ਆਪਣੀ ਮੌਤ ਦੇ ਦਿਨ ਤੀਕਰ, 22 ਸਾਲਾ ਗੁਰਪ੍ਰੀਤ ਸਿੰਘ ਆਪਣੇ ਪਿੰਡ ਦੇ ਕਿਸਾਨਾਂ ਨੂੰ ਨਵੇਂ ਖੇਤੀ ਕਨੂੰਨਾਂ ਖ਼ਿਲਾਫ਼ ਧਰਨੇ ਵਿੱਚ ਪਹੁੰਚਣ ਵਾਸਤੇ ਇੱਕਮੁੱਠ ਕਰਦਾ ਰਿਹਾ। ਉਨ੍ਹਾਂ ਦੇ ਪਿਤਾ, ਜਗਤਾਰ ਸਿੰਘ ਕਟਾਰੀਆ ਆਪਣੇ ਬੇਟੇ ਦੀ ਅਖ਼ੀਰਲੀ ਤਕਰੀਰ ਚੇਤੇ ਕਰਦੇ ਹਨ। ਕਟਾਰੀਆ ਸਾਹਬ ਦੀ ਪੰਜਾਬ ਦੇ ਉੱਤਰ ਵਿੱਚ ਪੈਂਦੇ ਉਨ੍ਹਾਂ ਦੇ ਪਿੰਡ ਵਿੱਚ 5 ਏਕੜ ਜ਼ਮੀਨ ਹੈ। ਉਹ ਚੇਤੇ ਕਰਦੇ ਹਨ ਕਿ ਗੁਰਪ੍ਰੀਤ ਦੀ ਤਕਰੀਰ ਕੋਈ 15 ਕੁ ਜਣੇ ਸੁਣ ਰਹੇ ਸਨ ਅਤੇ ਉਹ ਕਹਿ ਰਿਹਾ ਸੀ ਦਿੱਲੀ ਦੀਆਂ ਸਰਹੱਦਾਂ 'ਤੇ ਇਤਿਹਾਸ ਸਿਰਜਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਸ ਹਲ਼ੂਣ ਕੇ ਰੱਖ ਦੇਣ ਵਾਲ਼ੀ ਤਕਰੀਰ ਦੇ ਖ਼ਤਮ ਹੁੰਦਿਆਂ ਹੀ ਅਗਲੀ ਸਵੇਰ (ਦਸੰਬਰ 2020) ਨੂੰ ਉਹ ਜੱਥਾ ਰਾਜਧਾਨੀ ਵੱਲ ਨੂੰ ਵਹੀਰਾਂ ਘੱਤ ਗਿਆ।
ਉਹ ਪਿਛਲੀ 14 ਦਸੰਬਰ ਨੂੰ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਤਹਿਸੀਲ ਬਲਾਚੌਰ ਦੇ ਆਪਣੇ ਪਿੰਡ ਮਾਕੋਵਾਲ ਤੋਂ ਰਵਾਨਾ ਹੋਏ। ਪਰ ਉਨ੍ਹਾਂ ਨੇ ਆਪਣੇ ਸਫ਼ਰ ਦਾ ਅਜੇ ਮਸਾਂ 300 ਕਿਲੋਮੀਟਰ ਦਾ ਪੈਂਡਾ ਹੀ ਤੈਅ ਕੀਤਾ ਸੀ ਕਿ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਮੋਹਰਾ ਨੇੜੇ ਇੱਕ ਭਾਰੇ ਵਾਹਨ ਨੇ ਉਨ੍ਹਾਂ ਦੇ ਟਰੈਕਟਰ-ਟਰਾਲੀ ਨੂੰ ਫੈਂਟ ਮਾਰ ਦਿੱਤੀ। ''ਟੱਕਰ ਇੰਨੀ ਭਿਆਨਕ ਸੀ ਕਿ ਗੁਰਪ੍ਰੀਤ ਦੀ ਮੌਤ ਹੋ ਗਈ,'' ਜਗਤਾਰ ਸਿੰਘ ਨੇ ਕਿਹਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਬੇਟਾ ਪਟਿਆਲਾ ਦੇ ਮੋਦੀ ਕਾਲਜ ਵਿਖੇ ਬੀਏ ਦਾ ਵਿਦਿਆਰਥੀ ਸੀ। ''ਉਹਨੇ ਅੰਦੋਲਨ ਵਿੱਚ ਆਪਣਾ ਯੋਗਦਾਨ ਆਪਣੀ ਜਾਨ ਦੇ ਕੇ ਪਾਇਆ।''
ਗੁਰਪ੍ਰੀਤ ਉਨ੍ਹਾਂ 700 ਸ਼ਹੀਦਾਂ ਵਿੱਚੋਂ ਇੱਕ ਸਨ ਜੋ ਭਾਰਤ ਸਰਕਾਰ ਦੁਆਰਾ ਪਾਸ (ਸਤੰਬਰ 2020) ਕੀਤੇ ਖੇਤੀ ਕਨੂੰਨਾਂ ਖਿਲਾਫ਼ ਪ੍ਰਦਰਸ਼ਨ ਵਿੱਚ ਹਿੱਸਾ ਲੈਂਦਿਆਂ ਮੌਤ ਦੇ ਮੂੰਹ ਵਿੱਚ ਜਾ ਪਏ। ਪੂਰੇ ਦੇਸ਼ ਭਰ ਦੇ ਕਿਸਾਨਾਂ ਨੇ ਇਨ੍ਹਾਂ ਕਨੂੰਨਾਂ ਦਾ ਵਿਰੋਧ ਕੀਤਾ, ਉਨ੍ਹਾਂ ਦਾ ਮੰਨਣਾ ਸੀ ਕਿ ਇਹ ਕਨੂੰਨ ਘੱਟੋਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਪ੍ਰਕਿਰਿਆ ਨੂੰ ਤਬਾਹ ਕਰ ਸੁੱਟਣਗੇ ਅਤੇ ਨਾਲ਼ ਹੀ ਨਿੱਜੀ ਵਪਾਰੀਆਂ ਅਤੇ ਵੱਡੇ ਵੱਡੇ ਕਾਰਪੋਰੇਟਾਂ ਲਈ ਫ਼ਸਲਾਂ ਦੀਆਂ ਕੀਮਤਾਂ ਨੂੰ ਨਿਯੰਤਰਤ ਕਰਨ ਤੋਂ ਲੈ ਕੇ ਮੰਡੀ ਵਿੱਚ ਵਿਤੋਂਵੱਧ ਲਾਭ ਹਾਸਲ ਕਰਨ ਦਾ ਰਾਹ ਪੱਧਰਾ ਕਰ ਦੇਣਗੇ। ਇਸ ਵਿਰੋਧ ਪ੍ਰਦਰਸ਼ਨ ਨੇ 26 ਨਵੰਬਰ 2020 ਨੂੰ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਵੱਲ ਖਿੱਚ ਲਿਆਂਦਾ। ਕਨੂੰਨ ਵਾਪਸੀ ਦੀ ਮੰਗ ਕਰਦਿਆਂ ਉਹਨਾਂ ਨੇ ਦਿੱਲੀ ਹਰਿਆਣਾ ਦੀਆਂ ਸਰਹੱਦਾਂ ਸਿੰਘੂ , ਟੀਕਰੀ ਵਿਖੇ ਅਤੇ ਦਿੱਲੀ ਉੱਤਰ ਪ੍ਰਦੇਸ਼ ਦੀ ਪੈਂਦੀ ਸਰਹੱਦ ਗਾਜ਼ੀਪੁਰ ਵਿਖੇ ਆਪਣੇ ਤੰਬੂ ਗੱਡ ਲਏ।
ਵਿਰੋਧ ਪ੍ਰਦਰਸ਼ਨ ਦੇ ਇੱਕ ਸਾਲ ਤੋਂ ਵੱਧ ਸਮਾਂ ਬੀਤਣ ਤੋਂ ਬਾਅਦ 19 ਨਵੰਬਰ, 2021 ਨੂੰ ਪ੍ਰਧਾਨ ਮੰਤਰੀ ਨੇ ਇਨ੍ਹਾਂ ਕਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ। 29 ਨਵੰਬਰ ਨੂੰ ਸੰਸਦ ਵਿੱਚ ਦਿ ਫਾਰਮ ਲਾਅ ਰਿਪੀਲ ਬਿੱਲ 2021 ਪਾਸ ਕਰ ਦਿੱਤਾ ਗਿਆ ਪਰ ਵਿਰੋਧ ਪ੍ਰਦਰਸ਼ਨ 11 ਦਸੰਬਰ 2021 ਨੂੰ ਖ਼ਤਮ ਹੋਇਆ, ਉਹ ਵੀ ਉਦੋਂ ਜਦੋਂ ਸਰਕਾਰ ਨੇ ਕਿਸਾਨ ਯੂਨੀਅਨਾਂ ਦੀਆਂ ਬਹੁਤੇਰੀਆਂ ਮੰਗਾਂ ਪ੍ਰਵਾਨ ਕਰ ਲਈਆਂ।
ਮੈਂ ਉਨ੍ਹਾਂ ਕਈ ਪਰਿਵਾਰਾਂ ਨਾਲ਼ ਮਿਲ਼ਿਆਂ ਅਤੇ ਕਈ ਪਰਿਵਾਰਾਂ ਨਾਲ਼ ਫ਼ੋਨ ਰਾਹੀਂ ਗੱਲ ਕੀਤੀ ਜਿਨ੍ਹਾਂ ਦੇ ਆਪਣੇ ਪਰਿਵਾਰ ਮੈਂਬਰ ਇਸ ਲੰਬੇ ਚੱਲੇ ਪ੍ਰਦਰਸ਼ਨ ਦੌਰਾਨ ਤੁਰ ਗਏ। ਤਬਾਹ, ਬਰਬਾਦ ਹੋਏ ਇਨ੍ਹਾਂ ਪਰਿਵਾਰਾਂ ਨੇ ਇਸ ਕਾਜ ਵਾਸਤੇ ਸ਼ਹੀਦੀ ਪਾ ਗਏ ਆਪਣੇ ਪਿਆਰਿਆਂ ਦੇ ਨਾਲ਼ ਨਾਲ਼ ਬਾਕੀ ਸ਼ਹੀਦਾਂ ਨੂੰ ਚੇਤੇ ਕੀਤਾ, ਉਨ੍ਹਾਂ ਦੀ ਗੱਲਬਾਤ ਵਿੱਚ ਸਰਕਾਰ ਦੇ ਰਵੱਈਏ ਪ੍ਰਤੀ ਤਲ਼ਖੀ ਸਾਫ਼ ਝਲਕ ਰਹੀ ਸੀ।
''ਅਸੀਂ ਕਿਸਾਨਾਂ ਦੀ ਜਿੱਤ ਦਾ ਜਸ਼ਨ ਮਨਾਉਂਦੇ ਹਾਂ ਪਰ ਪ੍ਰਧਾਨ ਮੰਤਰੀ ਦੇ ਉਸ ਲਹਿਜੇ ਤੋਂ ਨਾਖ਼ੁਸ਼ ਹਾਂ ਜਿਸ ਲਹਿਜੇ ਨਾਲ਼ ਇਨ੍ਹਾਂ ਕਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਗਿਆ,'' ਜਗਤਾਰ ਸਿੰਘ ਕਟਾਰੀਆ ਨੇ ਕਿਹਾ। ''ਸਰਕਾਰ ਨੇ ਕਿਸਾਨਾਂ ਵਾਸਤੇ ਕੋਈ ਇੱਕ ਵੀ ਚੰਗਾ ਕੰਮ ਨਹੀਂ ਕੀਤਾ। ਇਹਨੇ ਸਿਰਫ਼ ਕਿਸਾਨਾਂ ਅਤੇ ਜਾਨ ਗੁਆ ਚੁੱਕਿਆਂ ਦਾ ਅਪਮਾਨ ਹੀ ਕੀਤਾ ਹੈ।
''ਸਾਡੇ ਕਿਸਾਨ ਮਰ ਰਹੇ ਹਨ। ਸਾਡੇ ਜਵਾਨ ਵੀ ਪੰਜਾਬ ਅਤੇ ਦੇਸ਼ ਦੀਆਂ ਸਰਹੱਦਾਂ 'ਤੇ ਲੜਦੇ ਮਾਰੇ ਗਏ ਹਨ। ਪਰ ਜੋ ਇਸ ਦੇਸ਼ ਦੀਆਂ ਅੰਦਰੂਨੀ ਸਰਹੱਦਾਂ 'ਤੇ ਜੋ ਸ਼ਹੀਦ ਹੋਏ, ਸਰਕਾਰ ਨੂੰ ਉਨ੍ਹਾਂ ਨਾਲ਼ ਕੋਈ ਸਰੋਕਾਰ ਨਹੀਂ ਹੈ। ਆਮ ਲੋਕਾਈ ਪ੍ਰਤੀ ਸਰਕਾਰ ਦੇ ਇਸੇ ਉਦਾਸੀਨ ਰਵੱਈਏ ਨੇ ਸਰਹੱਦਾਂ 'ਤੇ ਲੜਦੇ ਜਵਾਨਾਂ ਅਤੇ ਦੇਸ਼ ਵਾਸਤੇ ਅੰਨ ਉਗਾਉਂਦੇ ਕਿਸਾਨਾਂ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ,'' 61 ਸਾਲਾ ਗਿਆਨ ਸਿੰਘ ਨੇ ਕਿਹਾ, ਜੋ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਬੁਢਲਾਢਾ ਤਹਿਸੀਲ ਦੇ ਦੋਦਰਾ ਪਿੰਡ ਤੋਂ ਹਨ।
ਗਿਆਨ ਸਿੰਘ ਨੇ ਇਸ ਅੰਦੋਲਨ ਦੇ ਸ਼ੁਰੂਆਤੀ ਦਿਨੀਂ ਹੀ ਆਪਣੇ ਭਰਾ ਰਾਮ ਸਿੰਘ (51 ਸਾਲਾ) ਨੂੰ ਗੁਆ ਲਿਆ। ਰਾਮ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦਾ ਮੈਂਬਰ ਸੀ। ਉਹ ਮਾਨਸਾ ਰੇਲਵੇ ਸਟੇਸ਼ਨ ਵਿਖੇ ਧਰਨੇ ਵਾਸਤੇ ਲੱਕੜਾਂ ਇਕੱਠੀਆਂ ਕਰਿਆ ਕਰਦਾ। ਪਿਛਲੇ ਸਾਲ ਉਹਦੇ ਉੱਤੇ ਇੱਕ ਵੱਡਾ ਸਾਰਾ ਮੋਛਾ ਡਿੱਗਿਆ ਅਤੇ 24 ਨਵੰਬਰ ਨੂੰ ਉਹਦੀ ਮੌਤ ਹੋ ਗਈ। ''ਉਹਦੀ ਪੰਜ ਪਸਲੀਆਂ ਟੁੱਟ ਗਈਆਂ ਅਤੇ ਇੱਕ ਫ਼ੇਫੜਾ ਵੀ ਨੁਕਸਾਨਿਆ ਗਿਆ,'' ਗਿਆਨ ਸਿੰਘ ਨੇ ਕਿਹਾ, ਗੱਲ ਕਰਦੇ ਕਰਦੇ ਉਨ੍ਹਾਂ ਦੀ ਅਵਾਜ਼ ਲਰਜ਼ ਗਈ।
''ਜਦੋਂ ਕਨੂੰਨ ਵਾਪਸ ਲਏ ਜਾਣ ਬਾਬਤ ਐਲਾਨ ਹੋਇਆ ਤਾਂ ਸਾਡੇ ਪਿੰਡ ਦੇ ਲੋਕਾਂ ਨੇ ਪਟਾਕੇ ਚਲਾਏ ਅਤੇ ਦੀਵੇ ਜਗਾਏ,''ਗਿਆਨ ਨੇ ਅੱਗੇ ਕਿਹਾ। ''ਅਸੀਂ ਜਸ਼ਨ ਨਹੀਂ ਮਨਾ ਸਕੇ ਕਿਉਂਕਿ ਸਾਡੇ ਘਰ ਦਾ ਮੈਂਬਰ ਸ਼ਹੀਦ ਹੋਇਆ ਹੈ। ਪਰ ਅਸੀਂ ਖ਼ੁਸ਼ ਹੋਏ ਸਾਂ।''
ਸਰਕਾਰ ਨੇ ਤਿੰਨੋਂ ਖੇਤੀ ਕਨੂੰਨ ਪਹਿਲਾਂ ਹੀ ਰੱਦ ਕਰ ਦੇਣੇ ਚਾਹੀਦੇ ਸਨ, 46 ਸਾਲਾ ਸਰਵਿਕਰਮਜੀਤ ਸਿੰਘ ਹੁੰਦਲ ਨੇ ਕਿਹਾ, ਜੋ ਯੂਪੀ ਦੇ ਰਾਮਪੁਰਾ ਜ਼ਿਲ੍ਹੇ ਦੀ ਬਿਲਾਸਪੁਰ ਤਹਿਸੀਲ ਦੇ ਪਿੰਡ ਡਿਬਡਿਬਾ ਵਿਖੇ ਕਿਸਾਨ ਹਨ। ''ਪਰ ਕਿਸਾਨ ਆਗੂਆਂ ਨਾਲ਼ ਚੱਲੀ 11 ਦੌਰ ਦੀ ਗੱਲਬਾਤ ਤੋਂ ਬਾਅਦ ਵੀ ਕਨੂੰਨ ਰੱਦ ਕਰਨ ਦਾ ਫ਼ੈਸਲਾ ਨਾ ਲਿਆ ਗਿਆ।'' ਵਿਕਰਮਜੀਤ ਦਾ 25 ਸਾਲਾ ਬੇਟਾ ਨਵਰੀਤ ਸਿੰਘ ਹੁੰਦਲ 26 ਜਨਵਰੀ 2021 ਨੂੰ ਕਿਸਾਨਾਂ ਦੀ ਰੈਲੀ ਵਿੱਚ ਹਿੱਸਾ ਲੈਣ ਦੌਰਾਨ ਮਾਰਿਆ ਗਿਆ। ਉਹ ਟਰੈਕਟਰ ਚਲਾ ਰਿਹਾ ਸੀ ਜੋ ਕਿ ਦਿੱਲੀ ਪੁਲਿਸ ਵੱਲੋਂ ਦੀਨ ਦਿਆਲ ਉਪਾਧਿਆਏ ਮਾਰਗ 'ਤੇ ਲਾਏ ਗਏ ਬੈਰੀਕੇਡਾਂ 'ਤੇ ਪਲਟ ਗਿਆ। ਨਵਰੀਤ ਦਾ ਟਰੈਕਟਰ ਪਲਟਣ ਤੋਂ ਪਹਿਲਾਂ ਉਹਨੂੰ ਗੋਲ਼ੀ ਮਾਰੀ ਗਈ ਸੀ, ਪਿਤਾ ਨੇ ਪੁਲਿਸ 'ਤੇ ਇਲਜਾਮ ਲਾਉਂਦਿਆਂ ਕਿਹਾ। ਹਾਲਾਂਕਿ ਉਸ ਸਮੇਂ ਦਿੱਲੀ ਪੁਲਿਸ ਨੇ ਕਿਹਾ ਸੀ ਕਿ ਨਵਰੀਤ ਦੀ ਮੌਤ ਟਰੈਕਟਰ ਪਲਟਣ ਕਾਰਨ ਲੱਗੀਆਂ ਸੱਟਾਂ ਕਾਰਨ ਹੋਈ ਹੈ। ''ਤਫ਼ਤੀਸ਼ ਚੱਲ ਰਹੀ ਹੈ,'' ਸਰਵਿਕਰਜੀਤ ਨੇ ਕਿਹਾ।
''ਉਹਦੇ ਜਾਣ ਤੋਂ ਬਾਅਦ ਸਭ ਕੁਝ ਮਲ਼ੀਆਮੇਟ ਹੋ ਗਿਆ ਜਾਪਦਾ ਹੈ,'' ਸਿਰਵਿਕਰਮਜੀਤ ਨੇ ਗੱਲ ਜਾਰੀ ਰੱਖਦਿਆਂ ਕਿਹਾ। ''ਸਰਕਾਰ ਨੇ ਕਨੂੰਨ ਵਾਪਸ ਲੈ ਕੇ ਕਿਸਾਨਾਂ ਦੇ ਫੱਟਾਂ 'ਤੇ ਕੋਈ ਮੱਲ੍ਹਮ ਨਹੀਂ ਲਾਈ। ਇਹ ਤਾਂ ਕੁਰਸੀ ਬਚਾਉਣ ਦੀ ਤਿਕੜਮਬਾਜ਼ੀ ਹੈ,'' ਉਨ੍ਹਾਂ ਨੇ ਅੱਗੇ ਕਿਹਾ। ''ਇਹ ਤਾਂ ਸਾਡੀਆਂ ਭਾਵਨਾਵਾਂ ਨਾਲ਼ ਖੇਡਦੇ ਹਨ।''
ਸਰਕਾਰ ਦਾ ਕਿਸਾਨਾਂ ਪ੍ਰਤੀ ਰਵੱਈਆ ਬੜਾ ਮਾੜਾ ਰਿਹਾ... ਗੱਲ ਭਾਵੇਂ ਜਿਊਂਦੇ ਕਿਸਾਨਾਂ ਦੀ ਹੋਵੇ ਜਾਂ ਦੁਨੀਆ ਛੱਡ ਕੇ ਜਾ ਚੁੱਕਿਆਂ ਦੀ ਹੋਵੇ, 40 ਸਾਲਾ ਜਗਜੀਤ ਸਿੰਘ ਨੇ ਕਿਹਾ, ਜੋ ਯੂਪੀ ਦੇ ਬਹਿਰਾਇਚ ਜ਼ਿਲ੍ਹੇ ਦੇ ਬਲਹਾ ਬਲਾਕ ਦੇ ਭਟੇਹਤਾ ਪਿੰਡ ਦੇ ਵਾਸੀ ਹਨ। ਸਾਨੂੰ ਉਹ 'ਖ਼ਾਲਿਸਤਾਨੀਏ', 'ਦੇਸ਼ ਵਿਰੋਧੀ' ਕਹਿੰਦੇ ਹਨ ਅਤੇ ਸਾਨੂੰ ਜੀਪ ਹੇਠਾਂ ਦਰੜਦੇ ਹਨ। ਉਨ੍ਹਾਂ ਦੀ ਹਿੰਮਤ ਤਾਂ ਦੇਖੋ,'' ਉਨ੍ਹਾਂ ਨੇ ਕਿਹਾ। ਜਗਜੀਤ ਦੇ ਭਰਾ ਦਲਜੀਤ ਸਿੰਘ ਦੀ ਮੌਤ 3 ਅਕਤੂਬਰ 2021 ਨੂੰ ਯੂਪੀ ਦੇ ਲਖ਼ੀਮਪੁਰ ਖੀਰੀ ਹਾਦਸੇ ਦੌਰਾਨ ਹੋਈ ਜਦੋਂ ਕਿਸਾਨਾਂ ਨੇ ਇਕੱਠਿਆਂ ਹੋ ਕੇ ਅਜੈ ਕੁਮਰ ਥੇਨੀ ਖ਼ਿਲਾਫ਼ ਪ੍ਰਦਰਸ਼ਨ ਕੀਤਾ, ਜੋ ਕਿ ਇੱਕ ਕੇਂਦਰੀ ਗ੍ਰਹਿ ਰਾਜ ਮੰਤਰੀ ਹੈ ਅਤੇ ਸਤੰਬਰ ਵਿੱਚ ਜਿਹਨੇ ਕਿਸਾਨਾਂ ਪ੍ਰਤੀ ਧਮਕਾਊ ਭਾਸ਼ਣ ਦਿੱਤਾ ਸੀ।
ਮੰਤਰੀ ਦੇ ਕਾਫ਼ਲੇ ਦੀਆਂ ਗੱਡੀਆਂ ਦੁਆਰਾ ਦਰੜੇ ਜਾਣ ਕਾਰਨ ਸਾਡੇ ਚਾਰ ਕਿਸਾਨ ਭਰਾਵਾਂ ਅਤੇ ਇੱਕ ਪੱਤਰਕਾਰ ਦੀ ਮੌਤ ਹੋ ਗਈ ਜਿਸ ਕਾਰਨ ਹਿੰਸਾ ਭੜਕ ਉੱਠੀ। ਥੇਨੀ ਦਾ ਬੇਟਾ ਅਸ਼ੀਸ਼ ਮਿਸ਼ਰਾ 13 ਆਰੋਪੀਆਂ ਵਿੱਚੋਂ ਇੱਕ ਹੈ, ਜਿਨ੍ਹਾਂ ਦੁਆਰਾ ਨੇਪਰੇ ਚਾੜ੍ਹੀ ਇਸ ਪੂਰੀ ਘਟਨਾ ਦੀ ਤਫ਼ਤੀਸ਼ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਆਈਟੀ) ਨੇ 'ਸੋਚੀ-ਸਮਝੀ ਅਤੇ ਯੋਜਨਾਬੱਧ ਸਾਜ਼ਸ਼' ਦੱਸਿਆ ਹੈ।
35 ਸਾਲਾ ਦਲਜੀਤ ਨੂੰ ਦੋ ਐੱਸਯੂਵੀ ਵਾਹਨਾਂ ਨੇ ਫ਼ੈਂਟ ਮਾਰੀ ਅਤੇ ਤੀਜੀ ਗੱਡੀ ਨੇ ਕੁਚਲ ਦਿੱਤਾ। ''ਸਾਡਾ 16 ਸਾਲਾ ਪੁੱਤਰ ਰਾਜਦੀਪ ਇਸ ਪੂਰੀ ਕਤਲੋਗਾਰਤ ਦਾ ਚਸ਼ਮਦੀਦ ਗਵਾਹ ਹੈ,'' ਦਲਜੀਤ ਦੀ ਪਤਨੀ, ਪਰਮਜੀਤ ਕੌਰ ਨੇ ਕਿਹਾ। ''ਉਸ ਸਵੇਰ ਪ੍ਰਦਰਸ਼ਨ ਵਾਸਤੇ ਨਿਕਲ਼ਣ ਤੋਂ ਪਹਿਲਾਂ, ਦਲਜੀਤ ਨੇ ਮੁਸਕਰਾਉਂਦਿਆਂ ਹੱਥ ਹਿਲਾ ਕੇ ਸਾਡੇ ਤੋਂ ਵਿਦਾ ਲਈ। ਇੱਥੋਂ ਤੱਕ ਕਿ ਇਸ ਹਾਦਸੇ ਤੋਂ ਕਰੀਬ 15 ਮਿੰਟ ਪਹਿਲਾਂ ਹੀ ਅਸੀਂ ਫ਼ੋਨ 'ਤੇ ਗੱਲ ਵੀ ਕੀਤੀ,'' ਉਨ੍ਹਾਂ ਨੇ ਚੇਤੇ ਕਰਦਿਆਂ ਕਿਹਾ। ''ਮੈਂ ਉਨ੍ਹਾਂ ਨੂੰ ਪੁੱਛਿਆ ਕਿ ਘਰ ਕਦੋਂ ਮੁੜੋਗੇ। ਉਨ੍ਹਾਂ ਨੇ ਕਿਹਾ,''ਇੱਥੇ ਕਾਫ਼ੀ ਲੋਕ ਹਨ। ਮੈਂ ਛੇਤੀ ਹੀ ਮੁੜਾਂਗਾ। ਪਰ ਉਹ ਕਦੇ ਨਾ ਮੁੜੇ...''
ਜਦੋਂ ਖੇਤੀ ਕਨੂੰਨਾਂ ਨੂੰ ਵਾਪਸ ਲਏ ਜਾਣ ਦਾ ਸਰਕਾਰ ਦਾ ਫ਼ੈਸਲਾ ਗੂੰਜਿਆ ਤਾਂ ਸਾਡੇ ਘਰ ਦਾ ਮਾਹੌਲ ਸੋਗਮਈ ਹੋ ਗਿਆ, ਪਰਮਜੀਤ ਨੇ ਕਿਹਾ। ''ਸਾਡੇ ਪਰਿਵਾਰ ਨੇ ਦਲਜੀਤ ਦੀ ਮੌਤ 'ਤੇ ਇੱਕ ਵਾਰ ਫਿਰ ਸੋਗ ਮਨਾਇਆ।'' ਅੱਗੇ ਜਗਜੀਤ ਨੇ ਕਿਹਾ,''ਕਨੂੰਨ ਭਾਵੇਂ ਵਾਪਸ ਹੋ ਗਏ ਪਰ ਮੇਰਾ ਭਰਾ ਤਾਂ ਵਾਪਸ ਨਹੀਂ ਆਉਣ ਲੱਗਿਆ। ਸਰਕਾਰ ਦੇ ਇਸ ਫ਼ੈਸਲੇ ਨਾਲ਼ ਸਾਡੇ 700 ਸ਼ਹੀਦ ਵਾਪਸ ਨਹੀਂ ਮੁੜਨ ਲੱਗੇ।''
ਜਿਨ੍ਹਾਂ ਐੱਸਯੂਵੀ ਗੱਡੀਆਂ ਨੇ ਲਖ਼ੀਮਪੁਰ ਖੀਰੀ ਦੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਰੜਿਆ ਉਹ ਭੀੜ ਵਾਲ਼ੀ ਥਾਂ 'ਤੇ ਹੌਲ਼ੀ ਹੋ ਗਈਆਂ ਪਰ ਜਿੱਥੇ ਕਿਤੇ ਭੀੜ ਘੱਟ ਸੀ ਉੱਥੇ ਉਨ੍ਹਾਂ ਨੇ ਰਫ਼ਤਾਰ ਫੜ੍ਹੀ, 45 ਸਾਲਾ ਸਤਨਾਮ ਢਿੱਲੋਂ ਨੇ ਕਿਹਾ। ਉਨ੍ਹਾਂ ਦਾ 19 ਸਾਲਾ ਬੇਟਾ, ਲਵਪ੍ਰੀਤ ਸਿੰਘ ਢਿੱਲੋਂ ਵੀ ਇਸ ਹਾਦਸੇ ਦਾ ਸ਼ਿਕਾਰ ਬਣਿਆ। ''ਉਹ ਲੋਕਾਂ ਨੂੰ ਟੱਕਰ ਮਾਰਦੇ ਰਹੇ ਅਤੇ ਟਾਇਰਾਂ ਹੇਠ ਦਰੜਦੇ ਹੂਟਰ ਵਜਾਉਂਦੇ ਅੱਗੇ ਵੱਧਦੇ ਚਲੇ ਗਏ,'' ਸਤਨਾਮ ਨੇ ਕਿਹਾ, ਜੋ ਯੂਪੀ ਦੇ ਖੀਰੀ ਦੇ ਪਲਿਆ ਤਹਿਸੀਲ ਦੇ ਭਗਵੰਤ ਨਗਰ ਵਿਖੇ ਰਹਿੰਦੇ ਹਨ। ਜਦੋਂ ਇਹ ਪੂਰਾ ਕਾਂਡ ਵਾਪਰਿਆ ਤਾਂ ਉਹ ਪ੍ਰਦਰਸ਼ਨ ਦੀ ਥਾਂ 'ਤੇ ਨਹੀਂ ਸਨ ਜਿਵੇਂ ਹੀ ਉਹ ਹਾਦਸੇ ਦੀ ਥਾਂ ਅੱਪੜੇ ਤਾਂ ਕਿਸੇ ਨੇ ਉਨ੍ਹਾਂ ਨੂੰ ਪੂਰੇ ਹਾਦਸੇ ਬਾਰੇ ਦੱਸਿਆ।
ਲਵਪ੍ਰੀਤ ਦੀ ਮਾਂ, 42 ਸਾਲਾ ਸਤਵਿੰਦਰ ਕੌਰ, ਅਕਸਰ ਰਾਤੀਂ ਉੱਠ ਜਾਂਦੀ ਹਨ ਅਤੇ ਚੀਕਾਂ ਮਾਰ ਮਾਰ ਕੇ ਆਪਣੇ ਪੁੱਤ ਨੂੰ ਚੇਤਿਆਂ ਕਰਦੀ ਹਨ, ਸਤਨਾਮ ਨੇ ਕਿਹਾ। ''ਅਸੀਂ ਮੰਤਰੀ ਦੇ ਅਸਤੀਫ਼ੇ ਦੀ ਮੰਗ ਕਰਦੇ ਹਾਂ ਅਤੇ ਉਹਦੇ ਬੇਟੇ ਨੂੰ ਸਜ਼ਾ ਮਿਲ਼ੇ ਅਤੇ ਸਾਨੂੰ ਨਿਆਂ। ਸਾਨੂੰ ਸਾਰਿਆਂ ਨੂੰ ਨਿਆਂ ਚਾਹੀਦਾ ਹੈ।''
''ਸਰਕਾਰ ਸਾਡੇ ਲਈ ਨਿਆਂ ਯਕੀਨੀ ਬਣਾਉਣ ਲਈ ਤਾਂ ਕੁਝ ਵੀ ਨਹੀਂ ਕਰ ਰਹੀ,'' ਜਗਦੀਪ ਸਿੰਘ ਨੇ ਕਿਹਾ, ਜੋ ਖੀਰੀ ਦੇ ਧੌਰਹਰਾ ਤਹਿਸੀਲ ਦੇ ਰਹਿਣ ਵਾਲ਼ੇ ਹਨ। ਉਨ੍ਹਾਂ ਦੇ ਪਿਤਾ, 58 ਸਾਲਾ ਨਛੱਤਰ ਸਿੰਘ ਲਖ਼ੀਮਪੁਰ ਖੀਰੀ ਹਾਦਸੇ ਵਿੱਚ ਮਾਰੇ ਗਏ। ਉਸ ਦੁਖਾਂਤ ਬਾਬਤ ਗੱਲ ਕਰਨ ਲਈ ਕਹੇ ਜਾਣ 'ਤੇ ਉਹ ਭੜਕ ਗਏ, ਜਗਦੀਪ (31 ਸਾਲਾ) ਨੇ ਕਿਹਾ,''ਮੇਰੇ ਖ਼ਿਆਲ ਨਾਲ਼ ਸਾਡੇ ਕੋਲ਼ੋਂ ਇਹ ਪੁੱਛਣ ਦੀ ਕੋਈ ਤੁੱਕ ਨਹੀਂ ਬਣਦੀ ਬਈ ਅਸੀਂ ਕਿਹੜੇ ਦੌਰ ਵਿੱਚੋਂ ਦੀ ਲੰਘ ਰਹੇ ਹਾਂ। ਇਹ ਤਾਂ ਬਿਲਕੁਲ ਉਵੇਂ ਹੀ ਹੈ ਜਿਵੇਂ ਇੱਕ ਭੁੱਖਾ ਬੰਦਾ ਜਿਹਦੇ ਹੱਥ ਪਿਛਾਂਹ ਉਹਦੀ ਪਿੱਠ ਨਾਲ਼ ਬੱਝੇ ਹੋਣ ਅਤੇ ਉਹਦੇ ਸਾਹਮਣੇ ਭੋਜਨ ਦੀ ਭਰੀ ਪਲੇਟ ਪਈ ਹੋਵੇ ਅਤੇ ਉਹਨੂੰ ਪੁੱਛਿਆ ਜਾ ਰਿਹਾ ਹੋਵੇ 'ਦੱਸ ਬਈ ਖਾਣਾ ਕਿਹੋ ਜਿਹਾ ਲੱਗਿਆ?' ਇਸ ਸਭ ਤੋਂ ਛੁੱਟ ਜੇ ਕੁਝ ਪੁੱਛਣਾ ਹੈ ਤਾਂ ਮੇਰੇ ਕੋਲ਼ੋਂ ਇਹ ਪੁੱਛੋ ਕਿ ਸਾਡੇ ਨਿਆਂ ਦੀ ਲੜਾਈ ਕਿੱਥੋਂ ਤੀਕਰ ਪੁੱਜੀ? ਇਹ ਪੁੱਛੋ ਕਿ ਸਾਨੂੰ ਸਰਕਾਰ ਨਾਲ਼ ਕੀ ਕੀ ਮਸਲੇ ਹਨ? ਸਾਡੇ ਕਿਸਾਨਾਂ ਨੂੰ ਗੱਡੀਆਂ ਦੇ ਚੱਕਿਆਂ ਹੇਠ ਕਿਉਂ ਦਰੜਿਆ ਗਿਆ?''
ਜਗਦੀਪ ਮੈਡੀਕਲ ਡਾਕਟਰ ਹੈ ਅਤੇ ਉਨ੍ਹਾਂ ਦਾ ਛੋਟਾ ਭਰਾ ਹਥਿਆਰਬੰਦ ਸੀਮਾ ਬਲ ਵਿੱਚ ਹਨ, ਜੋ ਦੇਸ਼ ਦੀਆਂ ਹੱਦਾਂ ਵਿਖੇ ਤਾਇਨਾਤ ਕੇਂਦਰੀ ਹਥਿਆਰਬੰਦ ਪੁਲਿਸ ਬਲ ਹੈ। ''ਅਸੀਂ ਦੇਸ਼ ਦੀ ਸੇਵਾ ਕਰਦੇ ਹਾਂ,'' ਜਗਦੀਪ ਨੇ ਤਲਖ਼ੀ ਵਿੱਚ ਕਿਹਾ। ''ਇੱਕ ਪੁੱਤ ਨੂੰ ਪੁੱਛੋ ਕਿ ਪਿਤਾ ਦਾ ਤੁਰ ਜਾਣਾ ਕੀ ਹੁੰਦਾ ਹੈ।''
ਮਨਪ੍ਰੀਤ ਸਿੰਘ ਨੇ ਵੀ 4 ਦਸੰਬਰ 2020 ਨੂੰ ਇੱਕ ਹਾਦਸੇ ਵਿੱਚ ਆਪਣੇ ਪਿਤਾ ਨੂੰ ਗੁਆ ਲਿਆ। 64 ਸਾਲਾ ਸੁਰਿੰਦਰ ਧਰਨੇ ਵਿੱਚ ਸ਼ਾਮਲ ਹੋਣ ਲਈ ਸ਼ਹੀਦ ਭਗਤ ਸਿੰਘ ਨਗਰ ਦੀ ਬਲਾਚੌਲ ਤਹਿਸੀਲ ਦੇ ਪਿੰਡ ਹਸਨਪੁਰ ਖ਼ੁਰਦ ਤੋਂ ਦਿੱਲੀ ਜਾ ਰਹੇ ਸਨ। ਹਰਿਆਣਾ ਦੇ ਸੋਨੀਪਤ ਨੇੜੇ ਹਾਦਸਾ ਵਾਪਰ ਗਿਆ। ''ਮੈਂ ਬਹੁਤ ਦੁਖੀ ਹਾਂ ਪਰ ਮੈਨੂੰ ਫਖ਼ਰ ਵੀ ਹੈ। ਉਨ੍ਹਾਂ ਨੇ ਇਸ ਅੰਦੋਲਨ ਵਾਸਤੇ ਆਪਣੀ ਜਾਨ ਵਾਰ ਦਿੱਤੀ। ਉਹ ਇੱਕ ਸ਼ਹੀਦ ਦੀ ਮੌਤ ਮਰੇ,'' 29 ਸਾਲਾ ਮਨਪ੍ਰੀਤ ਨੇ ਕਿਹਾ। ''ਸੋਨੀਪਤ ਦੇ ਪੁਲਿਸ ਅਧਿਕਾਰੀਆਂ ਨੇ ਪਿਤਾ ਦੀ ਦੇਹ ਲੈਣ ਵਿੱਚ ਮੇਰੀ ਸਹਾਇਤਾ ਕੀਤੀ।''
73 ਸਾਲਾ ਹਰਬੰਸ ਸਿੰਘ ਪੰਜਾਬ ਦੇ ਪਟਿਆਲੇ ਜ਼ਿਲ੍ਹੇ ਦੇ ਉਨ੍ਹਾਂ ਕਿਸਾਨਾਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਦਿੱਲੀ ਦੀਆਂ ਸਰਹੱਦਾਂ ਵੱਲ ਕੂਚ ਕਰਨ ਤੋਂ ਪਹਿਲਾਂ ਹੀ ਇਨ੍ਹਾਂ ਖੇਤੀ ਕਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਸੀ। ਭਾਰਤੀ ਕਿਸਾਨ ਯੂਨੀਅਨ (ਸਿਧੂਪੁਰ) ਦੇ ਮੈਂਬਰ, ਹਰਬੰਸ ਪਟਿਆਲਾ ਤਹਿਸੀਲ ਦੇ ਆਪਣੇ ਪਿੰਡ ਮਹਿਮੂਦਪੁਰ ਜੱਟਾਂ ਵਿਖੇ ਹੁੰਦੀਆਂ ਮੀਟਿੰਗਾਂ ਵਿੱਚ ਸੰਬੋਧਨ ਵੀ ਕਰਿਆ ਕਰਦੇ। ਪਿਛਲੇ ਸਾਲ 17 ਅਕਤੂਬਰ ਨੂੰ, ਭਾਸ਼ਣ ਦਿੰਦੇ ਵੇਲ਼ੇ ਉਹ ਡਿੱਗ ਗਏ। ''ਜਦੋਂ ਉਹ ਲੋਕਾਂ ਨੂੰ ਇਨ੍ਹਾਂ ਕਨੂੰਨਾਂ ਬਾਰੇ ਦੱਸ ਰਹੇ ਸਾਂ ਤਾਂ ਅਚਾਨਕ ਡਿੱਗ ਗਏ। ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ,'' 29 ਸਾਲਾ ਉਨ੍ਹਾਂ ਦੇ ਬੇਟੇ ਜਗਤਾਰ ਸਿੰਘ ਨੇ ਕਿਹਾ।
''ਅਸੀਂ ਹੋਰ ਵੀ ਖ਼ੁਸ਼ ਹੁੰਦੇ ਜੇਕਰ ਮਰਨ ਵਾਲ਼ਿਆਂ ਨੂੰ ਨਾ ਮਰਨਾ ਪੈਂਦਾ,'' ਜਗਤਾਰ ਨੇ ਅੱਗੇ ਕਿਹਾ।
58 ਸਾਲਾ ਕਿਸਾਨ ਪਾਲ ਸਿੰਘ ਜੋ ਪਟਿਆਲੇ ਦੀ ਨਾਭਾ ਤਹਿਸੀਲ ਦੇ ਪਿੰਡ ਸਾਹੌਲ਼ੀ ਵਿਖੇ ਆਪਣੀ 1.5 ਏਕੜ ਦੀ ਜ਼ਮੀਨ 'ਤੇ ਖੇਤੀ ਕਰਦੇ ਸਨ। ਜਦੋਂ ਉਨ੍ਹਾਂ ਨੇ ਦਿੱਲੀ ਜਾਣ ਲਈ ਘਰੋਂ ਪੈਰ ਪੁੱਟਿਆ,''ਤਾਂ ਸਾਨੂੰ ਕਿਹਾ ਕਿ ਮੇਰੇ ਜ਼ਿੰਦਾ ਵਾਪਸ ਆਉਣ ਦੀ ਉਮੀਦ ਨਾ ਰੱਖਣਾ,'' ਉਨ੍ਹਾਂ ਦੀ ਨੂੰਹ ਅਮਨਦੀਪ ਕੌਰ ਨੇ ਕਿਹਾ। 15 ਦਸੰਬਰ 2020 ਨੂੰ ਦਿਲ ਦਾ ਦੌਰਾ ਪੈਣ ਕਾਰਨ ਸਿੰਘੂ ਬਾਰਡਰ ਵਿਖੇ ਉਨ੍ਹਾਂ ਦੀ ਮੌਤ ਹੋ ਗਈ। ''ਤੁਰ ਗਿਆਂ ਨੂੰ ਕੋਈ ਮੋੜ ਨਹੀਂ ਸਕਦਾ,'' 31 ਸਾਲਾ ਅਮਨਦੀਪ ਨੇ ਡੁੱਬੇ ਦਿਲ ਨਾਲ਼ ਕਿਹਾ, ਉਨ੍ਹਾਂ ਨੇ ਲਾਇਬ੍ਰੇਰੀ ਮੈਨੇਜਮੈਂਟ ਦੀ ਪੜ੍ਹਾਈ ਕੀਤੀ ਹੋਈ ਹੈ। ''ਜਿਸ ਦਿਨ ਕਿਸਾਨ ਦਿੱਲੀ ਅੱਪੜੇ ਸਨ ਉਸੇ ਦਿਨ ਹੀ ਕਨੂੰਨ ਵਾਪਸ ਹੋ ਜਾਣੇ ਚਾਹੀਦੇ ਸਨ। ਬਜਾਇ ਇਹਦੇ ਸਰਕਾਰ ਅਤੇ ਪੁਲਿਸ ਨੇ ਤਾਂ ਕਿਸਾਨਾਂ ਨੂੰ ਰੋਕਣ ਵਾਸਤੇ ਪੁੱਠੇ-ਸਿੱਧੇ ਹਥਕੰਡੇ ਅਪਣਾਏ। ਉਨ੍ਹਾਂ ਨੇ ਬੈਰੀਕੇਡ ਖੜ੍ਹੇ ਕੀਤੇ ਅਤੇ ਟੋਏ ਪੁੱਟੇ।''
ਪਾਲ ਸਿੰਘ ਚਾਰ ਮੈਂਬਰੀ ਪਰਿਵਾਰ ਦੇ ਇਕੱਲੇ ਕਮਾਊ ਸਨ ਅਤੇ ਪਰਿਵਾਰ ਤਾਂ ਪਹਿਲਾਂ ਤੋਂ ਹੀ ਕਰਜ਼ੇ ਦੇ ਬੋਝ ਹੇਠ ਹੈ। ਅਮਨਦੀਪ ਕੱਪੜੇ ਸਿਊਂਦੀ ਹਨ, ਪਰ ਉਨ੍ਹਾਂ ਦਾ ਪਤੀ ਕੋਈ ਕੰਮ ਨਹੀਂ ਕਰਦਾ ਅਤੇ ਉਨ੍ਹਾਂ ਦੀ ਸੱਸ ਘਰ ਸੰਭਾਲ਼ਦੀ ਹੈ। ''ਮੌਤ ਤੋਂ ਇੱਕ ਰਾਤ ਪਹਿਲਾਂ ਉਹ ਬੂਟ ਪਾਈ ਹੀ ਸੌਣ ਚਲੇ ਗਏ। ਉਨ੍ਹਾਂ ਸਵੇਰੇ ਸਾਜਰੇ ਉੱਥੋਂ ਤੁਰਨਾ ਸੀ ਅਤੇ ਘਰੇ ਵਾਪਸ ਆਉਣਾ ਸੀ,'' ਅਮਨਦੀਪ ਨੇ ਕਿਹਾ। ''ਉਨ੍ਹਾਂ ਦੀ ਦੇਹ ਘਰ ਆਈ, ਉਹ ਨਹੀਂ ਆਏ।''
67 ਸਾਲਾ ਰਵਿੰਦਰ ਪਾਲ ਦੀ ਹਸਪਤਲ ਵਿਖੇ ਹੀ ਮੌਤ ਹੋ ਗਈ, ਉਹ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਤਹਿਸੀਲ ਦੇ ਪਿੰਡ ਇਕਲੋਹਾ ਦੇ ਵਾਸੀ ਸਨ। 3 ਦਸੰਬਰ ਨੂੰ ਸਿੰਘੂ ਵਿਖੇ ਉਨ੍ਹਾਂ ਨੇ ਇਨਕਲਾਬੀ ਗੀਤ ਗਾਉਂਦਿਆਂ ਦੀ ਇੱਕ ਵੀਡਿਓ ਰਿਕਾਰਡ ਕੀਤੀ। ਉਨ੍ਹਾਂ ਨੇ ਇੱਕ ਚਿੱਟੇ ਰੰਗ ਦਾ ਲੰਬਾ ਜਿਹਾ ਕੁੜਤਾ ਪਾਇਆ ਸੀ ਜਿਸ 'ਤੇ ਲਾਲ ਸਿਆਹੀ ਨਾਲ਼ ਨਾਅਰੇ ਲਿਖੇ ਹੋਏ ਸਨ ਜਿਵੇਂ ' ਪ੍ਰਣਾਮ ਸ਼ਹੀਦੋਂ ਕੋ ' ਅਤੇ ' ਨਾ ਪਗੜੀ ਨਾ ਟੋਪ, ਭਗਤ ਸਿੰਘ ਇੱਕ ਸੋਚ ' ।
ਹਾਲਾਂਕਿ, ਉਸੇ ਦਿਨ ਤੋਂ ਬਾਅਦ ਰਵਿੰਦਰ ਦੀ ਸਿਹਤ ਵਿਗੜ ਗਈ। 5 ਦਸੰਬਰ ਨੂੰ ਉਨ੍ਹਾਂ ਨੂੰ ਲੁਧਿਆਣੇ ਵਿਖੇ ਭੇਜਿਆ ਗਿਆ, ਜਿੱਥੇ ਅਗਲੇ ਦਿਨ ਉਨ੍ਹਾਂ ਦੀ ਮੌਤ ਹੋ ਗਈ। ''ਉਨ੍ਹਾਂ ਨੇ ਕਈਆਂ ਦੀ ਚੇਤਨਾ ਨੂੰ ਜਗਾਇਆ, ਹੁਣ ਉਹ ਖ਼ੁਦ ਹੀ ਗੂੜ੍ਹੀ ਨੀਂਦੇ ਸੌਂ ਗਏ,'' ਉਨ੍ਹਾਂ ਦੇ 42 ਸਾਲਾ ਬੇਟੇ ਰਾਜੇਸ਼ ਕੁਮਾਰ ਨੇ ਕਿਹਾ ਜਿਨ੍ਹਾਂ ਨੇ 2010-2012 ਵਿੱਚ ਭੂਟਾਨ ਦੇ ਸ਼ਾਹੀ ਸੈਨਿਕਾਂ ਨੂੰ ਸਿਖਲਾਈ ਦਿੱਤੀ। ਪਰਿਵਾਰ ਕੋਲ਼ ਕੋਈ ਜ਼ਮੀਨ ਨਹੀਂ। ''ਮੇਰੇ ਪਿਤਾ ਖੇਤ ਮਜ਼ਦੂਰ ਯੂਨੀਅਨ ਦੇ ਮੈਂਬਰ ਸਨ ਅਤੇ ਉਨ੍ਹਾਂ ਦੀ ਏਕਤਾ ਵਾਸਤੇ ਕੰਮ ਕਰਦੇ ਸਨ,'' ਰਾਜੇਸ਼ ਨੇ ਦੱਸਿਆ।
60 ਸਾਲਾ ਮਲਕੀਤ ਕੌਰ ਪੰਜਾਬ ਦੇ ਮਾਨਸਾ ਦੇ ਮਜ਼ਦੂਰ ਮੁਕਤੀ ਮੋਰਚਾ ਦੀ ਸਰਗਰਮ ਮੈਂਬਰ ਰਹੀ ਅਤੇ ਉਹ ਮਜ਼ਦੂਰਾਂ ਦੇ ਹੱਕਾਂ ਵਾਸਤੇ ਮੁਹਿੰਮ ਚਲਾਉਂਦੀ ਰਹੀ। ਇੱਕ ਅਜਿਹੀ ਦਲਿਤ (ਮਲਕੀਤ ਕੌਰ) ਜਿਸ ਕੋਲ਼ ਆਪਣੀ ਕੋਈ ਜ਼ਮੀਨ ਨਹੀਂ ਸੀ, ਫਿਰ ਵੀ ਪਿਛਲ਼ੇ ਸਾਲ 16 ਦਸੰਬਰ ਨੂੰ ਉਹ 1500 ਕਿਸਾਨਾਂ ਦੇ ਜੱਥੇ ਦੇ ਨਾਲ਼ ਦਿੱਲੀ ਲਈ ਰਵਾਨਾ ਹੋਈ। ''ਉਹ ਹਰਿਆਣਾ ਦੇ ਫ਼ਤਿਹਾਬਾਦ ਵਿਖੇ ਲੰਗਰ ਲਈ ਰੁਕੇ। ਉਹ ਸੜਕ ਪਾਰ ਕਰ ਰਹੀ ਸਨ ਕਿ ਇੱਕ ਵਾਹਨ ਦੀ ਚਪੇਟ ਵਿੱਚ ਆਉਣ ਕਰਕੇ ਉਨ੍ਹਾਂ ਦੀ ਮੌਤ ਹੋ ਗਈ,'' ਗੁਰਜੰਟ ਸਿੰਘ ਨੇ ਕਿਹਾ ਜੋ ਕਿ ਮਜ਼ਦੂਰ ਜੱਥੇਬੰਦੀ ਦੇ ਸਥਾਨਕ ਪ੍ਰਧਾਨ ਹਨ।
ਰਮਨ ਕਸ਼ਯਮ ਉਮਰ 34 ਸਾਲ, ਲਖ਼ੀਮਪੁਰ ਖੀਰੀ ਵਿਖੇ 3 ਅਕਤੂਬਰ 2021 ਦੇ ਹਾਦਸੇ ਦੌਰਾਨ ਮਾਰਿਆ ਜਾਣ ਵਾਲ਼ਾ ਪੱਤਰਕਾਰ। ਉਹ ਦੋ ਬੱਚਿਆਂ ਦੇ ਪਿਤਾ ਸਨ ਅਤੇ ਸਾਧਨਾ ਪਲਸ (ਟੀਵੀ ਨਿਊਜ ਚੈਲਨ) ਦੇ ਸਥਾਨਕ ਰਿਪੋਰਟਰ ਸਨ। ਉਹ ਖੀਰੀ ਦੀ ਨਿਘਾਸਨ ਤਹਿਸੀਲ ਦੇ ਵਾਸੀ ਸਨ। ''ਉਹਨੂੰ ਸਮਾਜ ਦੀ ਸੇਵਾ ਕਰਨ ਵਿੱਚ ਬੜੀ ਰੁਚੀ ਸੀ,'' ਉਨ੍ਹਾਂ ਦੇ ਭਰਾ ਪਵਨ ਕਸ਼ਯਮ ਦਾ ਕਹਿਣਾ ਹੈ ਜੋ ਕਿ ਇੱਕ ਕਿਸਾਨ ਹਨ। ਉਨ੍ਹਾਂ ਦੀ ਰਮਨ ਅਤੇ ਇੱਕ ਹੋਰ ਭਰਾ ਦੇ ਨਾਲ਼ 4 ਏਕੜ ਦੀ ਸਾਂਝੀ ਜ਼ਮੀਨ ਹੈ। ''ਉਹ ਗੱਡੀ ਦੇ ਚੱਕੇ ਹੇਠ ਆ ਗਿਆ। ਕਰੀਬ ਤਿੰਨ ਘੰਟਿਆਂ ਤੱਕ ਕਿਸੇ ਨੇ ਵੀ ਉਹਦੇ ਵੱਲ ਧਿਆਨ ਨਾ ਦਿੱਤਾ ਅਤੇ ਉਹ ਥਾਏਂ ਪਿਆ ਰਿਹਾ। ਉਹਦੀ ਦੇਹ ਨੂੰ ਸਿੱਧਿਆਂ ਹੀ ਪੋਸਟਮਾਰਟਮ ਵਾਸਤੇ ਭੇਜਿਆ ਗਿਆ,'' ਪਵਨ ਕਸ਼ਯਪ ਨੇ ਕਿਹਾ। ''ਮੈਂ ਉਹਨੂੰ ਮੁਰਦੇਖਾਨੇ ਹੀ ਪਿਆ ਦੇਖਿਆ। ਉਹਦੀ ਦੇਹ 'ਤੇ ਟਾਇਰਾਂ ਦੇ ਅਤੇ ਬਜਰੀ ਦੇ ਨਿਸ਼ਾਨ ਪਏ ਹੋਏ ਸਨ। ਜੇਕਰ ਉਹਦਾ ਸਮੇਂ ਸਿਰ ਇਲਾਜ ਹੁੰਦਾ ਤਾਂ ਉਹ ਬੱਚ ਸਕਦਾ ਸੀ।''
ਬੱਚਿਆਂ ਨੂੰ ਗੁਆਉਣ ਦਾ ਦੁੱਖ ਇੱਕ ਪਰਿਵਾਰ ਲਈ ਬਹੁਤ ਵੱਡਾ ਹੁੰਦਾ ਹੈ। 16 ਸਾਲਾ ਗੁਰਜਿੰਦਰ ਸਿੰਘ ਜੋ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੜਸ਼ੰਕਰ ਤਹਿਸੀਲ ਦੇ ਟਾਂਡਾ ਦਾ ਵਾਸੀ ਸੀ। ''ਸਾਡਾ ਪਰਿਵਾਰ ਉੱਜੜ ਗਿਆ। ਆਖ਼ਰ ਸਰਕਾਰ ਇੰਨੇ ਖ਼ਤਰਨਾਕ ਕਨੂੰਨ ਲਿਆਈ ਹੀ ਕਿਉਂ?'' ਉਹਦੀ ਮਾਂ, 38 ਸਾਲਾ ਕੁਲਵਿੰਦਰ ਕੌਰ ਨੇ ਕਿਹਾ। ਗੁਰਜਿੰਦਰ ਸਿੰਘ ਧਰਨੇ ਵਿੱਚ ਸ਼ਾਮਲ ਹੋਣ ਲਈ ਦਿੱਲੀ ਵਾਸਤੇ ਘਰੋਂ ਗਿਆ ਸੀ ਅਤੇ 16 ਦਸੰਬਰ 2020 ਨੂੰ ਕਰਨਾਲ ਦੇ ਨੇੜੇ ਉਸੇ ਟਰੈਕਟਰ ਤੋਂ ਡਿੱਗ ਗਿਆ, ਜਿਸ ਟਰੈਕਟਰ 'ਤੇ ਉਹ ਸਵਾਰ ਸੀ। ਸਿਰਫ਼ 10 ਦਿਨ ਪਹਿਲਾਂ, 6 ਦਸੰਬਰ ਨੂੰ, 16 ਸਾਲਾ ਜਸਪ੍ਰੀਤ ਸਿੰਘ ਜੋ ਕਿ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੀ ਗੁਹਲਾ ਤਹਿਸੀਲ ਦੇ ਮਸਤਗੜ੍ਹ ਤੋਂ ਸੀ ਅਤੇ ਸਿੰਘੂ ਵੱਲ ਨੂੰ ਜਾ ਰਿਹਾ ਸੀ। ਅਚਾਨਕ ਉਹ ਵਾਹਨ ਜਿਸ 'ਤੇ ਉਹ ਸਵਾਰ ਸੀ ਨਹਿਰ ਵਿੱਚ ਜਾ ਡਿੱਗਿਆ। ਜਸਪ੍ਰੀਤ ਦੇ ਚਾਚਾ, 50 ਸਾਲਾ ਪ੍ਰੇਮ ਸਿੰਘ ਨੇ ਕਿਹਾ,''ਜਿਨ੍ਹਾਂ ਪਰਿਵਾਰਾਂ ਨੇ ਆਪਣੇ ਪਿਆਰਿਆਂ ਨੂੰ ਗੁਆ ਲਿਆ, ਦੱਸੋ ਉਨ੍ਹਾਂ ਦਾ ਕਨੂੰਨ ਰੱਦ ਹੋਣ ਜਾਂ ਨਾ ਹੋਣ ਨਾਲ਼ ਕੀ ਵਾਸਤਾ ਰਹਿ ਜਾਂਦਾ ਹੈ?''
ਮ੍ਰਿਤਕਾਂ ਦੇ ਪਰਿਵਾਰਾਂ ਨਾਲ਼ ਗੱਲਬਾਤ ਕਰਦਿਆਂ, ਮੈਂ ਸੜਕ ਹਾਦਸਿਆਂ, ਦਿਮਾਗ਼ੀ ਤਣਾਅ ਦੇ ਨਾਲ਼ ਹੋਈਆਂ ਮੌਤਾਂ ਦੇ ਨਾਲ਼ ਨਾਲ਼ ਦਿੱਲੀ ਦੇ ਕੁਰੱਖ਼ਤ ਮੌਸਮ ਦੀ ਮਾਰ ਨੂੰ ਮੌਤਾਂ ਦੇ ਮੁੱਖ ਕਾਰਨਾਂ ਵਜੋਂ ਸੂਚੀਬੱਧ ਕਰ ਸਕਿਆ। ਖੇਤੀ ਕਨੂੰਨਾਂ ਨੂੰ ਲੈ ਕੇ ਸੰਤਾਪ ਅਤੇ ਉਨ੍ਹਾਂ ਦੇ ਲਾਗੂ ਹੋਣ ਨਾਲ਼ ਵੱਧਣ ਵਾਲ਼ੀਆਂ ਅਨਿਸ਼ਚਤਤਾਵਾਂ- ਇਨ੍ਹਾਂ ਸਭ ਕਾਰਨਾਂ ਨੇ ਮਿਲ਼ ਕੇ ਕਿਸਾਨਾਂ ਅੰਦਰ ਡੂੰਘੀ ਉਦਾਸੀਨਤਾ ਭਰ ਦਿੱਤੀ ਜਿਸ ਦਾ ਨਤੀਜਾ ਮੌਤਾਂ ਅਤੇ ਆਤਮਹੱਤਿਆਵਾਂ ਦੇ ਰੂਪ ਵਿੱਚ ਨਿਕਲ਼ਿਆ।
10 ਨਵੰਬਰ 2021 ਨੂੰ, 45 ਸਾਲਾ ਗੁਰਪ੍ਰੀਤ ਸਿੰਘ ਸਿੰਘੂ ਧਰਨੇ ਦੀ ਥਾਂ ਦੇ ਨੇੜੇ ਇੱਕ ਸਥਾਨਕ ਭੋਜਨਖਾਨੇ ਕੋਲ਼ ਫ਼ਾਹੇ ਲੱਗੇ ਦੇਖੇ ਗਏ। ਉਨ੍ਹਾਂ ਦੇ ਖੱਬੇ ਹੱਥ 'ਤੇ ਬੱਸ ਇੱਕੋ ਸ਼ਬਦ ਝਰੀਟਿਆ ਹੋਇਆ ਸੀ, ਜ਼ਿੰਮੇਦਾਰ ...। ਉਨ੍ਹਾਂ ਦੇ 21 ਸਾਲਾ ਬੇਟੇ ਲਵਪ੍ਰੀਤ ਨੇ ਮੈਨੂੰ ਕਿਹਾ। ਪੰਜਾਬ ਦੇ ਫ਼ਤਹਿਗੜ੍ਹ ਸਾਹਬ ਜ਼ਿਲ੍ਹੇ ਦੀ ਅਮਲੋਹ ਤਹਿਸੀਲ ਵਿੱਚ ਪੈਂਦੇ ਪਿੰਡ ਰੁਰਕੀ ਵਿਖੇ ਗੁਰਪ੍ਰੀਤ ਕੋਲ਼ ਅੱਧ ਏਕੜ ਜ਼ਮੀਨ ਸੀ ਜਿੱਥੇ ਉਹ ਆਪਣੇ ਡੰਗਰਾਂ ਵਾਸਤੇ ਪੱਠੇ ਉਗਾਉਂਦੇ ਸਨ। ਉਹ ਰੋਜ਼ੀਰੋਟੀ ਵਾਸਤੇ ਮੰਡੀ ਗੋਬਿੰਦਗੜ੍ਹ ਦੇ ਇੱਕ ਸਕੂਲ ਦੇ ਬੱਚਿਆਂ ਨੂੰ ਢੋਹਣ ਦਾ ਕੰਮ ਕਰਿਆ ਕਰਦੇ ਸਨ, ਜੋ ਕਿ ਉਨ੍ਹਾਂ ਦੇ ਘਰ ਤੋਂ ਕਰੀਬ 18 ਕਿਲੋਮੀਟਰ ਦੂਰ ਸੀ। ''ਜੇ ਕਨੂੰਨ ਵਾਪਸ ਲਏ ਜਾਣ ਦਾ ਐਲਾਨ 10 ਦਿਨ ਪਹਿਲਾਂ ਹੋਇਆ ਹੁੰਦਾ ਤਾਂ ਅੱਜ ਮੇਰੇ ਪਿਤਾ ਨੇ ਸਾਡੇ ਵਿੱਚ ਬੈਠੇ ਹੋਣਾ ਸੀ,'' ਗੁਰਪ੍ਰੀਤ ਨੇ ਕਿਹਾ, ਉਹ ਮੰਡੀ ਗੋਬਿੰਦਗੜ੍ਹ ਦੀ ਦੇਸ਼ਭਗਤ ਯੂਨੀਵਰਸਿਟੀ ਵਿੱਚ ਬੀਕਾਮ ਦੀ ਪੜ੍ਹਾਈ ਕਰਦੇ ਹਨ। ''ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਸਨ, ਤਾਂਕਿ ਕੋਈ ਵੀ ਮੇਰੇ ਪਿਤਾ ਵਾਂਗਰ ਮੌਤ ਦੇ ਮੂੰਹ ਨਾ ਪੈਂਦਾ।''
ਕਸ਼ਮੀਰ ਸਿੰਘ 15 ਅਗਸਤ 1947 ਨੂੰ ਪੈਦਾ ਹੋਏ, ਉਸ ਦਿਨ ਭਾਰਤ ਬ੍ਰਿਟਿਸ਼ ਰਾਜ ਤੋਂ ਅਜ਼ਾਦ ਹੋਇਆ ਸੀ। ਯੂਪੀ ਦੇ ਸੁਆਰ ਬਲਾਕ ਦੇ ਪਾਸਿਆਪੁਰਾ ਦਾ ਇਹ ਕਿਸਾਨ ਗਾਜ਼ੀਪੁਰ ਵਿਖੇ ਲੰਘਰ ਦੀ ਸੇਵਾ ਕਰਦਾ ਰਿਹਾ ਸੀ। ਪਰ 2 ਜਨਵਰੀ 2021 ਨੂੰ ਉਹਨੇ ਖ਼ੁਦ ਨੂੰ ਫ਼ਾਹੇ ਟੰਗ ਲਿਆ ਅਤੇ ਮਗਰ ਛੱਡ ਗਿਆ ਇੱਕ ਰੁੱਕਾ: ''ਮੈਂ ਖੇਤੀ ਕਨੂੰਨਾਂ ਦੇ ਵਿਰੋਧ ਪ੍ਰਦਰਸ਼ਨ ਵਿੱਚ ਆਪਣਾ ਆਪਾ ਵਾਰ ਰਿਹਾ ਹਾਂ।''
''700 ਸ਼ਹੀਦਾਂ ਦੇ ਪਰਿਵਾਰ ਵਾਲ਼ੇ ਕੀ ਮਹਿਸੂਸ ਕਰ ਰਹੇ ਹੋਣਗੇ?'' ਕਸ਼ਮੀਰ ਸਿੰਘ ਦੇ ਪੋਤੇ ਗੁਰਵਿੰਦਰ ਸਿੰਘ ਨੇ ਮੈਨੂੰ ਪੁੱਛਿਆ। ''ਭਾਵੇਂ ਕਿ ਕਨੂੰਨ ਵਾਪਸ ਹੋ ਗਏ ਪਰ ਸਾਡੇ 700 ਕਿਸਾਨਾਂ ਨੇ ਵਾਪਸ ਨਹੀਂ ਮੁੜਨਾ। 700 ਘਰਾਂ ਦੇ ਚਿਰਾਗ਼ ਬੁੱਝ ਗਏ।''
ਦਿੱਲੀ ਦੇ ਚੁਫ਼ੇਰਿਓਂ ਧਰਨੇ ਦੀਆਂ ਥਾਵਾਂ ਖਾਲੀ ਹੋ ਗਈਆਂ ਪਰ ਕਿਸਾਨ ਐੱਮਐੱਸਪੀ ਦੀ ਕਨੂੰਨੀ ਗਰੰਟੀ ਦੇਣ ਦੇ ਨਾਲ਼ ਨਾਲ਼ ਸ਼ਹੀਦਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਵਾਸਤੇ ਸਰਕਾਰ 'ਤੇ ਦਬਾ ਬਣਾਉਣਾ ਜਾਰੀ ਰੱਖ ਰਹੇ ਹਨ। ਹਾਲਾਂਕਿ, 1 ਦਸੰਬਰ 2021 ਨੂੰ ਸੰਸਦ ਵਿੱਚ ਲਿਖਤੀ ਜਵਾਬ ਵਿੱਚ ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਮੁਆਵਜ਼ਾ ਦੇਣ ਦਾ ਕੋਈ ਸਵਾਲ ਹੀ ਨਹੀਂ ਉੱਠਦਾ ਕਿਉਂਕਿ ਸਰਕਾਰ ਦੇ ਕੋਲ਼ ਮੌਤਾਂ ਦਾ ਕੋਈ ਰਿਕਾਰਡ ਹੀ ਨਹੀਂ ਹੈ।
ਜੇਕਰ ਸਰਕਾਰ ਨੇ ਧਿਆਨ ਦਿੱਤਾ ਹੁੰਦਾ ਤਾਂ ਹੀ ਪਤਾ ਚੱਲਦਾ ਕਿੰਨੇ ਲੋਕ ਮਰੇ ਹਨ, ਗੁਰਵਿੰਦਰ ਕਹਿੰਦੇ ਹਨ। ''ਜਦੋਂ ਕਿਸਾਨ ਸੜਕਾਂ 'ਤੇ ਬੈਠੇ ਸਨ ਉਦੋਂ ਸਰਕਾਰ ਆਪਣੇ ਬੰਗਲਿਆਂ ਵਿੱਚ ਸੌਂ ਰਹੀ ਸੀ।'' ਜਦੋਂ ਹਰ ਤਰ੍ਹਾਂ ਦੀ ਤਕਨੀਕ ਮੌਜੂਦ ਹੈ ਅੰਕੜੇ ਵੀ ਸੌਖਿਆਂ ਹੀ ਉਪਲਬਧ ਹੋ ਸਕਦੇ ਹੋਣ ਤਾਂ ਦੱਸੋ ਫਿਰ ''ਅੰਦੋਲਨ ਵਿੱਚ ਮਾਰੇ ਗਏ ਲੋਕਾਂ ਦਾ ਵੇਰਵਾ ਇਕੱਠਾ ਕਰਨਾ ਕਿੰਨਾ ਕੁ ਅਸੰਭਵ ਕੰਮ ਹੈ?'' ਮਜ਼ਦੂਰ ਮੁਕਤੀ ਮੋਰਚਾ ਦੇ ਗੁਰਜੰਟ ਸਿੰਘ ਪੁੱਛਦੇ ਹਨ।
ਗੁਰਪ੍ਰੀਤ ਹੁਣ ਕਦੇ ਵੀ ਤਕਰੀਰ ਨਹੀਂ ਕਰਨਗੇ। ਉਨ੍ਹਾਂ ਜਿਹੇ 700 ਤੋਂ ਵੱਧ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਲਿਖੇ ਗਏ ਇਤਿਹਾਸ ਦੇ ਅਖ਼ੀਰਲੇ ਅਧਿਆਇ ਦੇ ਗਵਾਹ ਨਹੀਂ ਬਣੇ। ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਜੋ ਆਪਣੇ ਜੇਤੂ ਸਾਥੀਆਂ ਦੀਆਂ ਅੱਖਾਂ ਪੂੰਝ ਸਕਦਾ ਅਤੇ ਜਿੱਤ ਦਾ ਸੁਆਦ ਚੱਖ ਸਕਦਾ। ਪਰ ਸ਼ਾਇਦ ਉਹ ਅਸਮਾਨੀਂ ਚੜ੍ਹ ਜਿੱਤ ਦਾ ਝੰਡਾ ਲਹਿਰਾ ਰਹੇ ਹਨ ਅਤੇ ਦੇਖ ਰਹੇ ਹਨ ਕਿ ਉਨ੍ਹਾਂ ਦੇ ਜ਼ਿੰਦਾ ਸਾਥੀ ਕਿਵੇਂ ਉਨ੍ਹਾਂ ਨੂੰ ਸਲਾਮ ਕਰ ਰਹੇ ਹਨ।
ਸਾਰੀਆਂ ਤਸਵੀਰਾਂ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਉਪਲਬਧ ਹੋਈਆਂ। ਕਵਰ ਫ਼ੋਟੋ ਅਮੀਰ ਮਲਿਕਾ ਵੱਲੋਂ ਲਈ ਗਈ ਹੈ।
ਜੇਕਰ ਤੁਸੀਂ ਵੀ ਆਪਣਾ ਜੀਵਨ ਖ਼ਤਮ ਕਰਨ ਬਾਰੇ ਸੋਚਦੇ ਹੋ ਜਾਂ ਕਿਸੇ ਅਜਿਹੇ ਵਿਅਕਤੀ ਬਾਰੇ ਜਾਣੇ ਹੋ ਜਿਹਨੂੰ ਚਿੰਤਾ ਜਿਊਣ ਨਹੀਂ ਦਿੰਦਾ ਤਾਂ ਕ੍ਰਿਪਾ ਕਰਕੇ ਕਿਰਨ, ਰਾਸ਼ਟਰੀ ਹੈਲਪਲਾਈਨ ਨੰਬਰ 1800-599-0019 (24/7 ਘੰਟੇ ਟੋ ਫ੍ਰੀ ਹੈ)
'
ਤੇ ਫ਼ੋਨ ਕਰੋ ਜਾਂ ਆਪਣੇ ਨੇੜਲੀ ਕਿਸੇ
ਹੈਲਪਲਾਈਨ
'
ਤੇ ਸੰਪਰਕ ਕਰੋ। ਮਾਨਸਿਕ ਸਿਹਤ ਪੇਸ਼ੇਵਰਾਂ ਅਤੇ ਸੇਵਾਵਾਂ ਤੱਕ ਪਹੁੰਚ ਬਣਾਉਣ ਬਾਰੇ ਜਾਣਕਾਰੀ ਲਈ ਕ੍ਰਿਪਾ ਕਰਕੇ
SPIF
ਦੀ ਮਾਨਸਿਕ ਸਿਹਤ ਡਾਇਰੈਕਟਰੀ
ਦੇਖੋ।
ਤਰਜਮਾ: ਕਮਲਜੀਤ ਕੌਰ