ਇਹ ਥੋੜ੍ਹਾ ਅਜੀਬ ਸੀ-ਪਰ ਇਹ ਦਿੱਲੀ ਅੰਦਰ ਜੀਟੀ ਕਰਨਾਲ ਬਾਈਪਾਸ ਦੇ ਕੋਲ਼ ਸਾਡੀਆਂ ਅੱਖਾਂ ਮੂਹਰੇ ਵਾਪਰ ਰਿਹਾ ਸੀ।
ਇੱਕ ਦਲ ਤੈਅ ਰੂਟ ਤੋਂ ਹੁੰਦਾ ਹੋਇਆ ਦਿੱਲੀ ਦੇ ਅੰਦਰ ਜਾ ਰਿਹਾ ਸੀ- ਜਦੋਂਕਿ ਦੂਸਰਾ ਧੜਾ, ਦਿੱਲੀ ਤੋਂ, ਸਿੰਘੂ ਵੱਲ ਉਲਟ ਦਿਸ਼ਾ ਵਿੱਚ ਚੱਲ ਰਿਹਾ ਸੀ। ਹਾਈਵੇਅ 'ਤੇ ਇਨ੍ਹਾਂ ਦੋਵਾਂ ਨੇ (ਦਲਾਂ ਨੇ) ਇੱਕ ਦੂਸਰੇ ਨੂੰ ਪਾਰ ਵੀ ਕੀਤਾ ਅਤੇ ਇਹ ਦ੍ਰਿਸ਼ ਅਸਲ ਵਿੱਚ ਭੰਬਲਭੂਸੇ ਅਤੇ ਭੁਲੇਖਾ ਖੜ੍ਹਾ ਹੋਏ ਹੋਣ ਦਾ ਇੱਕ ਰੂਪਕ ਸੀ। ਦਿੱਲੀ ਤੋਂ ਵਾਪਸ ਮੁੜਨ ਵਾਲਾ ਧੜਾ ਆਪਣੇ ਆਗੂਆਂ ਦੇ ਸੱਦੇ 'ਤੇ ਇੰਝ ਕਰ ਰਿਹਾ ਸੀ। ਉਨ੍ਹਾਂ ਵਿੱਚ ਕੁਝ ਇਹ ਸੋਚ ਕੇ ਸਵੇਰੇ ਹੀ ਗਲਤੀ ਨਾਲ਼ ਦਿੱਲੀ ਵਿੱਚ ਪ੍ਰਵੇਸ਼ ਕਰ ਗਏ ਸਨ ਕਿ ਉਨ੍ਹਾਂ ਦੇ ਆਗੂਆਂ ਨੇ ਦਿੱਲੀ ਪੁਲਿਸ ਦੁਆਰਾ ਨਿਰਧਾਰਤ ਰੂਟ ਨੂੰ ਛੱਡਣ ਅਤੇ ਇੱਕ ਅਲੱਗ ਤਰੀਕੇ ਨਾਲ਼ ਦਿੱਲੀ ਵਿੱਚ ਪ੍ਰਵੇਸ਼ ਕਰਨ ਦਾ ਫੈਸਲਾ ਕੀਤਾ ਸੀ।
ਸਤੰਬਰ 2020 ਨੂੰ ਸੰਸਦ ਵਿੱਚ ਪਾਸ ਹੋਏ ਤਿੰਨੋਂ ਖੇਤੀ ਕਨੂੰਨਾਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਗਣਤੰਤਰ ਦਿਵਸ ਮੌਕੇ ਆਪਣੀ ਖੁਦ ਦੀ ਅਯੋਜਿਤ ਕੀਤੀ, ਇਹ ਰੈਲੀ ਦਿੱਲੀ ਦੀਆਂ ਸਰਹੱਦਾਂ ਜਿਵੇਂ ਸਿੰਘੂ, ਟੀਕਰੀ, ਗਾਜੀਪੁਰ, ਚਿੱਲਾ ਅਤੇ ਮੇਵਾਤ ਤੋਂ ਕੱਢਣੀ ਸੀ। ਰਾਜਸਥਾਨ-ਹਰਿਆਣਾ ਸਰਹੱਦ 'ਤੇ ਸ਼ਾਹਜਹਾਂਪੁਰ ਵਿੱਚ ਵੀ ਇੱਕ ਰੈਲੀ ਸੀ, ਜਿੱਥੇ ਭਾਰਤ ਦੇ ਰਾਜਾਂ ਅਤੇ ਕੇਂਦਰ-ਸ਼ਾਸਤ ਪ੍ਰਦੇਸ਼ਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਝਾਕੀਆਂ ਕਰੀਬ 60 ਕਿਲੋਮੀਟਰ ਦੀ ਦੂਰੀ ਤੈਅ ਕਰ ਰਹੀਆਂ ਸਨ। ਜਿਵੇਂ ਕਿ ਕੁੱਲ ਭਾਰਤੀ ਕਿਸਾਨ ਸਭਾ ਦਾ ਮੰਨਣਾ ਹੈ ਕਿ ਇਹ ਰੈਲੀ ਗਣਤੰਤਰ ਦਿਵਸ ਦਾ ਹੁਣ ਤੱਕ ਦਾ ਸਭ ਤੋਂ ਜਿਆਦਾ ਮਕਬੂਲ ਅਤੇ ਨਾਗਰਿਕ ਸਮਾਰੋਹ ਸੀ।
ਗਣਤੰਤਰ ਦਿਵਸ ਮੌਕੇ ਸਧਾਰਣ ਨਾਗਰਿਕਾਂ, ਕਿਸਾਨਾਂ, ਕਿਰਤੀਆਂ ਅਤੇ ਹੋਰਨਾਂ ਲੋਕਾਂ ਦੁਆਰਾ ਮਾਰੀ ਗਈ ਇਹ ਮੱਲ੍ਹ, ਬੜੀ ਵਿਆਪਕ, ਸ਼ਾਂਤਮਈ, ਅਨੁਸ਼ਾਸਤ ਅਤੇ ਬਹੁਤ ਹੀ ਲਾਸਾਨੀ ਕਾਰਵਾਈ ਸੀ। ਇਸ ਪਰੇਡ ਵਿੱਚ ਲੱਖਾਂ ਲੋਕ ਅਤੇ ਕਈ ਹਜਾਰ ਟਰੈਕਟ ਸ਼ਾਮਲ ਹੋਏ ਅਤੇ ਭਾਰਤੀ ਸੰਘ ਦੇ ਲਗਭਗ ਸਾਰੇ ਹੀ ਰਾਜਾਂ ਵਿੱਚ ਬਿਲਕੁਲ ਇਹੋ ਜਿਹੇ ਸਮਾਗਮਾਂ ਅਤੇ ਪਰੇਡਾਂ ਦਾ ਤਾਲਮੇਲ ਕੀਤਾ ਗਿਆ ਸੀ।
ਪਰ ਇਸ ਸਭ ਦੇ ਨਾਲ਼-ਨਾਲ਼ ਇੱਕ ਛੋਟੇ ਧੜੇ ਵੱਲੋਂ ਆਪਣੀ ਵਿਸ਼ਵਾਸੋਂ ਬਾਹਰੀ ਅਤੇ ਹੈਰਾਨ ਕਰ ਸੁੱਟਣ ਵਾਲੀ ਕਾਰਵਾਈ ਨਾਲ਼ ਸਾਰਿਆਂ ਨੂੰ ਬੇਚੈਨ ਕਰ ਸੁੱਟਿਆ ਅਤੇ ਇਹ ਆਪਣੀਆਂ ਮੋਹਤਬਾਰੀ ਅਤੇ ਮਾਅਰਕੇਬਾਜ ਸਰਗਰਮੀਆਂ ਦੁਆਰਾ ਮੀਡੀਆ ਦਾ ਧਿਆਨ ਆਪਣੇ ਵੱਲ ਖਿੱਚਣ ਵਿੱਚ ਸਮਰੱਥ ਰਿਹਾ। ਸੰਯੁਕਤ ਕਿਸਾਨ ਮੋਰਚਾ (SKM) ਜਿਸ ਵਿੱਚ ਸ਼ਾਮਲ 32 ਹੋਰ ਕਿਸਾਨ ਯੂਨੀਅਨਾਂ, ਜੋ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਨੂੰ ਹੋਰ ਵਿਆਪਕ ਕਰਨ ਰਹੀਆਂ ਹਨ, ਨੇ ਤੈਅ ਰੂਟਾਂ ਨੂੰ ਤੋੜ ਕੇ ਦਿੱਲੀ ਅੰਦਰ ਵੜ੍ਹੇ ਇਨ੍ਹਾਂ ਧੜਿਆਂ ਦੀਆਂ ਹਿੰਸਕ ਅਤੇ ਭੰਨਤੋੜੂ ਕਾਰਵਾਈਆਂ ਦੀ ਨਿਖੇਧੀ ਕੀਤੀ। SKM ਨੇ ਇਸ ਕਦਮ ਦਾ ਵਿਰੋਧ ਕਰਦਿਆਂ ਇਹਨੂੰ "ਕਿਸਾਨਾਂ ਦੇ ਸ਼ਾਂਤਮਈ ਅਤੇ ਮਜ਼ਬੂਤ ਅੰਦੋਲਨ ਨੂੰ ਤਬਾਹ ਕਰਨ ਦੀ ਡੂੰਘੀ ਸਾਜ਼ਸ ਦਾ ਹਿੱਸੇ" ਵਜੋਂ ਗਰਦਾਨਿਆ।
"ਪ੍ਰਮੁੱਖ ਰੈਲੀ ਨੇ ਸਵੇਰੇ 10 ਵਜੇ ਸ਼ੁਰੂ ਹੋਣਾ ਸੀ," ਕਿਰਤੀ ਕਿਸਾਨ ਯੂਨੀਅਨ ਦੇ ਕਰਮਜੀਤ ਸਿੰਘ ਕਹਿੰਦੇ ਹਨ, ਜੋ ਸੰਯੁਕਤ ਕਿਸਾਨ ਮੋਰਚਾ ਦੀਆਂ 32 ਜੱਥੇਬੰਦੀਆਂ ਵਿੱਚੋਂ ਇੱਕ ਹੈ। "ਪਰ ਭੰਨ੍ਹਤੋੜ ਦੀ ਕਾਰਵਾਈ ਕਰਨ ਵਾਲੇ ਇਨ੍ਹਾਂ ਸ਼ਰਾਰਤੀ ਤੱਤਾਂ ਨੂੰ ਦੀਪ ਸਿੱਧੂ ਅਤੇ ਲੱਖਾ ਸਿਧਾਣਾ (ਅਤੇ ਬਾਕੀ ਹੋਰ) ਨੇ ਅਗਵਾਈ ਦਿੱਤੀ, ਜੋ ਕਿ ਸੰਯੁਕਤ ਕਿਸਾਨ ਮੋਰਚਾ ਦੀਆਂ 32 ਜੱਥੇਬੰਦੀਆਂ ਵਿੱਚੋਂ ਕਿਸੇ ਦਾ ਵੀ ਹਿੱਸਾ ਨਹੀਂ ਹਨ। ਉਨ੍ਹਾਂ ਨੇ ਸਵੇਰੇ 8 ਵਜੇ ਰਿੰਗ ਰੋਡ, ਦਿੱਲੀ ਵੱਲ ਜਾਣ ਵਾਲੇ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਕੁਝ ਹੋਰ ਲੋਕਾਂ ਨੂੰ ਇਸ ਵਿੱਚ ਸ਼ਾਮਲ ਹੋਣ ਲਈ ਉਕਸਾਇਆ। ਇਹੀ ਲੋਕ ਸਨ ਜੋ ਲਾਲ ਕਿਲ੍ਹੇ ਅੰਦਰ ਦਾਖ਼ਲ ਹੋਏ ਅਤੇ ਉਨ੍ਹਾਂ ਨੇ ਆਪਣਾ (ਕੇਸਰੀ) ਝੰਡਾ ਉੱਥੇ ਲਹਿਰਾ ਦਿੱਤਾ।"
ਦੀਪ ਸਿੱਧੂ ਨੇ ਦਿੱਲੀ ਅੰਦਰਲੇ ਅਯੋਜਨ ਵਿੱਚ ਆਪਣੀ ਸ਼ਮੂਲੀਅਤ ਅਤੇ ਭੂਮਿਕਾ ਨੂੰ ਦਰਸਾਉਂਦੀ ਰਿਕਾਰਡਿੰਗ ਵੀ ਕੀਤੀ। ਸਿੱਧੂ ਦੀ ਪੰਜਾਬ ਦੇ ਗੁਰਦਾਸਪੁਰ ਤੋਂ ਬੀਜੇਪੀ ਦੇ ਲੋਕ ਸਭਾ ਐੱਮਪੀ, ਸਨੀ ਦਿਓਲ ਨਾਲ਼ ਕਾਫੀ ਨੇੜਤਾ ਹੈ।
"ਅਸੀਂ ਉਨ੍ਹਾਂ ਦੀ ਮਾਸਾ ਵੀ ਹਮਾਇਤ ਨਹੀਂ ਕਰਦੇ। ਅਸੀਂ ਜਾਣਦੇ ਹਾਂ ਉਨ੍ਹਾਂ ਨੇ ਜੋ ਵੀ ਕੀਤਾ ਉਹ ਗਲਤ ਸੀ। 26 ਜਨਵਰੀ ਨੂੰ ਜੋ ਵੀ ਹੋਇਆ ਉਹ ਹੁਣ ਦੋਬਾਰਾ ਨਹੀਂ ਵਾਪਰੇਗਾ ਅਤੇ ਅਸੀਂ ਪਹਿਲਾਂ ਵਾਂਗ ਹੀ ਆਪਣਾ ਪ੍ਰਦਰਸ਼ਨ ਜਾਰੀ ਰੱਖਾਂਗੇ। ਅਸੀਂ ਬੈਰੀਕੇਡਾਂ ਨੂੰ ਤੋੜਨ ਅਤੇ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਏ ਜਾਣ ਦੀ ਵਕਾਲਤ ਨਹੀਂ ਕਰਦੇ। ਅਸੀਂ ਯਕੀਨ ਦਵਾਉਂਦੇ ਹਾਂ ਕਿ ਭਵਿੱਖ ਵਿੱਚ ਅਜਿਹਾ ਹੁੜਦੰਗ ਦੋਬਾਰਾ ਨਹੀਂ ਮੱਚਦਾ," ਕਰਮਜੀਤ ਸਿੰਘ ਕਹਿੰਦੇ ਹਨ।
ਇਨ੍ਹਾਂ ਵੱਖਵਾਦੀ ਧੜਿਆਂ ਵੱਲੋਂ ਆਪਣੀ 'ਰੈਲੀ' ਛੇਤੀ ਸ਼ੁਰੂ ਕਰਨ ਅਤੇ ਬੈਰੀਕੇਡਾਂ ਨੂੰ ਤੋੜਨ ਨਾਲ਼ ਕਈ ਲੋਕਾਂ ਨੂੰ ਭੰਬਲਭੂਸੇ ਵਿੱਚ ਪਾਇਆ ਗਿਆ ਅਤੇ ਉਨ੍ਹਾਂ ਨੇ ਸੋਚਿਆ ਕਿ ਇਹ ਆਗੂਆਂ ਦਾ ਕੋਈ ਨਵਾਂ ਪ੍ਰੋਗਰਾਮ ਸੀ। ਸਿੰਘੂ ਤੋਂ ਦਿੱਲੀ ਤੱਕ ਦਾ ਰਾਹ ਪੁਲਿਸ ਦੁਆਰਾ ਪੂਰਵ-ਨਿਰਧਾਰਤ ਅਤੇ ਪ੍ਰਵਾਨਤ ਸੀ। ਪਰ ਇਨ੍ਹਾਂ ਧੜਿਆਂ ਨੇ ਦਿੱਲੀ ਵਿੱਚ ਦਾਖ਼ਲ ਹੋ ਕੇ ਲਾਲ ਕਿਲ੍ਹੇ ਵੱਲ ਨੂੰ ਅੱਗੇ ਵੱਧਦਿਆਂ ਵੱਖਰਾ ਰੂਟ ਫੜ੍ਹ ਲਿਆ। ਜਦੋਂ ਉਹ ਕਿਲ੍ਹੇ ਅੰਦਰ ਦਾਖ਼ਲ ਹੋਏ ਤਾਂ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦਰਮਿਆਨ ਝੜਪਾਂ ਹੋਈਆਂ। ਉਨ੍ਹਾਂ ਵਿੱਚੋਂ ਕਈ ਕਿਲ੍ਹੇ ਅੰਦਰ ਦਾਖ਼ਲ ਹੋਣ ਅਤੇ ਤਿਰੰਗੇ ਝੰਡੇ ਦੇ ਐਨ ਨਾਲ਼ ਕਰਕੇ ਕੇਸਰੀ ਝੰਡਾ ਲਹਿਰਾਉਣ ਵਿੱਚ ਕਾਮਯਾਬ ਹੋਏ ਸਨ।
ਇਸ 'ਰੈਲੀ' ਦੇ ਐਨ ਉਲਟ ਦਿੱਲੀ ਅੰਦਰ ਇਸ ਵਿਸ਼ਾਲ ਪ੍ਰਮੁੱਖ ਰੈਲੀ ਵਿੱਚ, ਜਿਨ੍ਹਾਂ ਦੀ ਗਿਣਤੀ ਅੱਗੇ ਇਨ੍ਹਾਂ ਬਦਮਾਸ਼ਾਂ ਦਾ ਕੱਦ ਬੌਣਾ ਸੀ, ਕਿਸਾਨਾਂ ਦੇ ਟਰੈਕਟਰ ਤੋਂ ਬਾਅਦ ਟਰੈਕਟਰ, ਦਲ ਤੋਂ ਬਾਅਦ ਦਲ ਨੇ ਮਾਣ ਨਾਲ਼ ਤਿਰੰਗਾ ਝੰਡਾ ਲਹਿਰਾਇਆ।
"ਅਸੀਂ ਕਿਸਾਨ ਹਾਂ। ਅਸੀਂ ਢਿੱਡ ਭਰਨ ਲਈ ਅਨਾਜ ਉਗਾਉਂਦੇ ਹਾਂ। ਸਾਡਾ ਮਕਸਦ ਇਨ੍ਹਾਂ ਤਿੰਨੋਂ ਕਨੂੰਨਾਂ ਦੀ ਵਾਪਸੀ ਹੈ। ਲਾਲ ਕਿਲ੍ਹੇ ਅੰਦਰ ਵੜ੍ਹਨ ਅਤੇ ਉੱਥੇ ਝੰਡਾ ਲਹਿਰਾਉਣਾ ਕਦੇ ਵੀ ਸਾਡੇ ਮਕਸਦ ਦਾ ਹਿੱਸਾ ਨਹੀਂ ਰਿਹਾ। ਬੀਤੇ ਕੱਲ੍ਹ ਜੋ ਵੀ ਹੋਇਆ ਉਹ ਗ਼ਲਤ ਸੀ," 45 ਸਾਲਾ ਬਲਜਿੰਦਰ ਸਿੰਘ ਕਹਿੰਦੇ ਹਨ, ਜੋ ਕਿ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਸ਼ੇਰਾ ਸ਼ੇਰਾ ਤੋਂ ਹਨ।
ਪਰ ਉਸੇ ਸਮੇਂ ਤੋਂ ਮੀਡੀਆਂ ਦਾ ਧਿਆਨ ਇਸ ਛੋਟੇ ਵੱਖਵਾਦੀ ਧੜਿਆਂ ਵੱਲ ਚਲਾ ਗਿਆ ਜਿਨ੍ਹਾਂ ਨੇ ਦਿੱਲੀ ਅੰਦਰ ਆਪਣੀਆਂ ਕਾਲੀਆਂ ਕਰਤੂਤਾਂ ਨੂੰ ਅੰਜਾਮ ਦਿੱਤਾ। ਇਹਦਾ ਸਿੱਧਾ ਮਤਲਬ ਮੀਡਿਆ ਵੱਲੋਂ ਪ੍ਰਮੁੱਖ ਅਤੇ ਪੂਰੀ ਤਰ੍ਹਾਂ ਸ਼ਾਂਤਮਈ ਰੈਲੀ ਨੂੰ ਅਣਦੇਖਿਆ ਕਰਨਾ ਸੀ। 32 ਇਕਜੁਟ ਯੂਨੀਅਨਾਂ ਨੇ ਪ੍ਰਵਾਨਤ ਰੂਟ ਨੂੰ ਫੋਲੋ ਕੀਤਾ ਅਤੇ ਉਨ੍ਹਾਂ ਨੇ ਨਿਰਧਾਰਤ ਰੂਟ 'ਤੇ ਹੀ ਆਪਣੇ ਟਰੈਕਟ ਬਰਕਰਾਰ ਰੱਖੇ। ਟਰੈਕਟਰਾਂ ਦੇ ਨਾਲ਼-ਨਾਲ਼ ਤੁਰਨ ਵਾਲੇ ਵੀ ਕਈ ਸਨ, ਜਦੋਂ ਕਿ ਕਈ ਮੋਟਰਸਾਈਕਲਾਂ ਅਤੇ ਸਾਈਕਲਾਂ 'ਤੇ ਸਵਾਰ ਹੋ ਕੇ ਅੱਗੇ ਵੱਧਦੇ ਰਹੇ।
ਜਦੋਂ ਇਸ ਰੈਲੀ (ਪ੍ਰਮੁੱਖ) ਦੇ ਕਿਸਾਨ ਦਿੱਲੀ ਦੇ ਅੰਦਰ ਦਾਖ਼ਲ ਹੋਏ ਤਾਂ ਉੱਥੇ ਕਿਸੇ ਤਰ੍ਹਾਂ ਦੀਆਂ ਝੜਪਾਂ ਜਾਂ ਭੰਨ੍ਹਤੋੜ ਦੀਆਂ ਘਟਨਾਵਾਂ ਨਹੀਂ ਵਾਪਰੀਆਂ। ਦਿੱਲੀ ਰੂਟ ਦੇ ਰਹਾਇਸ਼ੀ ਇਲਾਕਿਆਂ ਦੇ ਲੋਕ ਸੜਕਾਂ ਦੇ ਕਿਨਾਰੇ-ਕਿਨਾਰੇ ਖੜ੍ਹੇ ਰਹੇ ਅਤੇ ਫੁੱਲਾਂ, ਫਲਾਂ ਅਤੇ ਪਾਣੀ ਨਾਲ਼ ਰੈਲੀ ਦਾ ਸੁਆਗਤ ਕੀਤਾ। ਉਨ੍ਹਾਂ ਵਿੱਚੋਂ ਹੀ ਇੱਕ 50 ਸਾਲਾ, ਰੋਹਿਨੀ ਦੇ ਰਹਿਣ ਵਾਲੇ ਬਬਲੀ ਕੌਰ ਗਿੱਲ ਵੀ ਸਨ, ਜਿਨ੍ਹਾਂ ਨੇ ਟਰੈਕਟਰ 'ਤੇ ਸਵਾਰ ਕਿਸਾਨਾਂ ਨੂੰ ਪਾਣੀ ਦੇ ਪੈਕੇਟ ਵੰਡੇ। ਉਨ੍ਹਾਂ ਨੇ ਕਿਹਾ,"ਮੈਂ ਇੱਥੇ ਉਨ੍ਹਾਂ (ਕਿਸਾਨਾਂ) ਲਈ ਆਈ ਹਾਂ। ਉਹ ਸਾਨੂੰ ਸਾਡੀ ਜ਼ਰੂਰਤ ਦੀ ਹਰ ਸ਼ੈਅ ਮੁਹੱਈਆ ਕਰਾਉਂਦੇ ਹਨ। ਮੈਂ ਸਵੇਰੇ ਸਾਜਰੇ ਉੱਠਦੀ ਹਾਂ ਅਤੇ ਚਾਹ ਪੀਂਦੀ ਹਾਂ। ਫਿਰ ਮੈਂ ਖਾਣੇ ਵਿੱਚ ਰੋਟੀਆਂ ਖਾਂਦੀ ਹਾਂ। ਕਿਸਾਨ ਹੀ ਇਹ ਸਾਰਾ ਕੁਝ ਸਾਡੇ ਲਈ ਉਪਲਬਧ ਕਰਦੇ ਹਨ। ਇਸ ਪ੍ਰਦਰਸ਼ਨ ਵੱਲ ਦੇਖੋ ਅਤੇ ਕਿਸਾਨਾਂ ਦੀ ਦੁਰਦਸ਼ਾ ਵੱਲ ਦੇਖੋ। ਸਿੰਘੂ ਵਿਖੇ ਇੱਕ ਔਰਤ ਆਪਣੇ 12 ਮਹੀਨੇ ਦੇ ਬੱਚੇ ਨਾਲ਼ ਠਹਿਰੀ ਹੋਈ ਹੈ। ਉਹ ਇੰਝ ਕਿਉਂ ਕਰ ਰਹੀ ਹੈ? ਜਦੋਂ ਜ਼ਮੀਨ ਹੀ ਨਾ ਰਹੀ ਤਾਂ ਉਹ ਆਪਣੇ ਬੱਚੇ ਨੂੰ ਕਿਵੇਂ ਪਾਲੇਗੀ? ਸਰਕਾਰ ਨੂੰ ਜਿੰਨੀ ਛੇਤੀ ਸੰਭਵ ਹੋਵੇ ਇਹ ਕਨੂੰਨ ਰੱਦ ਕਰ ਦੇਣੇ ਚਾਹੀਦੇ ਹਨ।"
"ਮੈਂ ਬੜੇ ਮਜ਼ੇ ਨਾਲ਼ ਘਰ ਬੈਠ ਕੇ ਆਪਣੇ ਪਰਿਵਾਰ ਨਾਲ਼ ਸਮਾਂ ਬਿਤਾ ਸਕਦਾ ਸਾਂ ਕਿਉਂਕਿ ਅੱਜ ਛੁੱਟੀ ਹੈ। ਪਰ ਮੈਂ ਇੱਥੇ ਆ ਕੇ ਕਿਸਾਨਾਂ ਦੀ ਹਮਾਇਤ ਕਰਨ ਨੂੰ ਪਹਿਲ ਦਿੱਤੀ," ਦਿੱਲੀ, ਸਦਰ ਬਜਾਰ ਦੇ 38 ਸਾਲਾ ਅਸ਼ਫਾਕ ਕੁਰੈਸ਼ੀ ਨੇ ਕਿਹਾ। ਕੁਰੈਸ਼ੀ ਨੇ 'ਦਿੱਲੀ ਤੁਹਾਡਾ ਸੁਆਗਤ ਕਰਦੀ ਹੈ' ਦੀ ਤਖ਼ਤੀ ਫੜ੍ਹ ਕੇ ਰੈਲੀ ਦਾ ਸੁਆਗਤ ਕੀਤਾ।
ਟਰੈਕਟਰਾਂ ਦੀ ਟੌਹਰ ਤਾਂ ਦੇਖਿਆਂ ਹੀ ਬਣਦੀ ਸੀ, ਕਈਆਂ ਨੂੰ ਰੰਗੀਨ ਝੰਡੀਆਂ, ਰਿਬਨਾਂ ਤੇ ਫੁੱਲਾਂ ਨਾਲ਼ ਬੜੀ ਸੋਹਣੀ ਤਰ੍ਹਾਂ ਸਜਾਇਆ ਗਿਆ ਸੀ। ਉਨ੍ਹਾਂ ਦੇ ਸਿਰੇ 'ਤੇ ਤਿਰੰਗੇ ਲਹਿਰਾ ਰਹੇ ਸਨ। ਕਿਸਾਨਾਂ ਨੇ ਬੜੇ ਮਾਣ ਅਤੇ ਏਕਤਾ ਵਿੱਚ ਗਾਣੇ ਵੀ ਗਾਏ, ਜਿਨ੍ਹਾਂ ਦਾ ਸਾਰਤੱਤ ਇਹ ਸੀ ਕਿ ਉਹ ਕਦੇ ਵੀ ਇਨ੍ਹਾਂ ਤਿੰਨੋਂ ਖੇਤੀ ਕਨੂੰਨਾਂ ਅੱਗੇ ਝੁਕਣਗੇ ਨਹੀਂ। "ਸਰਕਾਰ ਨੂੰ ਸਾਡੀ ਅਪੀਲ ਸੁਣਨੀ ਹੀ ਪਵੇਗੀ। ਇਹ ਸਾਡੇ ਮੱਥੇ ਉਹ ਕਨੂੰਨ ਥੋਪ ਰਹੀ ਹੈ ਜਿਨ੍ਹਾਂ ਦੀ ਸਾਨੂੰ ਕੋਈ ਲੋੜ ਨਹੀਂ। ਇਹਨੇ ਤਾਂ ਆਪਣੇ ਆਪ ਨੂੰ ਅੰਬਾਨੀ ਅਤੇ ਅਡਾਨੀ ਦੇ ਹੱਥ ਵੇਚ ਦਿੱਤਾ ਹੋਇਆ," ਪਟਿਆਲਾ ਦੇ 48 ਸਾਲਾ ਮਨਿੰਦਰ ਸਿੰਘ ਨੇ ਪਰੇਡ ਵਿੱਚ ਟਰੈਕਟਰਾਂ ਦੇ ਨਾਲ਼-ਨਾਲ਼ ਤੁਰਦਿਆਂ ਕਿਹਾ। "ਪਰ ਅਸੀਂ ਇਹ ਸੰਘਰਸ਼ ਹਾਰਾਂਗੇ ਨਹੀਂ। ਅਸੀਂ ਆਪਣੇ ਆਖਰੀ ਦਮ ਤੱਕ ਲੜਾਂਗੇ।"
ਤਰਜਮਾ - ਕਮਲਜੀਤ ਕੌਰ