ਉਹ ਮਹਿਜ 17 ਵਰ੍ਹਿਆਂ ਦੀ ਸਨ ਜਦੋਂ ਉਨ੍ਹਾਂ ਨੇ ਕੁਡਲੌਰ ਫਿਸ਼ਿੰਗ ਬੰਦਰਗਾਹ ਵਿਖੇ ਵਪਾਰ ਸ਼ੁਰੂ ਕੀਤਾ। ਉਨ੍ਹਾਂ ਨੇ ਇਹ ਸਾਰਾ ਕੁਝ ਸਿਰਫ਼ 1,800 ਰੁਪਏ ਦੀ ਛੋਟੀ ਜਿਹੀ ਪੂੰਜੀ ਨਾਲ਼ ਸ਼ੁਰੂ ਕੀਤਾ ਸੀ, ਜੋ ਪੂੰਜੀ ਉਨ੍ਹਾਂ ਦੀ ਮਾਂ ਨੇ ਆਪਣੀ ਧੀ ਨੂੰ ਕਾਰੋਬਾਰ ਸ਼ੁਰੂ ਕਰਨ ਲਈ ਦਿੱਤੀ ਸੀ। ਅੱਜ, 62 ਸਾਲਾ ਵਾਨੀ ਬੰਦਰਗਾਹ ਦੀ ਸਭ ਤੋਂ ਕਾਮਯਾਬ ਨੀਲਾਮਕਰਤਾ ਅਤੇ ਵਿਕ੍ਰੇਤਾ ਹਨ। ਉਨ੍ਹਾਂ ਨੂੰ ਆਪਣੇ ਉਸ ਘਰ ਵਾਂਗਰ, ਜੋ ਉਨ੍ਹਾਂ ਨੇ ਅਥਾਹ ਬਿਪਤਾਵਾਂ ਨੂੰ ਝੱਲ ਝੱਲ ਕੇ ਪੂਰਿਆਂ ਕੀਤਾ, ''ਕਦਮ ਦਰ ਕਦਮ'' ਹੱਥੀਂ ਪਾਲ਼ੇ ਆਪਣੇ ਵਪਾਰ 'ਤੇ ਵੀ ਬੜਾ ਫ਼ਖਰ ਹੈ।

ਆਪਣੇ ਪਤੀ ਤੋਂ ਬਾਅਦ ਵੇਨੀ ਨੇ ਇਕੱਲਿਆਂ ਹੀ ਆਪਣੇ ਚਾਰ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ, ਉਨ੍ਹਾਂ ਦੇ ਪਤੀ ਇੱਕ ਸ਼ਰਾਬੀ ਸਨ ਅਤੇ ਉਨ੍ਹਾਂ ਨੇ ਵੇਨੀ ਨੂੰ ਛੱਡ ਦਿੱਤਾ ਸੀ। ਉਨ੍ਹਾਂ ਦੀ ਰੋਜ਼ਮੱਰਾ ਦੀ ਕਮਾਈ ਇੰਨੀ ਨਿਗੂਣੀ ਸੀ ਕਿ ਉਹ ਮਸਾਂ ਹੀ ਆਪਣਾ ਗੁਜ਼ਾਰਾ ਚਲਾਉਂਦੀ। ਰਿੰਗ ਸੀਨ ਫਿਸ਼ਿੰਗ ਤਕਨੀਕ ਦੇ ਆਉਣ ਨਾਲ਼ ਉਨ੍ਹਾਂ ਨੇ ਲੱਖਾਂ ਰੁਪਿਆਂ ਦਾ ਉਧਾਰ ਚੁੱਕ ਕੇ ਬੇੜੀਆਂ ਵਿੱਚ ਪੈਸੇ ਲਾਏ। ਨਿਵੇਸ਼ ਦੀ ਰਿਟਰਨ ਵਿੱਚੋਂ ਜੋ ਪੈਸਾ ਆਉਂਦਾ ਉਸ ਪੈਸੇ ਨਾਲ਼ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਅਤੇ ਘਰ ਬਣਾਇਆ।

1990ਵਿਆਂ ਵਿੱਚ ਰਿੰਗ ਸੀਨ ਫਿਸ਼ਿੰਗ ਨੇ ਕੁਡਲੌਰ ਤਟ ਵਿਖੇ ਕਾਫ਼ੀ ਪ੍ਰਸਿੱਧੀ ਹਾਸਲ ਕੀਤੀ, ਪਰ 2004 ਵਿੱਚ ਆਈ ਸੁਨਾਮੀ ਤੋਂ ਬਾਅਦ ਇਹਦੀ ਵਰਤੋਂ ਤੇਜ਼ੀ ਨਾਲ਼ ਘਟੀ। ਰਿੰਗ ਸੀਨ ਗੇਅਰ ਸਮੁੰਦਰੀ ਪੈਲਾਜਿਕ ਮੱਛੀਆਂ ਜਿਵੇਂ ਕਿ ਸਾਰਡਾਈਨ, ਮੈਕਰੇਲ ਅਤੇ ਐਂਚੋਵੀਜ਼ (ਮੱਛੀਆਂ) ਦੇ ਲੰਘਦੇ ਝੁੰਡਾਂ ਨੂੰ ਫੜ੍ਹਨ ਲਈ ਘੇਰਾਬੰਦੀ ਕਰਨ ਦੀਆਂ ਤਕਨੀਕਾਂ ਦੀ ਵਰਤੋਂ ਹੈ।

ਵੀਡਿਓ ਦੇਖੋ: ‘ਮੈਂ ਜਿੱਥੇ ਹਾਂ ਆਪਣੀ ਸਖ਼ਤ ਮੁਸ਼ੱਕਤ ਕਾਰਨ ਹੀ ਹਾਂ

ਵੱਡੇ ਪੂੰਜੀ ਨਿਵੇਸ਼ ਦੀ ਲੋੜ ਅਤੇ ਮਜ਼ਦੂਰੀ ਦੀ ਮੰਗ ਕਾਰਨ ਛੋਟੇ-ਪੱਧਰ ਦੇ ਮਛੇਰਿਆਂ ਨੇ ਸ਼ੇਅਰਧਾਰਕਾਂ ਦੇ ਸਮੂਹ ਬਣਾਏ ਜਿਸ ਵਿੱਚ ਉਨ੍ਹਾਂ ਨੇ ਲਾਗਤ ਅਤੇ ਨਿਵੇਸ਼ ਦੀ ਰਿਟਰਨ ਨੂੰ ਸਾਂਝਿਆਂ ਕੀਤਾ। ਬੱਸ ਇਹੀ ਉਹ ਸਫ਼ਰ ਸੀ ਜਿਹਨੇ ਵਾਨੀ ਨੂੰ ਨਿਵੇਸ਼ਕ  ਬਣਾਇਆ ਅਤੇ ਉਨ੍ਹਾਂ ਦਾ ਵਪਾਰ ਵਧਿਆ-ਫੁਲਿਆ। ਰਿੰਗ ਸੀਨ ਬੇੜੀਆਂ ਨੇ ਔਰਤਾਂ ਦੇ ਨੀਲਾਮਕਰਤਾ, ਵਿਕ੍ਰੇਤਾ ਅਤੇ ਮੱਛੀਆਂ ਸੁਕਾਉਣ ਵਾਲ਼ਿਆਂ ਵਜੋਂ ਉੱਭਰਨ ਦੇ ਨਵੇਂ ਮੌਕੇ ਖੋਲ੍ਹੇ। ''ਰਿੰਗ ਸੀਨ (ਤਕਨੀਕ) ਦਾ ਸ਼ੁਕਰੀਆ, ਜਿਹਨੇ ਸਮਾਜ ਵਿੱਚ ਮੇਰਾ ਰੁਤਬਾ ਵਧਾਇਆ। ਮੈਂ ਬਹਾਦੁਰ ਔਰਤ ਬਣ ਗਈ ਅਤੇ ਮੇਰੀ ਸਖਸ਼ੀਅਤ ਨਿਖਰ ਗਈ,'' ਵੇਨੀ ਕਹਿੰਦੀ ਹਨ।

ਬੇੜੀਆਂ ਵਿੱਚ ਪੁਰਸ਼ਾਂ ਲਈ ਵਿਸ਼ੇਸ਼ ਥਾਂ ਕਿਉਂ ਨਾ ਹੋਵੇ, ਪਰ ਜਿਓਂ ਹੀ ਉਹ ਬੰਦਰਗਾਹ ਵਿਖੇ ਅੱਪੜਦੀਆਂ ਹਨ, ਔਰਤਾਂ ਉਨ੍ਹਾਂ ਨੂੰ ਆਪਣੇ ਕਬਜ਼ੇ ਹੇਠ ਲੈ ਲੈਂਦੀਆਂ ਹਨ। ਫਿਰ ਸ਼ੁਰੂਆਤ ਹੁੰਦੀ ਹੈ ਉਨ੍ਹਾਂ ਕੰਮਾਂ ਦੀ ਜਿਨ੍ਹਾਂ ਵਿੱਚ ਫੜ੍ਹੀਆਂ ਗਈਆਂ ਮੱਛੀਆਂ ਦੀ ਬੋਲੀ ਲਾਏ ਜਾਣ, ਮੱਛੀਆਂ ਨੂੰ ਕੱਟਣ ਅਤੇ ਸੁਕਾਏ ਜਾਣ ਦੇ ਨਾਲ਼ ਨਾਲ਼ ਅਵਸ਼ੇਸ਼ਾਂ ਦਾ ਨਿਪਟਾਰਾ ਕਰਨਾ, ਬਰਫ਼ ਵੇਚਣਾ, ਚਾਹ ਬਣਾਉਣਾ ਅਤੇ ਭੋਜਨ ਪਕਾਉਣਾ ਆਦਿ ਸ਼ਾਮਲ ਹੁੰਦਾ ਹੈ। ਭਾਵੇਂ ਕਿ ਮੱਛੀਆਂ ਫੜ੍ਹਨ ਵਾਲ਼ੀਆਂ ਔਰਤਾਂ ਨੂੰ ਮੱਛੀ ਵਿਕ੍ਰੇਤਾ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ ਫਿਰ ਵੀ ਮੱਛੀ ਨਾਲ਼ ਜੁੜੇ ਹੋਰਨਾਂ ਕੰਮਾਂ ਨਾਲ਼ ਜੁੜੀਆਂ ਔਰਤਾਂ ਵੀ ਬਰਾਬਰ ਗਿਣਤੀ ਵਿੱਚ ਹੀ ਹੁੰਦੀਆਂ ਹਨ ਜੋ ਵਿਕ੍ਰੇਤਾਵਾਂ ਨਾਲ਼ ਅਕਸਰ ਹਿੱਸੇਦਾਰੀ ਵਿੱਚ ਕੰਮ ਕਰਦੀਆਂ ਹਨ। ਪਰ ਮੱਛੀ ਪਾਲਣ ਦੇ ਖੇਤਰ ਵਿੱਚ ਔਰਤਾਂ ਦੇ ਯੋਗਦਾਨ ਦੇ ਮੁੱਲ ਅਤੇ ਕੰਮ ਦੀ ਵੰਨ-ਸੁਵੰਨਤਾ ਨੂੰ ਬਹੁਤ ਘੱਟ ਹੀ ਮਾਨਤਾ ਦਿੱਤੀ ਜਾਂਦੀ ਹੈ।

ਵੀਡਿਓ ਦੇਖੋ: ਕੁਡਲੌਰ ਵਿਖੇ ਫਿਸ਼ ਹੈਂਡਲਿੰਗ

ਵੇਨੀ ਅਤੇ ਇੱਥੋਂ ਤੱਕ ਕਿ ਭਾਨੂ ਜਿਹੀਆਂ ਜੁਆਨ ਔਰਤਾਂ ਦੀ ਆਮਦਨੀ ਹੀ ਉਨ੍ਹਾਂ ਦੇ ਪਰਿਵਾਰਾਂ ਦੀ ਰੀੜ੍ਹ ਦੀ ਹੱਡੀ ਦਾ ਕੰਮ ਕਰਦੀ ਹੈ। ਪਰ ਉਨ੍ਹਾਂ ਨੂੰ ਆਪਣੇ ਕੰਮ ਵਿੱਚ ਸਨਮਾਨ ਅਤੇ ਸਮਾਜਿਕ ਕਦਰ ਦੀ ਘਾਟ ਮਹਿਸੂਸ ਹੁੰਦੀ ਹੈ। ਉਨ੍ਹਾਂ ਦੇ ਸਿੱਧੇ ਅਤੇ ਅਸਿੱਧੇ ਯੋਗਦਾਨ ਨੂੰ ਅੱਖੋਂ-ਪਰੋਖੇ ਕੀਤਾ ਜਾਂਦਾ ਹੈ।

2018 ਵਿੱਚ, ਤਮਿਲਨਾਡੂ ਸਰਕਾਰ ਨੇ ਛੋਟੀਆਂ ਮੱਛੀਆਂ ਸਣੇ ਓਵਰ-ਫਿਸ਼ਿੰਗ (ਬਹੁਤ ਜ਼ਿਆਦਾ ਮੱਛੀਆਂ ਫੜ੍ਹੇ ਜਾਣਾ) ਲਈ ਜਾਣੀ ਜਾਂਦੀ ਰਿੰਗ ਸੀਨ ਗੇਅਰ ਤਕਨੀਕ ‘ਤੇ ਰੋਕ ਲਾ ਦਿੱਤੀ। ਇਸ ਪਾਬੰਦੀ ਨੇ ਵੇਨੀ ਜਿਹੀਆਂ ਕਈ ਹੋਰਨਾਂ ਔਰਤਾਂ ਦੀ ਰੋਜ਼ੀਰੋਟੀ ‘ਤੇ ਲੱਤ ਮਾਰੀ। ਉਨ੍ਹਾਂ ਦੀ ਰੋਜ਼ਾਨਾ ਦੀ ਹੁੰਦੀ 1 ਲੱਖ ਦੀ ਆਮਦਨੀ ਘੱਟ ਕੇ 800-1,200 ਰੁਪਏ ਹੋ ਗਈ। ''ਰਿੰਗ ਸੇਨ 'ਤੇ ਲੱਗੀ ਪਾਬੰਦੀ ਕਾਰਨ ਮੇਰਾ ਕਰੀਬ 1 ਕਰੋੜ ਰੁਪਿਆ ਡੁੱਬ ਗਿਆ। ਸਿਰਫ਼ ਮੇਰਾ ਹੀ ਨਹੀਂ... ਲੱਖਾਂ ਦੇ ਲੱਖ ਲੋਕਾਂ ਦੇ ਕੰਮ ਪ੍ਰਭਾਵਤ ਹੋਏ,'' ਵੇਨੀ ਕਹਿੰਦੀ ਹਨ।

ਬਾਵਜੂਦ ਇਨ੍ਹਾਂ ਬਿਪਤਾਵਾਂ ਦੇ ਇਨ੍ਹਾਂ ਔਰਤਾਂ ਨੇ ਕੰਮ ਕਰਨਾ, ਇੱਕ ਦੂਜੇ ਨੂੰ ਸੰਭਾਲਣਾ ਅਤੇ ਸਹਾਰਾ ਦੇਣਾ ਜਾਰੀ ਰੱਖਿਆ ਅਤੇ ਔਖ਼ੀਆਂ ਘੜੀਆਂ ਵਿੱਚ ਹਿੰਮਤ ਨਾ ਹਾਰ ਕੇ ਸਾਂਝੀਵਾਲਤਾ ਕਾਇਮ ਰੱਖੀ।

ਵੇਨੀ ਦੀ ਵਿਸ਼ੇਸ਼ਤਾ  ਦਰਸਾਉਂਦੀ ਇਹ ਫ਼ਿਲਮ ਤਾਰਾ ਲਾਰੈਂਸ ਅਤੇ ਨਿਕੋਲਸ ਬਾਊਟਸ ਦੇ ਸਹਿਯੋਗ ਨਾਲ ਲਿਖੀ ਗਈ ਹੈ।

ਇਹ ਵੀ ਪੜ੍ਹੋ: ਮੱਛੀ ਦੇ ਅਵਸ਼ੇਸ਼ਾਂ ਵਿੱਚੋਂ ਰੋਟੀ ਤਲਾਸ਼ਦੀ ਪੁਲੀ

ਤਰਜਮਾ: ਕਮਲਜੀਤ ਕੌਰ

Nitya Rao

नित्या राव, यूके के नॉर्विच में स्थित यूनिवर्सिटी ऑफ़ ईस्ट एंग्लिया में जेंडर ऐंड डेवेलपमेंट की प्रोफ़ेसर हैं. वह महिलाओं के अधिकारों, रोज़गार, और शिक्षा के क्षेत्र में शोधकर्ता, शिक्षक, और एक्टिविस्ट के तौर पर तीन दशकों से अधिक समय से बड़े पैमाने पर काम करती रही हैं.

की अन्य स्टोरी Nitya Rao
Alessandra Silver

एलेसेंड्रा सिल्वर, इटली में जन्मीं फ़िल्मकार हैं और फ़िलहाल पुडुचेरी के ऑरोविल में रहती हैं. अपने फ़िल्म-निर्माण और अफ़्रीका पर आधारित फ़ोटो रिपोतार्ज़ के लिए उन्हें अनेक सम्मान व पुरस्कार मिल चुके हैं.

की अन्य स्टोरी Alessandra Silver
Translator : Kamaljit Kaur

कमलजीत कौर, पंजाब की रहने वाली हैं और एक स्वतंत्र अनुवादक हैं. उन्होंने पंजाबी साहित्य में एमए किया है. कमलजीत समता और समानता की दुनिया में विश्वास करती हैं, और इसे संभव बनाने की दिशा में प्रयासरत हैं.

की अन्य स्टोरी Kamaljit Kaur