ਉਹ ਇੱਕ ਅਜਿਹੀ ਜ਼ਮੀਨ 'ਤੇ ਰਹਿੰਦੀ ਹੈ ਜਿੱਥੇ ਸ਼ਮਸ਼ਾਨਘਾਟ ਪਿਘਲ ਰਹੇ ਹਨ ਅਤੇ ਹਸਪਤਾਲਾਂ ਵਿੱਚ ਆਕਸੀਜਨ ਨਹੀਂ ਰਹੀ। ਹਾਏ ਵਿਚਾਰਾ ਇਜ਼ਮਾਈਲ, ਸਾਹ ਲੈਣ ਲਈ ਤੜਫਦਾ ਹੀ ਰਹਿ ਗਿਆ! ਉਹ ਇੱਕ ਅਜਿਹੀ ਜ਼ਮੀਨ 'ਤੇ ਰਹਿੰਦੀ ਹੈ ਜਿੱਥੋਂ ਦੇ ਡਾਕਟਰ ਜੇਲ੍ਹਾਂ ਵਿੱਚ ਕੈਦ ਸਨ ਅਤੇ ਕਿਸਾਨਾਂ ਨੂੰ ਦਹਿਸ਼ਤਗਰਦ ਗਰਦਾਨਿਆ ਜਾ ਰਿਹਾ ਸੀ। ਪਿਆਰੀ ਨਾਜ਼ੀਆ ਅਤੇ ਸੋਹਰਬ... ਪਿਆਰੀ ਆਇਲੀਨ... ਹੁਣ ਇਹ ਉਨ੍ਹਾਂ ਨੂੰ ਕਿਵੇਂ ਖੁਆਉਣ ਵਾਲ਼ੀ ਸੀ? ਉਹ ਇੱਕ ਅਜਿਹੀ ਜ਼ਮੀਨ 'ਤੇ ਰਹਿੰਦੀ ਸੀ ਜਿੱਥੇ ਇਨਸਾਨ ਦੀ ਹੈਸੀਅਤ ਦੋ ਕੋਡੀਆਂ ਦੀ ਹੋ ਚੁੱਕੀ ਸੀ ਅਤੇ ਗਾਵਾਂ ਨੂੰ ਦੇਵਤਿਆਂ ਬਰਾਬਰ ਬਿਠਾਇਆ ਜਾ ਰਿਹਾ ਸੀ। ਆਪਣੇ ਪਤੀ ਦੀ ਦਵਾਈ ਖਾਤਰ ਉਹਨੇ ਆਪਣੀ ਜ਼ਮੀਨ ਦਾ ਛੋਟਾ ਜਿਹਾ ਟੁਕੜਾ ਵੀ ਵੇਚ ਦਿੱਤਾ। ਹੁਣ ਕਿੱਥੇ ਠ੍ਹਾਰ ਲਵੇਗੀ?
ਉਹ ਇੱਕ ਅਜਿਹੀ ਜ਼ਮੀਨ 'ਤੇ ਰਹਿੰਦੀ ਹੈ ਜਿੱਥੇ ਮੂਰਤੀਆਂ, ਪਖਾਨੇ ਅਤੇ ਫਰਜੀ ਨਾਗਰਿਕਤਾ ਦੇ ਵਾਅਦੇ ਕਿਸੇ ਵੀ ਜ਼ੁਲਮ ਨੂੰ ਵਾਜਬ ਠਹਿਰਾਉਣ ਲਈ ਕਾਫੀ ਸਨ। ਜੇਕਰ ਉਹ ਕਬਰਿਸਤਾਨ ਦੀਆਂ ਕਦੇ ਨਾ ਮੁੱਕਣ ਵਾਲ਼ੀਆਂ ਕਤਾਰਾਂ ਤੋਂ ਬੱਚ ਵੀ ਜਾਂਦੀ ਤਾਂ ਕਬਰ ਪੁੱਟਣ ਵਾਲ਼ਿਆਂ ਨੂੰ ਪੈਸੇ ਕਿੱਥੋਂ ਦਿੰਦੀ? ਉਹ ਇੱਕ ਅਜਿਹੀ ਜ਼ਮੀਨ 'ਤੇ ਰਹਿੰਦੀ ਹੈ ਜਿੱਥੋਂ ਦੇ ਬਾਬੂ ਅਤੇ ਬੀਬੀਆਂ ਟਿੱਪਣੀਆਂ 'ਤੇ ਕਦੇ ਨਾ ਮੁੱਕਣ ਵਾਲ਼ੀ ਬਹਿਸ ਵਿੱਚ ਉਲਝੇ ਤਮਾਸ਼ਾ ਦੇਖ ਰਹੇ ਸਨ ਅਤੇ ਕੈਪਚੀਨੋ ਦੀ ਚੁਸਕੀ ਲੈਂਦੇ ਲੈਂਦੇ ਇਹ ਵਿਚਾਰਨ ਵਿੱਚ ਰੁਝੇ ਸਨ ਕਿ ਕੀ ਇਸ ਦੇਸ਼ ਦਾ ਢਾਂਚਾ ਖੇਰੂੰ-ਖੇਰੂੰ ਹੋ ਰਿਹਾ ਹੈ ਜਾਂ ਬਣਦਿਆਂ ਹੀ ਇਹਦੇ ਨਾਲ਼ ਛੇੜਖਾਨੀ ਕਰ ਦਿੱਤੀ ਗਈ ਸੀ।
ਸੋਹਰਾਬ ਨੂੰ ਹੁਣ ਕੋਈ ਸ਼ਾਂਤ ਨਹੀਂ ਕਰ ਸਕਦਾ ਸੀ। ਨਾਜੀਆ ਪੱਥਰ ਬਣ ਗਈ। ਆਇਲੀਨ ਆਪਣੀ ਮਾਂ ਦੇ ਉਧੜੇ ਦੁਪੱਟੇ ਨੂੰ ਖਿੱਚ ਰਹੀ ਸੀ ਅਤੇ ਕਿਲਕਾਰੀਆਂ ਮਾਰ ਰਹੀ ਸੀ। ਐਂਬੂਲੈਂਸ ਵਾਲ਼ਾ 2,000 ਰੁਪਏ ਜ਼ਿਆਦਾ ਮੰਗ ਰਿਹਾ ਸੀ। ਉਹਦੇ ਗੁਆਂਢੀ ਉਹਨੂੰ ਆਪਣੇ ਪਤੀ ਦੀ ਲਾਸ਼ ਨੂੰ ਛੂਹਣ ਤੋਂ ਮਨ੍ਹਾ ਕਰ ਰਹੇ ਸਨ। ਕੱਲ੍ਹ ਰਾਤ ਕਿਸੇ ਨੇ ਉਹਦੇ ਬੂਹੇ 'ਤੇ ਖਰੋਚ ਖਰੋਚ ਕੇ ' ਕਟੁਆ ਸਾਲਾ ' ਲਿਖ ਦਿੱਤਾ ਸੀ। ਲੋਕੀਂ ਆਪਸ ਵਿੱਚ ਦੂਸਰੀ ਤਾਲਾਬੰਦੀ ਨੂੰ ਲੈ ਕੇ ਘੁਸਰ-ਮੁਸਰ ਕਰ ਰਹੇ ਸਨ।
ਕੱਲ੍ਹ ਇੱਕ ਰਾਸ਼ਨ ਡੀਲਰ ਫੜ੍ਹਿਆ ਗਿਆ, ਜਿਹਨੇ ਚੌਲਾਂ ਦੀਆਂ 50 ਬੋਰੀਆਂ ਜਮ੍ਹਾਂ ਕੀਤੀਆਂ ਹੋਈਆਂ ਸਨ। ਸੋਹਰਬ ਬੇਹੋਸ਼ ਹੋ ਗਿਆ ਸੀ। ਨਾਜ਼ਿਆ ਨੇ ਆਪਣੇ ਪਿਤਾ ਦੇ ਕਫਨ ਦੀ ਕੰਨੀ ਇੰਨੀ ਜੋਰ ਨਾਲ਼ ਫੜੀ ਕਿ ਉਹਦੀਆਂ ਉਂਗਲਾਂ 'ਚੋਂ ਲਹੂ ਸਿਮ ਗਿਆ। ਚਿੱਟੇ ਕਫ਼ਨ 'ਤੇ ਕਿਰੀਆਂ ਸੁਰਖ਼ ਪੰਜ ਬੂੰਦਾਂ ਨੇ ਵਿਦਾ ਕਹਿ ਦਿੱਤਾ ਸੀ। ਆਇਲੀਨ ਸੌਂ ਗਈ ਸੀ। ਉਹ ਇੱਕ ਅਜਿਹੀ ਜ਼ਮੀਨ 'ਤੇ ਰਹਿੰਦੀ ਸੀ ਜਿੱਥੇ ਰੇਲਵੇ ਤੋਂ ਲੈ ਕੇ ਬੀਮਾਰੀ ਦੇ ਟੀਕੇ ਅਤੇ ਮੰਤਰੀਆਂ ਤੋਂ ਲੈ ਕੇ ਨਵਜੰਮੇ ਬੱਚਿਆਂ ਦੀਆਂ ਬੋਲੀਆਂ ਲੱਗ ਰਹੀਆਂ ਸਨ।
ਉਹਨੇ ਆਪਣਾ ਖੇਤ ਵੀ ਗੁਆ ਲਿਆ ਸੀ, ਪਰ ਫੌਲੀਡੋਲ ਦੀ ਇੱਕ ਇਕੱਲੀ ਬੋਤਲ ਸ਼ੈਡ ਦੇ ਹੇਠਾਂ ਅਜੇ ਵੀ ਰੱਖੀ ਹੋਈ ਸੀ ਜਿੱਥੇ ਇਸਮਾਇਲ ਆਪਣਾ ਸਫੇਦ ਰੰਗਾ ਸ਼ਾਨਦਾਰ ਜੁੱਬਾ ਸੰਭਾਲ਼ ਕੇ ਰੱਖਦਾ ਸੀ। ਇਸਮਾਇਲ ਪਿੰਡ ਦਾ ਮੁਅੱਜ਼ਿਨ ਸੀ। ਉਹਨੇ ਇਸ ਨਯੀ ਬੀਮਾਰੀ ਵਿੱਚ ਆਪਣੀ ਮਾਂ, ਭਰਾ ਅਤੇ ਪਤੀ ਨੂੰ ਗੁਆ ਲਿਆ, ਪਰ ਉਹਦੇ ਤਿੰਨੋਂ ਬੱਚੇ ਉਹਦੀ ਜ਼ਿੰਦਗੀ ਦੇ ਮਿਹਰਾਬ ਅਤੇ ਕਿਬਲਾਹ ਸਨ। ਨਾਜ਼ਿਆ ਦੀ ਉਮਰ 9 ਸਾਲ, ਸੋਹਰਾਬ ਦੀ 13 ਸਾਲ ਅਤੇ ਆਇਲੀਨ ਦੀ ਮੁਸ਼ਕਲ ਨਾਲ਼ 6 ਮਹੀਨੇ ਦੀ ਸੀ। ਆਖ਼ਰਕਾਰ, ਉਹਦੀ ਪਸੰਦ ਮਾਮੂਲੀ ਸੀ।
ਦੇਖੋ ਮੇਰੇ ਬੇਟੇ, ਚੰਦ ਕੋਲ਼ ਵੀ ਇੱਕ ਦਿਲ ਹੈ-
ਮੁਲਾਇਮ ਅਤੇ
ਮੈਰੂਨ
ਰੰਗੇ ਲੱਖਾਂ ਸੁਰਾਖਾਂ ਨਾਲ਼ ਭਰਿਆ।
ਧੂੜ ਹੀ
ਮਹਿਫਿਲ
ਹੈ,
ਧੂੜ ਹੀ ਹਊਕਾ ਹੈ,
ਧੂੜ ਹੀ ਕਿਸਾਨ ਦੀ ਲੋਰੀ ਹੈ।
ਹੰਝੂ ਪੂੰਝ ਮੇਰੇ ਬੱਚੇ, ਜਿਗਰਾ ਤੜਕਾ ਕਰ-
ਭੱਠੀ ਦੀ ਠੰਡੀ ਸੁਆਹ ਵਾਂਗ ਸੌਂ ਜਾ,
ਗਾ ਜਿਓਂ ਕੋਈ ਕਬਰ ਹੈ ਗਾਉਂਦੀ।
ਇਹ ਜ਼ਮੀਨ ਸਿਰਫ਼ ਸੁਆਹ ਹੈ,
ਖਾਲੀ ਸਿਲੰਡਰ ਹੈ,
ਟੁੱਟੇ ਸ਼ੀਸ਼ੇ ਵਾਂਗ ਚੁਫੇਰੇ ਖਿੰਡੇ-
ਅਸੀਂ ਇਨਸਾਨ ਤੋਂ ਨੰਬਰ ਬਣ ਗਏ,
ਮਹੀਨੇ 'ਚ ਦਿਨ ਨਹੀਂ ਰਹੇ
ਭੁੱਖ ਬਣ ਗਏ,
ਅਸੀਂ ਕਾਲੇ ਗੁਲਾਬ ਬਣ ਗਏ
ਜਾਂ ਬੋਟੀਆਂ ਪੁੱਟਦੇ ਉਕਾਬ।
ਪਰਮਾਤਮਾ ਹੁਣ ਵੈਕਸੀਨ ਹੈ,
ਪਰਮਾਤਮਾ ਹੀ ਮਰਜ਼ ਦੀ ਗੋਲ਼ੀ ਹੈ,
ਪਰਮਾਤਮਾ ਹੀ ਕਬਰਿਸਤਾਨ ਦਾ
ਅਣਤਾਰਿਆ ਬਿੱਲ ਹੈ।
ਇੱਕ ਬੁਰਕੀ ਦੀ ਕਹਾਣੀ,
ਖਲਾਅ ਨਾਲ਼ੋਂ ਵੀ ਡੂੰਘੇ ਫੱਟਾਂ ਦੇ ਨਿਸ਼ਾਨਾਤ
ਪਰ, ਅੱਗੇ ਵੱਧਦੇ ਜਾਣਾ ਵੱਧਦੇ ਜਾਣਾ।
ਸਹਾਈ ਹੱਥ ਨੇ ਲਾਲ,
ਲਾਲ ਹੈ ਮਕਬਰਾ ਵੀ,
ਲਾਲ ਹੈ ਉਸ ਕੋਖ ਦੀ ਝਿੱਲੀ ਵੀ,
ਜੋ ਮਜ਼ਦੂਰ ਹੈ ਜੰਮਦੀ।
ਵਿਦਾਈ ਦੇ ਅਖ਼ਰੀਲੇ ਹਰਫ਼ ਕਹਿੰਦਾ,
ਉਹ ਬੱਦਲਾਂ ਵਾਂਗ ਲੰਘ ਗਿਆ-
ਉਹਦੀ ਲਾਸ਼ ਨਾਲ਼ ਬੱਝਾ
ਤਹਿਸੀਨ,
ਜਿਓਂ ਦੁਧੀਆ ਕਫ਼ਨ।
ਮੌਤ ਘੂਮਰ ਕਰਦੀ ਹੋਈ ਆਖ਼ਦੀ,
ਚੁੱਪ ਹੋ ਜਾ ਬੱਚੇ!
ਅੱਗ ਦੀ ਲਪਟਾਂ ਵੱਲ ਦੇਖ,
ਦੇਖ ਸੂਹੇ ਛਾਇਆ ਚਿੱਤਰ।
**********
ਸ਼ਬਦਾਵਲੀ
ਫੌਲੀਡੋਲ
:
ਕੀਟਨਾਸ਼ਕ
ਘੂਮਰ
:
ਰਾਜਸਥਾਨੀ ਦਾ ਪਰੰਪਰਾਗਤ ਲੋਕ ਨਾਚ
ਜੁੱਬਾ
:
ਅਲੱਗ ਕਿਸਮ ਦਾ ਲੰਬਾ, ਢਿੱਲੀਆਂ
ਬਾਹਾਂ ਵਾਲ਼ੇ ਢਿੱਲਾ ਕੁੜਤਾ
ਕਫ਼ਨ:
ਲਾਸ਼ ਢੱਕਣ ਵਾਲ਼ਾ ਸਫੇਦ ਕੱਪੜਾ
ਮਹਿਫਿਲ: ਉਤਸਵੀ ਚਹਿਲ-ਪਹਿਲ
ਮੈਰੂਨ:
ਇੱਕ ਰੰਗ
ਮਿਹਰਾਬ
:
ਗੋਲਾਕਾਰ
ਡਿਓੜੀਨੁਮਾ ਬਣਾਵਟ ਜੋ ਮਸਜਿਦ ਵਿੱਚ ਕਿਬਲਾਹ ਨੂੰ ਦਰਸਾਉਂਦੀ ਹੈ
ਮੁਅੱਜ਼ਿਨ
: ਅਜ਼ਾਨ
ਦੇਣ ਵਾਲ਼ਾ
ਨਯੀ ਬੀਮਾਰੀ
: ਨਵੀਂ ਬੀਮਾਰੀ
ਨੁਸਰਤ
:
ਸਹਾਈ ਹੱਥ, ਮਦਦ
ਕਿਬਲਾਹ:
ਕਾਬੇ ਦੀ ਦਿਸ਼ਾ
ਤਹਿਸੀਨ:
ਸੁੰਦਰ/ਖੁਸ਼ਹਾਲ ਬਣਾਉਣਾ
ਤਸਲੀਮ:
ਮੰਨਣਾ
ਤਰਜਮਾ: ਕਮਲਜੀਤ ਕੌਰ