ਉੱਤਰੀ ਮੁੰਬਈ ਦੇ ਮਧ ਦੀਪ ‘ਤੇ ਸਥਿਤ ਡੋਂਗਰਪਾੜਾ ਇੱਕ ਗਾਓਥਨ (ਬਸਤੀ) ਹੈ। ਇੱਥੇ ਕੋਲੀ ਭਾਈਚਾਰੇ ਦੇ ਮਛੇਰਿਆਂ ਦੇ ਕਰੀਬ 40-45 ਪਰਿਵਾਰ ਰਹਿੰਦੇ ਹਨ। ਉਹ ਇਕੱਠਿਆਂ ਮਿਲ਼ ਕੇ ਖਾਲਾ (ਮੱਛੀਆਂ ਸੁਕਾਉਣ ਦਾ ਇੱਕ ਮੈਦਾਨ) ਦਾ ਕੰਮ ਕਰਦੇ ਹਨ। ਮਧ ਵਿਖੇ ਅਜਿਹੇ ਬਹੁਤ ਸਾਰੇ ਮੈਦਾਨ ਮਿਲ਼ ਜਾਂਦੇ ਹਨ।
ਹਰ ਕੋਲੀ ਪਰਿਵਾਰ ਕਰੀਬ 5-10 ਮਜ਼ਦੂਰਾਂ ਨੂੰ ਕੰਮ ‘ਤੇ ਰੱਖਦਾ ਹੈ, ਜਿਨ੍ਹਾਂ ਵਿੱਚੋਂ ਕਈ ਮਜ਼ਦੂਰ ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਅਤੇ ਹੋਰਨਾਂ ਰਾਜਾਂ ਤੋਂ ਆਏ ਹੁੰਦੇ ਹਨ। ਪ੍ਰਵਾਸੀ ਮਜ਼ਦੂਰ ਹਰ ਸਾਲ ਸਤੰਬਰ ਤੋਂ ਜੂਨ ਦੇ ਸਮੇਂ ਵਿਚਾਲੇ ਮੁੰਬਈ ਆਉਂਦੇ ਹਨ। ਉਹ ਅੱਠ ਮਹੀਨੇ ਕੋਲੀਆਂ ਵਾਸਤੇ ਠੇਕੇ ‘ਤੇ ਕੰਮ ਕਰਦੇ ਹਨ ਅਤੇ ਕਰੀਬ 65-75,000 ਰੁਪਏ ਕਮਾਉਂਦੇ ਹਨ।
ਪੁਰਸ਼ ਮਜ਼ਦੂਰ ਆਮ ਤੌਰ ‘ਤੇ ਸਾਂਝੇ ਕਮਰੇ ਵਿੱਚ ਰਹਿੰਦੇ ਹਨ। ਅਕਸਰ ਇੱਕ ਕਮਰੇ ਵਿੱਚ 4-5 ਆਦਮੀ ਰਹਿ ਜਾਂਦੇ ਹਨ ਜੋ ਉਨ੍ਹਾਂ ਨੂੰ ਕੋਲੀ ਪਰਿਵਾਰਾਂ ਵੱਲ਼ੋਂ ਦਿੱਤੇ ਜਾਂਦੇ ਹਨ। ਇੱਥੇ ਕੰਮ ਕਰਨ ਆਈਆਂ ਬਹੁਤੇਰੀਆਂ ਔਰਤਾਂ ਆਂਧਰਾ ਪ੍ਰਦੇਸ਼ ਤੋਂ ਆਉਂਦੀਆਂ ਹਨ; ਉਹ ਆਪਣੇ ਬੱਚਿਆਂ ਸਣੇ ਪੂਰੇ ਪਰਿਵਾਰ ਦੇ ਨਾਲ਼ ਆਉਂਦੀਆਂ ਹਨ। ਉਨ੍ਹਾਂ ਨੂੰ ਮਾਲਕ ਦੀ ਜ਼ਮੀਨ ‘ਤੇ ਰਹਿਣ ਲਈ ਵੱਖਰੀ ਥਾਂ ਦਿੱਤੀ ਜਾਂਦੀ ਹੈ ਤੇ ਮਹੀਨੇ ਦਾ 700 ਰੁਪਿਆ ਕਿਰਾਇਆ ਲਿਆ ਜਾਂਦਾ ਹੈ।
ਤਰਜਮਾ: ਕਮਲਜੀਤ ਕੌਰ