਂ ਨਾ ਹੋਣ।'' ਦਾਈ ਹੋਣ ਨਾਤੇ ਉਹ ਇਨ੍ਹਾਂ ਕੰਮਾਂ ਨੂੰ ਵੀ ਆਪਣੇ ਦਾਈਪੁਣੇ ਦੇ ਕੰਮ ਦਾ ਹਿੱਸਾ ਮੰਨਦੀ ਹਨ। ਉਹ ਢਿੱਡ ਪੀੜ੍ਹ, ਪੀਲੀਏ, ਜ਼ੁਕਾਮ ਤੇ ਖੰਘ ਜਿਹੀਆਂ ਅਲਾਮਤਾਂ ਤੋਂ ਛੁਟਕਾਰੇ ਵਾਸਤੇ ਕਈ ਜੜ੍ਹੀਆਂ-ਬੂਟੀਆਂ ਬਾਰੇ ਜਾਣਕਾਰੀ ਵੀ ਰੱਖਦੀ ਹਨ।
ਗੁਣਾਮਾਯ ਜਿਹੀਆਂ ਦਾਈਆਂ ਰਵਾਇਤੀ ਤੌਰ 'ਤੇ ਬੱਚੇ ਪੈਦਾ ਕਰਾਉਣ ਦਾ ਕੰਮ ਤਾਂ ਕਰਦੀਆਂ ਹੀ ਹਨ ਤੇ ਨਾਲ਼ੋ-ਨਾਲ਼ ਨਰਸ-ਦਾਈਆਂ ਵਾਂਗਰ ਜੱਚਾ ਤੇ ਬੱਚਾ ਦੋਵਾਂ ਦੀ ਦੇਖਭਾਲ਼ ਵੀ ਕਰਦੀਆਂ ਹਨ। ਉਨ੍ਹਾਂ ਨੇ ਕੋਈ ਆਧੁਨਿਕ ਟ੍ਰੇਨਿੰਗ ਜਾਂ ਸਰਟੀਫ਼ਿਕੇਟ ਹਾਸਲ ਨਹੀਂ ਕੀਤਾ ਹੈ, ਪਰ ਜ਼ਿਆਦਾ ਕਰਕੇ ਦਲਿਤ ਪਰਿਵਾਰਾਂ ਤੋਂ ਆਉਣ ਵਾਲ਼ੀਆਂ ਇਨ੍ਹਾਂ ਦਾਈਆਂ ਨੇ ਪਿੰਡਾਂ ਤੇ ਸ਼ਹਿਰਾਂ ਦੇ ਨਿਮਨ-ਵਰਗੀ ਪਰਿਵਾਰਾਂ ਦੀਆਂ ਮਾਵਾਂ ਦੀ ਕਈ ਪੀੜ੍ਹੀਆਂ ਤੱਕ ਮਦਦ ਕੀਤੀ ਹੈ ਤੇ ਉਨ੍ਹਾਂ ਨੂੰ ਦਿਲਾਸਾ ਦਿੱਤਾ ਹੈ,'' ਸ਼ਾਬੁਤ ਬਾਲਾਤੀਨ ਹੋਤੀਸ ( ਤੂੰ ਇਸ ਤੋਂ ਉੱਭਰ ਜਾਵੇਂਗੀ। ਸਭ ਠੀਕ ਹੋ ਜਾਊਗਾ)।''
ਹਾਲਾਂਕਿ, ਪਿਛਲੇ 3-4 ਦਹਾਕਿਆਂ ਤੋਂ ਰਾਜ ਨੇ ਜਿਸ ਤਰੀਕੇ ਨਾਲ਼ ਸੰਸਥਾਗਤ ਪ੍ਰਸਵ ਨੂੰ ਪ੍ਰੋਤਸਾਹਨ ਦੇਣਾ ਸ਼ੁਰੂ ਕੀਤਾ ਹੈ, ਉਸ ਨਾਲ਼ ਕਈ ਦਾਈਆਂ ਦਾ ਕੰਮ ਪ੍ਰਭਾਵਤ ਹੋਇਆ ਹੈ। ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ਦੇ ਪਹਿਲੇ ਪੜਾਅ (1992-93) ਮੁਤਾਬਕ, ਮਹਾਰਾਸ਼ਟਰ ਵਿੱਚ ਅੱਧੇ ਤੋਂ ਵੀ ਘੱਟ ਬੱਚਿਆਂ ਨੇ ਕਿਸੇ ਸਿਹਤ ਕੇਂਦਰ ਤੋਂ ਜਨਮ ਲਿਆ ਸੀ। ਤਿੰਨ ਦਹਾਕਿਆਂ ਬਾਅਦ, 2019-21 ਵਿੱਚ ਇਹ ਅੰਕੜਾ 95 ਪ੍ਰਤੀਸ਼ਤ (ਐੱਨਐੱਫ਼ਐੱਚਐੱਸ-5) ਦਾ ਹੈ।
ਆਪਣੇ ਹੱਥੀਂ ਜੌੜੇ ਬੱਚਿਆਂ ਨੂੰ ਪੈਦਾ ਕਰਾਉਣ ਤੋਂ ਲੈ ਕੇ ਢਿੱਡ ਅੰਦਰ ਪੁੱਠੇ ਹੋਏ ਬੱਚੇ (ਬ੍ਰੀਚ ਪ੍ਰੇਜੈਂਟੇਸ਼ਨ) ਨੂੰ ਜਾਂ ਮਰੇ ਬੱਚੇ ਨੂੰ ਪੈਦਾ ਕਰਾਉਣ ਦੇ ਨਾਲ਼ ਨਾਲ਼ ਮਾਂ ਨੂੰ ਵੀ ਸੰਭਾਲ਼ਣ ਦੇ ਕੰਮ ਵਿੱਚ ਅਜਿਹੀ ਮਾਹਰ ਦਾਈ ਗੁਣਾਮਾਯ ਨੂੰ ਇੱਕ ਗਰਭਵਤੀ ਔਰਤ ਨੂੰ ਕਿਸੇ ਜਨਤਕ ਹਸਪਤਾਲ ਬਾਰੇ ਦੱਸਣ ਜਾਂ ਉਹਨੂੰ ਸਿਹਤ ਕੇਂਦਰ ਲੈ ਜਾਣ ਦੇ ਕੰਮ ਤੱਕ ਹੀ ਸੀਮਤ ਕਰ ਦਿੱਤਾ ਗਿਆ ਹੈ। ਅਜਿਹੇ ਹਰੇਕ ਮਾਮਲੇ ਵਿੱਚ, ਜਿੱਥੇ ਦਾਈ ਕਿਸੇ ਗਰਭਵਤੀ ਔਰਤ ਨੂੰ ਸਰਕਾਰੀ ਹਸਪਤਾਲ ਲੈ ਜਾਂਦੀ ਹੈ, ਉਹਦੇ ਵਾਸਤੇ ਉਨ੍ਹਾਂ ਨੂੰ 80 ਰੁਪਏ ਮਿਲ਼ਦੇ ਹਨ।
ਬੱਚਾ ਪੈਦਾ ਕਰਾਉਣ ਵਿੱਚ ਆਪਣੀ ਘਟਦੀ ਜਾਂਦੀ ਭੂਮਿਕਾ ਦੇ ਬਾਵਜੂਦ ਗੁਣਾਮਾਯ ਨੇ ਕਿਹਾ ਸੀ,''ਪਿੰਡ ਦੇ ਲੋਕ ਮੈਨੂੰ ਪਸੰਦ ਕਰਦੇ ਨੇ ਤੇ ਮੈਨੂੰ ਚਾਹ 'ਤੇ ਬੁਲਾਉਂਦੇ ਨੇ ਜਾਂ ਭਾਖਰ ਦਿੰਦੇ ਨੇ। ਪਰ ਸਾਨੂੰ ਵਿਆਹਾਂ 'ਤੇ ਨਹੀਂ ਬੁਲਾਇਆ ਜਾਂਦਾ। ਸਮਾਰੋਹ ਖ਼ਤਮ ਹੋ ਜਾਣ ਤੋਂ ਬਾਅਦ ਸਾਨੂੰ ਬੱਸ ਖਾਣਾ ਭਿਜਵਾ ਦਿੱਤਾ ਜਾਂਦਾ ਏ।'' ਉਨ੍ਹਾਂ ਦਾ ਸਮਾਜਿਕ ਤਜ਼ਰਬਾ ਦੱਸਦਾ ਹੈ ਕਿ ਭਾਵੇਂ ਉਨ੍ਹਾਂ ਦਾ ਕੰਮ ਸਰਾਹਿਆ ਜਾਂਦਾ ਹੋਵੇ, ਪਰ ਉਨ੍ਹਾਂ ਜਿਹੇ ਦਲਿਤਾਂ ਦੇ ਪੈਰਾਂ ਵਿੱਚ ਹਾਲੇ ਤੱਕ ਜਾਤੀਗਤ ਬੇੜੀਆਂ ਪਈਆਂ ਹੋਈਆਂ ਹਨ।
*****
ਮਾਂਗ ਭਾਈਚਾਰੇ ਦੇ ਇੱਕ ਦਲਿਤ ਪਰਿਵਾਰ ਵਿੱਚ ਪੈਦਾ ਹੋਈ ਗੁਣਾਮਾਯ ਦੇ ਪਿਤਾ ਪੜ੍ਹੇ-ਲਿਖੇ ਸਨ ਤੇ ਉਨ੍ਹਾਂ ਦੇ ਭੈਣ-ਭਰਾ ਵੀ ਸਕੂਲ ਜਾਂਦੇ ਸਨ, ਪਰ ਉਨ੍ਹਾਂ ਦਾ ਵਿਆਹ 7 ਸਾਲ ਦੀ ਉਮਰੇ ਹੀ ਹੋ ਗਿਆ ਸੀ। ਮਾਹਵਾਰੀ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਨੂੰ ਸਹੁਰੇ ਘਰ ਤੋਰ ਦਿੱਤਾ ਗਿਆ। ਉਨ੍ਹਾਂ ਨੇ ਚੇਤੇ ਕਰਦਿਆਂ ਦੱਸਿਆ,''ਮੈਂ 10-12 ਸਾਲਾਂ ਦੀ ਉਮਰੇ ਜ਼ਗਾ (ਫ਼ਰਾਕ) ਪਾਇਆ ਕਰਦੀ ਤੇ ਫਿਰ ਜਿਸ ਸਾਲ ਮੈਂ ਵਗਦਾਰੀ ਰਹਿਣ ਆਈ ਤਾਂ ਉਸੇ ਸਾਲ ਨਾਲਦੁਰਗ ਕਿਲ੍ਹੇ ਨੂੰ ਜਿੱਤ ਲਿਆ ਗਿਆ ਸੀ।'' ਉਹ 1948 ਵਿੱਚ ਭਾਰਤੀ ਸੈਨਾ ਵੱਲੋਂ ਹੈਦਰਾਬਾਦ ਦੇ ਨਿਜ਼ਾਮ ਤੋਂ ਕਿਲ੍ਹੇ ਦਾ ਕਬਜ਼ਾ ਖੋਹ ਕੇ ਆਪਣੇ ਅਧੀਨ ਕੀਤੇ ਜਾਣ ਦੀ ਘਟਨਾ ਦਾ ਹਵਾਲਾ ਦਿੰਦੀ ਹਨ।
ਵਾਗਦਰੀ, ਓਸਮਾਨਾਬਾਦ ਜ਼ਿਲ੍ਹੇ ਦੇ ਤੁਲਜਾਪੁਰ ਤਾਲੁਕਾ ਵਿੱਚ 265 ਘਰਾਂ (ਜਨਗਣਨਾ 2011) ਦਾ ਇੱਕ ਛੋਟਾ ਜਿਹਾ ਪਿੰਡ ਹੈ ਤੇ ਗੁਣਾਮਾਯ ਇੱਕ ਦਲਿਤ ਬਸਤੀ (ਇਲਾਕੇ) ਵਿੱਚ ਪਿੰਡ ਦੇ ਘੇਰੇ-ਘੇਰੇ ਬਣੇ ਇਲਾਕੇ ਵਿੱਚ ਰਹਿੰਦੀ ਸਨ। ਰਮਈ ਆਵਾਸ ਯੋਜਨਾ, ਜੋ ਦਲਿਤਾਂ ਵਾਸਤੇ ਰਾਜ ਦੁਆਰਾ ਲਿਆਂਦੀ ਗਈ ਇੱਕ ਅਵਾਸ ਯੋਜਨਾ ਹੈ ਜਿਹਦੇ ਤਹਿਤ 2019 ਉਨ੍ਹਾਂ ਦੇ ਇੱਕ-ਕਮਰਾ ਘਰ ਵਿੱਚ ਦੋ ਹੋਰ ਕਮਰੇ ਜੋੜੇ ਗਏ।
ਜਦੋਂ ਬਾਲੜੀ ਗੁਣਾਮਾਯ ਦੁਲਹਨ ਬਣ ਪਿੰਡ ਆਈ ਤਾਂ ਉਹ ਇੱਕ ਕੱਚੇ ਘਰ ਵਿੱਚ ਆਪਣੇ ਸਹੁਰੇ ਪਰਿਵਾਰ ਦੇ ਨਾਲ਼ ਰਹਿੰਦੀ ਸਨ। ਪਰਿਵਾਰ ਕੋਲ ਕੋਈ ਜ਼ਮੀਨ ਨਹੀਂ ਸੀ ਤੇ ਉਨ੍ਹਾਂ ਦੇ ਪਤੀ ਮਨੋਹਰ ਕਾਂਬਲੇ, ਪਿੰਡ ਤੇ ਪਿੰਡ ਮੁਖੀਆ ਵਾਸਤੇ ਕੰਮ ਕਰਦੇ ਸਨ। ਕੰਮ ਬਦਲੇ ਉਨ੍ਹਾਂ ਦੇ ਪਰਿਵਾਰ ਨੂੰ ਬਲੂਤੇਦਾਰੀ ਵਿਵਸਥਾ ਤਹਿਤ ਤਨਖ਼ਾਹ ਦਿੱਤੀ ਜਾਂਦੀ ਸੀ, ਜੋ ਲੈਣ-ਦੇਣ ਦੀ ਇੱਕ ਅਜਿਹਾ ਵਿਵਸਥਾ ਹੈ, ਜਿੱਥੇ ਸਾਲ ਵਿੱਚ ਇੱਕ ਵਾਰ ਭੁਗਤਾਨ ਕੀਤਾ ਜਾਂਦਾ ਸੀ ਉਹ ਵੀ ਅਨਾਜ ਦੇ ਰੂਪ ਵਿੱਚ।
ਪਰ ਇਹ ਪਰਿਵਾਰ ਦੇ ਖਾਣ-ਪੀਣ ਵਾਸਤੇ ਕਾਫ਼ੀ ਨਹੀਂ ਸੀ ਤੇ ਇਸਲਈ ਗੁਣਾਮਾਯ ਨੇ ਬੱਕਰੀਆਂ ਤੇ ਕੁਝ ਮੱਝਾਂ ਪਾਲ਼ੀਆਂ ਤੇ ਉਨ੍ਹਾਂ ਦੇ ਦੁੱਧ ਨਾਲ਼ ਬਣਿਆ ਘਿਓ ਵੀ ਵੇਚਿਆ। ਬਾਅਦ ਵਿੱਚ, ਉਨ੍ਹਾਂ ਨੇ 1972 ਵਿੱਚ ਸੋਕੇ ਤੋਂ ਬਾਅਦ ਸ਼ੁਰੂ ਕੀਤੀ ਗਈ ਰੁਜ਼ਗਾਰ ਗਰੰਟੀ ਯੋਜਨਾ ਤਹਿਤ ਕੰਮ ਕੀਤਾ, ਦਿਹਾੜੀ-ਧੱਪਾ ਕੀਤਾ ਤੇ ਬੱਚੇ ਪੈਦਾ ਕਰਾਉਣੇ ਸ਼ੁਰੂ ਕੀਤੇ।
''ਬੱਚਾ ਪੈਦਾ ਕਰਾਉਣਾ ਬੜੇ ਖ਼ਤਰੇ ਭਰਿਆ ਕੰਮ ਹੈ। ਕਿਸੇ ਦੇ ਪੈਰ 'ਚ ਚੁਭਿਆ ਕੰਢਾ ਤੱਕ ਕੱਢਣਾ ਮੁਸ਼ਕਲ ਹੁੰਦਾ ਹੈ, ਫਿਰ ਇੱਥੇ ਤਾਂ ਇੱਕ ਔਰਤ ਦੀ ਕੁੱਖ 'ਚੋਂ ਇੱਕ ਪੂਰਾ ਸਰੀਰ ਬਾਹਰ ਕੱਢਣਾ ਹੁੰਦਾ ਹੈ,'' ਉਹ ਦੱਸਦੀ ਹਨ। ਪਰ ਇੰਨੇ ਔਖ਼ੇ ਤੇ ਜ਼ਰੂਰੀ ਕੰਮ ਨੂੰ ਕਰਦੇ ਹੋਣ ਦੇ ਬਾਵਜੂਦ ਉਹ ਦੱਸਦੀ ਹਨ ਕਿ ''ਲੋਕ ਮਨਮਾਨੇ ਢੰਗ ਨਾਲ਼ ਮਿਹਨਤਾਨਾ ਦਿੰਦੇ ਰਹੇ। ਕੋਈ ਮੁੱਠੀ ਕੁ ਅਨਾਜ ਦਿੰਦਾ, ਕੋਈ ਦਸ ਰੁਪਏ ਫੜ੍ਹਾ ਦਿੰਦਾ। ਦੂਰ-ਦੁਰਾਡੇ ਦੇ ਪਿੰਡ ਕਿਸੇ ਵਿਰਲੇ ਟੱਬਰ ਨੇ ਹੋ ਸਕਦਾ ਹੈ ਕਦੇ ਸੌ ਰੁਪਏ ਤੱਕ ਦਿੱਤੇ ਹੋਣ।''
ਉਹ ਮਾਂ ਬਣੀ ਔਰਤ ਦੇ ਨਾਲ਼ ਪੂਰੀ ਰਾਤ ਰੁਕਦੀ, ਉਹਨੂੰ ਤੇ ਬੱਚੇ ਨੂੰ ਨੁਹਾਉਂਦੀ ਤੇ ਉਹਦੇ ਬਾਅਦ ਹੀ ਉੱਥੋਂ ਰੁਖ਼ਸਤ ਹੁੰਦੀ। ਚੇਤੇ ਕਰਦਿਆਂ ਉਨ੍ਹਾਂ ਨੇ ਅੱਗੇ ਕਿਹਾ,''ਮੈਂ ਕਿਸੇ ਦੇ ਘਰੇ ਨਾ ਚਾਹ ਪੀਂਦੀ ਨਾ ਭੋਜਨ ਖਾਂਦੀ। ਬੱਸ ਮੁੱਠੀ ਕੁ ਅਨਾਜ ਲੈਂਦੀ, ਜਿਹਨੂੰ ਸਾੜੀ ਦੇ ਪੱਲੇ ਨਾਲ਼ ਬੰਨ੍ਹ ਘਰ ਲੈ ਆਉਂਦੀ।''
ਗੁਣਾਮਾਯ ਨੂੰ ਚੇਤੇ ਹੈ ਜਦੋਂ 8 ਸਾਲ ਪਹਿਲਾਂ ਕਿਸੇ ਵਕੀਲ ਦੇ ਪਰਿਵਾਰ ਨੇ ਉਨ੍ਹਾਂ ਨੂੰ 10 ਰੁਪਏ ਦਿੱਤੇ ਸਨ। ਉਹ ਪੂਰੀ ਰਾਤ ਉਸ ਘਰ ਦੀ ਨੂੰਹ ਦੇ ਨਾਲ਼ ਰਹੀ ਤੇ ਇੱਕ ਪੇਚੀਦਾ ਪ੍ਰਸਵ ਵਿੱਚ ਉਹਦੀ ਸਹਾਇਤਾ ਕੀਤੀ ਤੇ ਦੇਖਭਾਲ਼ ਵੀ ਕੀਤੀ। ਗੁਣਾਮਾਯ ਕਹਿੰਦੀ ਹਨ,''ਸਵੇਰੇ ਉਹਨੇ ਇੱਕ ਬੇਟੇ ਨੂੰ ਜਨਮ ਦਿੱਤਾ। ਕੰਮ ਮੁਕਾ ਕੇ ਜਦੋਂ ਮੈਂ ਜਾਣ ਲੱਗੀ ਤਾਂ ਉਹਦੀ ਸੱਸ ਨੇ ਮੈਨੂੰ 10 ਰੁਪਏ ਫੜ੍ਹਾਏ। ਮੈਂ ਉਸੇ ਵੇਲ਼ੇ ਪੈਸੇ ਮੋੜਦਿਆਂ ਕਿਹਾ,'ਮੇਰੀਆਂ ਚੂੜੀਆਂ ਹੀ 200 ਰੁਪਏ ਦੀਆਂ ਨੇ। ਆਪਣੇ 10 ਰੁਪਈਏ ਆਪਣੇ ਕੋਲ਼ ਰੱਖੋ ਤੇ ਬਿਸਕੁਟਾਂ ਦਾ ਪੈਕਟ ਖਰੀਦ ਕੇ ਕਿਸੇ ਭਿਖਾਰੀ ਨੂੰ ਦੇ ਦਿਓ'।''
ਲੋਕਾਂ ਦੇ ਮਨਾਂ ਵਿੱਚ ਆਪਣੇ ਕੰਮ ਪ੍ਰਤੀ ਬੇਕਦਰੀ ਦਾ ਭਾਵ ਤੇ ਕੰਮ ਬਦਲੇ ਮਿਲ਼ਣ ਵਾਲ਼ੇ ਮਾਮੂਲੀ ਜਿਹੇ ਮਿਹਨਤਾਨੇ ਨੂੰ ਦੇਖ ਕੇ ਗੁਣਾਮਾਯ ਦੀ ਸਭ ਤੋਂ ਵੱਡੀ ਧੀ, ਵੰਦਨਾ, ਨੇ ਫ਼ੈਸਲਾ ਕੀਤਾ ਕਿ ਉਹ ਵੱਡੀ ਹੋ ਕੇ ਦਾਈ ਨਹੀਂ ਬਣੇਗੀ। ਵੰਦਨਾ ਕਹਿੰਦੀ ਹਨ,''ਕੋਈ ਪੈਸੇ ਨਹੀਂ ਦਿੰਦਾ, ਨਾ ਹੀ ਲੋਕੀਂ ਤੇ ਨਾ ਹੀ ਸਰਕਾਰ। ਮੈਂ ਕਿਉਂ ਮਿਹਨਤ ਕਰਾਂ ਜਦੋਂ ਉਸ ਕੰਮ ਬਦਲੇ ਪੈਸੇ ਹੀ ਨਹੀਂ ਮਿਲ਼ਣੇ? ਮੈਂ ਆਪਣੇ ਚਾਰ ਬੱਚਿਆਂ ਦਾ ਢਿੱਡ ਭਰਨਾ ਸੀ, ਇਸਲਈ ਮੈਂ ਇਹ ਕੰਮ ਬੰਦ ਕਰ ਦਿੱਤਾ ਤੇ ਦਿਹਾੜੀ ਮਜ਼ਦੂਰੀ ਕਰਨ ਲੱਗੀ।'' ਵੰਦਨਾ ਅੱਜਕੱਲ੍ਹ ਪੂਨੇ ਵਿਖੇ ਰਹਿੰਦੀ ਹਨ। ਉਨ੍ਹਾਂ ਨੂੰ ਗੁਣਾਮਾਯ ਨੇ ਸਿਖਲਾਈ ਦਿੱਤੀ ਸੀ, ਪਰ ਉਹ ਹੁਣ ਸਿਰਫ਼ ਜੱਚੇ ਤੇ ਬੱਚੇ ਨੂੰ ਨੁਹਾਉਣ ਵਿੱਚ ਮਦਦ ਕਰਦੀ ਹਨ।
ਵੰਦਨਾ ਤੇ ਉਹਦੀਆਂ ਤਿੰਨ ਭੈਣਾਂ ਦੇ ਕੁੱਲ 14 ਬੱਚੇ ਹਨ ਤੇ ਇੱਕ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਗੁਣਾਮਾਯ ਨੇ ਹੀ ਪੈਦਾ ਕਰਵਾਇਆ ਸੀ। ਗੁਣਾਮਾਯ ਦੀ ਤੀਜੀ ਧੀ ਨੂੰ ਡਿਲੀਵਰੀ ਦੇ ਲਈ ਹਸਪਤਾਲ ਲਿਜਾਇਆ ਗਿਆ ਸੀ ਤੇ ਸਿਜੇਰੀਅਨ ਨਾਲ਼ ਡਿਲੀਵਰੀ ਹੋਈ ਸੀ। ''ਮੇਰਾ ਜੁਆਈ ਇੱਕ ਅਧਿਆਪਕ (ਹੁਣ ਸੇਵਾਮੁਕਤ) ਸੀ। ਉਹਦਾ ਘਰੇ ਬੱਚੇ ਪੈਦਾ ਕਰਾਉਣ ਵਿੱਚ ਯਕੀਨ ਨਾ ਬੱਝਦਾ,'' ਉਹ ਦੱਸਦੀ ਹਨ।
ਗੁਣਾਮਾਯ ਇਹ ਦੇਖ ਕੇ ਬੜੀ ਨਿਰਾਸ਼ ਹੋਈ ਸਨ ਕਿ ਕਿਵੇਂ ਪਿਛਲੇ 2-3 ਦਹਾਕਿਆਂ ਵਿੱਚ, ਔਰਤਾਂ ਵੱਡੀ ਗਿਣਤੀ ਵਿੱਚ ਸਿਜੇਰੀਅਨ ਰਾਹੀਂ ਬੱਚਾ ਪੈਦਾ ਕਰਨ ਦਾ ਵਿਕਲਪ ਚੁਣ ਰਹੀਆਂ ਸਨ ਜਾਂ ਉਨ੍ਹਾਂ ਨੂੰ ਇਸ ਪ੍ਰਕਿਰਿਆ ਦੀ ਸਲਾਹ ਦਿੱਤੀ ਜਾ ਰਹੀ ਸੀ। ਮਹਾਰਾਸ਼ਟਰ ਵਿੱਚ, ਅਜਿਹੀ ਪ੍ਰਕਿਰਿਆਵਾਂ ਨੂੰ ਚੁਣਨ ਵਾਲ਼ਿਆਂ ਦੀ ਗਿਣਤੀ ਵੱਧਦੀ ਹੀ ਜਾ ਰਹੀ ਹੈ। ਸਾਲ 2019-21 ਵਿੱਚ, ਐੱਨਐੱਫ਼ਐੱਚਐੱਸ-5 ਦੇ ਅੰਕੜਿਆਂ ਮੁਤਾਬਕ 25 ਫ਼ੀਸਦ ਤੋਂ ਵੱਧ ਗਰਭਵਤੀ ਔਰਤਾਂ ਦਾ ਸਿਰਜੇਰੀਅਨ ਓਪਰੇਸ਼ਨ ਇੱਕ ਸਰਕਾਰੀ ਹਸਪਤਾਲ ਵਿਖੇ ਹੋਇਆ ਸੀ। ਨਿੱਜੀ ਹਸਪਤਾਲਾਂ ਵਿੱਚ ਇਹ ਗਿਣਤੀ ਕਿਤੇ ਵੱਧ ਸੀ, ਜਿੱਥੇ ਪ੍ਰਸਵ ਵਾਸਤੇ ਭਰਤੀ 39 ਫ਼ੀਸਦ ਔਰਤਾਂ ਨੇ ਬੱਚਾ ਜੰਮਣ ਦੀ ਇਸੇ ਪ੍ਰਕਿਰਿਆ ਨੂੰ ਚੁਣਿਆ।
ਗੁਣਾਮਾਯ ਦਾ ਕਹਿਣਾ ਸੀ,''ਦੇਖੋ, ਗਰਭ-ਅਵਸਥਾ ਤੇ ਬੱਚੇ ਦਾ ਜਨਮ ਦੋਵੇਂ ਹੀ ਕੁਦਰਤੀ ਪ੍ਰਕਿਰਿਆਵਾਂ ਨੇ।'' ਉਹ ਸਿਜੇਰੀਅਨ ਦੌਰਾਨ ਢਿੱਡ ਚੀਰਨ ਤੇ ਫਿਰ ਟਾਂਕਿਆਂ ਨਾਲ਼ ਜੋੜਨ ਜਿਹੀਆਂ ਪ੍ਰਕਿਰਿਆਵਾਂ ਨੂੰ ਗ਼ੈਰ-ਜ਼ਰੂਰੀ ਮੰਨਦੀ ਸਨ ਤੇ ਉਹ ਇਸ ਗੱਲ 'ਤੇ ਅਡਿੱਗ ਸਨ: ''ਪਹਿਲਾਂ ਉਹ ਚੀਰਦੇ ਨੇ ਫਿਰ ਟਾਂਕੇ ਲਾਉਂਦੇ ਨੇ। ਕੀ ਤੁਹਾਨੂੰ ਲੱਗਦਾ ਏ ਕਿ ਇਸ ਤੋਂ ਬਾਅਦ ਇੱਕ ਔਰਤ ਉੱਠ-ਬਹਿ ਸਕਦੀ ਹੈ? ਜਣੇਪੇ ਅਧੀਨ ਮਾਂ ਦੇ ਅੰਗ ਬੜੇ ਨਾਜ਼ੁਕ ਹੁੰਦੇ ਨੇ।'' ਉਹ ਦਾਈਆਂ ਵਿਚਾਲੇ ਪ੍ਰਚਲਿਤ ਇੱਕ ਆਮ ਜਿਹੀ ਧਾਰਨਾ ਨੂੰ ਦੁਹਰਾਉਂਦਿਆਂ ਕਹਿੰਦੀ ਹਨ, '' ਵਾਰ (ਪਲੇਸੈਂਟਾ) ਦੇ ਬਾਹਰ ਆਉਣ ਤੋਂ ਪਹਿਲਾਂ ਨਾੜੂ ਨੂੰ ਨਹੀਂ ਕੱਟਣਾ ਚਾਹੀਦਾ, ਕਿਉਂਕਿ ਇੰਝ ਕਰਨ ਨਾਲ਼ ਵਾਰ ਲੀਵਰ ਨਾ ਜਾ ਚਿਪਕਦੀ ਹੈ।''
ਉਨ੍ਹਾਂ ਨੇ ਪਾਰੀ ਨੂੰ ਦੱਸਿਆ ਕਿ ਪ੍ਰਸਵ ਨੂੰ ਲੈ ਕੇ ਉਨ੍ਹਾਂ ਦੀ ਸਾਰੀ ਜਾਣਕਾਰੀ ਇੱਕ ਨੌਜਵਾਨ ਮਾਂ ਵਜੋਂ ਆਪਣੇ ਹੀ ਤਜ਼ਰਬਿਆਂ 'ਤੇ ਅਧਾਰਤ ਹੈ। ਆਪਣੀ ਗਭਰੇਟ ਉਮਰ ਦੇ ਤਜ਼ਰਬਿਆਂ ਨੂੰ ਚੇਤੇ ਕਰਦਿਆਂ ਉਨ੍ਹਾਂ ਨੇ ਦੱਸਿਆ ਸੀ,''ਮੈਂ ਆਪਣੇ ਬੱਚੇ ਜੰਮਣ ਵੇਲ਼ੇ ਸਿੱਖਿਆ ਹੈ ਕਿ ਪ੍ਰਸਵ ਵੇਲ਼ੇ ਜ਼ੋਰ ਨਾਲ਼ ਬਾਹਰ ਵੱਲ ਨੂੰ ਧੱਕਾ ਲਾਏ ਜਾਣ ਵੇਲ਼ੇ ਮਾਂ ਦੇ ਢਿੱਡ ਨੂੰ ਸਹਿਲਾਉਣ ਨਾਲ਼ ਬੱਚਾ ਬਾਹਰ ਵੱਲ ਨੂੰ ਤਿਲ਼ਕਦਾ ਹੈ। ਮੈਂ ਆਪਣੇ ਨੇੜੇ ਕਿਸੇ ਨੂੰ ਨਾ ਆਉਣ ਦਿੰਦੀ, ਇੱਥੋਂ ਤੱਕ ਕਿ ਮਾਂ ਨੂੰ ਵੀ ਬਾਹਰ ਉਡੀਕ ਕਰਨ ਲਈ ਕਹਿੰਦੀ ਤੇ ਜਦੋਂ ਸਾਰਾ ਕੁਝ ਹੋ ਜਾਂਦਾ, ਫਿਰ ਮੈਂ ਉਨ੍ਹਾਂ ਨੂੰ ਅੰਦਰ ਬੁਲਾਉਂਦੀ।''
ਕੁੱਖ 'ਚ ਬੱਚੇ ਦੇ ਮਰ ਜਾਣ ਵੇਲ਼ੇ ਵੀ ਲੋਕ ਪ੍ਰਸਵ ਵਾਸਤੇ ਗੁਣਾਮਾਯ ਦੇ ਹੁਨਰ 'ਤੇ ਭਰੋਸਾ ਕਰਦੇ ਹਨ। ਜੰਮਣ-ਪੀੜ੍ਹਾਂ ਝੱਲ ਰਹੀ ਇੱਕ ਮੁਟਿਆਰ ਦੇ ਮਾਮਲੇ ਨੂੰ ਚੇਤੇ ਕਰਦਿਆਂ ਉਨ੍ਹਾਂ ਨੇ ਦੱਸਿਆ,''ਮੈਨੂੰ ਖ਼ਦਸ਼ਾ ਹੋਇਆ ਜਿਵੇਂ ਬੱਚਾ ਕੁੱਖ 'ਚ ਹੀ ਮਰ ਗਿਆ ਹੈ।'' ਨੇੜਲੇ ਹਸਪਤਾਲ ਦੇ ਇੱਕ ਡਾਕਟਰ ਨੇ ਕਿਹਾ ਸੀ ਕਿ ਮਾਂ ਨੂੰ ਸੋਲਾਪੁਰ ਲਿਜਾਣਾ ਪਵੇਗਾ, ਤਾਂਕਿ ਸਿਜੇਰੀਅਨ ਜ਼ਰੀਏ ਮਰੇ ਹੋਏ ਬੱਚੇ ਨੂੰ ਬਾਹਰ ਕੱਢਿਆ ਜਾ ਸਕੇ। ਉਹ ਦੱਸਦੀ ਹਨ,''ਮੈਨੂੰ ਪਤਾ ਸੀ ਕਿ ਪਰਿਵਾਰ ਇੰਨਾ ਖਰਚਾ ਝੱਲਣ ਦੀ ਹਾਲਤ ਵਿੱਚ ਨਹੀਂ ਸੀ। ਮੈਂ ਉਨ੍ਹਾਂ ਕੋਲ਼ੋਂ ਥੋੜ੍ਹਾ ਸਮਾਂ ਮੰਗਿਆ ਤੇ ਮਾਂ ਦੇ ਢਿੱਡ 'ਤੇ ਹੱਥ ਫੇਰ-ਫੇਰ ਕੇ ਤੇ ਥੋੜ੍ਹਾ ਦਬਾਅ ਪਾ-ਪਾ ਕੇ ਬੱਚੇ ਨੂੰ ਬਾਹਰ ਕੱਢਿਆ।'' ਵੰਦਨਾ ਨੇ ਗੱਲ ਜੋੜਦਿਆਂ ਕਿਹਾ,''ਇਹ ਖ਼ਾਸ ਕਰਕੇ ਗੰਭੀਰ ਹਾਲਤ ਸੀ ਕਿਉਂਕਿ ਕੁੱਖ ਅੰਦਰੋਂ ਕੋਈ ਹਲਚਲ ਨਾ ਹੋਣ ਕਾਰਨ ਮਾਸਪੇਸ਼ੀਆਂ ਫੈਲ਼ ਨਹੀਂ ਰਹੀਆਂ ਸਨ।''
ਗੁਣਾਮਾਯ ਨੇ ਕਿਹਾ,''ਮੈਂ ਉਨ੍ਹਾਂ ਔਰਤਾਂ ਦੀ ਮਦਦ ਕਰਿਆ ਕਰਦੀ ਜਿਨ੍ਹਾਂ ਦੀਆਂ ਬੱਚੇਦਾਨੀਆਂ ਬਾਹਰ ਖਿਸਕ ਆਉਂਦੀਆਂ, ਪਰ ਸਿਰਫ਼ ਜਣੇਪੇ ਤੋਂ ਬਾਅਦ ਉਪਜੀ ਹਾਲਤ ਵਿੱਚ ਹੀ। ਹਾਂ ਜੇਕਰ ਬਾਅਦ ਇੰਝ ਹੁੰਦਾ ਤਾਂ ਡਾਕਟਰ ਨੂੰ ਦਿਖਾਉਣਾ ਜ਼ਰੂਰੀ ਰਹਿੰਦਾ। ਗੁਣਾਮਾਯ ਚੰਗੀ ਤਰ੍ਹਾਂ ਜਾਣਦੀ ਸਨ ਕਿ ਕਿਸੇ ਕੇਸ ਵਿੱਚ ਪਿੱਛੇ ਕਦੋਂ ਹਟਣਾ ਚਾਹੀਦਾ ਹੈ ਤੇ ਕਦੋਂ ਕਿਸੇ ਡਾਕਟਰ ਦੀ ਸਲਾਹ ਲਏ ਜਾਣ ਦੀ ਲੋੜ ਹੈ।
ਦਾਈਆਂ ਨੂੰ ਸਿਖਲਾਈ ਦੇਣ ਦਾ ਇੱਕ ਰਾਸ਼ਟਰ-ਪੱਧਰੀ ਪ੍ਰੋਗਰਾਮ 1977 ਵਿੱਚ ਸ਼ੁਰੂ ਕੀਤਾ ਗਿਆ ਸੀ ਤੇ ਉਸੇ ਸਮੇਂ ਦੇ ਨੇੜੇ-ਤੇੜੇ ਕਈ ਸਵੈ-ਸੇਵੀ ਸੰਗਠਨਾਂ ਨੇ ਵੀ ਆਪਣੇ ਸਿਹਤ ਪ੍ਰੋਗਰਾਮਾਂ ਤਹਿਤ ਦਾਈਆਂ ਨੂੰ ਸਿਖਲਾਈ ਦੇਣੀ ਸ਼ੁਰੂ ਕੀਤੀ।
ਗੁਣਾਮਾਯ ਨੇ ਬਾਹਰ ਲੱਗੇ ਇਮਲੀ ਦੇ ਬੂਟੇ ਹੇਠਾਂ ਬੈਠਣ ਲਈ ਕਮਰੇ 'ਚੋਂ ਬਾਹਰ ਆਉਂਦਿਆਂ ਕਿਹਾ ਸੀ,''ਮੈਂ ਸਿਖਲਾਈ ਵਾਸਤੇ ਸੋਲਾਪੁਰ ਗਈ ਸਾਂ, ਪਰ ਕਦੋਂ, ਚੇਤੇ ਨਹੀਂ। ਉਨ੍ਹਾਂ ਨੇ ਸਾਨੂੰ ਸਾਫ਼-ਸਫ਼ਾਈ ਦੇ ਮਹੱਤਵ ਬਾਰੇ ਦੱਸਿਆ, ਜਿਵੇਂ ਹੱਥ ਸਾਫ਼ ਰੱਖਣੇ, ਸਾਫ਼ ਬਲੇਡ ਤੇ ਨਾੜੂ ਕੱਟਣ ਲਈ ਸਾਫ਼ ਧਾਗੇ ਦੀ ਵਰਤੋਂ ਕਰਨਾ। ਮੈਂ ਹਰ ਜਣੇਪੇ ਵੇਲ਼ੇ ਨਵੀਂ ਕਿੱਟ ਹੀ ਵਰਤੀ। ਪਰ, ਅਸੀਂ ਉਨ੍ਹਾਂ ਵੱਲੋਂ ਸਿਖਾਈ ਹਰ ਚੀਜ਼ ਦਾ ਪਾਲਣ ਨਹੀਂ ਕੀਤਾ।'' ਉਨ੍ਹਾਂ ਨੇ ਖੁੱਲ੍ਹ ਕੇ ਕਿਹਾ ਕਿਉਂਕਿ ਉਨ੍ਹਾਂ ਦੀ ਆਪਣੀ ਜਾਣਕਾਰੀ, ਕੌਸ਼ਲ ਤੇ ਤਜ਼ਰਬਾ ਇਨ੍ਹਾਂ ਸਾਰੀਆਂ ਸਿਖਾਈ ਜਾਣ ਵਾਲ਼ੀਆਂ ਗੱਲਾਂ ਨਾਲ਼ੋਂ ਕਿਤੇ ਵੱਧ ਸੀ।
2018 ਵਿੱਚ ਜਦੋਂ ਗੁਣਾਮਾਯ ਚੱਕਰ ਖਾ ਕੇ ਬੇਹੋਸ਼ ਹੋ ਗਈ ਤਾਂ ਉਸ ਹਾਦਸੇ ਤੋਂ ਬਾਅਦ ਉਹ ਆਪਣੀਆਂ ਧੀਆਂ ਦੇ ਨਾਲ਼ ਰਹਿਣ ਵਾਸਤੇ ਕਦੇ ਤੁਲਜਾਪੁਰ ਬਲਾਕ ਦੇ ਕਸਾਈ ਇਲਾਕੇ ਵਿੱਚ ਜਾਂ ਕਦੇ ਪੂਨੇ ਸ਼ਹਿਰ ਰਹਿੰਦੀ ਰਹੀ ਸਨ। ਪਰ, ਉਨ੍ਹਾਂ ਨੂੰ ਆਪਣੇ ਪਿੰਡ ਵਾਗਦਰੀ ਨਾਲ਼ੋਂ ਚੰਗੀ ਥਾਂ ਹੋਰ ਕੋਈ ਵੀ ਨਾ ਲੱਗਦੀ। ਉਹੀ ਥਾਂ ਜਿੱਥੇ ਉਨ੍ਹਾਂ ਨੇ ਮੈਨੂੰ ਕਿਹਾ ਸੀ,''ਮੈਂ ਬੱਚੇ ਪੈਦਾ ਕਰਾਉਣ ਦਾ ਕੰਮ ਬਿਲਕੁਲ ਉਵੇਂ ਹੀ ਸਾਂਭਿਆ ਸੀ ਜਿਵੇਂ ਇੰਦਰਾ ਗਾਂਧੀ ਨੇ ਦੇਸ਼ ਦੀ ਵਾਗਡੋਰ ਸਾਂਭੀ ਸੀ।''
ਪੋਸਟਸਕ੍ਰਿਪਟ : ਗੁਣਾਮਾਯ ਕਾਂਬਲੇ ਪਿਛਲੇ ਕੁਝ ਮਹੀਨਿਆਂ ਤੋਂ ਬੀਮਾਰ ਚੱਲ ਰਹੀ ਸਨ। ਉਹ ਇਸ ਸਟੋਰੀ ਦੇ ਪ੍ਰਕਾਸ਼ਤ ਕੀਤੇ ਜਾਣ ਤੋਂ ਪਹਿਲਾਂ ਹੀ 11 ਨਵੰਬਰ, 2022 ਨੂੰ ਅਕਾਲ ਚਲਾਣਾ ਕਰ ਗਈ।
ਇਸ ਸਟੋਰੀ ਦਾ ਇੱਕ ਐਡੀਸ਼ਨ ਸਾਲ 2010 ਵਿੱਚ ਤਥਾਪੀ-ਡਬਲਿਊਐੱਚਓ ਇੰਡੀਆ ਦੇ ਪ੍ਰਕਾਸ਼ਨ ' ਐਜ਼ ਵੀ ਸੀ ਇਟ ' ਵਿੱਚ ਛਪਿਆ ਸੀ।
ਤਰਜਮਾ: ਕਮਲਜੀਤ ਕੌਰ