ਪੈਰਾਂ ਹੇਠ ਹਰਿਆ ਘਾਹ, ਸਿਰ 'ਤੇ ਖੁੱਲ੍ਹਾ ਅਸਮਾਨ, ਚੁਫ਼ੇਰੇ ਹਰੇ-ਭਰੇ ਦਰਖ਼ਤ ਤੇ ਜੰਗਲ ਵਿੱਚੋਂ ਦੀ ਵਗਦੇ ਪਾਣੀ ਦੀ ਸ਼ਾਂਤ ਧਾਰਾ- ਇੱਕ ਅਜਿਹਾ ਦ੍ਰਿਸ਼ ਹੈ ਜੋ ਪੇਂਡੂ ਮਹਾਰਾਸ਼ਟਰ ਵਿੱਚ ਕਿਤੇ ਵੀ ਦੇਖਣ ਨੂੰ ਮਿਲ਼ ਜਾਂਦਾ ਹੈ।
ਜ਼ਰਾ ਰੁੱਕਿਓ, ਸੁਣਿਓ ਗੀਤਾ ਨੇ ਕੁਝ ਕਹਿਣਾ ਹੈ। ਵਗਦੀ ਧਾਰਾ ਵੱਲ ਇਸ਼ਾਰਾ ਕਰਦਿਆਂ ਉਹ ਕਹਿੰਦੀ ਹਨ,''ਔਰਤਾਂ ਖੱਬੇ ਪਾਸੇ ਤੇ ਬੰਦੇ ਸੱਜੇ ਪਾਸੇ ਜਾਂਦੇ ਨੇ।'' ਇਹ ਉਹ ਤਰਤੀਬ ਹੈ ਜਿਹਦਾ ਪਾਲਣ ਹਰ ਰੋਜ਼ ਹੁੰਦਾ ਹੈ ਜਦੋਂ ਉਨ੍ਹਾਂ ਦੀ ਵਸਤੀ ਦੇ ਬਾਸ਼ਿੰਦਿਆਂ ਨੇ ਜੰਗਲ-ਪਾਣੀ ਜਾਣਾ ਹੁੰਦਾ ਹੈ।
''ਜਦੋਂ ਕਦੇ ਮੀਂਹ ਪੈਂਦਾ ਹੋਵੇ ਤਾਂ ਸਾਨੂੰ ਛੱਤਰੀ ਫੜ੍ਹੀ ਗਿੱਟਿਆਂ ਤੀਕਰ ਪਾਣੀ ਵਿੱਚ ਬਹਿਣਾ ਪੈਂਦਾ ਏ। ਮਾਹਵਾਰੀ (ਮੇਰੀ) ਵੇਲ਼ੇ ਕੀ ਹਾਲਤ ਹੁੰਦੀ ਹੋਵੇਗੀ, ਇਹ ਦੱਸਣ ਦੀ ਲੋੜ ਏ?'' 40 ਸਾਲਾ ਗੀਤਾ ਕਹਿੰਦੀ ਹਨ।
ਪੂਨੇ ਜ਼ਿਲ੍ਹੇ ਦੇ ਸ਼ੀਰੂਰ ਤਾਲੁਕਾ ਦੇ ਪਿੰਡ ਕੁਰੂਲੀ ਦੇ ਬਾਹਰਵਾਰ ਵੱਸੀ ਉਨ੍ਹਾਂ ਦੀ ਬਸਤੀ ਵਿੱਚ ਕੋਈ 50 ਘਰ ਹਨ, ਜਿਨ੍ਹਾਂ ਵਿੱਚ ਭੀਲ ਤੇ ਪਾਰਧੀ ਪਰਿਵਾਰ ਰਹਿੰਦੇ ਹਨ। ਮਹਾਰਾਸ਼ਟਰ ਅੰਦਰ ਪਿਛੜੇ ਕਬੀਲਿਆਂ ਵਜੋਂ ਸੂਚੀਬੱਧ ਇਹ ਦੋਵੇਂ ਭਾਈਚਾਰੇ ਰਾਜ ਦੇ ਸਭ ਤੋਂ ਕੰਗਾਲ਼ ਤੇ ਹਾਸ਼ੀਆਗਤ (ਕਮਜ਼ੋਰ) ਵਰਗ ਮੰਨੇ ਜਾਂਦੇ ਹਨ।
ਭੀਲ ਭਾਈਚਾਰੇ ਨਾਲ਼ ਤਾਅਲੁੱਕ ਰੱਖਣ ਵਾਲ਼ੀ ਗੀਤਾ ਖੁੱਲ੍ਹੇ ਵਿੱਚ ਜੰਗਲ-ਪਾਣੀ ਜਾਣ ਦੌਰਾਨ ਹੋਣ ਵਾਲ਼ੀ ਅਸੁਵਿਧਾ ਬਾਰੇ ਗੱਲ ਕਰਦੀ ਹੋਈ ਕਹਿੰਦੀ ਹਨ,''ਜਦੋਂ ਅਸੀਂ ਬਹਿੰਦੇ ਹਾਂ ਤਾਂ ਘਾਹ ਸਾਨੂੰ ਚੁੱਭ ਜਾਂਦਾ ਏ, ਮੱਛਰ ਲੜਦਾ ਏ... ਉੱਤੋਂ ਹਰ ਵੇਲ਼ੇ ਸੱਪ ਦੇ ਡੰਗਣ ਦਾ ਡਰ ਸਤਾਉਂਦਾ ਰਹਿੰਦਾ ਏ।''
ਬਸਤੀ ਦੇ ਲੋਕਾਂ ਨੂੰ ਹਰ ਪੈਰ 'ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ- ਖ਼ਾਸਕਰਕੇ ਔਰਤਾਂ ਨੂੰ ਜੰਗਲਾਂ ਵਿੱਚੋਂ ਦੀ ਲੰਘਣ ਵੇਲ਼ੇ ਹੋ ਸਕਣ ਵਾਲ਼ੇ ਕਿਸੇ ਵੀ ਹਮਲੇ ਦਾ ਧੁੜਕੂ ਲੱਗਾ ਰਹਿੰਦਾ ਹੈ।
''ਅਸੀਂ ਜੰਗਲ-ਪਾਣੀ ਲਈ ਚਾਰ-ਚਾਰ ਜਣਿਆਂ ਦੇ ਸਮੂਹ ਵਿੱਚ ਜਾਂਦੇ ਆਂ, ਨਾਲ਼ ਦੀ ਨਾਲ਼ ਇਹ ਵੀ ਧਿਆਨ ਰੱਖਦਿਆਂ ਕਿ ਕਿਤੇ ਕੋਈ ਆ (ਹਮਲਾ ਕਰਨ) ਨਾ ਜਾਵੇ...'' 22 ਸਾਲਾ ਸਵਾਤੀ ਕਹਿੰਦੀ ਹਨ, ਉਹ ਵੀ ਭੀਲ਼ ਭਾਈਚਾਰੇ ਨਾਲ਼ ਤਾਅਲੁੱਕ ਰੱਖਦੀ ਹਨ।
ਪਿੰਡ ਤੋਂ ਕੋਈ ਦੋ ਕਿਲੋਮੀਟਰ ਦੂਰ ਉਨ੍ਹਾਂ ਦੀ ਬਸਤੀ ਕੁਰੂਲੀ ਗ੍ਰਾਮ ਪੰਚਾਇਤ ਅਧੀਨ ਆਉਂਦੀ ਹੈ। ਮੁਕਾਮੀ ਦਰਬਾਰੇ ਕਈ ਵਾਰੀ ਕੀਤੀ ਅਪੀਲ ਤੇ ਦਰਖ਼ਾਸਤ ਦੇ ਬਾਵਜੂਦ ਵੀ ਬਸਤੀ ਨੂੰ ਹਾਲੇ ਤੀਕਰ ਨਾ ਬਿਜਲੀ ਮਿਲ਼ੀ ਹੈ ਤੇ ਨਾ ਹੀ ਪੀਣ ਵਾਲ਼ਾ ਪਾਣੀ ਤੇ ਨਾ ਹੀ ਪਖ਼ਾਨਿਆਂ ਦੀ ਸੁਵਿਧਾ। 70 ਦੀ ਉਮਰ ਨੂੰ ਢੁਕਣ ਵਾਲ਼ੀ ਵਿਥਾਬਾਈ ਕਹਿੰਦੀ ਹਨ,''ਉਹ (ਪੰਚਾਇਤ) ਕਦੇ ਵੀ ਸਾਡੀਆਂ ਪਰੇਸ਼ਾਨੀਆਂ 'ਤੇ ਕੰਨ ਨਹੀਂ ਧਰਦੇ।''
ਇਸ ਅਲੱਗ-ਥਲੱਗ ਬਸਤੀ ਦੇ ਸੁਵਿਧਾਵਾਂ ਤੋਂ ਵਾਂਝੇ ਵਾਸੀ, ਰਾਜ ਦੇ ਪਿਛੜੇ ਕਬੀਲਿਆਂ ਦੇ ਉਨ੍ਹਾਂ 39 ਫ਼ੀਸਦ ਲੋਕਾਂ ਵਿੱਚੋਂ ਹੀ ਹਨ, ਜਿਨ੍ਹਾਂ ਦੀ ਪਖ਼ਾਨੇ ਤੱਕ ਪਹੁੰਚ ਨਹੀਂ ਬਣ ਸਕੀ। ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ 2019-21 ( ਐੱਨਐੱਫ਼ਐੱਚਐੱਸ-5 ) ਮੁਤਾਬਕ, ਮਹਾਰਾਸ਼ਟਰ ਦੇ ਪੇਂਡੂ ਇਲਾਕਿਆਂ ਦੇ 23 ਫ਼ੀਸਦੀ ਪਰਿਵਾਰ ''ਪਖ਼ਾਨਿਆਂ ਦਾ ਇਸਤੇਮਾਲ ਨਹੀਂ ਕਰਦੇ; ਉਹ ਜੰਗਲ-ਪਾਣੀ ਵਾਸਤੇ ਖੁੱਲ੍ਹੀਆਂ ਥਾਵਾਂ ਤੇ ਖੇਤਾਂ ਵਿੱਚ ਜਾਂਦੇ ਹਨ।''
ਪਰ ਸਵੱਛ ਭਾਰਤ ਅਭਿਆਨ (ਗ੍ਰਾਮੀਣ) ਨੇ ਬੜੇ ਨਾਟਕੀ ਤਰੀਕੇ ਨਾਲ਼ ਐਲਾਨ ਕੀਤਾ ਕਿ ''ਸਵੱਛ ਭਾਰਤ ਅਭਿਆਨ (ਗ੍ਰਾਮੀਣ) ਨੇ 100 ਫ਼ੀਸਦੀ ਗ੍ਰਾਮੀਣ ਸਵੱਛਤਾ ਕਵਰੇਜ ਦੇ ਅਸੰਭਵ ਜਾਪਣ ਵਾਲ਼ੇ ਟੀਚੇ ਹਾਸਲ ਕਰ ਲਿਆ ਹੈ ਤੇ ਪਹਿਲੇ ਹੀ ਪੜਾਅ (2014-19) ਦੌਰਾਨ ਤੈਅ ਸਮੇਂ-ਸੀਮਾ ਅੰਦਰ ਅੰਦਰ ਭਾਰਤ ਨੂੰ ਖੁੱਲ੍ਹੇ ਵਿੱਚ ਜੰਗਲ-ਪਾਣੀ ਮੁਕਤ ਦੇਸ਼ ਬਣਾ ਦਿੱਤਾ ਹੈ।''
ਕੁਰੂਲੀ ਪਿੰਡ ਦੇ ਬਾਹਰਵਾਰ ਵੱਸੀ ਇਸੇ ਬਸਤੀ ਵਿੱਚ ਵਿਥਾਬਾਈ ਨੇ ਆਪਣੀ ਬਹੁਤੀ ਉਮਰ ਬਿਤਾਈ ਹੈ। ਉਹ ਸਾਨੂੰ ਰੁੱਖ ਦਿਖਾਉਂਦਿਆਂ ਕਹਿੰਦੀ ਹਨ,''ਦੇਖੋ ਕਦੇ ਮੈਂ ਇਹ ਰੁੱਖ ਲਾਇਆ ਸੀ। ਹੁਣ ਤੁਸੀਂ ਮੇਰੀ ਉਮਰ ਦਾ ਅੰਦਾਜ਼ਾ ਲਾਓ। ਨਾਲ਼ ਇਹ ਵੀ ਹਿਸਾਬ ਲਾਓ ਕਿ ਇੱਥੇ (ਜੰਗਲਾਂ ਵਿੱਚ) ਮੈਨੂੰ ਜੰਗਲ-ਪਾਣੀ ਜਾਂਦਿਆਂ ਕਿੰਨੇ ਸਾਲ ਬੀਤ ਚੁੱਕੇ ਹਨ।''
ਤਰਜਮਾ: ਕਮਲਜੀਤ ਕੌਰ