''ਉਨ੍ਹਾਂ ਨੇ ਕਿਹਾ ਕਿ ਸਾਡਾ ਬੱਚਾ ਕੁੱਖ ਵਿੱਚ ਹੀ ਮਰ ਚੁੱਕਿਆ ਹੈ। ਅਸੀਂ ਮੌਤ ਤੋਂ ਡਰੇ ਹੋਏ ਸਾਂ। ਫਿਰ ਉਨ੍ਹਾਂ ਨੇ ਸਾਨੂੰ ਇੱਥੋਂ ਚਲੇ ਜਾਣ ਨੂੰ ਕਿਹਾ ਕਿ ਜਿੱਥੇ ਮਰਜੀ ਚਲੇ ਜਾਓ। ਫਿਰ ਮੈਂ ਆਪਣੀ ਬਹੂ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਲੈ ਜਾਣ ਦਾ ਫ਼ੈਸਲਾ ਕੀਤਾ,''ਸੁਖੀਆ ਦੇਵੀ ਚੇਤੇ ਕਰਦੀ ਹਨ ਕਿ ਬਿਹਾਰ ਦੇ ਵੈਸ਼ਾਲੀ ਜ਼ਿਲ੍ਹਾ ਹੈਡਕੁਆਰਟਰ ਦੇ ਪ੍ਰਾਇਮਰੀ ਹੈਲਥ ਸੈਂਟਰ (ਪੀਐੱਚਸੀ) ਵਿਖੇ ਉਨ੍ਹਾਂ ਅਤੇ ਉਨ੍ਹਾਂ ਦੀ ਨੂੰਹ, ਕੁਸੁਮ ਦੇ ਨਾਲ਼ ਕਿਹੋ-ਜਿਹਾ ਸਲੂਕ ਕੀਤਾ ਗਿਆ ਸੀ।
62 ਸਾਲਾ ਖੇਤ ਮਜ਼ਦੂਰ ਸੁਖੀਆ ਨੇ ਆਪਣੀ ਇੱਕ ਦਿਨ ਦੀ ਜਿਊਂਦੀ-ਜਾਗਦੀ ਪੋਤੀ ਨੂੰ ਆਪਣੀ ਗੋਦੀ ਵਿੱਚ ਚੁੱਕਿਆ ਹੋਇਆ ਹੈ, ਕਿਉਂਕਿ ਉਹ ਸਵੇਰੇ ਕਰੀਬ 10 ਵਜੇ ਪੀਐੱਚਸੀ ਵਿਖੇ ਉਹਦੇ ਟੀਕਾਕਰਨ ਲਈ ਉਡੀਕ ਕਰ ਰਹੀ ਹਨ।
ਸੁਖੀਆ ਦੀ 28 ਸਾਲਾ ਨੂੰਹ ਨੂੰ ਜਿਓਂ ਹੀ ਜੰਮਣ ਪੀੜ੍ਹਾਂ ਸ਼ੁਰੂ ਹੋਈਆਂ, ਤਾਂ ਉਹ ਉਹਨੂੰ ਵੈਸ਼ਾਲੀ ਦੇ ਪੀਐੱਚਸੀ ਲੈ ਗਈ। ਇੱਥੇ ਹੀ ਇੱਕ ਅਟੈਂਡੰਟ ਨੇ ਦੱਸਿਆ ਕਿ ਬੱਚਾ ਤਾਂ ਮਰ ਚੁੱਕਿਆ ਹੈ। ਸਹਿਮੀਆਂ ਹੋਈਆਂ ਦੋਵੇਂ ਨੂੰਹ ਸੱਸ 15 ਕਿਲੋਮੀਟਰ ਦੂਰ ਸਥਿਤ ਆਪਣੇ ਪਿੰਡ (ਜਿਹਦਾ ਨਾਮ ਨਾ ਦੱਸਣ ਦੀ ਉਨ੍ਹਾਂ ਨੇ ਬੇਨਤੀ ਕੀਤੀ) ਮੁੜ ਆਈਆਂ। ''ਅਸੀਂ ਆਪਣੇ ਘਰ ਵਾਪਸ ਮੁੜੇ ਅਤੇ ਮਹਿਲਾ ਡਾਕਟਰ (ਇਸਤਰੀ ਰੋਗ ਮਾਹਰ) ਕੋਲ਼ ਜਾਣ ਲਈ ਇੱਕ ਨਿੱਜੀ ਵਾਹਨ, ਬੋਲੇਰੋ ਕਿਰਾਏ 'ਤੇ ਲਈ। ਮੈਂ ਕਿਰਾਇਆ ਟੁੱਕਣ ਬਾਰੇ ਵੀ ਨਹੀਂ ਸੋਚਿਆ। ਮੈਂ ਡਿਲੀਵਰੀ ਨੂੰ ਲੈ ਕੇ ਬੜੀ ਫ਼ਿਕਰਮੰਦ ਸਾਂ। ਆਪਣੇ ਗੁਆਂਢੀਆਂ ਦੀ ਮਦਦ ਨਾਲ਼ ਮੈਂ ਆਪਣੀ ਨੂੰਹ ਨੂੰ ਗੱਡੀ ਵਿੱਚ ਬਿਠਾਇਆ। ਉਸ ਤੋਂ ਬਾਅਦ ਅਸੀਂ ਕਲੀਨਿਕ ਵੱਲ ਤੁਰ ਪਏ,'' ਸੁਖੀਆ ਦੱਸਦੀ ਹਨ।
ਅਜੇ ਤਾਂ ਉਹ ਡਾਕਟਰ ਕੋਲ਼ ਜਾ ਹੀ ਰਹੀਆਂ ਸਨ ਕਿ 'ਕੁੱਖ ਵਿੱਚ ਮਰਿਆ' ਬੱਚਾ ਕਾਰ ਵਿੱਚ ਹੀ ਜਿਊਂਦਾ ਜਾਗਦਾ ਬਾਹਰ ਆ ਗਿਆ।
''ਉਹ ਉਸੇ ਗੱਡੀ ਵਿੱਚ ਪੈਦਾ ਹੋ ਗਈ,'' ਸੁਖੀਆ ਦੱਸਦੀ ਹਨ। ਉਹਦਾ ਜਨਮ ਬੜੀ ਅਸਾਨੀ ਨਾਲ਼ ਹੋ ਗਿਆ, ਉਹ ਕਹਿੰਦੀ ਹਨ। ਉਨ੍ਹਾਂ ਕੋਲ਼ ਪਹਿਲਾਂ ਤੋਂ ਹੀ ਇੱਕ ਸਾੜੀ ਮੌਜੂਦ ਸੀ ਜਿਹਨੂੰ ਉਨ੍ਹਾਂ ਨੇ ਚਾਦਰ ਦੇ ਤੌਰ 'ਤੇ ਵਰਤ ਲਿਆ, ਸਥਾਨਕ ਮੈਡੀਕਲ ਸਟੋਰ ਦੇ ਮਾਲ਼ਕ ਨੇ (ਜੋ ਉਨ੍ਹਾਂ ਦੇ ਨਾਲ਼ ਹੀ ਸੀ) ਨੇ ਗੱਡੀ ਵਿੱਚ ਪਾਣੀ ਰੱਖ ਦਿੱਤਾ। ''ਪਰ ਇਸ ਸਭ ਵਿੱਚ ਕਾਫ਼ੀ ਸਮਾਂ ਲੱਗ ਗਿਆ...'' ਸੁਖੀਆ ਕਹਿੰਦੀ ਹਨ।
ਅਤੇ ਇਸ ਸਭ ਵਿੱਚ ਪੈਸੇ ਵੀ ਲੱਗੇ। ਘੱਟ ਦੂਰੀ ਤੈਅ ਹੋਈ ਹੋਣ ਦੇ ਬਾਵਜੂਦ ਗੱਡੀ ਮਾਲਕ ਨੇ ਪੂਰੇ 3000 ਰੁਪਏ ਲੈ ਲਏ ਅਤੇ ਗੱਡੀ ਸਾਫ਼ ਕਰਾਉਣ ਲਈ ਅਲੱਗ ਤੋਂ 1000 ਰੁਪਏ ਵੀ ਲਏ।
ਪਰ ਅਸਲ ਵਿੱਚ ਪੀਐੱਚਸੀ ਵਿੱਚ ਕੀ ਹੋਇਆ ਸੀ? ਸਾਨੂੰ ਆਪਣੀ ਫੇਰੀ ਦੌਰਾਨ ਪਤਾ ਲੱਗਿਆ ਕਿ ਉਸ ਸੈਂਟਰ ਵਿਖੇ ਨਾ ਤਾਂ ਕੋਈ ਅਲਟਰਾਸਾਊਂਡ ਦੀ ਮਸ਼ੀਨ ਹੈ ਅਤੇ ਨਾ ਹੀ ਕੋਈ ਹੋਰ ਮਸ਼ੀਨ ਹੀ ਕੰਮ ਕਰ ਰਹੀ ਸੀ। ਫਿਰ, ਆਖ਼ਰ ਕਿਸ ਅਧਾਰ 'ਤੇ ਉਨ੍ਹਾਂ ਨੇ ਇਹ ਦੱਸਿਆ ਕਿ ਬੱਚਾ ਤਾਂ ਕੁੱਖ ਵਿੱਚ ਹੀ ਮਰ ਚੁੱਕਿਆ ਹੈ? ਇੰਝ ਜਾਪਦਾ ਜਿਵੇਂ ਉਨ੍ਹਾਂ ਦੇ ਜੋ ਮਨ ਆਇਆ ਉਨ੍ਹਾਂ ਨੇ ਕਹਿ ਦਿੱਤਾ।
ਸੁਖੀਆ ਦੱਸਦੀ ਹਨ,''ਜਦੋਂ ਅਸੀਂ ਹਸਪਤਾਲ (ਪੀਐੱਚਸੀ) ਪਹੁੰਚੇ ਤਾਂ ਕਾਫ਼ੀ ਰਾਤ ਹੋ ਚੁੱਕੀ ਸੀ। ਉਹ ਉਹਨੂੰ ਪ੍ਰਸਵ ਕਮਰੇ ਵਿੱਚ ਲੈ ਗਏ ਅਤੇ ਪੰਜ ਮਿੰਟ ਦੇ ਅੰਦਰ ਅੰਦਰ ਉਨ੍ਹਾਂ ਵਿੱਚੋਂ ਇੱਕ ਨੇ ਬਾਹਰ ਆ ਕੇ ਮੈਨੂੰ ਦੱਸਿਆ ਕਿ ਹਾਲਤ ਕਾਫ਼ੀ ਨਾਜ਼ੁਕ ਹੈ। ਚੰਗਾ ਹੋਵੇ ਜੇ ਅਸੀਂ ਕਿਸੇ ਨਿੱਜੀ ਹਸਪਤਾਲ ਚਲੇ ਜਾਈਏ, ਉਨ੍ਹਾਂ ਨੇ ਕਿਹਾ। ਮੈਨੂੰ ਲੱਗਦਾ ਹੈ ਜਿਵੇਂ ਉਹ ਦਾਈ ਸੀ, ਜਿਹਨੇ ਬਾਹਰ ਆ ਕੇ ਕਿਹਾ ਕਿ ਬੱਚਾ ਗਰਭ ਅੰਦਰ ਹੀ ਮਰ ਚੁੱਕਿਆ ਹੈ। ਅਸੀਂ ਆਪਣੇ ਇਲਾਕੇ ਦੀ ਆਸ਼ਾ ਵਰਕਰ ਦੇ ਨਾਲ਼ ਨਹੀਂ ਆਏ ਸਾਂ ਕਿਉਂਕਿ ਰਾਤ ਦੇ 11 ਵੱਜ ਰਹੇ ਸਨ। ਇਸਲਈ ਮੈਂ ਆਪਣੇ ਘਰ ਭੱਜੀ ਆਈ ਅਤੇ ਗੁਆਂਢੀਆਂ ਦੀ ਮਦਦ ਨਾਲ਼ ਇੱਕ ਬੋਲੇਰੋ ਕਿਰਾਏ 'ਤੇ ਲਈ। ਗੱਡੀ ਪਿੰਡ ਦੇ ਹੀ ਕਿਸੇ ਵਿਅਕਤੀ ਦੀ ਸੀ, ਇਸਲਈ ਸਿਰਫ਼ 15 ਮਿੰਟਾਂ ਦੇ ਅੰਦਰ ਹੀ ਗੱਡੀ ਦਾ ਬੰਦੋਬਸਤ ਹੋ ਗਿਆ। ਨਹੀਂ ਤਾਂ ਰੱਬ ਹੀ ਜਾਣਦਾ ਹੈ ਸਾਡਾ ਕੀ ਬਣਦਾ।''
ਸੁਖੀਆ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਗੱਡੀ ਕਿਰਾਏ 'ਤੇ ਲੈਣ (ਅਤੇ ਉਹਦੀ ਸਫ਼ਾਈ) ਲਈ 4,000 ਰੁਪਏ ਖਰਚ ਕਰੇਗੀ। ''ਗੱਡੀ ਮਿਲ਼ਦਿਆਂ ਹੀ, ਅਸੀਂ ਡਾਕਟਰ ਦੇ ਕੋਲ਼ ਜਾਣ ਵੇਲ਼ੇ ਮੈਡੀਕਲ ਸਟੋਰ ਦੇ ਮਾਲਕ ਨੂੰ ਨਾਲ਼ ਲੈ ਲਿਆ, ਜੋ ਸਾਡੇ ਪਿੰਡ ਵਿੱਚ ਹੀ ਰਹਿੰਦੇ ਹਨ। ਉਨ੍ਹਾਂ ਨੇ ਕੁਸੁਮ ਨੂੰ 'ਇੱਕ ਬੋਤਲ' (ਇੰਜੈਕਸ਼ਨ ਅਤੇ ਡਰਿੱਪ) ਚਾੜ੍ਹੀ ਅਤੇ ਮੇਰੀ ਬਹੂ ਨੇ ਥਾਏਂ ਹੀ (ਗੱਡੀ ਵਿੱਚ) ਹੀ ਬੱਚੀ ਨੂੰ ਜਨਮ ਦੇ ਦਿੱਤਾ। ਫਿਰ ਅਸੀਂ ਸਾਰੇ ਘਰ ਵਾਪਸ ਆ ਗਏ।'' ਪਰ ਉਦੋਂ ਤੱਕ ਅੱਧੀ ਰਾਤ ਲੰਘ ਚੁੱਕੀ ਸੀ।
ਮੈਂ ਅਗਲੇ ਹੀ ਦਿਨ ਸੁਖੀਆ ਨਾਲ਼ ਪੀਐੱਚਸੀ ਵਿੱਚ ਮਿਲ਼ੀ। ਉਹ ਬੱਚੇ ਦੇ ਟੀਕਾਕਰਨ ਕਰਾਉਣ ਅਤੇ ਉਹਦਾ ਜਨਮ ਸਰਟੀਫਿਕੇਟ ਲੈਣ ਲਈ ਉੱਥੇ ਆਈ ਸਨ। ''ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਪੈਸੇ ਨਾ ਮਿਲ਼ੇ ਤਾਂ ਉਹ ਕਾਗ਼ਜ਼ ਨਹੀਂ ਬਣਵਾਉਣਗੇ,'' ਉਨ੍ਹਾਂ ਨੇ ਕਿਹਾ।
ਅਸਲ ਵਿੱਚ, ਪੀਐੱਚਸੀ ਦੇ ਕਰਮਚਾਰੀ ਬੀਤੇ ਦਿਨ ਕੁੱਖ ਵਿੱਚ ਮ੍ਰਿਤਕ ਐਲਾਨੇ ਗਏ ਬੱਚੇ ਦਾ ਜਨਮ ਸਰਟੀਫਿਕੇਟ ਜਾਰੀ ਕਰਨ ਲਈ ਵੀ ਪੈਸੇ ਮੰਗ ਰਹੇ ਸਨ।
'ਉਹ ਉਹਨੂੰ ਪ੍ਰਸਵ ਕਮਰੇ ਵਿੱਚ ਲੈ ਗਏ ਅਤੇ ਪੰਜ ਮਿੰਟ ਦੇ ਅੰਦਰ ਅੰਦਰ ਉਨ੍ਹਾਂ ਵਿੱਚੋਂ ਇੱਕ ਨੇ ਬਾਹਰ ਆ ਕੇ ਮੈਨੂੰ ਦੱਸਿਆ ਕਿ ਹਾਲਤ ਕਾਫ਼ੀ ਨਾਜ਼ੁਕ ਹੈ। ਚੰਗਾ ਹੋਵੇ ਜੇ ਅਸੀਂ ਕਿਸੇ ਨਿੱਜੀ ਹਸਪਤਾਲ ਚਲੇ ਜਾਈਏ, ਉਨ੍ਹਾਂ ਨੇ ਕਿਹਾ'
''ਹਰ ਕੋਈ ਪੈਸੇ ਮੰਗਦਾ ਹੈ। ਜੋ ਵੀ ਰਾਸ਼ੀ ਉਨ੍ਹਾਂ ਦੇ ਦਿਮਾਗ਼ ਵਿੱਚ ਆ ਜਾਵੇ। ਮੈਂ ਕਾਗ਼ਜ਼ (ਜਨਮ ਸਰਟੀਫਿਕੇਟ) ਬਣਵਾਉਣ ਲਈ ਇੱਕ ਵਿਅਕਤੀ ਨੂੰ 100 ਰੁਪਏ, ਫਿਰ ਦੂਸਰੇ ਨੂੰ 300 ਰੁਪਏ ਦਿੱਤੇ। ਉਹਦੇ ਬਾਅਦ ਇੱਕ ਹੋਰ ਔਰਤ ਨੂੰ 350 ਰੁਪਏ ਦੇਣੇ ਪਏ,'' ਉਹ ਦੱਸਦੀ ਹਨ। ''ਉਸ ਤੋਂ ਪਹਿਲਾਂ, ਇਹ ਸਿਸਟਰ (ਭੈਣ), ਜਿਹਨੇ ਲਾਲ ਸਾੜੀ ਪਾਈ ਹੋਈ ਹੈ,'' ਉਹ ਨੇੜੇ ਖੜ੍ਹੀ ਇੱਕ ਸਹਾਇਕ ਨਰਸ ਮਿਡਵਾਈਫ (ਏਐੱਨਐੱਮ) ਵੱਲ ਇਸ਼ਾਰਾ ਕਰਦੀ ਹਨ,''ਉਹਨੇ 500 ਰੁਪਏ ਮੰਗੇ ਅਤੇ ਕਿਹਾ ਕਿ ਜੇ ਮੈਂ ਪੈਸੇ ਨਾ ਦਿੱਤੇ ਤਾਂ ਮੈਨੂੰ ਕਾਗ਼ਜ਼ ਨਹੀਂ ਮਿਲ਼ੇਗਾ।'' ਸੁਖੀਆ ਨੂੰ ਆਖ਼ਰਕਾਰ ਬਾਕੀਆਂ ਨੂੰ ਵੀ ਪੈਸੇ ਦੇਣੇ ਪਏ।
''ਦੇਖੋ, ਮੈਂ ਇਨ੍ਹਾਂ ਕਾਗ਼ਜ਼ਾਂ ਬਾਬਤ ਬਹੁਤਾ ਨਹੀਂ ਜਾਣਦੀ। ਮੇਰੇ ਤਿੰਨ ਬੱਚੇ ਹਨ, ਪਰ ਮੈਂ ਉਨ੍ਹਾਂ ਵਿੱਚੋਂ ਕਿਸੇ ਲਈ ਵੀ ਇਹ ਕਾਗ਼ਜ਼ ਨਹੀਂ ਬਣਵਾਇਆ। ਪਰ ਅੱਜਕੱਲ੍ਹ ਉਹ ਮੈਨੂੰ ਕਹਿੰਦੇ ਹਨ ਕਿ ਇਹ ਜ਼ਰੂਰੀ ਹੈ,'' ਸੁਖੀਆ ਕਹਿੰਦੀ ਹਨ।
''ਮੇਰੇ ਦੋ ਬੇਟੇ ਹਨ ਅਤੇ ਇੱਕ ਬੇਟੀ ਹੈ। ਸਭ ਤੋਂ ਵੱਡਾ ਬੇਟਾ ਇਸ ਬੱਚੀ ਦਾ ਪਿਤਾ ਹੈ। ਮੇਰੇ ਛੋਟੇ ਬੇਟੇ ਦਾ ਵਿਆਹ ਤੈਅ ਹੋ ਚੁੱਕਿਆ ਹੈ ਅਤੇ ਮੇਰੀ ਧੀ ਉਨ੍ਹਾਂ ਵਿੱਚ ਸਭ ਤੋਂ ਛੋਟੀ ਹੈ। ਉਹ ਕੁਆਰੀ ਹੈ ਅਤੇ ਮੇਰੇ ਨਾਲ਼ ਹੀ ਰਹਿੰਦੀ ਹੈ। ਜਦੋਂ ਉਹ ਸਾਰੇ ਛੋਟੇ ਬੱਚੇ ਸਨ ਉਦੋਂ ਹੀ ਉਨ੍ਹਾਂ ਦੇ ਪਿਤਾ (ਖੇਤ ਮਜ਼ਦੂਰ) ਦਾ ਦੇਹਾਂਤ ਹੋ ਗਿਆ ਸੀ।'' ਸੁਖੀਆ ਹੇਠਾਂ ਝੁਕਦੀ ਹਨ ਅਤੇ ਆਪਣੇ ਹੱਥਾਂ ਨੂੰ ਗੋਡਿਆਂ 'ਤੇ ਟਿਕਾ ਕੇ ਅੰਦਾਜ਼ਾ ਲਾਉਂਦੀ ਕਹਿੰਦੀ ਹਨ ਜਦੋਂ ਉਨ੍ਹਾਂ ਪਤੀ ਦੀ ਮੌਤ ਹੋਈ ਤਾਂ ਬੱਚੇ ਇੰਨੇ ਛੋਟੇ ਛੋਟੇ ਸਨ।
''ਮੈਂ ਆਪਣੇ ਬੱਚਿਆਂ ਦਾ ਢਿੱਡ ਭਰਨ ਅਤੇ ਉਨ੍ਹਾਂ ਨੂੰ ਪਾਲਣ ਵਾਸਤੇ ਕਈ ਸਾਲ ਤੱਕ ਦੂਸਰਿਆਂ ਦੇ ਖੇਤਾਂ ਵਿੱਚ ਕੰਮ ਕੀਤਾ,'' ਸੁਖੀਆ ਕਹਿੰਦੀ ਹਨ। ਹੁਣ ਉਨ੍ਹਾਂ ਬੇਟੇ ਘਰੇ ਪੈਸੇ ਘੱਲਦੇ ਹਨ ਅਤੇ ਉਹ ਦੋ ਪੋਤੇ-ਪੋਤੀਆਂ (ਇਸ ਬੱਚੀ ਵੀ ਸ਼ਾਮਲ ਹੈ) ਉਨ੍ਹਾਂ ਦੀ ਮਾਂ ਕੁਸੁਮ, ਜੋ ਇੱਕ ਗ੍ਰਹਿਣੀ ਹੈ ਅਤੇ ਖ਼ੁਦ ਆਪਣੀ ਧੀ ਦੀ ਦੇਖਭਾਲ਼ ਕਰਦੀ ਹੈ।''
''ਮੇਰੇ ਦੋਵੇਂ ਬੇਟੇ ਨਿੱਜੀ ਠੇਕੇਦਾਰ ਹੇਠ 'ਕੰਪਨੀ' ਵਿੱਚ ਕੰਮ ਕਰਦੇ ਹਨ,'' ਉਹ ਕਹਿੰਦੀ ਹਨ। ''ਛੋਟਾ (ਲੜਕਾ) ਮੁੰਬਈ ਵਿੱਚ ਰਹਿੰਦਾ ਹੈ ਅਤੇ ਬਿਜਲੀ ਦੇ ਬੋਰਡ ਬਣਾਉਂਦਾ ਹੈ ਅਤੇ ਇਸ ਬੱਚੀ ਦਾ ਪਿਤਾ (34 ਸਾਲਾ) ਪੰਜਾਬ ਵਿੱਚ ਇਮਾਰਤਾਂ ਦੇ ਅੰਦਰ ਪਲਾਸਟਰ ਆਫ਼ ਪੈਰਿਸ (ਪੀਓਪੀ) ਦੀ ਕਾਰੀਗਰੀ ਦਾ ਕੰਮ ਕਰਦਾ ਹੈ। ਤਾਲਾਬੰਦੀ ਦੌਰਾਨ ਮੇਰੇ ਦੋਵੇਂ ਬੇਟੇ ਘਰ ਨਹੀਂ ਆ ਸਕੇ,'' ਸੁਖੀਆ ਦਾ ਗ਼ਲਾ ਭਰ ਗਿਆ। ਉਹ ਗੱਲ ਕਰਦੇ ਕਰਦੇ ਥੋੜ੍ਹੀ ਦੇਰ ਲਈ ਰੁੱਕ ਗਈ।
''ਮੈਂ ਆਪਣੇ ਵੱਡੇ ਬੇਟੇ ਦਾ ਵਿਆਹ ਪੰਜ ਸਾਲ ਪਹਿਲਾਂ ਕਰ ਦਿੱਤਾ ਸੀ। ਇਹ ਉਨ੍ਹਾਂ ਦਾ ਦੂਸਰਾ ਬੱਚਾ ਹੈ। ਮੇਰਾ ਵੱਡਾ ਪੋਤਾ ਸਾਢੇ ਤਿੰਨ ਸਾਲ ਦਾ ਹੈ,'' ਉਹ ਕੁਸੁਮ ਦੇ ਪਹਿਲੇ ਬੱਚੇ, ਪ੍ਰਭਾਤ ਬਾਰੇ ਦੱਸਦੀ ਹਨ, ਜੋ ਇਸੇ ਪੀਐੱਚਸੀ ਵਿਖੇ ਪੈਦਾ ਹੋਇਆ ਸੀ। ਸੁਖੀਆ ਪੀਐੱਚਸੀ ਪਰਿਸਰ ਵਿੱਚ ਖੜ੍ਹੀ ਸਨ ਜਦੋਂਕਿ ਕੁਸੁਮ ਜੱਚਾ-ਬੱਚਾ ਦੇਖਭਾਲ਼ ਕਮਰੇ ਵਿੱਚ ਲੇਟੀ ਹੋਈ ਸਨ। ਕੁਸੁਮ ਦੇ ਖੱਬੇ ਹੱਥ ਇੱਕ ਚਿੱਟੀ ਕੰਧ ਹੈ- ਜੋ ਨੁਕਰਾਂ ਵਿੱਚ ਪਾਨ ਖਾਣ ਮਗਰੋਂ ਮਾਰੀਆਂ ਗਈਆਂ ਪਿਚਕਾਰੀਆਂ ਨਾਲ਼ ਅੱਧ-ਲਾਲ ਹੋ ਚੁੱਕੀ ਹੈ। ਵਾਰਡ ਵਿੱਚ ਫ਼ੋਟੋਗਰਾਫ਼ੀ ਕਰਨਾ ਪੂਰੀ ਤਰ੍ਹਾਂ ਮਨ੍ਹਾ ਹੈ। ਕੁਸੁਮ ਦੇ ਬਿਸਤਰੇ ਦੇ ਸੱਜੇ ਪਾਸੇ ਇੱਕ ਅਲਟਰਾਸਾਊਂਡ ਮਸ਼ੀਨ ਹੈ ਜੋ ਹੁਣ ਮਕੜੀਆਂ ਦਾ ਰੈਣ-ਬਸੇਰਾ ਹੈ। ''ਪਿਛਲੇ ਹਫ਼ਤੇ ਇਸ ਮਸ਼ੀਨ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਸਫ਼ਾਈ ਕਰਮੀ ਨੇ ਇਹਨੂੰ ਸਾਫ਼ ਵੀ ਨਹੀੰ ਕੀਤਾ,'' ਡਿਊਟੀ 'ਤੇ ਤਾਇਨਾਤ ਏਐੱਨਐੱਮ ਕਹਿੰਦੀ ਹੈ।
ਗਰਭਅਵਸਥਾ ਦੇ ਆਪਣੇ ਅਖ਼ੀਰਲੇ ਮਹੀਨੇ ਵਿੱਚ, ਪੀਐੱਚਸੀ ਦੇ ਕਰਮਚਾਰੀਆਂ ਦੀ ਸਲਾਹ 'ਤੇ ਕੁਸੁਮ ਅਲਟਰਾਸਾਊਂਡ ਕਰਾਉਣ ਲਈ ਇੱਕ ਨਿੱਜੀ ਹਸਪਤਾਲ ਗਈ ਸਨ। ਪਰ ''ਬਾਅਦ ਵਿੱਚ ਜਦੋਂ ਅਸੀਂ ਪ੍ਰਸਵ ਲਈ ਇੱਥੇ ਆਏ, ਤਾਂ ਉਨ੍ਹਾਂ ਨੇ ਸਾਨੂੰ ਭਜਾ ਦਿੱਤਾ, ਜਿਸ ਕਰਕੇ ਸਾਨੂੰ ਬੜੀ ਔਖਿਆਈ ਹੋਈ,'' ਸੁਖੀਆ ਕਹਿੰਦੀ ਹਨ। ਸਾਡੀ ਗੱਲਬਾਤ ਦੌਰਾਨ ਕੁਸੁਮ ਸਾਡੇ ਨਾਲ਼ ਗੱਲ ਕਰਨ ਦੀ ਹਾਲਤ ਵਿੱਚ ਨਹੀਂ ਸਨ ਕਿਉਂਕਿ ਕੁਝ ਸਹਿਮੀ ਹੋਈ ਸਨ ਅਤੇ ਨੀਂਦ ਦੀ ਦਵਾਈ ਦੇ ਨਸ਼ੇ ਵਿੱਚ ਸਨ।
ਸੁਖੀਆ ਜੋ ਫਾਇਲੇਰੀਆ ਤੋਂ ਪੀੜਤ ਹਨ (ਉਨ੍ਹਾਂ ਦਾ ਇੱਕ ਪੈਰ ਸੁੱਜ ਕੇ ਦੂਸਰੇ ਨਾਲ਼ੋਂ ਦੋਗੁਣਾ ਹੋਇਆ ਪਿਆ ਹੈ), ਕਹਿੰਦੀ ਹਨ: ''ਇਹ ਇੰਝ ਹੀ ਰਹਿੰਦਾ ਹੈ। ਲੰਬੇ ਸਮੇਂ ਤੱਕ ਖੜ੍ਹਾ ਰਹਿਣਾ ਮੇਰੇ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ। ਮੈਂ ਬਹੁਤਾ ਤੁਰ-ਫਿਰ ਨਹੀਂ ਸਕਦੀ। ਦਰਦ ਉਦੋਂ ਹੀ ਜਾਂਦਾ ਹੈ, ਜਦੋਂ ਮੈਂ ਕੋਈ ਦਵਾਈ ਖਾਂਦੀ ਹਾਂ। ਪਰ ਮੈਨੂੰ ਸਾਰਾ ਕੰਮ ਇਸੇ ਹਾਲਤ ਵਿੱਚ ਹੀ ਕਰਨਾ ਪੈਂਦਾ ਹੈ। ਹੁਣ ਜਦੋਂਕਿ ਮੈਂ ਇੱਥੇ ਹਾਂ, ਮੈਨੂੰ ਆਪਣੇ ਲਈ ਵੀ ਥੋੜ੍ਹੀ ਦਵਾਈ ਲੈਣੀ ਚਾਹੀਦੀ ਹੈ। ਮੇਰੀਆਂ ਦਵਾਈਆਂ ਮੁੱਕ ਰਹੀਆਂ ਹਨ।''
ਆਪਣੀ ਪੋਤੀ ਨੂੰ ਗੋਦੀ ਚੁੱਕੀ, ਉਹ ਲੰਗੜੇ-ਵਾਹ ਪੀਐੱਚਸੀ ਦੇ ਦਵਾ ਵਿਤਰਣ ਕੇਂਦਰ ਵੱਲ ਜਾਂਦੀ ਹਨ।
ਪਾਰੀ (PARI) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ 'ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ 'ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।
ਜਗਿਆਸਾ ਮਿਸ਼ਰਾ ਠਾਕੁਰ ਫੈਮਿਲੀ ਫਾਊਂਡੇਸ਼ਨ ਤੋਂ ਪ੍ਰਾਪਤ ਇੱਕ ਸੁਤੰਤਰ ਪੱਤਰਕਾਰਤਾ ਗ੍ਰਾਂਟ ਦੇ ਜ਼ਰੀਏ ਜਨਤਕ ਸਿਹਤ ਅਤੇ ਨਾਗਰਿਕ ਸੁਤੰਤਰਤਾ 'ਤੇ ਰਿਪੋਰਟ ਕਰਦੀ ਹਨ। ਠਾਕੁਰ ਫੈਮਿਲੀ ਫਾਊਂਡੇਸ਼ਨ ਨੇ ਇਸ ਰਿਪੋਰਟ ਦੀ ਸਮੱਗਰੀ 'ਤੇ ਕੋਈ ਸੰਪਾਦਕੀ ਨਿਯੰਤਰਣ ਨਹੀਂ ਕੀਤਾ ਹੈ।
ਤਰਜਮਾ: ਕਮਲਜੀਤ ਕੌਰ