ਦਰੌਪਦੀ ਸਬਰ ਆਪਣੀ ਸਾੜੀ ਦੀ ਕੰਨੀ ਨਾਲ਼ ਆਪਣੀਆਂ ਅੱਖਾਂ ਪੂੰਝਦੀ ਹਨ, ਉਨ੍ਹਾਂ ਦੇ ਹੰਝੂ ਰੁਕਣ ਦਾ ਨਾਮ ਹੀ ਨਹੀਂ ਲੈਂਦੇ। ਉਹ ਓਡੀਸਾ ਦੇ ਗੁਡਭੇਲੀ ਪਿੰਡ ਵਿਖੇ ਆਪਣੇ ਘਰ ਦੇ ਬਾਹਰ ਬੈਠੀ ਹੋਈ ਹਨ ਅਤੇ ਉਨ੍ਹਾਂ ਦੇ ਦੋਹਤੇ, ਤਿੰਨ ਸਾਲਾ ਗਿਰੀਸ਼ ਅਤੇ ਨੌ-ਮਹੀਨਿਆਂ ਦਾ ਵਿਰਾਜ ਆਪਣੀ ਨਾਨੀ ਦੇ ਆਸਪਾਸ ਹੀ ਖੇਡ ਰਹੇ ਹਨ ਪਰ ਬਿਲਕੁਲ ਖ਼ਾਮੋਸ਼ੀ ਨਾਲ਼। ਉਨ੍ਹਾਂ ਦਾ ਪਰਿਵਾਰ 65 ਸਾਲਾ ਇਸ ਬਜ਼ੁਰਗ ਪਰੇਸ਼ਾਨ ਔਰਤ ਨੂੰ ਹੌਂਸਲਾ ਦੇ ਰਿਹਾ ਹੈ ਜੋ ਕਿ ਆਪਣੀ ਪੋਤਰੀ, ਤੁਲਸਾ ਦੀ ਮੌਤ 'ਤੇ ਸੋਗ ਮਨਾ ਰਹੀ ਹੈ।
''ਹੁਣ ਕਿਹਨੂੰ 'ਆਪਣੀ ਧੀ' ਕਹੀਏ?'' ਉਹ ਹਵਾ ਵਿੱਚ ਹੀ ਸਵਾਲ ਪੁੱਛਦੀ ਹਨ।
ਨੂਆਪਾੜਾ ਜ਼ਿਲ੍ਹੇ ਦੇ ਖਰਿਅਰ ਬਲਾਕ ਵਿਖੇ ਆਪਣੇ ਅੱਧ-ਉਸਰੇ ਪੱਕੇ ਘਰ ਦੇ ਬਾਹਰ ਪਲਾਸਿਟਕ ਦੀ ਚਟਾਈ 'ਤੇ ਬੈਠਾ ਤੁਲਸਾ ਦਾ ਪਰਿਵਾਰ, ਜੋ ਕਿ ਸਬਰ ਆਦਿਵਾਸੀ ਭਾਈਚਾਰੇ ਨਾਲ਼ ਤਾਅਲੁਕ ਰੱਖਦਾ ਹੈ, ਅਚਨਚੇਤ ਪਏ ਇਸ ਘਾਟੇ ਲਈ ਆਪਣਾ ਦਿਲ ਬੰਨ੍ਹਣ ਦੀ ਕੋਸ਼ਿਸ਼ ਕਰ ਰਿਹਾ ਹੈ। ਤੁਲਸਾ ਦੀ ਮਾਤਾ ਪਦਮਿਨੀ ਅਤੇ ਪਿਤਾ ਦੇਬਾਨੰਦ ਆਪਣੀ ਧੀ ਦੇ ਬੱਚਿਆਂ-ਖ਼ਾਸ ਕਰਕੇ ਵਿਰਾਜ ਨੂੰ ਲੈ ਕੇ ਫ਼ਿਕਰਮੰਦ ਹਨ, ਵਿਰਾਜ ਜੋ ਕਿ ਇੰਨਾ ਛੋਟਾ ਹੈ ਕਿ ਆਪਣੀ ਮਾਂ ਦੀ ਮੌਤ ਵੇਲ਼ੇ ਤੱਕ ਆਪਣੀ ਮਾਂ ਦਾ ਦੁੱਧ ਪੀਂਦਾ ਰਿਹਾ ਹੈ। ''ਮੇਰੀ ਨੂੰਹ ਪਦਮਿਨੀ ਅਤੇ ਮੈਂ ਇਨ੍ਹਾਂ ਬੱਚਿਆਂ ਦੀ ਦੇਖਭਾਲ਼ ਕਰ ਰਹੀਆਂ ਹਾਂ,'' ਦਰੌਪਦੀ ਨੇ ਕਿਹਾ।
ਬੱਚਿਆਂ ਦਾ ਪਿਤਾ ਯਾਨਿ ਕਿ ਤੁਲਸਾ ਦਾ ਪਤੀ ਭੋਸਿੰਧੂ,ਇੱਥੇ ਨਹੀਂ ਹੈ। ਉਹ ਇੱਥੋਂ 500 ਕਿਲੋਮੀਟਰ ਦੱਖਣ ਵੱਲ, ਤੇਲੰਗਾਨਾ ਦੇ ਪੇਡਾਪੱਲੀ ਜ਼ਿਲ੍ਹੇ ਦੇ ਪਿੰਡ ਰੰਗਾਪੁਰ ਵਿਖੇ ਇੱਟ-ਭੱਠੇ 'ਤੇ ਮਜ਼ਦੂਰੀ ਕਰ ਰਿਹਾ ਹੈ। ਦਸੰਬਰ 2021 ਨੂੰ ਉਹ ਆਪਣੀ ਮਾਂ ਅਤੇ ਤੁਲਸਾ ਦੀ ਛੋਟੀ ਭੈਣ ਦਿਪਾਂਜਲੀ ਦੇ ਉੱਥੇ ਦਿਹਾੜੀ ਕਰਨ ਗਿਆ ਸੀ, ਇਹ ਕੰਮ ਕੋਈ ਛੇ ਮਹੀਨਿਆਂ ਦਾ ਹੁੰਦਾ ਹੈ ਅਤੇ ਉਨ੍ਹਾਂ ਨੂੰ 200 ਰੁਪਏ ਦਿਹਾੜੀ ਮਿਲ਼ਦੀ ਹੈ।
24 ਜਨਵਰੀ 2022 ਦੀ ਰਾਤ, ਤੁਲਸਾ ਸਬਰ ਚਨਟਮਾਲ ਪਿੰਡ ਵਿਖੇ ਆਪਣੇ ਘਰ ਮੌਜੂਦ ਸਨ, ਇਹ ਪਿੰਡ ਉਨ੍ਹਾਂ ਦੇ ਮਾਪਿਆਂ ਦੇ ਗੁਡਭੇਲੀ ਦੇ ਘਰ ਨਾਲ਼ੋਂ 20 ਕਿਲੋਮੀਟਰ ਦੂਰ ਹੈ। ਰਾਤੀਂ ਕਰੀਬ 8 ਕੁ ਵਜੇ ਉਹਨੇ ਢਿੱਡ ਵਿੱਚ ਸ਼ਦੀਦ ਪੀੜ੍ਹ ਦੀ ਸ਼ਿਕਾਇਤ ਕੀਤੀ। ''ਮੈਂ ਉਹਨੂੰ ਖਰਿਆਰ (ਕਸਬੇ) ਦੇ ਸਬ-ਡਿਵੀਜ਼ਨ ਹਸਪਤਾਲ ਲੈ ਗਿਆ। ਉੱਥੋਂ ਦੇ ਡਾਕਟਰ ਨੇ ਕਿਹਾ ਕਿ ਉਨ੍ਹਾਂ ਦੀ ਹਾਲਤ ਕਾਫ਼ੀ ਨਾਜ਼ੁਕ ਹੈ ਤੁਸੀਂ ਇਹਨੂੰ ਨੂਆਪਾੜਾ ਦੇ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਲੈ ਜਾਓ। ਪਰ ਇਸ ਤੋਂ ਪਹਿਲਾਂ ਕਿ ਅਸੀਂ ਉੱਥੇ ਅੱਪੜਦੇ, ਤੁਲਸਾ ਇਸ ਦੁਨੀਆ ਤੋਂ ਜਾ ਚੁੱਕੀ ਸੀ,'' ਉਨ੍ਹਾਂ ਦੇ ਸਹੁਰਾ, ਦਸਮੂ ਸਾਬਰ ਕਹਿੰਦੇ ਹਨ।
ਪਰਿਵਾਰ ਵੱਲੋਂ ਹਸਪਤਾਲ ਤੱਕ ਪਹੁੰਚ ਬਣਾਉਣ ਲਈ- ਖਰਿਆਰ ਵਾਸਤੇ 20 ਕਿਲੋਮੀਟਰ ਅਤੇ ਨੂਆਪਾੜਾ ਪੁੱਜਣ ਲਈ ਅਗਲੇ 50 ਕਿਲੋਮੀਟਰ ਪੈਂਡਾ ਤੈਅ ਕਰਨ ਦੇ ਰਹੇ ਉਨ੍ਹਾਂ ਦੇ ਇਸ ਤਜ਼ਰਬਾ ਨੂੰ ਓਡੀਸਾ ਦੇ ਕਬਾਇਲੀ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਲਈ ਜਨਤਕ ਸਿਹਤ ਢਾਂਚੇ ਤੱਕ ਪਹੁੰਚ ਲਈ ਦਰਪੇਸ਼ ਆਉਂਦੀ ਪਰੇਸ਼ਾਨੀ ਨਾਲ਼ ਜੋੜ ਕੇ ਦੇਖਿਆ ਜਾਣਾ ਚਾਹੀਦਾ ਹੈ। ਪੇਂਡੂ ਓਡੀਸਾ ਦੇ 134 ਕਮਿਊਨਿਟੀ ਸਿਹਤ ਕੇਂਦਰਾਂ ਵਿਖੇ ਮਾਹਰ ਡਾਕਟਰਾਂ ਦੀ ਘਾਟ ਹੀ ਲੋਕਾਂ ਨੂੰ ਐਮਰਜੈਂਸੀ ਮੌਕੇ ਬਲਾਕ ਜਾਂ ਜ਼ਿਲ੍ਹਾ ਹਸਪਤਾਲਾਂ ਦਾ ਰਾਹ ਫੜ੍ਹਨ ਲਈ ਮਜ਼ਬੂਰ ਕਰਦੀ ਹੈ।
ਪੇਂਡੂ ਸਿਹਤ ਅੰਕੜੇ 2019-20 ਮੁਤਾਬਕ, ਓਡੀਸਾ ਦੇ ਕਬਾਇਲੀ ਇਲਾਕਿਆਂ ਦੀਆਂ ਸੀਐੱਚਸੀ ਵਿਖੇ ਘੱਟੋ-ਘੱਟ 536 ਮਾਹਰ ਡਾਕਟਰਾਂ- ਫਿਜ਼ੀਸ਼ੀਅਨ, ਸਰਜਨਾਂ, ਜਨਾਨਾ ਰੋਗ ਮਾਹਰਾਂ ਅਤੇ ਬਾਲ ਰੋਗ ਮਾਹਰਾਂ ਦੀ ਲੋੜ ਹੈ ਪਰ ਕਿੱਲਤ ਦੇ ਚੱਲਦਿਆਂ 461 ਡਾਕਟਰਾਂ ਦੀ ਕਮੀ ਬਣੀ ਹੋਈ ਹੈ। ਪੇਂਡੂ ਸਿਹਤ ਢਾਂਚੇ ਦੀ ਤਿੰਨ-ਪੱਧਰੀ ਸਿਖ਼ਰਲੀ ਸਿਹਤ ਸਹੂਲਤ- ਸੀਐੱਚਸੀ ਵਿਖੇ ਔਸਤਨ ਇੱਕ ਲੱਖ ਤੋਂ ਵੀ ਘੱਟ ਲੋਕਾਂ ਨੂੰ ਸਿਹਤ ਸੇਵਾ ਪ੍ਰਦਾਨ ਕੀਸੋਗ ਵਿੱਚ ਡੁੱਬੇ ਇਸ ਪਰਿਵਾਰ ਨੂੰ ਅਚਾਨਕ ਪਿਆ ਇਹ ਘਾਟਾ ਹੋਰ ਡੂੰਘੇਰਾ ਹੋ ਗਿਆ ਕਿਉਂਕਿ ਤੁਲਸਾ ਦੇ ਪਤੀ ਵੀ ਤੇਲੰਗਾਨਾ ਵਿਖੇ ਸਨ।
27 ਸਾਲਾ ਭੋਸਿੰਧੂ, ਆਪਣੀ ਪਤਨੀ ਦੀਆਂ ਅੰਤਮ ਰਸਮਾਂ ਦੌਰਾਨ ਵੀ ਨਹੀਂ ਪਹੁੰਚ ਸਕੇ। ''ਜਦੋਂ ਮੈਂ ਉਹਨੂੰ ਉਹਦੀ ਪਤਨੀ ਦੇ ਦੇਹਾਂਤ ਦੀ ਖ਼ਬਰ ਸੁਣਾਈ ਤਾਂ ਮੇਰੇ ਬੇਟੇ ਨੇ ਮਾਲਕ ਕੋਲ਼ੋਂ ਛੁੱਟੀ ਲਈ ਹਾੜੇ ਕੱਢੇ, ਪਰ ਉਹਨੂੰ ਛੁੱਟੀ ਨਾ ਮਿਲ਼ੀ,'' ਦਸਮੂ ਕਹਿੰਦੇ ਹਨ। ਪੇਡਾਪੱਲੀ ਤੋਂ ਆਪਣੇ ਪਰਿਵਾਰ ਨੂੰ ਇੱਥੇ ਵਾਪਸ ਬੁਲਾਉਣ ਲਈ ਉਨ੍ਹਾਂ ਨੇ ਸਥਾਨਕ ਲੇਬਰ ਠੇਕੇਦਾਰ (ਸਰਦਾਰ) ਕੋਲ਼ ਜੋ ਅਪੀਲਾਂ ਕੀਤੀਆਂ ਸਨ, ਕਿਸੇ ਖ਼ੂਹ-ਖਾਤੇ ਨਾ ਪਈਆਂ।
ਜਿਹੜੇ ਸਰਦਾਰ ਨੇ ਭੋਸਿੰਧੂ ਅਤੇ ਹੋਰਨਾਂ 60 ਕਾਮਿਆਂ ਨੂੰ ਪਿੰਡੋਂ ਤੇਲੰਗਾਨਾ ਦੇ ਇੱਟ-ਭੱਠੇ ਵਿਖੇ ਕੰਮ ਕਰਨ ਭੇਜਿਆ ਸੀ, ਉਹਨੇ ਪਰਿਵਾਰ ਨੂੰ ਪੇਸ਼ਗੀ ਰਕਮ ਵਜੋਂ ਦਿੱਤੇ 111,000 ਰੁਪਏ ਪਹਿਲਾਂ ਮੋੜਨ ਲਈ ਕਿਹਾ। ਉਹਨੇ ਦੋਸ਼ ਲਾਉਂਦਿਆਂ ਕਿਹਾ, ਭੱਠਾ ਮਾਲਕ ਇਸ ਰਕਮ ਦੀ ਵਾਪਸੀ ਚਾਹੇਗਾ।
ਤੀ ਜਾਂਦੀ ਹੈ।
*****
ਭੋਸਿੰਧੂ ਵਾਂਗਰ ਨੂਆਪਾੜਾ ਦੇ ਸਾਬਰ ਭਾਈਚਾਰੇ ਦੇ ਕਈ ਕਾਮੇ ਕੰਮ ਖ਼ਾਤਰ ਪ੍ਰਵਾਸ ਕਰਦੇ ਹਨ, ਉਹ ਪ੍ਰਵਾਸ ਥੋੜ੍ਹ-ਚਿਰਾ ਜਾਂ ਚਿਰਸਥਾਈ ਵੀ ਹੋ ਸਕਦਾ ਹੁੰਦਾ ਹੈ, ਕਦੇ ਕਦੇ ਮੌਸਮੀ ਵੀ, ਖ਼ਾਸ ਕਰਕੇ ਜਦੋਂ ਉਨ੍ਹਾਂ ਦੇ ਸਿਰਾਂ 'ਤੇ ਵੱਡਾ ਖ਼ਰਚੇ ਬੋਲਦੇ ਹੋਣ। ਇਲਾਕੇ ਦਾ ਅੱਧਾ ਹਿੱਸਾ ਜੰਗਲਾਂ ਨਾਲ਼ ਘਿਰਿਆ ਹੋਇਆ ਹੈ ਅਤੇ ਇੱਥੇ ਰਹਿਣ ਵਾਲ਼ੇ ਆਦਿਵਾਸੀ ਭਾਈਚਾਰੇ ਆਪਣੀ ਰੋਜ਼ੀਰੋਟੀ ਵਾਸਤੇ ਅਤੇ ਕਮਾਈ ਵਾਸਤੇ ਪੀੜ੍ਹੀ ਦਰ ਪੀੜ੍ਹੀ ਇਨ੍ਹਾਂ ਜੰਗਲਾਂ ਦੀ ਗ਼ੈਰ-ਇਮਾਰਤੀ ਲੱਕੜ ਉਤਪਾਦ/ਨਾਨ-ਟਿੰਬਰ ਫੌਰੈਸਟ ਪ੍ਰੋਡਿਊਸ (ਐੱਨਟੀਈਪੀ) ਜਿਵੇਂ ਕਿ ਮਹੂਏ ਦੇ ਫੁੱਲਾਂ ਅਤੇ ਚਾਰ ਬੀਜਾਂ (ਚਿਰੋਂਜੀ) 'ਤੇ ਨਿਰਭਰ ਰਹਿੰਦੇ ਆਏ ਹਨ। ਇੰਨਾ ਹੀ ਨਹੀਂ ਉਹ ਬਰਸਾਤ-ਅਧਾਰਤ ਖੇਤੀ ਵੀ ਕਰਦੇ ਹਨ। ਹਾਲਾਂਕਿ, ਜੰਗਲੀ ਉਤਪਾਦ ਨਫ਼ਾ ਨਹੀਂ ਦਿੰਦੇ ਅਤੇ ਜੋ ਬਰਸਾਤ-ਅਧਾਰਤ ਖੇਤੀ ਹੈ ਉਹ ਵੀ ਸੋਕੇ ਅਤੇ ਪੈਣ ਵਾਲ਼ੇ ਘੱਟ ਮੀਂਹ ਕਾਰਨ ਬੁਰੀ ਤਰ੍ਹਾਂ ਪ੍ਰਭਾਵਤ ਹੁੰਦੀ ਆਈ ਹੈ। ਇਸ ਪੂਰੇ ਜ਼ਿਲ੍ਹੇ ਵਿੱਚ ਸਿੰਚਾਈ ਦਾ ਵਜੂਦ ਲਗਭਗ ਮਨਫ਼ੀ ਹੀ ਹੈ।
ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲਾਏਮੈਂਟ ਗਰੰਟੀ ਐਕਟ ਸਕੀਮ ਨਾਲ਼ ਜੁੜੇ ਆਪਣੇ ਪਰਿਵਾਰ ਦੇ ਤਜ਼ਰਬੇ ਬਾਰੇ ਬੋਲਦਿਆਂ ਦਸਮੂ ਕਹਿੰਦੇ ਹਨ,''ਸਾਊਣੀ ਦੇ ਮੌਸਮ ਤੋਂ ਬਾਅਦ ਜਦੋਂ ਖੇਤੀ ਦਾ ਕੋਈ ਨਿਰੰਤਰ ਕੰਮ ਨਹੀਂ ਰਹਿੰਦਾ ਤਾਂ ਮਨਰੇਗਾ (MGNREGA) ਹੀ ਸਾਡੀ ਆਖ਼ਰੀ ਉਮੀਦ ਬਣਦਾ ਹੈ, ਪਰ ਇਸ ਕੰਮ ਬਦਲੇ ਮਿਲ਼ਣ ਵਾਲ਼ੇ ਪੈਸੇ ਵਿੱਚ ਹੁੰਦੀ ਦੇਰੀ ਸਾਨੂੰ ਹੋਰਨਾਂ ਵਿਕਲਪਾਂ ਵੱਲ ਭੱਜਣ ਲਈ ਮਜ਼ਬੂਰ ਕਰਦੀ ਹੈ। ਮੇਰੇ ਬੇਟੇ ਅਤੇ ਪਤਨੀ ਨੇ ਸੜਕ ਸੁਧਾਰ ਦੇ ਕਈ ਪ੍ਰੋਜੈਕਟਾਂ ਲਈ ਕੰਮ ਕੀਤਾ ਪਰ ਉਨ੍ਹਾਂ ਦੀਆਂ ਤਨਖ਼ਾਹਾਂ ਅਜੇ ਤੀਕਰ ਨਹੀਂ ਮਿਲ਼ੀਆਂ। ਕੁੱਲ ਬਣਦੀ ਰਾਸ਼ੀ 4,000 ਰੁਪਏ ਦੀ ਹੈ।''
ਸਾਉਣੀ ਦੇ ਮੌਸਮ ਵਿੱਚ ਵੀ ਰੁਜ਼ਗਾਰ ਦੇ ਵਿਕਲਪ ਬਹੁਤੇ ਨਹੀਂ ਹੁੰਦੇ, ਦਸਮੂ ਦੇ ਗੁਆਂਢੀ ਰਬਿੰਦਰ ਸਗਾਰਿਆ ਕਹਿੰਦੇ ਹਨ। ''ਬੱਸ ਇਹੀ ਕਾਰਨ ਹੈ ਜਿਸ ਕਰਕੇ ਇਸ ਇਲਾਕੇ ਦੇ ਨੌਜਵਾਨ ਲੋਕ ਹਰ ਸਾਲ ਨਵੰਬਰ ਮਹੀਨੇ ਕੰਮ ਵਾਸਤੇ ਪਲਾਇਨ ਕਰਦੇ ਹਨ। ਇਸ ਵੇਲ਼ੇ ਵੀ ਸਾਡੇ ਪਿੰਡ ਦੇ 60 ਨੌਜਵਾਨ ਲੋਕਾਂ ਵਿੱਚੋਂ ਤਕਰੀਬਨ 20 ਲੋਕ ਕੰਮ ਲਈ ਬਾਹਰ ਗਏ ਹੋਏ ਹਨ,'' ਉਹ ਕਹਿੰਦੇ ਹਨ।
ਨੂਆਪਾੜਾ ਦੇ ਸਾਬਰ ਭਾਈਚਾਰੇ ਵਿੱਚੋਂ ਮਹਿਜ 53 ਫ਼ੀਸਦ ਲੋਕ ਹੀ ਪੜ੍ਹੇਲਿਖੇ ਹਨ, ਜੋ ਪੇਂਡੂ ਓਡੀਸਾ ਦੇ ਔਸਤਨ 70 ਫ਼ੀਸਦ (ਸਾਖਰਤਾ) ਨਾਲ਼ੋਂ ਕਾਫ਼ੀ ਹੇਠਾਂ ਹੈ। ਜੋ ਥੋੜ੍ਹਾ ਬਹੁਤ ਪੜ੍ਹੇ ਲਿਖੇ ਹੁੰਦੇ ਹਨ ਉਹ ਮੁੰਬਈ ਦਾ ਰਾਹ ਫੜ੍ਹਦੇ ਹਨ, ਪਰ ਬਾਕੀ ਦੇ ਲੋਕ ਆਪਣੇ ਪਰਿਵਾਰਕ ਮੈਂਬਰਾਂ ਨਾਲ਼ ਰਲ਼ ਕੇ ਇੱਟ-ਭੱਠਿਆਂ 'ਤੇ ਦਿਹਾੜੀ ਧੱਪਾ ਕਰਨ ਨਿਕਲ਼ ਜਾਂਦੇ ਹਨ ਜਿੱਥੇ ਉਹ ਆਪਣੇ ਸਿਰਾਂ 'ਤੇ ਲੂੰਹਦੀਆਂ ਇੱਟਾਂ ਚੁੱਕੀ 12-12 ਘੰਟੇ ਖੱਪਦੇ ਹਨ, ਉਹ ਵੀ ਕੰਮ ਦੀਆਂ ਅਣਮਨੁੱਖੀ ਹਾਲਤਾਂ ਵਿੱਚ।
ਸਥਾਨਕ ਸਰਦਾਰ ਇਸੇ ਤਰ੍ਹਾਂ ਦੇ ਅਕੁਸ਼ਲ ਮਜ਼ਦੂਰਾਂ ਲਈ ਇੱਟ-ਭੱਠਿਆਂ 'ਤੇ ਕੰਮ ਲੱਭਣ ਦਾ ਬੰਦੋਬਸਤ ਕਰਦੇ ਹਨ, ਕੰਮ ਦੀ ਮਿਆਦ 6 ਮਹੀਨੇ ਦੀ ਪੱਕੀ ਹੁੰਦੀ ਹੈ, ਜਿੱਥੇ ਉਨ੍ਹਾਂ ਦੀ ਕੁੱਲ ਆਮਦਨੀ ਦਾ ਕੁਝ ਕੁ ਹਿੱਸਾ ਪੇਸ਼ਗੀ ਵਜੋਂ ਦੇ ਦਿੱਤਾ ਜਾਂਦਾ ਹੈ। ਭੋਸਿੰਧੂ ਦੇ ਪਰਿਵਾਰ ਨੂੰ ਆਪਣਾ ਘਰ ਮੁਕੰਮਲ ਕਰਨ ਲਈ ਪੈਸੇ ਦੀ ਲੋੜ ਸੀ, ਇਸਲਈ ਉਨ੍ਹਾਂ ਨੇ ਇਸ ਨੌਕਰੀ ਦੀ ਸੂਚੀ ਵਿੱਚ ਆਪਣਾ ਨਾਮ ਲਿਖਵਾ ਲਿਆ।
ਦਸਮੂ ਕਹਿੰਦੇ ਹਨ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਵਾਸ ਯੋਜਨਾ (ਪੇਂਡੂ) ਤਹਿਤ ਘਰ ਅਲਾਟ ਕੀਤਾ ਗਿਆ,''ਪਰ ਮਨਜ਼ੂਰ ਹੋਈ 1.3 ਲੱਖ ਰੁਪਏ ਦੀ ਰਾਸ਼ੀ ਮਕਾਨ ਪੂਰਾ ਕਰਨ ਲਈ ਕਾਫ਼ੀ ਨਹੀਂ ਰਹੀ।'' ਪਰਿਵਾਰ ਨੇ ਮਨਰੇਗਾ ਤਹਿਤ ਕੰਮ ਕਰਕੇ ਆਪਣੇ ਪੈਸੇ 'ਚੋਂ 19,752 ਰੁਪਏ ਬਚਾਏ ਹੋਏ ਸਨ ਜੋ ਰਾਸ਼ੀ ਉਨ੍ਹਾਂ ਨੂੰ ਜੂਨ 2020 ਤੱਕ ਮਿਲ਼ੀ, ਪਰ ਅਜੇ ਵੀ ਉਨ੍ਹਾਂ ਨੂੰ 1 ਲੱਖ ਰੁਪਏ ਦੀ ਲੋੜ ਬਣੀ ਰਹੀ। ''ਅਸੀਂ ਕਰਜ਼ਾ ਚੁੱਕਿਆ ਅਤੇ ਅਦਾ ਵੀ ਕੀਤਾ, ਸਾਨੂੰ ਸਰਦਾਰ ਪਾਸੋਂ ਉਧਾਰ ਚਾਹੀਦਾ ਸੀ,'' ਉਹ ਕਹਿੰਦੇ ਹਨ।
ਇਹ 2021 ਵਿੱਚ ਪਰਿਵਾਰ ਦਾ ਪਹਿਲਾ ਕਰਜ਼ਾ ਸੀ। ਤੁਲਸਾ ਦੀ ਗਰਭ ਅਵਸਥਾ ਮੁਸ਼ਕਲ ਸੀ, ਜਿਸ ਕਾਰਨ ਉਹ ਛੇਤੀ ਬੀਮਾਰ ਹੋ ਗਈ ਅਤੇ ਵਿਰਾਜ ਦਾ ਸਮੇਂ ਤੋਂ ਪਹਿਲਾਂ ਜਨਮ ਹੋਇਆ। ਜਨਮ ਤੋਂ ਬਾਅਦ ਪਹਿਲੇ ਤਿੰਨ ਮਹੀਨੇ ਤੱਕ ਬੱਚੇ ਅਤੇ ਮਾਂ ਦਾ ਦੋ ਹਸਪਤਾਲਾਂ-ਨੂਆਪਾੜਾ ਦੇ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਅਤੇ 200 ਕਿਲੋਮੀਟਰ ਦੂਰ ਸੰਬਲਪੁਰ ਦੇ ਵੀਰ ਸੁਰੇਂਦਰ ਸਾਈ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਐਂਡ ਰਿਸਰਚ ਵਿੱਚ ਇਲਾਜ ਕਰਵਾਇਆ ਗਿਆ।
''ਅਸਾਂ ਆਪਣੀ ਡੇਢ ਏਕੜ ਦੀ ਜ਼ਮੀਨ 35,000 ਰੁਪਏ ਵਿੱਚ ਗਹਿਣੇ ਪਾਈ ਅਤੇ ਤੁਲਸਾ ਨੇ ਡਾਕਟਰੀ ਖ਼ਰਚਿਆਂ ਲਈ ਆਪਣੇ ਸਵੈ-ਸਹਾਇਤਾ ਸਮੂਹ (SHG) ਰਾਹੀਂ 30,000 ਰੁਪਏ ਦਾ ਬੈਂਕ ਲੋਨ ਲਿਆ,'' ਦਸਮੂ ਕਹਿੰਦੇ ਹਨ। ਬੱਸ ਇਹੀ ਕਰਜਾ ਲਾਹੁਣ ਲਈ ਪਰਿਵਾਰ ਨੇ ਠੇਕੇਦਾਰ ਕੋਲ਼ੋਂ ਪੇਸ਼ਗੀ ਭੁਗਤਾਨ ਚੁੱਕਿਆ ਅਤੇ ਫਿਰ ਉਸ ਪੇਸ਼ਗੀ ਉਧਾਰ ਨੂੰ ਲਾਹੁਣ ਵਾਸਤੇ ਪਿਛਲੇ ਸਾਲ ਦਸੰਬਰ ਵਿੱਚ ਤੇਲੰਗਾਨਾ ਚਲੇ ਗਏ।
ਨੂਆਪਾੜਾ ਓਡੀਸਾ ਦੇ ਸਭ ਤੋਂ ਗ਼ਰੀਬ ਜ਼ਿਲ੍ਹਿਆਂ ਵਿੱਚੋਂ ਇੱਕ ਹੈ। ਭਾਰਤ ਦੇ ਅੰਦਰੂਨੀ ਪ੍ਰਵਾਸ 'ਤੇ ਇੱਕ ਅਧਿਐਨ ਦੱਸਦਾ ਹੈ ਕਿ ਇੱਥੋਂ ਦੇ ਲੋਕ ਅਤੇ ਰਾਜ ਦੇ ਦੱਖਣੀ ਹਿੱਸੇ ਦੇ ਜ਼ਿਲ੍ਹਿਆਂ ਦੇ ਵਾਸੀ ਕੰਮ ਖ਼ਾਤਰ ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਤਮਿਲਨਾਡੂ ਅਤੇ ਕਰਨਾਟਕ ਵਿਖੇ ਪ੍ਰਵਾਸ ਕਰਦੇ ਹਨ। ਸਥਾਨਕ ਐੱਨਜੀਓ ਦੁਆਰਾ ਇਕੱਠੇ ਕੀਤੇ ਡਾਟਾ ਦਾ ਹਵਾਲਾ ਜੋੜਦੇ ਹੋਏ ਰਿਪੋਰਟ ਅੱਗੇ ਕਹਿੰਦੀ ਹੈ ਕਿ ਓਡੀਸਾ ਦੇ 5 ਲੱਖ ਦੇ ਕਰੀਬ ਮਜ਼ਦੂਰ ਪ੍ਰਵਾਸ ਕਰਦੇ ਹਨ ਜਿਨ੍ਹਾਂ ਵਿੱਚੋਂ ਕਰੀਬ 2 ਲੱਖ ਲੋਕ ਤਾਂ ਬਾਲਨਗੀਰ, ਨੂਆਪਾੜਾ, ਕਲਾਹਾਂਡੀ, ਬੌਧ, ਸੁਬਰਨਾਪੁਰ ਅਤੇ ਬਾੜਗੜ੍ਹ ਜ਼ਿਲ੍ਹਿਆਂ ਵਿੱਚੋਂ ਹੁੰਦੇ ਹਨ।
ਸੰਬਲਪੁਰ ਸ਼ਹਿਰ ਵਿਖੇ ਸਥਿਤ ਵਾਟਰ ਇਨੀਸ਼ੀਏਟਿਵ ਓਡੀਸਾ ਦੇ ਮੋਢੀ, ਪ੍ਰਸਿੱਧ ਕਾਰਕੁੰਨ ਰੰਜਨ ਪਾਂਡਾ ਨੇ ਪ੍ਰਵਾਸੀ ਮਜ਼ਦੂਰਾਂ ਦੇ ਮੁੱਦਿਆਂ ਨੂੰ ਕਾਫ਼ੀ ਨੇੜਿਓਂ ਦੇਖਿਆ ਹੈ। ''ਇਸ ਇਲਾਕੇ ਦੇ ਲੋਕ ਕਈ ਤਰ੍ਹਾਂ ਦੇ ਅੰਤਰ-ਸਬੰਧਤ ਕਾਰਕਾਂ ਖ਼ਾਸ ਕਰਕੇ ਜਲਵਾਯੂ ਤਬਦੀਲੀ ਨਾਲ਼ ਉਪਜੇ ਖ਼ਤਰਿਆਂ ਅਤੇ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਜੋ ਕੁਦਰਤੀ ਵਸੀਲਿਆਂ ਵਿੱਚ ਲਗਾਤਾਰ ਆਉਂਦੀ ਗਿਰਾਵਟ ਅਤੇ ਸਥਾਨਕ ਪੱਧਰ 'ਤੇ ਸੁੰਗੜਦੇ ਰੁਜ਼ਗਾਰ ਯੋਜਨਾਵਾਂ ਦਾ ਕਾਰਨ ਬਣਦੀਆਂ ਹਨ,'' ਉਹ ਕਹਿੰਦੇ ਹਨ।
*****
''ਤੁਸੀਂ ਜ਼ਰੂਰ ਹੀ ਉਹਨੂੰ ਦੇਖਿਆ ਹੋਣਾ। ਉਹ ਬਹੁਤ ਖ਼ੂਬਸੂਰਤ ਸੀ,'' ਹੰਝੂ ਭਰੀਆਂ ਅੱਖਾਂ ਨਾਲ਼ ਦਰੌਪਦੀ ਆਪਣੀ ਪੋਤੀ ਬਾਰੇ ਗੱਲ ਕਰਦਿਆਂ ਕਹਿੰਦੀ ਹਨ।
ਮੌਤ ਤੋਂ ਪਹਿਲਾਂ ਤੁਲਸਾ ਰਾਜ ਵਿੱਚ 2022 (ਫਰਵਰੀ 16 ਤੋਂ 24) ਦੀਆਂ ਪੰਚਾਇਤੀ ਚੋਣਾਂ ਦੇ ਪ੍ਰਚਾਰ ਕਰਦੇ ਹੋਏ, ਅਰਡਾ ਗ੍ਰਾਮ ਪੰਚਾਇਤ ਦੇ ਪਿੰਡੋਂ-ਪਿੰਡ ਜਾ ਰਹੀ ਸਨ। ਆਦਿਵਾਸੀ ਬਹੁਗਿਣਤੀ ਵਾਲ਼ਾ ਪਿੰਡ ਚਨਟਮਾਲ, ਅਰਡਾ ਪੰਚਾਇਤ ਹੇਠ ਆਉਂਦਾ ਹੈ ਅਤੇ ਉਹ ਸਮਿਤੀ ਚੋਣਾਂ ਲੜ ਰਹੀ ਸਨ। ਇਹ ਸੀਟ ਪਿਛੜੇ ਕਬੀਲੇ ਦੇ ਔਰਤ ਉਮੀਦਵਾਰ ਲਈ ਰਾਖਵੀਂ ਸੀ ਅਤੇ ਤੁਲਸਾ ਲੋਕਾਂ ਦੀ ਪਸੰਦ ਸਨ ਕਿਉਂਕਿ ਉਹ ਆਪਣੇ ਪਿੰਡ ਦੀ ਇਕਲੌਤੀ ਅਜਿਹੀ ਆਦਿਵਾਸੀ ਔਰਤ ਸਨ ਜਿਨ੍ਹਾਂ ਨੇ ਆਪਣੇ ਸਕੂਲ ਦੀ ਪੜ੍ਹਾਈ ਮੁਕੰਮਲ ਕੀਤੀ ਸੀ ਅਤੇ ਉਹ ਸਵੈ-ਸਹਾਇਤਾ ਸਮੂਹ ਦੀ ਅਗਵਾਈ ਵੀ ਕਰ ਰਹੀ ਸਨ। ''ਸਾਡੇ ਰਿਸ਼ਤੇਦਾਰਾਂ ਨੇ ਵੀ ਚੋਣਾਂ ਲੜਨ ਲਈ ਉਹਨੂੰ ਹੱਲ੍ਹਾਸ਼ੇਰੀ ਦਿੱਤੀ,'' ਦਸਮੂ ਕਹਿੰਦੇ ਹਨ।
ਦਰੌਪਦੀ ਨੇ ਤੁਲਸਾ ਨੂੰ ਚੋਣਾਂ ਨਾ ਲੜਨ ਦੀ ਸਲਾਹ ਦਿੱਤੀ। ''ਅਜੇ ਛੇ ਮਹੀਨੇ ਪਹਿਲਾਂ ਹੀ ਤਾਂ ਉਹ ਰਾਜ਼ੀ ਹੋਈ ਸੀ, ਇਸੇ ਲਈ ਮੈਂ ਉਹਦੇ ਇਸ ਕਦਮ ਦੇ ਖ਼ਿਲਾਫ਼ ਸਾਂ,'' ਚਿੰਤਾ ਵਿੱਚ ਡੁੱਬੀ ਇੱਕ ਦਾਦੀ ਨੇ ਕਿਹਾ। ''ਉਹ ਮਰੀ ਹੀ ਤਾਂ ਹੈ।''
ਪ੍ਰਵਾਸ ਵੀ ਚੋਣਾਂ 'ਤੇ ਅਸਰ ਪਾਉਂਦਾ ਹੈ ਸਥਾਨਕ ਲੀਡਰ ਸੰਜੈ ਤਿਵਾੜੀ ਨੇ ਕਿਹਾ, ਜੋ ਖਰਿਆਰ ਬਲਾਕ ਦੇ ਬਾਰਗਾਓਂ ਗ੍ਰਾਮ ਪੰਚਾਇਤ ਵਿੱਚ ਸਰਪੰਚ ਦੇ ਅਹੁੱਦੇ ਲਈ ਖੜ੍ਹੇ ਸਨ। ਵੋਟਰਾਂ ਦੀ ਗਿਣਤੀ ਖ਼ਾਸ ਕਰਕੇ ਗਰ਼ੀਬ ਤਬਕਿਆਂ ਦੀ ਗਿਣਤੀ ਵਿੱਚ ਘਾਟ ਆਈ ਹੈ, ਉਨ੍ਹਾਂ ਨੇ ਕਿਹਾ। ਨੂਆਪਾੜਾ ਜ਼ਿਲ੍ਹੇ ਦੇ ਇੱਕ ਲੱਖ ਤੋਂ ਵੱਧ ਪ੍ਰਵਾਸੀ ਵੋਟ ਨਾ ਪਾ ਸਕੇ, ਉਨ੍ਹਾਂ ਨੇ ਕਿਹਾ ਇਕੱਲੇ ਬਾਰਗਾਓਂ ਵਿਖੇ ਇਹ ਗਿਣਤੀ ਕਰੀਬ 300 ਰਹੀ।
''ਅਸੀਂ ਦਾਅਵਾ ਕਰਦੇ ਹਾਂ ਕਿ ਸਾਡੇ ਦੇਸ਼ ਵਿੱਚ ਚੋਣਾਂ ਕਿਸੇ ਤਿਓਹਾਰ ਤੋਂ ਘੱਟ ਨਹੀਂ, ਪਰ ਭੋਸਿੰਧੂ ਅਤੇ ਉਨ੍ਹਾਂ ਦੀ ਮਾਂ ਵਾਸਤੇ, ਵੋਟਾਂ ਦਾ ਮਤਲਬ ਕੁਝ ਵੀ ਨਹੀਂ, ਜਿਨ੍ਹਾਂ ਨੂੰ ਆਪਣੇ ਕਿਸੇ ਪਿਆਰੇ ਦੀ ਅੰਤਮ ਕਿਰਿਆ ਤੱਕ ਵਿੱਚ ਵੀ ਸ਼ਾਮਲ ਹੋਣ ਦੀ ਆਗਿਆ ਨਾ ਮਿਲ਼ੀ'' ਤਿਵਾੜੀ ਨੇ ਕਿਹਾ।
ਭੋਸਿੰਧੂ ਦੇ ਗੁਆਂਢੀ ਸੁਭਾਸ਼ ਬੇਹੇੜਾ ਮੰਨਦੇ ਹਨ ਕਿ ਕੋਵਿਡ-19 ਦੀ ਤਾਲਾਬੰਦੀ, ਜਿਹਦੇ ਕਾਰਨ ਜ਼ਿਲ੍ਹੇ ਵਿੱਚ ਰੁਜ਼ਗਾਰ ਦੇ ਮੌਕੇ ਹੋਰ ਘੱਟ ਗਏ, ਨੇ ਪ੍ਰਵਾਸ ਕਰਨ ਲਈ ਮਜ਼ਬੂਰ ਕੀਤਾ ਹੈ। ''ਜੇ ਰੁਜਗ਼ਾਰ ਦਾ ਕੋਈ ਮੌਕਾ ਇੱਥੇ ਬਚਿਆ ਹੁੰਦਾ ਤਾਂ ਉਹ ਚੋਣਾਂ ਲੜ ਰਹੀ ਆਪਣੀ ਪਤਨੀ ਨੂੰ ਇਓਂ ਇਕੱਲਾ ਛੱਡ ਪੈਸਾ ਕਮਾਉਣ ਭੱਠੇ 'ਤੇ ਨਾ ਜਾਂਦਾ,'' ਉਹ ਕਹਿੰਦੇ ਹਨ।
''ਤੂੰ ਕਿੱਥੇ ਚਲੀ ਗਈ ਮੇਰੀ ਬੱਚੀ? ਤੂੰ ਸਾਨੂੰ ਕਿਉਂ ਛੱਡ ਗਈ?''
ਆਪਣੀ ਪੋਤੀ ਨੂੰ ਚੇਤੇ ਕਰਦੇ ਦਰੌਪਦੀ ਦੇ ਵੈਣ ਪੂਰੇ ਭਾਈਚਾਰੇ ਵਿੱਚ ਗੂੰਜ ਜਾਂਦੇ ਹਨ।
*****
ਪੋਸਟ ਸਕ੍ਰਿਪਟ: ਤੁਲਸਾ ਦੀ ਮੌਤ ਤੋਂ ਇੱਕ ਹਫ਼ਤੇ ਬਾਅਦ, ਪੱਤਰਕਾਰ ਅਜੀਤ ਪਾਂਡਾ ਨੇ ਪਰਿਵਾਰ ਦੀ ਹਾਲਤ ਨੂੰ ਦਰਸਾਉਂਦਾ ਇੱਕ ਟਵੀਟ ਕੀਤਾ ਜਿਸ ਵਿੱਚ ਉਨ੍ਹਾਂ ਨੇ ਓਡੀਸਾ ਦੇ ਮੁੱਖ ਮੰਤਰੀ, ਨੂਆਪਾੜਾ ਦੇ ਜ਼ਿਲ੍ਹਾ ਕਲੈਕਟਰ ਅਤੇ ਰਾਮਗੁੰਦਮ ਦੇ ਪੁਲਿਸ ਕਮਿਸ਼ਨ ਦੇ ਸਰਕਾਰੀ ਹੈਂਡਲ ਨੂੰ ਟੈਗ ਕੀਤਾ। ਪੁਲਿਸ ਨੇ 24 ਘੰਟਿਆਂ ਦੇ ਅੰਦਰ ਅੰਦਰ ਭੋਸਿੰਧੂ, ਉਨ੍ਹਾਂ ਦੀ ਮਾਂ ਅਤੇ ਦਿਪਾਂਜਲੀ ਨੂੰ ਟ੍ਰੈਕ ਕੀਤਾ ਅਤੇ ਇੱਟ-ਭੱਠੇ ਮਾਲਕ ਨੂੰ ਉਨ੍ਹਾਂ ਨੂੰ ਛੱਤੀਸਗੜ੍ਹ ਦੇ ਰਾਇਪੁਰ ਭੇਜਣ ਲਈ ਕਿਹਾ। ਭੱਠਾ ਮਾਲਕ ਨੇ ਦਿਪਾਂਜਲੀ ਦੇ ਇੱਥੇ ਹੀ ਰਹਿਣ ਦੀ ਜ਼ਿੱਦ ਕੀਤੀ ਤਾਂ ਕਿ ਬਾਕੀ ਦੋਵਾਂ ਦੀ ਵਾਪਸੀ ਯਕੀਨੀ ਬਣੀ ਰਹੇ, ਪਰ ਸਰਕਾਰੀ ਦਬਾਅ ਦੇ ਚੱਲਦਿਆਂ ਉਹਨੂੰ ਆਪਣੀ ਜ਼ਿੱਦ ਛੱਡਣੀ ਪਈ।
ਤੁਲਸਾ ਦੇ ਪਰਿਵਾਰ ਦੇ ਤਿੰਨੋਂ ਮੈਂਬਰਾਂ ਨੂੰ ਰਾਏਪੁਰ ਤੋਂ ਸਰਦਾਰ ਦੁਆਰਾ ਵਾਪਸ ਲਿਆਂਦਾ ਗਿਆ, ਜਿਹਨੇ ਉਨ੍ਹਾਂ ਨੂੰ ਇੱਟ-ਭੱਠੇ 'ਤੇ ਭੇਜਿਆ ਸੀ। ਉਨ੍ਹਾਂ ਨੂੰ ਰੇਲ ਰਾਹੀਂ ਓਡੀਸਾ ਦੇ ਬਲਾਂਗੀਰ ਜ਼ਿਲ੍ਹੇ ਦੇ ਕਾਂਤਾਬਾਨਜੀ ਸਟੇਸ਼ਨ 'ਤੇ ਲਿਆਂਦਾ ਗਿਆ, ਇਹ ਸਟੇਸ਼ਨ ਚਨਟਮਾਲ ਵਿਖੇ ਉਨ੍ਹਾਂ ਦੇ ਘਰ ਤੋਂ 25 ਕਿਲੋਮੀਟਰ ਦੂਰ ਹੈ। ਦਾਸਮੂ ਕਹਿੰਦੇ ਹਨ ਕਿ ਰੇਲਵੇ ਸਟੇਸ਼ਨ ਵਿਖੇ ਉਨ੍ਹਾਂ ਕੋਲ਼ੋਂ ਕੋਰੇ ਕਾਗ਼ਜ਼ 'ਤੇ ਹਸਤਾਖ਼ਰ ਲਏ ਗਏ ਜਿਸ ਵਿੱਚ ਉਨ੍ਹਾਂ ਦੀ ਸਹਿਮਤੀ ਲਈ ਗਈ ਕਿ ਉਹ ਪੇਸ਼ਗੀ ਰਕਮ ਵਜੋਂ ਪੈਸਾ ਪੂਰਾ ਕਰਨ ਲਈ ਉਸੇ ਭੱਠੇ 'ਤੇ ਵਾਪਸ ਕੰਮ ਕਰਨ ਜਾਣਗੇ।
ਤਰਜਮਾ: ਕਮਲਜੀਤ ਕੌਰ