ਇਹ ਪਹਿਲੀ ਨਜ਼ਰ ਵਾਲ਼ਾ ਪਿਆਰ ਸੀ, ਜਦੋਂ ਚਿਤਰਾ ਨੇ 2016 ਵਿੱਚ ਆਪਣੀ ਦੋਸਤ ਦੇ ਵਿਆਹ ਵੀ ਮੁਥੂਰਾਜਾ ਨੂੰ ਦੇਖਿਆ ਸੀ। ਉਹ (ਮੁਥੂਰਾਜਾ) ਵੀ ਪਿਆਰ ਵਿੱਚ ਪੈ ਗਏ ਉਹ ਵੀ ਚਿਤਰਾ ਨੂੰ ਨਿਹਾਰੇ ਬਗ਼ੈਰ- ਕਿਉਂਕਿ ਉਹ ਦੇਖ ਨਹੀਂ ਸਕਦੇ ਸਨ। ਚਿਤਰਾ ਦੇ ਪਰਿਵਾਰ ਨੇ ਇਸ ਵਿਆਹ ਦਾ ਵਿਰੋਧ ਕੀਤਾ। ਉਨ੍ਹਾਂ ਨੇ ਤਰਕ ਦਿੱਤਾ ਕਿ ਉਹ ਇੱਕ ਅੰਨ੍ਹੇ ਬੰਦੇ ਨਾਲ਼ ਵਿਆਹ ਕਰਕੇ ਆਪਣੀ ਜ਼ਿੰਦਗੀ ਨੂੰ ਜਿਲ੍ਹਣ ਬਣਾ ਰਹੀ ਹੈ। ਪਰਿਵਾਰ ਨੇ ਚੇਤਾਵਨੀ ਦਿੰਦਿਆਂ ਅਤੇ ਚਿਤਰਾ ਨੂੰ ਆਪਣੇ ਪੈਰ ਪਿਛਾਂਹ ਖਿੱਚਣ ਲਈ ਹਰ ਹੀਲਾ ਕਰਦਿਆਂ ਕਿਹਾ ਕਿ ਪਰਿਵਾਰ ਚਲਾਉਣ ਲਈ ਕਮਾਈ ਵੀ ਸਿਰਫ਼ ਚਿਤਰਾ ਨੂੰ ਹੀ ਕਰਨੀ ਪਵੇਗੀ।
ਦੋਵਾਂ ਦੇ ਵਿਆਹ ਤੋਂ ਇੱਕ ਮਹੀਨੇ ਬਾਅਦ ਚਿਤਰਾ ਦਾ ਪਰਿਵਾਰ ਗ਼ਲਤ ਸਾਬਤ ਹੋਇਆ। ਇਹ ਮੁਥੂਰਾਜਾ ਹੀ ਸਨ ਜੋ ਚਿਤਰਾ ਦੀ ਦਿਲ ਦੀ ਬੀਮਾਰੀ ਤਸ਼ਖੀਸ ਹੋਣ 'ਤੇ ਉਨ੍ਹਾਂ ਦੀ ਪੂਰੀ ਦੇਖਭਾਲ਼ ਕਰਦੇ ਰਹੇ ਸਨ। ਬੱਸ ਉਦੋਂ ਤੋਂ ਹੀ ਉਨ੍ਹਾਂ ਦਾ ਜੀਵਨ ਹੋਰ ਹੋਰ ਤਿਖੇਰੇ ਮੋੜਾਂ-ਘੋੜਾਂ ਵਿੱਚੋਂ ਦੀ ਲੰਘਦਾ ਰਿਹਾ ਹੈ, ਕਈ ਮੋੜ ਤਾਂ ਬਹੁਤ ਹੀ ਭਿਆਨਕ ਹੋ ਨਿਬੜੇ। ਪਰ, ਤਮਿਲਨਾਡੂ ਦੇ ਮਦੁਰਈ ਜ਼ਿਲ੍ਹੇ ਦੇ ਸੋਲਾਂਕੁਰੂਨੀ ਪਿੰਡ ਵਿੱਚ ਰਹਿਣ ਵਾਲ਼ੇ 28 ਸਾਲਾ ਮੁਥੂਰਾਜਾ ਅਤੇ 25 ਸਾਲਾ ਚਿਤਰਾ ਨੇ ਹਿੰਮਤ ਅਤੇ ਉਮੀਦ ਦਾ ਪੱਲਾ ਨਾ ਛੱਡਿਆ ਅਤੇ ਜੀਵਨ ਦਾ ਡੱਟ ਕੇ ਸਾਹਮਣਾ ਕੀਤਾ। ਇਹੀ ਉਨ੍ਹਾਂ ਦੀ ਪ੍ਰੇਮ-ਕਥਾ ਹੈ।
*****
ਚਿਤਰਾ 10 ਸਾਲ ਦੀ ਸਨ, ਜਦੋਂ ਉਨ੍ਹਾਂ ਦੇ ਪਿਤਾ ਨੇ ਆਪਣੀ ਪਤਨੀ ਨੂੰ ਛੱਡਣ ਦੇ ਨਾਲ਼-ਨਾਲ਼ ਆਪਣੀਆਂ ਤਿੰਨ ਧੀਆਂ ਨੂੰ ਵੀ ਛੱਡ ਦਿੱਤਾ, ਸਿਰਫ਼ ਪਰਿਵਾਰ ਹੀ ਨਹੀਂ ਛੱਡਿਆ ਸਗੋਂ ਬਹੁਤ ਸਾਰਾ ਕਰਜ਼ਾ ਵੀ ਉਨ੍ਹਾਂ ਦੇ ਲੇਖੇ ਪਾ ਦਿੱਤਾ। ਦੇਣਦਾਰ ਵੱਲੋਂ ਪਰੇਸ਼ਾਨ ਕਰਨ 'ਤੇ ਮਾਂ ਨੇ ਆਪਣੇ ਬੱਚਿਆਂ ਨੂੰ ਸਕੂਲੋਂ ਕੱਢਿਆ ਅਤੇ ਗੁਆਂਢੀ ਰਾਜ ਆਂਧਰਾ ਪ੍ਰਦੇਸ਼ ਵਿੱਚ ਜਾ ਕੇ ਵੱਸ ਗਈ, ਜਿੱਥੇ ਉਹ ਪੂਰਾ ਪਰਿਵਾਰ ਸੂਤੀ ਧਾਗਾ ਬਣਾਉਣ ਵਾਲ਼ੀ ਕੰਪਨੀ ਵਿੱਚ ਕੰਮ ਕਰਨ ਲੱਗਿਆ।
ਉਹ ਦੋ ਸਾਲ ਬਾਅਦ ਮਦੁਰਈ ਪਰਤੇ ਅਤੇ ਇਸ ਵਾਰ ਉਹ ਕਮਾਦ ਦੇ ਇੱਕ ਖ਼ੇਤ ਵਿੱਚ ਕੰਮ ਕਰਨ ਲੱਗੇ। 12 ਸਾਲ ਦੀ ਚਿਤਰਾ ਨੂੰ ਗੰਨੇ ਦੀ 10 ਕਤਾਰਾਂ ਦੀ ਸਫ਼ਾਈ ਕਰਨ ਅਤੇ ਸੁੱਕੇ ਡੰਠਲ ਪੁੱਟਣ ਬਦਲੇ 50 ਰੁਪਏ ਮਿਲ਼ਦੇ ਸਨ। ਇਹ ਕੰਮ ਖ਼ਤਰੇ ਭਰਿਆ ਸੀ, ਇਸ ਕੰਮ ਵਿੱਚ ਰਗੜ ਖਾ ਖਾ ਕੇ ਉਨ੍ਹਾਂ ਦੇ ਹੱਥ ਛਿੱਲੇ ਜਾਂਦੇ। ਪਰ ਉਹ ਸਭ ਚਾਹ ਕੇ ਵੀ ਆਪਣੇ ਪਿਤਾ ਦੇ ਕਰਜ਼ਿਆਂ ਦੀ ਅਦਾਇਗੀ ਨਾ ਕਰ ਸਕੇ। ਇਸਲਈ, ਚਿਤਰਾ ਅਤੇ ਉਨ੍ਹਾਂ ਦੀ ਵੱਡੀ ਭੈਣ ਨੂੰ ਇੱਕ ਸੂਤੀ ਮਿੱਲ ਵਿੱਚ ਕੰਮ ਕਰਨ ਲਈ ਭੇਜ ਦਿੱਤਾ ਗਿਆ। ਉੱਥੇ, ਉਹ ਰੋਜ਼ਾਨਾ 30 ਰੁਪਏ ਕਮਾਉਂਦੀਆਂ ਸਨ ਅਤੇ ਤਿੰਨ ਸਾਲ ਬਾਅਦ ਜਦੋਂ ਉਨ੍ਹਾਂ ਨੇ ਕਰਜ਼ਾ ਚੁੱਕਾ ਦਿੱਤਾ ਤਦ ਉਨ੍ਹਾਂ ਦੀ ਦਿਹਾੜੀ ਮਜ਼ਦੂਰੀ ਵੱਧ ਕੇ 50 ਰੁਪਏ ਹੋ ਗਈ ਸੀ। ਚਿਤਰਾ ਨੂੰ ਕਰਜ਼ੇ ਦੀ ਵਿਆਜ ਰਾਸ਼ੀ ਤਾਂ ਯਾਦ ਨਹੀਂ ਹੈ ਪਰ ਆਪਣੇ ਤਜ਼ਰਬੇ ਜ਼ਰੀਏ ਉਹ ਬੱਸ ਇੰਨਾ ਜ਼ਰੂਰ ਜਾਣਦੀ ਹਨ ਕਿ ਇਹ ਰਕਮ ਨੂੰ ਚੁਕਾਉਂਦੇ-ਚੁਕਾਉਂਦੇ ਸਾਡੀ ਪੂਰੀ ਤਾਕਤ ਜਾਂਦੀ ਰਹੀ।
ਜਿਓਂ ਹੀ ਇੱਕ ਕਰਜ਼ਾ ਲਾਹਿਆ ਗਿਆ, ਦੂਜਾ ਕਰਜ਼ਾ ਤਿਆਰ-ਬਰ-ਤਿਆਰ ਖੜ੍ਹਾ ਹੋ ਗਿਆ- ਉਹ ਸੀ ਉਨ੍ਹਾਂ ਦੀ ਵੱਡੀ ਭੈਣ ਦੇ ਵਿਆਹ ਲਈ ਚੁੱਕਿਆ ਕਰਜ਼ਾ। ਚਿਤਰਾ ਅਤੇ ਉਨ੍ਹਾਂ ਦੀ ਛੋਟੀ ਭੈਣ ਇਸ ਵਾਰ ਇੱਕ ਕੱਪੜਾ ਮਿੱਲ ਵਿੱਚ ਕੰਮ ਕਰਨ ਲੱਗੀਆਂ। ਉਨ੍ਹਾਂ ਨੂੰ ਸੁਮੰਗਲੀ ਯੋਜਨਾ ਦੇ ਤਹਿਤ ਨੌਕਰੀ ਮਿਲ਼ੀ, ਇਹ ਤਮਿਲਨਾਡੂ ਵਿੱਚ ਪ੍ਰਾਈਵੇਟ ਕੱਪੜਾ ਮਿੱਲਾਂ ਦੁਆਰਾ ਸ਼ੁਰੂ ਕੀਤਾ ਗਿਆ ਇੱਕ ਪ੍ਰੋਗਰਾਮ ਸੀ, ਜੋ ਅਜਿਹੀ ਸਕੀਮ ਸੀ ਜਿਸ ਦੇ ਤਹਿਤ ਕੁੜੀਆਂ ਨੂੰ ਉਨ੍ਹਾਂ ਦੇ ਵਿਆਹ ਦਾ ਖ਼ਰਚਾ ਝੱਲਣ/ਕਵਰ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਦਾ ਸੀ ਪਰ ਇਹ ਪ੍ਰੋਗਰਾਮ ਵਿਵਾਦਪੂਰਨ ਕਹਾਇਆ। ਖ਼ੈਰ, ਗ਼ਰੀਬ ਅਤੇ ਕਮਜ਼ੋਰ ਭਾਈਚਾਰਿਆਂ ਦੀਆਂ ਕੁਆਰੀਆਂ ਕੁੜੀਆਂ ਨੂੰ ਕਰੀਬ ਤਿੰਨ ਸਾਲ ਦੇ ਵਕਫ਼ੇ ਲਈ ਕੰਮ 'ਤੇ ਰੱਖਿਆ ਜਾਂਦਾ ਸੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਕਾਂਟ੍ਰੈਕਟ (ਠੇਕੇ) ਦੇ ਅਖ਼ੀਰ ਵਿੱਚ ਵੱਡੀ ਰਾਸ਼ੀ ਦੇਣ ਦਾ ਵਾਅਦਾ ਕੀਤਾ ਜਾਂਦਾ ਸੀ। ਚਿਤਰਾ ਸਲਾਨਾ 18,000 ਰੁਪਏ ਕਮਾ ਰਹੀ ਸਨ ਅਤੇ ਉਹ ਅਜੇ ਬਾਲਗ਼ ਨਹੀਂ ਹੋਈ ਸਨ ਅਤੇ ਕਰਜ਼ਾ ਲਾਹੁਣ ਲਈ ਲਗਾਤਾਰ ਖੱਪ ਰਹੀ ਸਨ। 20 ਸਾਲ ਦੀ ਉਮਰੇ ਮੁਥੂਰਾਜਾ ਨਾਲ਼ ਮਿਲ਼ਣ ਤੋਂ ਪਹਿਲਾਂ ਤੱਕ ਭਾਵ 2016 ਤੱਕ ਉਹੀ ਘਰ ਦਾ ਖ਼ਰਚਾ ਚਲਾਉਂਦੀ ਰਹੀ ਸਨ।
*****
ਚਿਤਰਾ ਨਾਲ਼ ਮਿਲ਼ਣ ਤੋਂ ਤਿੰਨ ਸਾਲ ਪਹਿਲਾਂ ਮੁਥੂਰਾਜਾ ਦੀਆਂ ਦੋਵਾਂ ਅੱਖਾਂ ਦੀ ਰੌਸ਼ਨੀ ਪੂਰੀ ਤਰ੍ਹਾਂ ਚਲੀ ਗਈ ਸੀ। ਉਨ੍ਹਾਂ ਦੇ ਜ਼ਿਹਨ ਵਿੱਚ ਉਹ ਜ਼ਾਲਮ ਸਮਾਂ ਅਤੇ ਤਰੀਕ ਛਪੀ ਹੋਈ ਹੈ- ਉਸ ਦਿਨ 13 ਜਨਵਰੀ, 2013 ਨੂੰ ਸ਼ਾਮ ਦੇ 7 ਵੱਜੇ ਸਨ, ਇਹ ਰਾਤ ਪੋਂਗਲ ਤਿਓਹਾਰ ਤੋਂ ਪਹਿਲਾਂ ਵਾਲ਼ੀ ਰਾਤ ਸੀ। ਉਹ ਵੱਧਦੀ ਬੇਚੈਨੀ ਨੂੰ ਚੇਤੇ ਕਰਦੇ ਹਨ ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਸੀ ਕਿ ਉਹ ਹੁਣ ਕੁਝ ਵੀ ਨਹੀਂ ਸਕਦੇ।
ਅਗਲੇ ਕੁਝ ਸਾਲ ਉਨ੍ਹਾਂ ਲਈ ਪਰੇਸ਼ਾਨ ਕਰ ਦੇਣ ਵਾਲ਼ੇ ਸਨ। ਉਹ ਜ਼ਿਆਦਾ ਸਮਾਂ ਘਰ ਦੇ ਅੰਦਰ ਰਹਿਣ ਲੱਗੇ। ਉਨ੍ਹਾਂ ਨੂੰ ਗੁੱਸਾ, ਬੇਚੈਨੀ ਅਤੇ ਹਰ ਸਮੇਂ ਰੋਣਾ ਹੀ ਆਉਂਦਾ ਰਹਿੰਦਾ ਸੀ ਅਤੇ ਉਨ੍ਹਾਂ ਦਾ ਆਤਮ-ਹੱਤਿਆ ਕਰਨ ਦਾ ਮਨ ਕਰਦਾ ਰਹਿੰਦਾ। ਪਰ, ਉਹ ਦੌਰ ਵੀ ਕਿਸੇ ਨਾ ਕਿਸੇ ਤਰ੍ਹਾਂ ਬੀਤ ਹੀ ਗਿਆ। ਚਿਤਰਾ ਨਾਲ਼ ਮਿਲ਼ਣ ਵੇਲ਼ੇ, ਉਹ 23 ਸਾਲ ਦੇ ਸਨ ਅਤੇ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਜਾ ਚੁੱਕੀ ਸੀ। ਉਹ ਮਸਾਂ-ਸੁਣੀਂਦੀ ਅਵਾਜ਼ ਵਿੱਚ ਕਹਿੰਦੇ ਹਨ, ਉਹ ਚਿਤਰਾ ਹੀ ਹੈ ਜਿਹਨੇ ਉਨ੍ਹਾਂ ਨੂੰ ਜੀਵਨ ਦੇ ਨਵੇਂ ਰਾਹ ਦਿਖਾਏ ਵਰਨਾ ਉਹ ਤਾਂ ਖ਼ੁਦ ਨੂੰ ''ਇੱਕ ਲਾਸ਼ ਸਮਝਦੇ ਸਨ''।
ਲਗਾਤਾਰ ਵਾਪਰੀਆਂ ਮੰਦਭਾਗੀ ਘਟਨਾਵਾਂ ਨੇ ਮੁਥੂਰਾਜਾ ਦੇ ਪੂਰੀ ਤਰ੍ਹਾਂ ਅੰਨ੍ਹੇ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦੀਆਂ ਅੱਖਾਂ ਖ਼ਰਾਬ ਕਰ ਸੁੱਟੀਆਂ ਸਨ। ਜਦੋਂ ਉਹ ਸੱਤ ਸਾਲਾਂ ਦੇ ਸਨ ਤਦ ਉਹ ਅਤੇ ਉਨ੍ਹਾਂ ਦੀ ਭੈਣ ਮਦੁਰਈ ਦੇ ਆਪਣੇ ਖੇਤ ਵਿੱਚ ਗ਼ੁਲਾਬ ਦੀਆਂ ਕਲਮਾਂ ਲਾ ਰਹੇ ਸਨ, ਜਿਨ੍ਹਾਂ ਦੇ ਫੁੱਲਾਂ ਨੂੰ ਉਹ ਵੇਚਿਆ ਕਰਦੇ। ਉਸ ਵੇਲ਼ੇ ਇੱਕ ਚੂਕ ਹੋ ਗਈ- ਉਨ੍ਹਾਂ ਦੀ ਭੈਣ ਨੇ ਉਨ੍ਹਾਂ ਦੇ ਹੱਥੋਂ ਗ਼ੁਲਾਬ ਦੀ ਇੱਕ ਕਲਮ (ਟਹਿਣੀ ਕੰਢਿਆਂ ਭਰੀ) ਠੀਕ ਤਰਾਂ ਨਹੀਂ ਫੜ੍ਹੀ ਅਤੇ ਉਹ ਕਲਮ ਮੁਥੂਰਾਜਾ ਦੇ ਚਿਹਰੇ 'ਤੇ ਜਾ ਵੱਜੀ ਅਤੇ ਉਹਦੇ ਕੰਢੇ ਉਨ੍ਹਾਂ ਦੀਆਂ ਅੱਖਾਂ ਵਿੱਚ ਚੁੱਭ ਗਏ।
ਛੇ ਸਰਜਰੀਆਂ ਤੋਂ ਬਾਅਦ ਉਨ੍ਹਾਂ ਨੂੰ ਖੱਬੀ ਅੱਖ ਤੋਂ ਕੁਝ ਕੁਝ ਨਜ਼ਰ ਆਉਣਾ ਸ਼ੁਰੂ ਹੋਇਆ। ਉਨ੍ਹਾਂ ਦੇ ਪਰਿਵਾਰ ਨੂੰ ਤਿੰਨ ਸੈਂਟ (0.03ਏਕੜ) ਜ਼ਮੀਨ ਦਾ ਟੁਕੜਾ ਵੇਚਣਾ ਪਿਆ ਅਤੇ ਕਰਜ਼ੇ ਵੱਸ ਪੈ ਗਏ। ਕੁਝ ਸਮੇਂ ਬਾਅਦ, ਇੱਕ ਮੋਟਰ-ਸਾਈਕਲ ਐਕਸੀਡੈਂਟ ਵਿੱਚ ਉਨ੍ਹਾਂ ਦੀ ਸੱਜੀ ਅੱਖ (ਸਹੀ ਵਾਲ਼ੀ) ਵੀ ਜ਼ਖ਼ਮੀ ਹੋ ਗਈ। ਉਸ ਵੇਲ਼ੇ ਮੁਥੂਰਾਜਾ ਲਈ ਸਕੂਲ ਅਤੇ ਪੜ੍ਹਾਈ, ਦੋਵੇਂ ਹੀ ਚੁਣੌਤੀ ਬਣ ਗਏ- ਉਹ ਬਲੈਕ-ਬੋਰਡ 'ਤੇ ਝਰੀਟੇ ਸਫ਼ੇਦ ਅੱਖਰ ਚੰਗੀ ਤਰ੍ਹਾਂ ਪੜ੍ਹ ਨਾ ਪਾਉਂਦੇ। ਪਰ ਉਨ੍ਹਾਂ ਨੇ ਅਧਿਆਪਕਾਂ ਦੀ ਮਦਦ ਨਾਲ਼ ਕਿਸੇ ਤਰ੍ਹਾਂ 10ਵੀਂ ਦੀ ਪੜ੍ਹਾਈ ਪੂਰੀ ਕੀਤੀ।
ਮੁਥੂਰਾਜਾ ਦੀ ਦੁਨੀਆ ਪੂਰੀ ਤਰ੍ਹਾਂ ਹਨ੍ਹੇਰੀ ਖੱਡ ਵਿੱਚ ਜਾ ਡਿੱਗੀ ਜਦੋਂ ਜਨਵਰੀ 2013 ਨੂੰ ਆਪਣੇ ਘਰ ਦੇ ਸਾਹਮਣੇ ਹੀ ਉਨ੍ਹਾਂ ਦਾ ਸਿਰ ਲੋਹੇ ਦੇ ਸਰੀਏ ਨਾਲ਼ ਜਾ ਵੱਜਾ। ਚਿਤਰਾ ਨਾਲ਼ ਹੋਏ ਮਿਲਾਪ ਤੋਂ ਬਾਅਦ ਉਨ੍ਹਾਂ ਦੇ ਜੀਵਨ ਵਿੱਚ ਰੌਸ਼ਨੀ ਅਤੇ ਪਿਆਰ ਪਰਤ ਆਏ।
*****
ਉਨ੍ਹਾਂ ਦੇ ਵਿਆਹ ਤੋਂ ਇੱਕ ਮਹੀਨੇ ਬਾਅਦ, ਸਾਲ 2017 ਵਿੱਚ ਚਿਤਰਾ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ। ਉਹ ਮਦੁਰਈ ਦੇ ਅੰਨਾ ਨਗਰ ਮੁਹੱਲੇ ਦੇ ਸਰਕਾਰੀ ਹਸਪਤਾਲ ਗਏ। ਕਾਫ਼ੀ ਸਾਰੀਆਂ ਜਾਂਚਾਂ ਤੋਂ ਬਾਅਦ ਪਤਾ ਚੱਲਿਆ ਕਿ ਚਿਤਰਾ ਦਾ ਦਿਲ ਕਮਜ਼ੋਰ ਹੈ। ਡਾਕਟਰਾਂ ਨੇ ਕਿਹਾ ਕਿ ਹੈਰਾਨੀ ਵਾਲ਼ੀ ਗੱਲ ਹੈ ਕਿ ਉਹ ਇੰਨੇ ਲੰਬੇ ਸਮੇਂ ਤੱਕ ਜਿਊਂਦੀ ਕਿਵੇਂ ਰਹਿ ਗਈ। (ਚਿਤਰਾ ਆਪਣੀ ਬੀਮਾਰੀ ਦਾ ਨਾਮ ਨਹੀਂ ਲੈ ਸਕਦੀ-ਉਨ੍ਹਾਂ ਦੀਆਂ ਫਾਈਲਾਂ ਹਸਪਤਾਲ ਦੇ ਕੋਲ਼ ਹਨ)। ਉਸ ਪਰਿਵਾਰ ਨੇ, ਜਿਹਦੇ ਵਾਸਤੇ ਚਿਤਰਾ ਦਿਨ ਰਾਤ ਖੱਪਦੀ ਰਹੀ, ਮਦਦ ਵੇਲ਼ੇ ਆਪਣੇ ਹੱਥ ਪਿਛਾਂਹ ਖਿੱਚ ਲਏ।
ਮੁਥੂਰਾਜਾ ਨੇ ਚਿਤਰਾ ਦੇ ਇਲਾਜ ਲਈ 30,000 ਰੁਪਏ ਵਿਆਜੀ ਫੜ੍ਹੇ। ਉਨ੍ਹਾਂ ਦੀ ਓਪਨ ਹਾਰਟ ਸਰਜਰੀ ਹੋਈ ਸੀ ਅਤੇ ਉਹ ਤਿੰਨ ਮਹੀਨਿਆਂ ਤੱਕ ਹਸਪਤਾਲ ਵਿੱਚ ਦਾਖ਼ਲ ਰਹੀ। ਜਦੋਂ ਉਹ ਘਰ ਮੁੜੀ, ਤਾਂ ਕੁਝ ਰਾਹਤ ਮਹਿਸੂਸ ਕਰ ਰਹੀ ਸਨ, ਪਰ ਫਿਰ ਮੁਥੂਰਾਜਾ ਦੇ ਕੰਨ ਦੀ ਸਰਜਰੀ ਕਰਵਾਉਣੀ ਪੈ ਗਈ। ਨਿਰਾਸ਼ਾ ਵੱਸ ਪੈ ਕੇ ਦੋਵਾਂ ਜੀਆਂ ਨੇ ਜੀਵਨ-ਲੀਲਾ ਖ਼ਤਮ ਕਰ ਲੈਣ ਦਾ ਫ਼ੈਸਲਾ ਕੀਤਾ। ਪਰ ਇੱਕ ਨਵੇਂ ਜੀਵਨ ਨੇ ਹੀ ਉਨ੍ਹਾਂ ਨੂੰ ਰੋਕ ਲਿਆ- ਚਿਤਰਾ ਮਾਂ ਬਣਨ ਵਾਲ਼ੀ ਸਨ। ਮੁਥੂਰਾਜਾ ਪਰੇਸ਼ਾਨ ਸਨ ਕਿ ਕੀ ਚਿਤਰਾ ਦਾ ਦਿਲ ਇਹ ਸਭ ਝੱਲ ਪਾਵੇਗਾ, ਪਰ ਉਨ੍ਹਾਂ ਦੇ ਡਾਕਟਰ ਨੇ ਗਰਭ ਨੂੰ ਜਾਰੀ ਰੱਖਣ ਦੀ ਸਲਾਹ ਦਿੱਤੀ। ਮਹੀਨਿਆਂ ਦੀ ਪਰੇਸ਼ਾਨੀ ਅਤੇ ਬੇਚੈਨੀ ਤੋਂ ਬਾਅਦ ਆਖ਼ਰ ਉਨ੍ਹਾਂ ਘਰ ਪੁੱਤ ਨੇ ਜਨਮ ਲਿਆ। ਵਿਸ਼ਾਂਤ ਰਾਜਾ ਹੀ, ਉਨ੍ਹਾਂ ਦਾ ਪੁੱਤਰ ਜੋ ਹੁਣ ਚਾਰ ਸਾਲਾਂ ਦਾ ਹੋ ਚੁੱਕਿਆ ਹੈ, ਮੁਥੂਰਾਜਾ ਅਤੇ ਚਿਤਰਾ ਦਾ ਭਵਿੱਖ ਅਤੇ ਉਮੀਦ ਹੈ।
*****
ਇਸ ਜੋੜੇ ਵਾਸਤੇ ਰੋਜ਼ਮੱਰਾ ਦੀਆਂ ਮੁਸ਼ਕਲਾਂ ਜਿਓਂ ਦੀਆਂ ਤਿਓਂ ਬਣੀਆਂ ਹੋਈਆਂ ਹਨ। ਚਿਤਰਾ ਆਪਣੀ ਹਾਲਤ ਕਾਰਨ ਕੋਈ ਭਾਰਾ ਕੰਮ ਨਹੀਂ ਕਰ ਸਕਦੀ। ਦੋ ਗ਼ਲੀ ਦੂਰ ਸਥਿਤ ਇੱਕ ਪੰਪ ਤੋਂ ਪਾਣੀ ਦਾ ਮਟਕੇ ਨੂੰ ਹੱਥ ਦੀ ਟੇਕ ਨਾਲ਼ ਮੋਢੇ 'ਤੇ ਟਿਕਾਈ ਮੁਥੂਰਾਜਾ ਮਲ੍ਹਕੜੇ-ਮਲ੍ਹਕੜੇ ਡਗ ਭਰਦੇ ਹਨ ਅਤੇ ਉਨ੍ਹਾਂ ਦੀਆਂ ਅੱਖਾਂ ਬਣਦੀ ਹਨ ਚਿਤਰਾ। ਚਿਤਰਾ ਖੇਤਾਂ ਅਤੇ ਨੇੜੇ ਤੇੜੇ ਦੇ ਜੰਗਲੀ ਇਲਾਕੇ ਵਿੱਚੋਂ ਨਮੋਲੀਆਂ ਚੁਗਦੀ ਹਨ ਅਤੇ ਉਨ੍ਹਾਂ ਨੂੰ ਸਕਾ ਕੇ 30 ਰੁਪਏ ਦੇ ਹਿਸਾਬ ਨਾਲ਼ ਵੇਚ ਦਿੰਦੀ ਹਨ। ਬਾਕੀ ਸਮੇਂ ਉਹ ਮੰਜਨਥੀ ਕਾਈ (ਭਾਰਤੀ ਸ਼ਹਿਤੂਤ/ਗੋਲਾਂ) ਚੁੱਗਦੀ ਅਤੇ ਵੇਚਦੀ ਹਨ, ਜਿਸ ਤੋਂ ਉਹ 60 ਰੁਪਏ ਕਮਾਉਂਦੀ ਹਨ। ਉਹ ਇੱਕ ਖੇਤ ਵਿੱਚੋਂ ਇੱਕ ਜਾਂ ਦੋ ਕਿਲੋ ਚਮੇਲੀ ਦੇ ਫੁੱਲ ਤੋੜਦੀ ਹਨ ਅਤੇ ਦਿਨ ਦੇ 25-50 ਰੁਪਏ ਕਮਾਉਂਦੀ ਹਨ।
ਚਿਤਰਾ ਦੀ ਇੱਕ ਦਿਨ ਦੀ ਔਸਤ ਆਮਦਨੀ 100 ਰੁਪਏ ਹੀ ਬਣਦੀ ਹੈ, ਜੋ ਦਿਨ ਦੇ ਖਰਚੇ ਵਿੱਚ ਹੀ ਲੱਗ ਜਾਂਦੀ ਹੈ। ਮੁਥੂਰਾਜ ਨੂੰ ਹਰ ਮਹੀਨੇ ਤਮਿਲਨਾਡੂ ਸਰਕਾਰ ਦੀ ਡਿਫ਼ਰੈਂਟਲੀ ਐਬਲਡ ਪੈਨਸ਼ਨ ਸਕੀਮ ਤਹਿਤ ਜੋ 1000 ਰੁਪਏ ਮਿਲ਼ਦੇ ਹਨ, ਉਹ ਦਵਾਈਆਂ ਲੈਣ ਵਿੱਚ ਹੀ ਖ਼ਰਚ ਹੋ ਜਾਂਦੇ ਹਨ। ''ਮੇਰਾ ਜੀਵਨ ਦਵਾਈਆਂ ਦੇ ਸਿਰ 'ਤੇ ਹੀ ਚੱਲਦਾ ਹੈ। ਜੇ ਮੈਂ ਦਵਾਈਆਂ ਨਾ ਖਾਵਾਂ ਤਾਂ ਮੈਨੂੰ ਪੀੜ੍ਹ ਹੁੰਦੀ ਹੈ,'' ਚਿਤਰਾ ਕਹਿੰਦੀ ਹਨ।
ਕੋਵਿਡ-19 ਕਾਰਨ ਲੱਗੀ ਤਾਲਾਬੰਦੀ ਨੇ ਫ਼ਲਾਂ ਤੋਂ ਹੋਣ ਵਾਲ਼ੀ ਕਮਾਈ ਦਾ ਮੌਕਾ ਵੀ ਖੋਹ ਲਿਆ। ਇੱਧਰ ਆਮਦਨੀ ਵਿੱਚ ਕਮੀ ਆਈ ਓਧਰ ਚਿਤਰਾ ਨੇ ਦਵਾਈਆਂ ਲੈਣੀਆਂ ਵੀ ਬੰਦ ਕਰ ਦਿੱਤੀਆਂ। ਇਸਲਈ ਉਨ੍ਹਾਂ ਦੀ ਤਬੀਅਤ ਨਾਸਾਜ਼ ਲਹਿਣ ਲੱਗੀ ਹੈ ਅਤੇ ਸਾਹ ਲੈਣ ਅਤੇ ਤੁਰਨ ਵਿੱਚ ਪਰੇਸ਼ਾਨੀ ਪੇਸ਼ ਆ ਰਹੀ ਹੈ। ਉਹ ਚਾਹ ਲਈ ਦੁੱਧ ਤੱਕ ਨਹੀਂ ਖਰੀਦ ਸਕਦੀ, ਇਸਲਈ ਉਨ੍ਹਾਂ ਦਾ ਬੇਟਾ ਸਿਰਫ਼ ਕਾਲ਼ੀ ਚਾਹ ਹੀ ਪੀਂਦਾ ਹੈ। ਹਾਲਾਂਕਿ ਵਿਸ਼ਾਂਤ ਦਾ ਕਹਿਣਾ ਹੈ,''ਮੈਨੂੰ ਇਹੀ ਚਾਹ ਤਾਂ ਪਸੰਦ ਹੈ'' ਉਨ੍ਹਾਂ ਦੀ ਗੱਲ ਤੋਂ ਇਹ ਜਾਪਦਾ ਹੈ ਜਿਵੇਂ ਉਹ ਆਪਣੇ ਮਾਂ-ਬਾਪ ਉਨ੍ਹਾਂ ਦੇ ਜੀਵਨ, ਉਨ੍ਹਾਂ ਦੇ ਨੁਕਸਾਨ ਅਤੇ ਉਨ੍ਹਾਂ ਦੇ ਆਪਸੀ ਪ੍ਰੇਮ ਨੂੰ ਸਮਝਦਾ ਹੋਵੇ।
ਇਸ ਸਟੋਰੀ ਦਾ ਲੇਖਣ ਅਪਰਣਾ ਕਾਰਤੀਕੇਯਨ ਨੇ ਰਿਪੋਰਟ ਦੀ ਮਦਦ ਨਾਲ਼ ਮੁਕੰਮਲ ਕੀਤਾ ਹੈ।
ਤਰਜਮਾ: ਕਮਲਜੀਤ ਕੌਰ