ਉਹ ਪਹਿਲਾਂ ਹੀ 20 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕਰ ਚੁੱਕੇ ਸਨ, ਪਰ ਫਿਰ ਵੀ ਉਹ ਆਪਣੀ ਲੈਅਬੱਧ ਹੰਸ ਦੀ ਚਾਲੇ ਚੱਲਦੇ ਰਹੇ ਅਤੇ ਕਤਾਰਬੱਧ ਹੋ ਤੇਜ਼ੀ ਨਾਲ਼ ਅੱਗੇ ਵੱਧਦੇ ਰਹੇ। ਉਨ੍ਹਾਂ ਨੇ ਆਪਣੇ ਸਭ ਤੋਂ ਵਧੀਆ ਵਾਲ਼ੇ ਕੱਪੜੇ ਪਾਏ ਹੋਏ ਸਨ, ਸ਼ਾਇਦ ਉਹ ਲੀਰਾਂ ਘੱਟ ਤੇ ਕੱਪੜੇ ਵੱਧ ਜਾਪ ਰਹੇ ਸਨ। ਉਹ ਕੋਰਾਪੁਟ ਇਲਾਕੇ ਵਿਖੇ ਪੈਂਦੇ ਮਲਕਾਨਗਿਰੀ ਜ਼ਿਲ੍ਹੇ ਦੇ ਇੱਕ ਹਫ਼ਤਾਵਰੀ ਹਾਟ ਜਾਂ ਗ੍ਰਾਮੀਣ ਬਜ਼ਾਰ ਪੁੱਜਣ ਦੀ ਕਾਹਲੀ ਵਿੱਚ ਸਨ। ਉਹ ਉੱਥੇ ਪਹੁੰਚ ਵੀ ਪਾਉਗੇ ਜਾਂ ਨਹੀਂ, ਇਹ ਅਲੱਗ ਗੱਲ ਸੀ। ਹੋ ਸਕਦਾ ਹੈ ਅੱਧਵਾਟੇ ਹੀ ਕੋਈ ਸਥਾਨਕ ਵਪਾਰੀ ਜਾਂ ਸ਼ਾਹੂਕਾਰ ਉਨ੍ਹਾਂ ਨੂੰ ਰੋਕ ਲਵੇ ਜਾਂ ਥੋੜ੍ਹੇ ਜਿਹੇ ਪੈਸੇ ਦੇ ਕੇ ਪੂਰੇ ਦਾ ਪੂਰਾ ਮਾਲ਼ ਖਰੀਦ ਲਵੇ। ਸ਼ਾਇਦ ਉਸ ਸੂਰਤੇ-ਹਾਲ ਵੀ ਉਨ੍ਹਾਂ ਨੂੰ ਹਾਟ ਤੱਕ ਜਾਣਾ ਹੀ ਪੈਣਾ ਹੈ ਕਿਉਂ ਜੋ ਵਪਾਰੀ/ਸ਼ਾਹੂਕਾਰ ਦਾ ਮਾਲ਼ ਜੋ ਚੁੱਕਣਾ ਹੈ।
ਚਾਰ ਲੋਕਾਂ ਦੀ ਇਸ ਮੰਡਲੀ ਨੇ ਆਪਣੀ ਚਾਲ਼ ਮੱਠੀ ਕੀਤੀ ਅਤੇ ਮੇਰੇ ਨਾਲ਼ ਗੱਲ ਕਰਨ ਲਈ ਰੁੱਕ ਜਾਂਦੇ ਹਨ। ਇਹ ਲੋਕ ਨਾ ਤਾਂ ਘੁਮਿਆਰ ਹਨ ਤੇ ਨਾ ਹੀ ਮਿੱਟੀ ਦੇ ਭਾਂਡੇ ਬਣਾਉਣ ਵਾਲ਼ੇ ਕਾਰੀਗਰ। ਉਹ ਤਾਂ ਇਸ ਇਲਾਕੇ ਦੇ ਆਦਿਵਾਸੀ ਸਮੂਹ ਧੁਰੂਆ ਨਾਲ਼ ਤਾਅਲੁੱਕ ਰੱਖਦੇ ਹਨ। ਜਿਨ੍ਹਾਂ ਦੋ ਲੋਕਾਂ, ਮਾਝੀ ਅਤੇ ਨੋਕੁਲ ਨੇ ਮੇਰੇ ਨਾਲ਼ ਗੱਲ ਕੀਤੀ, ਉਨ੍ਹਾਂ ਨੇ ਇਹੀ ਦੱਸਿਆ ਕਿ ਮਿੱਟੀ ਦੇ ਭਾਂਡੇ ਬਣਾਉਣਾ ਉਨ੍ਹਾਂ ਦਾ ਰਵਾਇਤੀ ਪੇਸ਼ਾ ਨਹੀਂ ਹੈ। ਉਨ੍ਹਾਂ ਦੀ ਪੂਰੀ ਗੱਲਬਾਤ ਤੋਂ ਜਾਪਿਆ ਜਿਵੇਂ ਉਨ੍ਹਾਂ ਨੇ ਇਹ ਹੁਨਰ ਕਿਸੇ ਗ਼ੈਰ-ਲਾਭਕਾਰੀ ਸਮੂਹ ਦੁਆਰਾ ਅਯੋਜਿਤ ਇੱਕ ਵਰਕਸ਼ਾਪ ਵਿੱਚ ਸਿੱਖਿਆ। ਖੇਤੀ ਦਾ ਹਾਲ ਚੰਗਾ ਨਾ ਹੋਣ ਕਾਰਨ ਉਨ੍ਹਾਂ ਨੇ ਭਾਂਡੇ ਬਣਾਉਣ ਦਾ ਕੰਮ ਕਰਨ ਦਾ ਸੋਚਿਆ; ਉਨ੍ਹਾਂ ਦੇ ਭਾਂਡੇ ਸਧਾਰਣ ਸਨ ਪਰ ਸਨ ਕਾਫ਼ੀ ਵਧੀਆ ਅਤੇ ਕਲਾਤਮਕ। ਹਾਲਾਂਕਿ, ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਇਹ ਕੰਮ ਵੀ ਚੰਗਾ ਨਹੀਂ ਚੱਲ ਰਿਹਾ। ਨੋਕੁਲ ਨੇ ਕਿਹਾ,“ਹਰ ਥਾਵੇਂ ਲੋਕੀਂ ਪਲਾਸਟਿਕ ਦੇ ਘੜੇ ਤੇ ਬਾਲਟੀਆਂ ਵਰਤ ਰਹੇ ਹਨ।” ਇਹ ਕਿੱਸਾ ਕੋਈ 1994 ਦਾ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਪਲਾਸਟਿਕ ਕਿਸੇ ਅਜਿਹੀ ਬਾਰਾਮਾਂਹੀ (ਸਦਾਬਹਾਰ) ਮਹਾਂਮਾਰੀ ਵਾਂਗਰ ਫੈਲ ਰਹੀ ਹੈ ਜਿਹਦੇ ਰੂਪ ਤਾਂ ਕਈ ਨੇ ਪਰ ਇਲਾਜ ਕੋਈ ਨਹੀਂ।
“ਹਾਂ,” ਮਾਝੀ ਨੇ ਕਿਹਾ। ਇਹ ਸੱਚ ਹੈ ਕਿ “ਸ਼ਾਹੂਕਾਰ ਅਕਸਰ ਸਾਡੇ ਮਾਲ਼ ਨੂੰ ਘੱਟ ਕੀਮਤ ’ਤੇ ਖਰੀਦ ਲੈਂਦਾ ਹੈ ਅਤੇ ਇਹ ਕੀਮਤ ਵੀ ਉਹ ਆਪ ਹੀ ਤੈਅ ਕਰਦਾ ਹੈ। ਪਰ, ਇਸ ਖ਼ਰੀਦੋ-ਫ਼ਰੋਖ਼ਤ ਤੋਂ ਬਾਅਦ ਵੀ ਸਾਨੂੰ ਉਸ ਤੋਂ ਉਧਾਰ ਹੀ ਚੁੱਕਣਾ ਪੈਂਦਾ।” ਇਸ ਤੋਂ ਬਾਅਦ, ਵਪਾਰੀ ਹਾਟ ਵਿੱਚ ਬਗ਼ੈਰ ਕਿਸੇ ਮੁਸ਼ੱਕਤ ਦੇ ਭਾਂਡਿਆਂ ਨੂੰ ਇੱਕ ਬੇਹਤਰ ਮੁੱਲ ’ਤੇ ਵੇਚ ਦਿੰਦਾ ਹੈ। ਉਹਨੇ ਮਾਲ਼ ਨੂੰ ਵੇਚਣ ਲਈ ਕਈ ਹੋਰ ਆਦਿਵਾਸੀਆਂ ਨੂੰ ਇਸੇ ਕੰਮੇ ਲਾਇਆ ਹੋਇਆ ਹੈ। ਹਾਲਾਂਕਿ, ਹਾਟ ਵਿੱਚ ਕਈ ਮੂਲ਼ ਉਤਪਾਦਕ ਵੀ ਆਪਣਾ ਮਾਲ਼ ਵੇਚਦੇ ਨਜ਼ਰੀ ਪੈ ਜਾਂਦੇ ਹਨ। ਪਿੰਡ ਦੇ ਵੱਖ-ਵੱਖ ਸਮੂਹ, ਹਫ਼ਤੇ ਦੇ ਅੱਡੋ-ਅੱਡ ਦਿਨੀਂ ਆਪਣੇ ਬਜ਼ਾਰ ਲਾ ਸਕਦੇ ਹੁੰਦੇ ਹਨ। ਇਸਲਈ, ਭਾਵੇਂ ਇਹ ਹਫ਼ਤਾਵਰੀ ਹਾਟ ਕਿਉਂ ਨਾ ਹੋਵੇ ਪਰ ਪੂਰੇ ਇਲਾਕੇ ਵਿੱਚ ਰੋਜ਼ ਹੀ ਕਿਤੇ ਨਾ ਕਿਤੇ ਅਯੋਜਿਤ ਹੋਇਆ ਹੁੰਦਾ ਹੈ।
ਧੁਰੂਆ ਭਾਈਚਾਰੇ ਦੇ ਲੋਕਾਂ ਨੂੰ ਇਸ ਮੇਕ-ਇਨ-ਇੰਡੀਆ ਵਾਲ਼ੇ ਦੇਸ਼ ਵਿੱਚ ਕਈ ਹੋਰ ਸਮੱਸਿਆਵਾਂ ਪੇਸ਼ ਆ ਰਹੀਆਂ ਹਨ। ਭਾਰਤ ਵਿੱਚ ਪਿਛੜੇ ਕਬੀਲਿਆਂ ਦੀ ਅਧਿਕਾਰਕ ਸੰਖਿਆਕੀ ਪ੍ਰੋਫ਼ਾਇਲ ਅਤੇ ਓੜੀਸਾ ਰਾਜ ਦੇ ਪਿਛੜੇ ਕਬੀਲਿਆਂ ਦੀ ਸੂਚੀ , ਦੋਵਾਂ ਵਿੱਚ ਇਸ ਆਦਿਵਾਸੀ ਕਬੀਲੇ ਦਾ ਨਾਮ ਕਿਤੇ ਧਰੂਆ ਤਾਂ ਕਿਤੇ ਧੁਰੂਬਾ, ਧੁਰਵਾ ਅਤੇ ਧੁਰੂਵਾ ਲਿਖਿਆ ਹੋਇਆ ਹੈ। ਕਈ ਸਕੂਲ ਦੇ ਸਰਟੀਫ਼ਿਕੇਟਾਂ ਅਤੇ ਹੋਰ ਕਈ ਦਸਤਾਵੇਜਾਂ ਵਿੱਚ ਮੈਂ ਇਸ ਕਬੀਲੇ ਦਾ ਨਾਮ ਧੁਰੂਆ ਲਿਖਿਆ ਹੋਇਆ ਦੇਖਿਆ। ਇਨ੍ਹਾਂ ਕਾਰਨਾਂ ਕਰਕੇ ਇਹ ਲੋਕ ਮਿਲ਼ਣ ਵਾਲ਼ੇ ਲਾਭਾਂ ਤੋਂ ਵਾਂਝੇ ਰਹਿ ਜਾਂਦੇ ਰਹੇ ਕਿਉਂਕਿ ਨੀਵੇਂ ਪੱਧਰ ਵਾਲ਼ੇ ਨੌਕਰੀਸ਼ਾਹਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਸ ਨਾਮ ਤੋਂ ਕੋਈ ਕਬੀਲਾ ਸੂਚੀਬੱਧ ਸੀ ਹੀ ਨਹੀਂ। ਇਸ ਬੇਵਕੂਫ਼ੀ ਨੂੰ ਸੁਧਾਰੇ ਜਾਣ ਵਿੱਚ ਕਾਫ਼ੀ ਸਮਾਂ ਲੱਗਾ।
ਪਿੰਡ ਦਾ ਹਾਟ ਕਿਸੇ ਇਲਾਕੇ ਦੇ ਅਰਥਚਾਰੇ ਦਾ ਇਕਦਮ ਜ਼ਮੀਨੀ ਹਾਲ ਦੱਸਦਾ ਹੈ। ਇਲਾਕੇ ਵਿੱਚ ਪੈਦਾ ਹੋਣ ਵਾਲ਼ੀਆਂ ਬਹੁਤੇਰੀਆਂ ਚੀਜ਼ਾਂ ਹਾਟ ਵਿੱਚ ਵਿਕਰੀ ਲਈ ਮੌਜੂਦ ਹੁੰਦੀਆਂ ਹਨ। ਕੰਮਕਾਜ, ਜੀਵਨ ਅਤੇ ਵੰਨ-ਸੁਵੰਨੇ ਰੰਗਾਂ ਨਾਲ਼ ਸੱਜਿਆ ਭੀੜ-ਭੜੱਕੇ ਵਾਲ਼ਾ ਇੱਕ ਛੋਟਾ ਜਿਹਾ ਮੈਦਾਨ ਹੀ ਅਰਥਚਾਰੇ ਦਾ ਝਲਕਾਰਾ ਹੁੰਦਾ ਹੈ ਜਿੱਥੇ ਸਾਰੇ ਲੈਣ-ਦੇਣ ਹੋ ਜਾਂਦੇ ਹਨ। ਸਾਡੀ ਸੰਖੇਪ ਜਿਹੀ ਗੁਫ਼ਤਗੂ ਖ਼ਤਮ ਹੋ ਗਈ ਅਤੇ ਚਾਰੇ ਆਦਮੀਆਂ ਨੇ ਤਸਵੀਰਾਂ (ਜਿਨ੍ਹਾਂ ਵਿੱਚ ਉਹ ਆਪੋ-ਆਪਣੀ ਮਰਜ਼ੀ ਮੁਤਾਬਕ ਪੋਜ਼ ਮਾਰਨ ਲਈ ਜ਼ੋਰ ਦੇ ਰਹੇ ਸਨ) ਲੈਣ ਲਈ ਮੇਰਾ ਸ਼ੁਕਰੀਆ ਅਦਾ ਕੀਤਾ ਅਤੇ ਅਗਾਂਹ ਨੂੰ ਚਾਲ਼ੇ ਪਾ ਲਏ। ਮੇਰਾ ਮਨ ਤੋਖ਼ਲਿਆਂ ਨੇ ਆਣ ਘੇਰਿਆ ਅਤੇ ਮੈਂ ਉਨ੍ਹਾਂ ਨੂੰ ਦੂਰ ਤੱਕ ਜਾਂਦਿਆਂ ਦੇਖਦਾ ਰਿਹਾ: ਉਨ੍ਹਾਂ ਦੀ ਖ਼ੂਬਸੂਰਤ ਚਾਲ਼, ਮਾਣਮੱਤੇ ਢੰਗ ਨਾਲ਼ ਕਤਾਰਬੱਧ ਹੋ ਕੇ ਇੱਕ ਦੂਜੇ ਨਾਲ਼ ਜੁੜ ਜੁੜ ਤੁਰੇ ਜਾਂਦਿਆਂ ਨੂੰ ਦੇਖਦਾ ਰਿਹਾ। ਉਹ ਆਪਸ ਵਿੱਚ ਇੰਨਾ ਇੰਨਾ ਜੁੜ ਜੁੜ ਕੇ ਤੁਰ ਰਹੇ ਸਨ ਕਿ ਜੇ ਕਿਤੇ ਇੱਕ ਬੰਦਾ ਵੀ ਠੁਡਾ ਖਾ ਜਾਂਦਾ ਤਾਂ ਬਾਕੀ ਦੇ ਸਾਰੇ ਵੀ ਆਪਸ ਵਿੱਚ ਗੁਥਮਗੁੱਥਾ ਹੋ ਜਾਂਦੇ ਅਤੇ ਇੰਝ ਉਨ੍ਹਾਂ ਦੇ ਭਾਂਡੇ ਵੀ ਟੁੱਟ-ਭੱਜ ਜਾਂਦੇ। ਮਲਕਾਨਗਿਰੀ ਵਿਖੇ ਅਕਸਰ ਇਸ ਡਰ ਨੇ ਮੈਨੂੰ ਬੜਾ ਸਤਾਇਆ ਪਰ ਸ਼ੁੱਕਰ ਹੈ ਕਦੇ ਅੱਖੀਂ ਕੁਝ ਹਾਦਸਾ ਵਾਪਰਦੇ ਨਹੀਂ ਦੇਖਿਆ।
ਇਸ ਲੇਖ ਦਾ ਸੰਖੇਪ ਐਡੀਸ਼ਨ, ਪਹਿਲੀ ਦਫ਼ਾ 1 ਸਤੰਬਰ 1995 ਨੂੰ ‘ ਦਿ ਹਿੰਦੂ ਬਿਜਨੈੱਸ ਲਾਈਨ ’ ਵਿੱਚ ਪ੍ਰਕਾਸ਼ਤ ਹੋਇਆ ਸੀ।
ਤਰਜਮਾ: ਕਮਲਜੀਤ ਕੌਰ