'' ਬਾਪੂ ਤੂੰ ਆ ਜਾ, '' ਤੰਨਾ ਸਿੰਘ ਦਾ ਪੋਤਾ ਜਦੋਂ ਵੀ ਫ਼ੋਨ 'ਤੇ ਗੱਲ ਕਰਦਾ ਅਕਸਰ ਇਹੀ ਕਹਿੰਦਾ ਰਹਿੰਦਾ ਹੈ। ''ਦੱਸੋ ਭਲ਼ਾ ਮੈਂ ਕਿਵੇਂ ਮੁੜ ਸਕਦਾ ਹਾਂ? ਆਖ਼ਰ, ਮੈਂ ਇੱਥੇ ਉਹਦੇ ਵਾਸਤੇ ਹੀ ਤਾਂ ਬੈਠਾਂ ਹਾਂ... ਤਾਂਕਿ ਉਹਦਾ ਆਉਣ ਵਾਲ਼ਾ ਕੱਲ੍ਹ ਚੰਗਾ ਹੋਵੇ,'' ਆਪਣੇ ਤੰਬੂ ਨੇੜੇ ਪਲਾਸਟਿਕ ਦੇ ਸਟੂਲ 'ਤੇ ਬੈਠਦਿਆਂ ਤੰਨਾ ਸਿੰਘ ਕਹਿੰਦੇ ਹਨ।
''ਜਦੋਂ ਮੈਂ ਆਪਣੇ ਪੋਤੇ (15 ਸਾਲਾ) ਨਾਲ਼ ਗੱਲ ਕਰਦਾ ਹਾਂ ਮੇਰਾ ਰੋਣਾ ਹੀ ਨਿਕਲ਼ ਜਾਂਦਾ ਹੈ। ਕੌਣ ਆਪਣੇ ਪੋਤੇ-ਪੋਤੀਆਂ ਨੂੰ ਇੰਝ ਪਿਛਾਂਹ ਛੱਡਦਾ ਹੈ? ਕਿਹਦਾ ਚਿੱਤ ਕਰਦਾ ਹੈ ਆਪਣੇ ਧੀਆਂ-ਪੁੱਤਾਂ ਨੂੰ ਛੱਡ ਕੇ ਆਉਣ ਦਾ?'' ਉਨ੍ਹਾਂ ਦਾ ਗੱਚ ਭਰ ਆਉਂਦਾ ਹੈ।
ਤੰਨਾ ਸਿੰਘ ਨੇ ਪੱਕਾ ਮਨ ਬਣਾਇਆ ਹੈ ਕਿ ਭਾਵੇਂ ਜੋ ਮਰਜ਼ੀ ਹੋ ਜਾਵੇ ਵਾਪਸ ਨਹੀਂ ਜਾਣਾ। ਉਨ੍ਹਾਂ ਨੇ 26 ਨਵੰਬਰ 2020 ਤੋਂ ਸ਼ੁਰੂ ਹੋਏ ਇਸ ਧਰਨੇ ਵਿੱਚੋਂ ਇੱਕ ਦਿਨ ਦੀ ਵੀ ਛੁੱਟੀ ਨਹੀਂ ਲਈ। ਧਰਨਾ ਚੱਲਦਿਆਂ ਇੱਕ ਸਾਲ ਹੋ ਚੱਲਿਆ ਹੈ ਅਤੇ 19 ਨਵੰਬਰ 2021 ਨੂੰ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਇਹ ਤਿੰਨੋਂ ਖੇਤੀ ਕਨੂੰਨ ਵਾਪਸ ਲੈ ਲਏ ਜਾਣਗੇ ਤਾਂ ਵੀ 70 ਸਾਲਾ ਇਸ ਬਜ਼ੁਰਗ (ਜਿਨ੍ਹਾਂ ਦੀ ਜੀਵਨ-ਸਾਥੀ ਦੀ ਮੌਤ ਹੋ ਚੁੱਕੀ ਹੈ) ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਟੀਕਰੀ ਤੋਂ ਵਾਪਸ ਨਹੀਂ ਜਾਣਗੇ ਜਦੋਂ ਤੱਕ ਕਿ ਇਨ੍ਹਾਂ ਕਨੂੰਨਾਂ ਦੀ ਵਾਪਸੀ 'ਤੇ ਸਰਕਾਰੀ ਮੋਹਰ ਨਹੀਂ ਲੱਗ ਜਾਂਦੀ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਲਿਖਤੀ ਭਰੋਸਾ ਨਹੀਂ ਆ ਜਾਂਦਾ। ''ਅਸੀਂ ਉਸ ਪਲ ਦੀ ਉਡੀਕ ਕਰ ਰਹੇ ਹਾਂ ਜਦੋਂ ਰਾਸ਼ਟਰਪਤੀ ਦੁਆਰਾ ਇੰਨ੍ਹਾਂ ਕਨੂੰਨ ਦੀ ਵਾਪਸੀ 'ਤੇ ਮੋਹਰ ਨਹੀਂ ਲਾ ਦਿੱਤੀ ਜਾਂਦੀ। ਅਸੀਂ ਇਸੇ ਦਿਨ ਦੀ ਆਮਦ ਵਿੱਚ ਹੀ ਤਾਂ ਘਰ ਛੱਡੇ ਸਨ,'' ਉਹ ਕਹਿੰਦੇ ਹਨ।
ਉਹ ਉਨ੍ਹਾਂ ਹਜ਼ਾਰਾਂ ਕਿਸਾਨਾਂ ਵਿੱਚੋਂ ਇੱਕ ਹਨ ਜੋ ਇੱਕ ਸਾਲ ਪਹਿਲਾਂ ਇਨ੍ਹਾਂ ਤਿੰਨੋਂ ਖੇਤੀ ਕਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਲੈ ਕੇ ਰਾਜਧਾਨੀ ਦੀਆਂ ਸਰਹੱਦਾਂ ਵੱਲ ਆਏ ਸਨ ਅਤੇ ਜਦੋਂ ਉਨ੍ਹਾਂ ਨੂੰ ਅੱਗੇ ਵੱਧਣ ਭਾਵ ਰਾਜਧਾਨੀ ਦੇ ਅੰਦਰ ਵੜ੍ਹਨ ਦੀ ਆਗਿਆ ਨਾ ਦਿੱਤੀ ਗਈ ਤਾਂ ਉਨ੍ਹਾਂ ਨੇ ਟੀਕਰੀ (ਪੱਛਮੀ ਦਿੱਲੀ), ਸਿੰਘੂ (ਉੱਤਰ-ਪੱਛਮੀ ਦਿੱਲੀ) ਅਤੇ ਗਾਜ਼ੀਪੁਰ (ਪੂਰਬੀ) ਵਿਖੇ ਹੀ ਤੰਬੂ ਗੱਡ ਲਏ।
ਸਿੰਘ ਸਾਹਬ ਆਪਣੇ ਟਰੈਕਟਰ 'ਤੇ ਸਵਾਰ ਹੋ ਕੇ ਕਈ ਹੋਰ ਕਿਸਾਨਾਂ ਦੇ ਨਾਲ਼ ਇੱਥੇ ਪਹੁੰਚੇ ਸਨ, ਉਹ ਮੁਕਤਸਰ ਜ਼ਿਲ੍ਹੇ ਦੇ ਪਿੰਡ ਭੰਗਚਾਰੀ ਤੋਂ ਇੱਥੇ (ਧਰਨਾ-ਸਥਲ) ਪਹੁੰਚੇ ਅਤੇ ਉਨ੍ਹਾਂ ਦਾ ਟਰੈਕਟਰ ਧਰਨੇ ਦੇ ਨੇੜੇ ਹੀ ਕਿਤੇ ਖੜ੍ਹਾ ਕੀਤਾ ਹੋਇਆ ਹੈ। ਉਨ੍ਹਾਂ ਦੇ ਪਿੰਡ ਵਿੱਚ, ਉਨ੍ਹਾਂ ਦਾ ਪਰਿਵਾਰ ਆਪਣੀ ਅੱਠ ਏਕੜ ਦੀ ਪੈਲ਼ੀ ਵਿੱਚ ਕਣਕ ਅਤੇ ਝੋਨੇ ਦੀ ਕਾਸ਼ਤ ਕਰਦਾ ਹੈ। ''ਮੈਂ ਆਪਣੇ ਖੇਤ ਦੀ ਜ਼ਿੰਮੇਦਾਰੀ ਆਪਣੇ ਪੁੱਤ ਦੇ ਸਿਰ ਸੁੱਟ ਆਇਆ ਹਾਂ,'' ਉਹ ਕਹਿੰਦੇ ਹਨ।
ਇਹ ਸਾਲ ਉਨ੍ਹਾਂ ਲਈ ਕਾਫ਼ੀ ਡਾਢਾ ਰਿਹਾ, ਇਹ ਨੁਕਸਾਨ ਦਾ ਸਾਲ ਰਿਹਾ। ਇਸੇ ਸਮੇਂ ਦੌਰਾਨ ਉਨ੍ਹਾਂ ਦੇ ਦੋ ਰਿਸ਼ਤੇਦਾਰਾਂ ਦੀ ਮੌਤ ਹੋ ਗਈ। ਚਾਚੇ ਦੇ ਬੇਟੇ ਦੀ ਅਤੇ ਉਨ੍ਹਾਂ ਦੀ ਸਾਲੀ ਦੇ ਪੋਤੇ ਦੀ। ''ਉਹਨੇ ਤਾਂ ਹੁਣੇ ਅਜੇ ਆਪਣੀ ਮਾਸਟਰ ਦੀ ਪੜ੍ਹਾਈ ਪੂਰੀ ਕੀਤੀ ਸੀ। ਉਹ ਤਾਂ ਨੌਜਵਾਨ ਸੀ... ਪਰ ਫਿਰ ਵੀ ਮੈਂ ਵਾਪਸ ਨਹੀਂ ਗਿਆ,'' ਉਹ ਕਹਿੰਦੇ ਹਨ। ''ਬੀਤੇ ਇੱਕ ਸਾਲ ਵਿੱਚ ਬੜਾ ਕੁਝ ਵਾਪਰਿਆ ਪਰ ਮੈਂ ਵਾਪਸ ਘਰ ਨਹੀਂ ਗਿਆ। ਮੈਂ ਇਸਲਈ ਨਹੀਂ ਗਿਆ ਕਿਉਂਕਿ ਮੈਂ ਮੋਰਚਾ ਛੱਡ ਕੇ ਜਾਣਾ ਹੀ ਨਹੀਂ ਚਾਹੁੰਦਾ।''
ਘਰ ਵਿੱਚ ਕੁਝ ਖ਼ੁਸ਼ੀਆਂ ਦੇ ਮੌਕੇ ਵੀ ਆਏ ਜੋ ਉਨ੍ਹਾਂ ਦੇ ਬਗ਼ੈਰ ਹੀ ਲੰਘੇ। ''ਮੇਰੀ ਧੀ ਘਰ 15 ਸਾਲਾਂ ਬਾਅਦ ਔਲਾਦ ਪੈਦਾ ਹੋਈ ਪਰ ਫਿਰ ਵੀ ਮੈਂ ਨਹੀਂ ਜਾ ਸਕਿਆ। ਮੈਂ ਆਪਣੇ ਦੋਹਤੇ ਨੂੰ ਦੇਖਣ ਨੂੰ ਤਰਸਦਾ ਜ਼ਰੂਰ ਹਾਂ... ਪਰ ਹੁਣ ਜਦੋਂ ਵੀ ਵਾਪਸੀ ਹੋਈ ਸਭ ਤੋਂ ਪਹਿਲਾਂ ਮੈਂ ਉਨ੍ਹਾਂ ਕੋਲ਼਼ ਹੀ ਜਾਵਾਂਗਾ। ਉਹ 10 ਮਹੀਨਿਆਂ ਦਾ ਹੋ ਗਿਆ ਹੈ ਤੇ ਮੈਂ ਫ਼ੋਨ 'ਤੇ ਸਿਰਫ਼ ਉਹਦੀ ਫ਼ੋਟੋ ਹੀ ਦੇਖੀ ਹੈ। ਸੱਚ ਦੱਸਾਂ ਉਹ ਬਹੁਤ ਹੀ ਪਿਆਰਾ ਬੱਚਾ ਹੈ!''
ਇਸੇ ਹੀ ਸੜਕ 'ਤੇ ਇੱਕ ਹੋਰ ਤੰਬੂ ਗੱਡਿਆ ਹੋਇਆ ਹੈ ਜੋ ਡਿਵਾਈਡਰ ਦੇ ਐਨ ਨਾਲ਼ ਕਰਕੇ ਹੈ ਅਤੇ ਉੱਤੇ ਦਿੱਲੀ ਮੈਟਰੋ ਦੀ ਪਟੜੀ ਹੈ। ਉਸ ਤੰਬੂ ਵਿੱਚ ਬੈਠੇ ਜਸਕਰਨ ਸਿੰਘ ਮੈਨੂੰ ਦੱਸਦੇ ਹਨ:''ਅਸੀਂ ਆਪਣਾ ਸਾਰਾ ਸੁੱਖ ਅਰਾਮ ਘਰੇ ਹੀ ਛੱਡ ਆਏ ਹਾਂ ਅਤੇ ਇੱਥੇ ਧਰਨੇ 'ਤੇ ਬੈਠੇ ਹਾਂ। ਇੰਝ ਰਹਿਣਾ ਕੋਈ ਸੌਖ਼ਾ ਕੰਮ ਨਹੀਂ, ਖ਼ਾਸਕਰ ਜਦੋਂ ਤੁਹਾਡੇ ਸਿਰ 'ਤੇ ਛੱਤ ਵੀ ਨਾ ਹੋਵੇ।''
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪੂਰਾ ਸਾਲ ਕੜਕਦੀ ਠੰਡ ਅਤੇ ਤੱਪਦੀ ਗਰਮੀ ਦਾ ਸਾਲ ਰਿਹਾ, ਪਰ ਮੀਂਹਾਂ ਦੇ ਦਿਨ ਸਭ ਤੋਂ ਮਾੜੇ ਰਹੇ। ''ਉਹ ਰਾਤਾਂ ਹਰ ਕਿਸੇ ਲਈ ਕਿਸੇ ਇਮਤਿਹਾਨ ਤੋਂ ਘੱਟ ਨਾ ਰਹੀਆਂ। ਕਈ ਵਾਰੀ ਤਾਂ ਇੰਨਾ ਤੇਜ਼ ਝੱਖੜ ਚੱਲਦਾ ਕਿ ਸਿਰੋਂ ਛੱਤ ਵੀ ਉੱਡ ਜਾਂਦੀ ਅਤੇ ਫਿਰ ਦੋਬਾਰਾ ਤਰਪਾਲਾਂ ਵਗੈਰਾ ਬੰਨ੍ਹੀਆਂ ਜਾਂਦੀਆਂ।''
ਜਸਕਰਨ ( ਸਭ ਤੋਂ ਉਤਾਂਹ ਕਵਰ ਫ਼ੋਟੋ ਵਿੱਚ ) ਅਤੇ ਉਨ੍ਹਾਂ ਦੇ ਨਾਲ਼ ਹੋਰ ਜਣੇ ਮਾਨਸਾ ਜ਼ਿਲ੍ਹੇ ਦੇ ਭਿੱਖੀ ਤੋਂ ਵਾਰੋ-ਵਾਰੀ ਧਰਨਾ ਸਥਲ ਵਿਖੇ ਆਉਂਦੇ ਰਹੇ ਹਨ। ਉਹ ਆਪਣੇ ਪਰਿਵਾਰ ਦੀ 12 ਏਕੜ ਦੀ ਪੈਲ਼ੀ ਵਿੱਚ ਕਣਕ ਅਤੇ ਝੋਨੇ ਦੀ ਕਾਸ਼ਤ ਕਰਦੇ ਹਨ। ਉਨ੍ਹਾਂ ਦੇ ਬੇਟੇ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਅਤੇ ਇਸ ਘਟਨਾ ਦੇ 18 ਮਹੀਨਿਆਂ ਬਾਅਦ ਉਨ੍ਹਾਂ ਦੀ (ਜਸਕਰਨ) ਪਤਨੀ ਦੀ ਵੀ ਮੌਤ ਹੋ ਗਈ। ਹੁਣ ਉਹ ਆਪਣੀ ਮਾਂ (80 ਸਾਲਾ), ਨੂੰਹ ਅਤੇ ਦੋ ਪੋਤੇ-ਪੋਤੀਆਂ ਨਾਲ਼ ਰਹਿੰਦੇ ਹਨ।
ਬੀਤੇ ਸ਼ੁਕਰਵਾਰ ਜਦੋਂ ਪ੍ਰਧਾਨ ਮੰਤਰੀ ਨੇ ਖੇਤੀ ਕਨੂੰਨ ਵਾਪਸ ਲਏ ਜਾਣ ਦਾ ਐਲਾਨ ਕੀਤਾ ਤਾਂ ਜਸਕਰਨ ਬੱਸ ਵਿੱਚ ਸਨ ਅਤੇ ਟੀਕਰੀ ਆ ਰਹੇ ਸਨ ਅਤੇ ਉਨ੍ਹਾਂ ਦੇ ਨਾਲ਼ ਉਨ੍ਹਾਂ ਦੇ ਪਿੰਡ ਦੇ ਕਿਸਾਨ ਭਰਾ ਵੀ ਸਨ। ''ਜਦੋਂ ਇਹ ਐਲਾਨ ਹੋਇਆ ਉਸ ਵੇਲ਼ੇ ਅਸੀਂ ਅਧਵਾਟੇ (ਨਾ ਪਿੰਡ ਸਾਂ ਅਤੇ ਨਾ ਹੀ ਟੀਕਰੀ ਅੱਪੜੇ ਸਾਂ) ਸਾਂ, ਇਸਲਈ ਅਸੀਂ ਇਸ ਜ਼ਸ਼ਨ ਦੇ ਮੌਕੇ ਨੂੰ ਮਨਾ ਨਾ ਸਕੇ,'' 55 ਸਾਲਾ ਜਸਕਰਨ ਕਹਿੰਦੇ ਹਨ। ਛੇਤੀ ਹੀ ਉਨ੍ਹਾਂ ਦੇ ਫ਼ੋਨ 'ਤੇ ਉਨ੍ਹਾਂ ਦੀ ਮਾਂ ਦੀ ਕਾਲ ਆਈ ਅਤੇ ਉਹ ਆਪਣੇ ਪੁੱਤਰ ਨੂੰ ਵਾਪਸ ਬੁਲਾਉਣ ਲੱਗੀ ਅਤੇ ਕਹਿਣ ਲੱਗੀ ਕਿ ਉਹ ਵਾਪਸ ਆ ਜਾਵੇ ਕਿਉਂਕਿ ਹੁਣ ਤਾਂ ਮੰਗ ਮੰਨ ਹੀ ਲਈ ਗਈ ਹੈ। ''ਪਰ ਅਸੀਂ ਉਦੋਂ ਤੱਕ ਉਡੀਕ ਕਰਾਂਗੇ ਜਦੋਂ ਤੱਕ ਕਿ ਇਹ ਕਨੂੰਨ ਸੰਸਦ ਵਿੱਚ ਰੱਦ ਨਹੀਂ ਹੁੰਦੇ,'' ਉਹ 29 ਨਵੰਬਰ ਨੂੰ ਸ਼ੁਰੂ ਹੋਣ ਵਾਲ਼ੇ ਸੰਸਦ ਦੇ ਸਰਦ ਰੁੱਤ ਇਜਲਾਸ ਦਾ ਜ਼ਿਕਰ ਕਰਦਿਆਂ ਕਹਿੰਦੇ ਹਨ। ''ਅਸੀਂ ਖ਼ੁਸ਼ ਹਾਂ ਕਿ ਸਾਡੇ ਜਿਹੇ ਕਿਸਾਨ ਪ੍ਰਦਰਸ਼ਨ ਦੇ ਕਿਸੇ ਕੰਮ ਤਾਂ ਆਏ। ਪਰ ਸਾਨੂੰ ਅਸਲੀ ਖੁਸ਼ੀ ਤਾਂ ਸਿਰਫ਼ ਉਦੋਂ ਹੀ ਹੋਊਗੀ ਜਦੋਂ ਇਹ ਕਨੂੰਨ ਰੱਦ ਕਰ ਦਿੱਤੇ ਗਏ ਅਤੇ ਅਸੀਂ ਆਪੋ-ਆਪਣੇ ਘਰਾਂ ਨੂੰ ਮੁੜਨ ਜੋਗੇ ਹੋ ਗਏ।''
ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟੜਾ ਕੋਰੀਆਂਵਾਲਾ ਦੀ ਪਰਮਜੀਤ ਕੌਰ ਦਾ ਕਹਿਣਾ ਹੈ ਕਿ ਆਪੋ-ਆਪਣੇ ਘਰਾਂ ਨੂੰ ਮੁੜਨਾ ਵੀ ਹੁਣ ਸਾਡੇ ਲਈ ਸੌਖ਼ੀ ਗੱਲ ਨਹੀਂ ਹੋਣ ਵਾਲ਼ੀ। ''ਸਾਡੇ ਮਨਾਂ ਨੂੰ ਬੜਾ ਔਖ਼ਾ ਲੱਗੇਗਾ। ਸਾਨੂੰ ਆਪਣੇ ਇਹ ਘਰ ਬੜੇ ਚੇਤੇ ਆਉਣਗੇ ਜੋ ਅਸਾਂ ਇੰਨੇ ਔਖੇ ਵੇਲ਼ੇ ਇੱਥੇ ਬਣਾਏ ਸਨ ਉਹ ਵੀ ਆਪਣੇ ਹੱਥੀਂ। ਅਸੀਂ ਪੰਜਾਬ ਦੇ ਆਪਣੇ ਘਰਾਂ ਵਾਂਗ ਇੱਥੇ ਹਰ ਸਹੂਲਤ ਦਾ ਧਿਆਨ ਰੱਖਿਆ ਅਤੇ ਸਭ ਲਈ ਬਰਾਬਰ ਸੁਵਿਧਾਵਾਂ ਉਪਲਬਧ ਕਰਾਈਆਂ।''
ਉਨ੍ਹਾਂ ਦੇ ਤੰਬੂ ਦੇ ਨੇੜੇ ਹੀ ਹਰਿਆਣਾ ਦਾ ਬਹਾਦੁਰਗੜ੍ਹ ਹਾਈਵੇਅ ਹੈ ਜਿਹਦੇ ਡਿਵਾਈਡਰ ਦੀ ਮਿੱਟੀ ਵਿੱਚ ਇਨ੍ਹਾਂ ਮਹਿਲਾ ਕਿਸਾਨਾਂ ਨੇ ਹਰੀਆਂ ਸਬਜ਼ੀਆਂ, ਟਮਾਰਟ, ਸਰ੍ਹੋਂ, ਗਾਜਰਾਂ ਅਤੇ ਆਲੂ ਬੀਜੇ ਹੋਏ ਹਨ। ਜਿਸ ਦਿਨ ਮੈਂ ਉਨ੍ਹਾਂ ਨੂੰ ਮਿਲ਼ੀ ਉਹ ਦੁਪਹਿਰ ਦੇ ਲੰਗਰ ਵਾਸਤੇ ਇੱਕ ਵੱਡੇ ਸਾਰੇ ਭਾਂਡੇ ਵਿੱਚ ਪਾਲਕ ਰਿੰਨ੍ਹ ਰਹੀ ਸਨ ਅਤੇ ਇਹ ਪਾਲਕ ਉਨ੍ਹਾਂ ਨੇ ਇਨ੍ਹਾਂ 'ਕਿਆਰੀਆਂ' ਵਿੱਚ ਹੀ ਬੀਜੀ ਸੀ।
ਸੰਘਰਸ਼ ਦਾ ਇਹ ਸਮਾਂ ਆਪਣੀਆਂ ਮਿੱਠੀਆਂ ਯਾਦਾਂ ਦੇ ਨਾਲ਼ ਉਨ੍ਹਾਂ ਟੁੱਟੇ ਦਿਲਾਂ ਨੂੰ ਜੋੜਨ ਦਾ ਕੰਮ ਕਰੇਗਾ ਜੋ ਆਪਣਿਆਂ ਦੀ ਮੌਤ ਨਾਲ਼ ਵਿੰਨ੍ਹੇ ਗਏ, ਪਰਮਜੀਤ ਕਹਿੰਦੀ ਹਨ। ''ਅਸੀਂ ਆਪਣੇ ਉਨ੍ਹਾਂ 700 ਸ਼ਹੀਦਾਂ ਨੂੰ ਸਦਾ ਚੇਤੇ ਰੱਖਾਂਗੇ ਜਿਨ੍ਹਾਂ ਦੀ ਧਰਨੇ ਦੌਰਾਨ ਮੌਤ ਹੋਈ। ਜਦੋਂ ਸਾਡੀਆਂ ਤਿੰਨ ਸਾਥਣਾਂ ਟਰੱਕ ਹੇਠ ਕੁਚਲੀਆਂ ਗਈਆਂ ਅਸੀਂ ਹੀ ਜਾਣਦੇ ਹਾਂ ਸਾਡਾ ਦਿਲ ਕਿੰਨਾ ਨਪੀੜਿਆ ਗਿਆ ਸੀ। ਉਹ ਧਰਨੇ ਵਿਖੇ 10 ਦਿਨ ਬਿਤਾਉਣ ਤੋਂ ਬਾਅਦ ਦੀਵਾਲੀ ਵਾਸਤੇ ਆਪਣੇ ਘਰੋ-ਘਰੀਂ ਮੁੜ ਰਹੀਆਂ ਸਨ। ਉਸ ਰਾਤ ਸਾਡੇ ਗਲ਼ੇ ਹੇਠੋਂ ਇੱਕ ਬੁਰਕੀ ਤੱਕ ਨਹੀਂ ਲੰਘੀ। ਮੋਦੀ ਸਰਕਾਰ ਸਾਡੇ ਕਿਸੇ ਵੀ ਘਾਟੇ ਦੀ ਪਰਵਾਹ ਨਹੀਂ ਕਰਦੀ।''
ਭਾਰਤੀ ਕਿਸਾਨ ਯੂਨੀਅਨ (ਏਕਤਾ) (ਉਗਰਾਹਾਂ) ਬਠਿੰਡਾ ਜ਼ਿਲ੍ਹੇ ਦੀ ਮਹਿਲਾ ਲੀਡਰ ਪਰਮਜੀਤ ਕੌਰ (60 ਸਾਲ) ਕਹਿੰਦੇ ਹਨ,''26 ਜਨਵਰੀ ਦੀ ਪਰੇਡ ਵਿੱਚ ਜਦੋਂ ਲਾਠੀਚਾਰਜ ਹੋਇਆ ਤਾਂ ਸਾਡੇ ਕਈ ਸਾਥੀ ਫੱਟੜ ਹੋਏ। ਉਨ੍ਹਾਂ ਨੇ ਸਾਡੇ 'ਤੇ ਅੱਥਰੂ ਗੈਸ ਦੇ ਗੋਲ਼ੇ ਦਾਗ਼ੇ... ਇੰਨਾ ਹੀ ਨਹੀਂ ਆਪਣੀ ਤਾਕਤ ਦਿਖਾਉਣ ਵਾਸਤੇ ਸਾਡੇ ਖਿਲਾਫ਼ ਕਈ ਕੇਸ (ਐੱਫ਼ਆਈਆਰ) ਦਾਇਰ ਕੀਤੇ। ਅਸੀਂ ਇਹ ਸਾਰੇ ਤਸ਼ੱਦਦ ਤਾਉਮਰ ਚੇਤੇ ਰੱਖਾਂਗੇ।''
''ਜੇ ਖੇਤੀ ਕਨੂੰਨਾਂ ਵੀ ਵਾਪਸੀ ਹੋ ਗਈ ਹੈ ਤਾਂ ਇਹਦਾ ਮਤਲਬ ਇਹ ਨਹੀਂ ਕਿ ਧਰਨਾ ਵੀ ਮੁਕਣ ਲੱਗਿਆ ਹੈ। ਕਿਸੇ ਵੀ ਸਰਕਾਰ (ਜਿਨ੍ਹਾਂ ਨੂੰ ਵੋਟਾਂ ਪਾ ਕੇ ਸੱਤਾ ਵਿੱਚ ਲਿਆਂਦਾ) ਨੇ ਕਦੇ ਵੀ ਕਿਸਾਨ ਭਾਈਚਾਰੇ ਬਾਰੇ ਨਹੀਂ ਸੋਚਿਆ। ਉਹ ਤਾਂ ਸਿਰਫ਼ ਆਪਣੇ ਆਪ ਬਾਰੇ ਹੀ ਸੋਚਦੇ ਹਨ। ਅਸੀਂ ਜਦੋਂ ਵੀ ਆਪਣੇ ਘਰ ਮੁੜਾਂਗੇ ਤਾਂ ਆਪਣੇ ਬੱਚਿਆਂ ਨਾਲ਼ ਮਿਲਾਂਗੇ ਅਤੇ ਪੋਤੇ-ਪੋਤੀਆਂ ਨਾਲ਼ ਖੇਡਾਂਗੇ। ਪਰ ਉਦੋਂ ਸਾਡੇ ਦਰਪੇਸ਼ ਖੇਤੀ ਨਾਲ਼ ਜੁੜੇ ਨਵੇਂ ਮੁੱਦੇ ਹੋਣਗੇ।''
''ਸਾਨੂੰ ਅਜੇ ਵੀ ਉਹਦੀ (ਮੋਦੀ ਦੀ) ਨੀਅਤ 'ਤੇ ਸ਼ੱਕ ਹੈ,'' 60 ਸਾਲਾ ਜਸਬੀਰ ਕੌਰ ਨੱਤ ਦਾ ਕਹਿਣਾ ਹੈ ਜੋ ਮਾਨਸਾ ਜ਼ਿਲ੍ਹੇ ਦੀ ਪੰਜਾਬ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਮੈਂਬਰ ਹਨ ਅਤੇ ਟੀਕਰੀ ਦੇ ਧਰਨੇ ਦਾ ਹਿੱਸਾ ਰਹੀ ਹਨ। ''ਆਪਣੇ ਐਲਾਨ ਵਿੱਚ ਉਹ ਕਹਿੰਦਾ ਹੈ ਕਿ ਉਹ ਆਪਣੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਕਿਸਾਨਾਂ ਦੇ ਇੱਕ ਵਰਗ ਨੂੰ ਰਾਜ਼ੀ ਕਰਨ ਵਿੱਚ ਨਾਕਾਮਯਾਬ ਰਿਹਾ, ਇਹਦਾ ਸਿੱਧਾ ਮਤਬਲ ਹੈ ਕਿ ਉਹ ਅਜੇ ਵੀ ਮੰਨਦਾ ਹੈ ਕਿ ਇਨ੍ਹਾਂ ਕਨੂੰਨਾਂ ਨੂੰ ਲਿਆਉਣਾ ਇੱਕ ਸਹੀ ਫ਼ੈਸਲਾ ਸੀ। ਅਸੀਂ ਉਦੋਂ ਤੱਕ ਉਡੀਕ ਕਰਨੀ ਹੈ ਜਦੋਂ ਤੱਕ ਕਿ ਉਹ ਸਾਨੂੰ ਲਿਖਤੀ ਭਰੋਸਾ ਨਹੀਂ ਦੇ ਦਿੰਦਾ। ਫਿਰ ਅਸੀਂ ਇਹ ਵੀ ਤਾਂ ਦੇਖਣਾ ਹੈ ਕਿ ਉਹਨੇ ਲਿਖਿਆ ਕੀ ਕੀ ਹੋਊ... ਕਿਉਂਕਿ ਉਨ੍ਹਾਂ ਨੂੰ ਇਹ ਲੱਫ਼ਾਜ਼ੀ ਖੇਡ ਖੇਡਣ ਦੀ ਮੁਹਾਰਤ ਹਾਸਲ ਹੈ।''
ਜਸਬੀਰ ਕੌਰ ਬਾਕੀ ਮੰਗਾਂ ਦੀ ਸੂਚੀ ਦਿਖਾਉਂਦੀ ਹਨ ਜਿਨ੍ਹਾਂ ਅੰਦਰ ਬਿਜਲੀ (ਸੋਧ) ਬਿੱਲ, 2020 ਦੇ ਨਾਲ਼ ਨਾਲ਼ ਪਰਾਲੀ ਸਾੜਨ ਨੂੰ ਲੈ ਕੇ ਆਰਡੀਨੈਂਸ ਦਾ ਵਾਪਸ ਲਿਆ ਜਾਣਾ ਸ਼ਾਮਲ ਹੈ। ਉਹ ਕਹਿੰਦੀ ਹਨ,''ਅਸੀਂ ਜਾਣਦੇ ਹਾਂ ਕਿ ਸਰਕਾਰ ਇਨ੍ਹਾਂ ਮੰਗਾਂ ਨੂੰ ਵੀ ਮੰਨ ਸਕਦੀ ਹੈ ਪਰ ਸਰਕਾਰ ਕਿਸੇ ਵੀ ਤਰੀਕੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) 'ਤੇ ਗਰੰਟੀ ਦੇਣ ਲਈ ਅੱਗੇ ਕਦਮ ਨਹੀਂ ਵਧਾ ਲੱਗੀ। ਇਨ੍ਹਾਂ ਮੰਗਾਂ ਤੋਂ ਇਲਾਵਾ ਸਾਡੀਆਂ ਕੁਝ ਹੋਰ ਵੀ ਮੰਗਾਂ ਹਨ: ਪ੍ਰਦਰਸ਼ਨਕਾਰੀ ਕਿਸਾਨਾਂ ਖ਼ਿਲਾਫ਼ ਦਾਇਰ ਕੇਸ ਵਾਪਸ ਲਓ, ਕਿਸਾਨਾਂ ਨੂੰ ਉਨ੍ਹਾਂ ਦੇ ਟਰੈਕਟਰਾਂ ਦੇ ਹੋਏ ਨੁਕਸਾਨਾਂ ਦੀ ਭਰਪਾਈ ਕਰੋ। ਜੇ ਸਰਕਾਰ ਨਹੀਂ ਮੰਨਦੀ ਤਾਂ ਅਸੀਂ ਵੀ ਦੱਸ ਦੇਈਏ ਅਸੀਂ ਵੀ ਇੰਨੀ ਛੇਤੀ ਮੋਰਚਾ ਚੁੱਕਣ ਵਾਲ਼ੇ ਨਹੀਂ।''
ਖੇਤੀ ਕਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੀਆਂ 40 ਦੇ ਕਰੀਬ ਕਿਸਾਨ ਯੂਨੀਅਨਾਂ ਦੀ ਇੱਕ ਕੋਰ ਕਮੇਟੀ ਭਾਵ ਸੰਯੁਕਤ ਕਿਸਾਨ ਮੋਰਚਾ ਨੇ 21 ਨਵੰਬਰ, ਐਤਵਾਰ ਨੂੰ ਪੁਸ਼ਟੀ ਕੀਤੀ ਕਿ ਉਨ੍ਹਾਂ ਦਾ ਇਹ ਵਿਰੋਧ-ਪ੍ਰਦਰਸ਼ਨ ਵਿੱਢੀਆਂ ਯੋਜਨਾਵਾਂ ਮੁਤਾਬਕ ਜਾਰੀ ਰਹੇਗਾ ਜਿਨ੍ਹਾਂ ਯੋਜਨਾਵਾਂ ਵਿੱਚ 22 ਨਵੰਬਰ ਨੂੰ ਲਖਨਊ ਵਿੱਚ ਹੋਣ ਵਾਲ਼ੀ ਕਿਸਾਨ ਪੰਚਾਇਤ , 26 ਨਵੰਬਰ ਨੂੰ ਦਿੱਲੀ ਦੀਆਂ ਸਰਹੱਦਾਂ ਦੇ ਤੈਅ ਪੁਆਇੰਟ 'ਤੇ ਇਕੱਠਾ ਹੋਣ ਅਤੇ 29 ਨਵੰਬਰ ਨੂੰ ਸੰਸਦ ਮਾਰਚ ਕੀਤਾ ਜਾਣਾ ਵੀ ਸ਼ਾਮਲ ਹੈ ਅਤੇ ਰਹੇਗਾ।
ਤਰਜਮਾ: ਕਮਲਜੀਤ ਕੌਰ