ਆਈਨੁਲ ਜਦੋਂ ਅਮਰੋਹਾ ਤੋਂ ਦਿੱਲੀ ਪਹੁੰਚਣ ਲਈ ਸਵੇਰੇ-ਸਾਜਰੇ ਕਾਸ਼ੀ ਵਿਸ਼ਵਨਾਥ ਐਕਸਪ੍ਰੈੱਸ ਵਿੱਚ ਸਵਾਰ ਹੋਈ ਤਾਂ ਉਹ ਤੌਖ਼ਲਿਆਂ ਨਾਲ਼ ਭਰੀ ਹੋਈ ਸਨ। ''ਮੈਂ ਸਹਿਮੀ ਹੋਈ ਸਾਂ। ਮੈਂ ਸੋਚ ਰਹੀ ਸਾਂ ਕਿ ਮੈਂ ਬੰਬਈ ਜਾ ਰਹੀ ਹਾਂ ਜੋ ਕਿ ਬੜੀ ਦੂਰ ਹੈ। ਉੱਥੇ ਲੋਕਾਂ ਦਾ ਮੇਰੇ ਪ੍ਰਤੀ ਵਤੀਰਾ ਕਿਹੋ ਜਿਹਾ ਰਹੇਗਾ? ਮੈਂ ਸਭ ਕਾਸੇ ਦਾ ਬੰਦੋਬਸਤ ਕਿਵੇਂ ਕਰੂੰਗੀ?'' ਔਰਤਾਂ ਦੇ ਜਨਰਲ ਡੱਬੇ ਵਿੱਚ 17 ਸਾਲਾ ਆਈਨੁਲ ਨੂੰ ਇਨ੍ਹਾਂ ਚਿੰਤਾਵਾਂ ਨੇ ਪੂਰੀ ਰਾਤ ਸੌਣ ਨਹੀਂ ਦਿੱਤਾ।
ਉਨ੍ਹਾਂ ਦੇ ਸਹੁਰਾ ਸਾਹਬ ਅਲੀਮ ਵੀ ਉਸੇ ਟ੍ਰੇਨ ਵਿੱਚ ਸਫ਼ਰ ਕਰ ਰਹੇ ਸਨ। ਦਿੱਲੀ ਤੋਂ ਦੂਜੀ ਰੇਲ ਫੜ੍ਹ ਕੇ ਉਹ ਬਾਂਦਰਾ ਟਰਮੀਨਸ ਉਤਰੇ। ਉਹਦੇ ਬਾਅਦ ਉਹ ਮਖਦੂਮ ਅਲੀ ਮਾਹਿਮੀ ਦਰਗਾਹ ਦੇ ਬਾਹਰ ਭੀਖ ਮੰਗਣ ਦਾ ਆਪਣਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ, ਆਈਨੁਲ ਨੂੰ ਮਾਹਿਮ ਦੀ ਨਵੀਂ ਬਸਤੀ ਝੁੱਗੀ ਕਲੋਨੀ ਵਿਖੇ ਆਪਣੇ ਨਵੇਂ ਘਰ ਲੈ ਗਏ।
ਤਿੰਨ ਸਾਲ ਬਾਅਦ ਕੁਝ ਸਮੇਂ ਲਈ ਆਈਨੁਲ ਸ਼ੇਖ ਨੂੰ ਵੀ ਇਹੀ ਕੰਮ ਕਰਨਾ ਪੈਂਦਾ ਰਿਹਾ। ਇਸ ਨਾਲ਼ ਉਨ੍ਹਾਂ ਦੇ 18 ਮਹੀਨਿਆਂ ਦੇ ਬੇਟੇ ਨੂੰ ਸੈਂਟ੍ਰਲ ਮੁੰਬਈ ਦੇ ਕਸਤੂਰਬਾ ਹਸਪਤਾਲ ਵਿਖੇ ਕੁਝ ਹਫ਼ਤੇ ਰੱਖਣ ਵਿੱਚ ਆਉਂਦੇ ਖਰਚ ਦਾ ਭੁਗਤਾਨ ਕਰਨਾ ਵਿੱਚ ਮਦਦ ਮਿਲ਼ਦੀ ਸੀ, ਹਾਲਾਂਕਿ ਖ਼ੁਦ ਆਈਨੁਲ ਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਦੇ ਬੇਟੇ ਨੂੰ ਬੀਮਾਰੀ ਕਿਹੜੀ ਹੈ। ਉਹ ਕਹਿੰਦੀ ਹਨ,''ਮੈਂ ਕਿਸੇ ਕੋਲ਼ੋਂ ਵੀ (ਮੈਡੀਕਲ ਬਿੱਲਾਂ ਵਾਸਤੇ) ਉਧਾਰ ਨਹੀਂ ਚੁੱਕ ਸਕਦੀ, ਕਿਉਂਕਿ ਉਸ ਰਕਮ ਨੂੰ ਲਾਹੁੰਦਾ ਕੌਣ?''
ਮੁੰਬਈ ਆਉਂਦੇ ਵੇਲ਼ੇ ਰੇਲ ਵਿੱਚ ਉਹ ਜਿਹੜੀਆਂ ਚਿੰਤਾਵਾਂ ਵਿਚਾਲੇ ਘਿਰੀ ਰਹੀ ਸਨ, ਉਹ ਗ਼ਲਤ ਨਹੀਂ ਸਨ।
ਉਸ ਰੇਲ ਵਿੱਚ ਆਈਨੁਲ ਕੱਪੜਿਆਂ ਦੇ ਇੱਕੋ ਬੈਗ਼ ਨਾਲ਼ ਸਵਾਰ ਹੋਈ। ਉਨ੍ਹਾਂ ਨੇ ਆਪਣੇ ਸਹੁਰੇ ਪਰਿਵਾਰ ਜਾਣ ਲਈ ਜੋ ਭਾਂਡੇ ਵੀ ਖਰੀਦੇ ਸਨ ਉਹ ਵੀ ਇੱਕ-ਇੱਕ ਕਰਕੇ ਵੇਚ ਛੱਡੇ ਸਨ। ਉਨ੍ਹਾਂ ਸਾਲਾਂ ਤੱਕ ਇੱਕ ਜਵਾਨ ਕੁੜੀ ਵਜੋਂ ਸਖ਼ਤ ਮਿਹਨਤ ਕੀਤੀ ਸੀ- ਦੂਜੇ ਲੋਕਾਂ ਦੇ ਭਾਂਡੇ ਮਾਂਜਦੀ, ਘਰਾਂ ਦੀ ਸਫ਼ਾਈ ਕਰਦੀ, ਖੇਤਾਂ ਵਿੱਚ ਕੰਮ ਕਰਦੀ। ''ਮੈਨੂੰ ਭੋਜਨ ਦਿੱਤਾ ਜਾਂਦਾ ਜਾਂ ਕੁਝ ਪੈਸੇ ਫੜ੍ਹਾ ਦਿੱਤੇ ਜਾਂਦੇ। ਇਨ੍ਹਾਂ ਪੈਸਿਆਂ ਨੂੰ ਮੈਂ ਸੰਦੂਕ ਵਿੱਚ ਰੱਖਦੀ ਜਾਂਦੀ ਤੇ ਇੰਝ ਕੰਮ ਕਰਦੇ ਕਰਦੇ ਮੈਂ ਆਪਣੇ ਵਿਆਹ ਜੋਗੇ ਪੈਸੇ ਬਚਾ ਲਏ। ਮੈਂ 5,000 ਰੁਪਏ ਬਚਾਏ ਹੋਣਗੇ। ਮੈਂ ਇੱਕ ਲੋਕਲ ਦੁਕਾਨ 'ਤੇ ਥੋੜ੍ਹੇ ਪੈਸੇ ਲੈ ਜਾਂਦੇ ਤੇ ਪਿੱਤਲ ਦੀ ਵਾਟੀ, ਥਾਲ਼ੀਆਂ, ਕੜਸ਼ੀ ਅਤੇ ਤਾਂਬੇ ਦੀ ਦੇਗਚੀ ਤੱਕ ਖਰੀਦ ਲਈ।''
ਆਪਣੇ ਵਿਆਹ ਤੋਂ ਬਾਅਦ ਉਹ ਆਪਣੇ ਪਤੀ ਜਮੀਲ ਦੇ ਨਾਲ਼ ਉਨ੍ਹਾਂ ਦੇ ਘਰ ਰਹਿਣ ਚਲੀ ਗਈ, ਉਹ ਦੋਵੇਂ ਅਮਰੋਹਾ ਦੇ ਇੱਕੋ ਮੁਹੱਲੇ ਰਿਹਾ ਕਰਦੇ ਸਨ। ਪਤੀ ਦੇ ਸ਼ਰਾਬੀ ਹੋਣ ਕਾਰਨ ਉਹਨੇ ਹੌਲ਼ੀ-ਹੌਲ਼ੀ ਸਾਰੇ ਭਾਂਡੇ ਵੇਚ ਸੁੱਟੇ ਅਤੇ ਜਦੋਂ ਉਹ ਬਾਂਦਰਾ ਟਰਮੀਨਲ ਉਤਰੀ ਤੋਂ ਉਸ ਸਮੇਂ ਤੋਂ ਲੈ ਕੇ ਆਉਂਦੇ 10 ਸਾਲਾਂ ਤੱਕ ਉਹ ਹਰ ਰੋਜ਼ ਆਪਣੇ ਪਤੀ ਹੱਥੋਂ ਕੁੱਟ ਖਾਂਦੀ। ਕੁੱਟ ਇੰਨੀ ਭਿਆਨਕ ਹੁੰਦੀ ਕਿ ਉਨ੍ਹਾਂ ਦੇ ਅਕਸਰ ਲਹੂ ਨਿਕਲ਼ ਆਉਂਦਾ। ਮੁੰਬਈ ਆਉਣ ਤੋਂ ਕੁਝ ਸਮੇਂ ਬਾਅਦ ਹੀ ਇਹ ਘਰੇਲੂ ਹਿੰਸਾ ਸ਼ੁਰੂ ਹੋ ਗਈ ਸੀ ਹਾਲਾਂਕਿ ਆਈਨੁਲ ਨੂੰ ਸਹੀ ਸਮਾਂ ਤਾਂ ਚੇਤੇ ਨਹੀਂ। ''ਮੈਂ ਆਪਣੀ ਮਾਂ ਨੂੰ ਫ਼ੋਨ ਕੀਤਾ,'' ਆਈਨੁਲ ਦੱਸਦੀ ਹਨ। ''ਉਨ੍ਹਾਂ ਨੇ ਕਿਹਾ ਕਿ ਤੈਨੂੰ ਉੱਥੇ ਹੀ ਰਹਿਣਾ ਪੈਣਾ ਹੈ ਤੇ ਸਭ ਝੱਲਣਾ ਪਵੇਗਾ...''
ਵੇਚੇ ਗਏ ਭਾਂਡਿਆਂ ਤੋਂ ਇਲਾਵਾ ਆਈਨੁਲ (ਉਦੋਂ) ਉੱਤਰ ਪ੍ਰਦੇਸ਼ ਦੇ ਜਯੋਤੀਬਾਫੂਲੇ ਨਗਰ ਜ਼ਿਲ੍ਹੇ ਦੇ ਅਮਰੋਹਾ ਪਿੰਡ ਦੇ ਪੇਂਡੂ ਇਲਾਕੇ ਵਿਖੇ, ਬਟਵਾਲ ਮੁਹੱਲੇ ਵਿੱਚ ਆਪਣੇ ਪਰਿਵਾਰ-ਆਪਣੀ ਮਾਂ, ਦੋ ਭੈਣਾਂ ਤੇ ਤਿੰਨ ਭਰਾਵਾਂ ਨੂੰ ਮਗਰ ਛੱਡ ਆਈ ਹਨ। ਆਈਨੁਲ ਦੇ ਪਿਤਾ, ਇੱਕ ਨਾਈ ਸਨ, ਜਿਨ੍ਹਾਂ ਦਾ ਕੁਝ ਸਾਲ ਪਹਿਲਾਂ ਦੇਹਾਂਤ ਹੋ ਗਿਆ। ''ਅਸੀਂ ਸਲਮਾਨੀ ਜਾਟ ਹਾਂ,'' ਧਾਰਾਵੀ ਦੇ ਕੰਢੇ ਟੀਨ ਅਤੇ ਐਸਬੈਸਟਸ ਛੱਤ ਨਾਲ਼ ਬਣੇ ਕਮਰੇ ਦੇ ਫ਼ਰਸ਼ 'ਤੇ ਬੈਠਿਆਂ ਉਹ ਕਹਿੰਦੀ ਹਨ। ''ਸਾਡੇ ਭਾਈਚਾਰੇ ਵਿੱਚ ਪੁਰਸ਼ ਨਾਈ ਦੇ ਰਵਾਇਤੀ ਕੰਮ ਨਾਲ਼ ਜੁੜੇ ਹੋਏ ਹਨ। ਅੱਬਾ ਇੱਕ ਛੱਪਰ ਹੇਠਾਂ ਬਹਿ ਕੇ ਆਪਣੀ ਨਾਈ ਦੀ ਦੁਕਾਨ ਚਲਾਉਂਦੇ, ਉਨ੍ਹਾਂ ਨੂੰ ਥੋੜ੍ਹੀ-ਬਹੁਤ ਕਮਾਈ ਹੋ ਜਾਇਆ ਕਰਦੀ ਸੀ। ਅਸੀਂ ਬੜੇ ਗ਼ਰੀਬ ਸਾਂ। ਅੰਮਾ ਕਦੇ-ਕਦਾਈਂ ਸਾਨੂੰ ਛੇ ਭੈਣ-ਭਰਾਵਾਂ ਨੂੰ ਢਿੱਡ ਭਰਨ ਲਈ ਗਰਮ ਪਾਣੀ ਜਾਂ ਭੁੱਖ ਨੂੰ ਦਬਾਉਣ ਵਾਸਤੇ ਗੁੜ ਦੀ ਪੇਸੀ ਦੇ ਦਿਆ ਕਰਦੀ। ਸਾਡੇ ਕੋਲ਼ ਢੁਕਵੇਂ ਕੱਪੜੇ ਤੱਕ ਨਾ ਹੁੰਦੇ, ਅਸੀਂ ਰੰਗ-ਬਿਰੰਗੀਆਂ ਚੱਪਲਾਂ ਪਾਈ ਫਿਰਦੇ। ਜੇ ਇੱਕ ਚੱਪਲ ਨੀਲੀ ਹੁੰਦੀ ਤਾਂ ਦੂਸਰੇ ਕਾਲ਼ੀ। ਵੱਧ੍ਹਰਾਂ ਨੂੰ ਅਸੀਂ ਬਸਕੂਏ ਦੇ ਸਹਾਰੇ ਜੋੜ ਲਿਆ ਕਰਦੇ।''
ਆਈਨੁਲ, ਛੇ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟੀ ਸਨ ਅਤੇ ਕਦੇ ਸਕੂਲ ਵੀ ਨਹੀਂ ਗਈ। ਸਾਰੇ ਭੈਣ-ਭਰਾਵਾਂ ਨੇ ਛੋਟੀ ਉਮਰੇ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ- ਇੱਕ ਭਰਾ ਗੈਰੇਜ ਵਿਖੇ ਬਤੌਰ ਸਹਾਇਕ ਕੰਮ ਕਰਨ ਲੱਗਿਆ, ਦੋ ਭਰਾ ਰਿਕਸ਼ਾ ਚਲਾਉਣ ਲੱਗੇ। ਉਨ੍ਹਾਂ ਦੀ ਮਾਂ ਆਪਣੀ ਵੱਡੀ ਭੈਣ (ਬਾਅਦ ਵਿੱਚ ਦੋਵਾਂ ਨੂੰ ਤਪੇਦਿਕ ਹੋ ਗਈ) ਨਾਲ਼ ਰਲ਼ ਕੇ ਬੀੜੀਆਂ ਬਣਾਇਆ ਕਰਦੀ ਤੇ 1,000 ਬੀੜੀਆਂ ਬਦਲੇ ਏਜੰਟ ਕੋਲ਼ੋਂ 50 ਰੁਪਏ ਕਮਾ ਲੈਂਦੀ। ਆਈਨੁਲ ਨੇ, ਆਪਣੀ ਵੱਡੀ ਭੈਣ ਦੇ ਨਾਲ਼ ਨੇੜੇ-ਤੇੜੇ ਦੇ ਖੇਤਾਂ ਵਿੱਚ ਕੰਮ ਕਰਨ ਲਈ ਜਾਣਾ ਸ਼ੁਰੂ ਕਰ ਦਿੱਤਾ, ਜਿੱਥੇ ਉਨ੍ਹਾਂ ਨੂੰ ਮਜ਼ਦੂਰੀ ਬਦਲੇ ਅਨਾਜ ਦਿੱਤਾ ਜਾਂਦਾ। ਜਿਸ ਕਾਰਨ ਪਰਿਵਾਰ ਕੋਲ਼ ਮਹੀਨੇ ਦੇ ਅਨਾਜ ਵਿੱਚ ਥੋੜ੍ਹਾ ਵਾਧਾ ਹੋ ਜਾਇਆ ਕਰਦਾ। ''ਉਨ੍ਹੀਂ ਦਿਨੀਂ ਮੈਂ ਸਿਰਫ਼ ਕੰਮ ਕਰਦੀ ਤੇ ਚਿੰਤਾ ਨਾ ਲੈਂਦੀ, ਮੈਂ ਬੜੀ ਹੌਲ਼ੀ ਰਿਹਾ ਕਰਦੇ ਤੇ ਸਦਾ ਦੰਦ ਕੱਢਦੀ ਰਹਿੰਦੀ,'' ਉਹ ਕਹਿੰਦੀ ਹਨ।
ਸਮੇਂ ਦੇ ਨਾਲ਼ ਨਾਲ਼ ਆਪਣੇ ਪਿਤਾ ਦੇ ਵੱਧਦੇ ਕੰਮਕਾਰ ਕਾਰਨ ਸ਼ੇਖ ਪਰਿਵਾਰ ਥੋੜ੍ਹਾ ਵੱਡਾ ਘਰ ਉਸਾਰਨ ਵਿੱਚ ਕਾਮਯਾਬ ਰਿਹਾ। ਉਨ੍ਹਾਂ ਦੀ ਮਾਂ ਨੂੰ ਇੱਕ ਸਥਾਨਕ ਸੰਗਠਨ ਦੀ ਯੋਜਨਾ ਦੇ ਤਹਿਤ ਦਾਈ ਦਾ ਕੰਮ ਕਰਨ ਲਈ ਸਿਖਲਾਈ ਦਿੱਤੀ ਗਈ ਅਤੇ ਉਨ੍ਹਾਂ ਨੇ ਥੋੜ੍ਹਾ-ਬਹੁਤ ਕਮਾਉਣਾ ਸ਼ੁਰੂ ਕਰ ਦਿੱਤਾ। ਪਰ 13 ਸਾਲ ਦੀ ਉਮਰੇ (ਆਈਨਲ, ਜੋ ਹੁਣ 30 ਸਾਲਾਂ ਦੀ ਹਨ, ਨੂੰ ਬਚਪਨ ਦੀਆਂ ਬਹੁਤ ਗੱਲਾਂ ਚੇਤੇ ਹਨ) ਉਨ੍ਹਾਂ ਦੇ ਪਿਤਾ ਨੂੰ ਲਕਵਾ ਮਾਰ ਗਿਆ ਜੋ ਅਕਸਰ ਬੀਮਾਰ ਰਿਹਾ ਕਰਦੇ ਸਨ। ਇਹ ਬੀਮਾਰੀ 2 ਸਾਲ ਤੱਕ ਬਣੀ ਰਹੀ ਜਿਸ ਕਾਰਨ ਪਰਿਵਾਰ ਗ਼ਰੀਬੀ ਦੀ ਜਿਲ੍ਹਣ ਵਿੱਚ ਜਾ ਪਿਆ। ''ਅਸੀਂ ਬੜੀ ਕੋਸ਼ਿਸ਼ ਕੀਤੀ, ਸਾਰੇ ਮੁਹੱਲੇ ਵਾਲ਼ਿਆਂ ਨੇ ਸਾਡੀ ਮਦਦ ਕੀਤੀ। ਪਰ ਅਸੀਂ ਉਨ੍ਹਾਂ ਨੂੰ ਬਚਾ ਨਾ ਸਕੇ।'' ਆਈਨਲ 15 ਸਾਲਾਂ ਦੀ ਸਨ ਜਦੋਂ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋਇਆ। 16 ਸਾਲ ਦੀ ਉਮਰੇ ਭਰਾਵਾਂ ਨੇ ਰਲ਼ ਕੇ ਉਨ੍ਹਾਂ ਦਾ ਵਿਆਹ ਕਰਵਾ ਦਿੱਤਾ।
ਕੁਝ ਦਿਨਾਂ ਤੱਕ ਆਈਨੁਲ ਆਪਣੇ ਸਹੁਰੇ, ਅਲੀਮ ਘਰ ਰੁਕੀ। ਆਈਨੁਲ ਦੱਸਦੀ ਹਨ ਕਿ ਮੁੰਬਈ ਵਿਖੇ ਕੁਝ ਦਿਨਾਂ ਤੱਕ ਭੀਖ ਮੰਗਣ ਬਾਅਦ ਕੁਝ ਪੈਸੇ ਇਕੱਠੇ ਕੀਤੇ, ਫਿਰ ਉਨ੍ਹਾਂ ਪੈਸਿਆਂ ਨਾਲ਼ ਅਮਰੋਹਾ ਵਿਖੇ ਕੁਝ ਮਹੀਨੇ ਬਿਤਾਏ। ਉਨ੍ਹਾਂ ਦੇ ਪਤੀ ਜਮੀਲ ਦੀ ਮਾਂ ਦੀ ਮੌਤ ਕੁਝ ਦਿਨ ਪਹਿਲਾਂ ਹੀ ਹੋਈ ਹੈ, ਜਦੋਂਕਿ ਜਮੀਨਾ ਦਾ ਭਰਾ ਬਟਲਵਾਲ ਮੁਹੱਲੇ ਵਿਖੇ ਇੱਕ ਨਾਈ ਸੀ। ਵਿਆਹ ਦੇ ਕਰੀਬ ਸਾਲ ਬਾਅਦ ਅਲੀਮ, ਆਈਨੁਲ ਨੂੰ ਲੈ ਕੇ ਮੁੰਬਈ ਆ ਗਏ।
ਜਮੀਲ ਨੇ ਕਈ ਵੰਨ-ਸੁਵੰਨੇ ਕੰਮ ਕੀਤੇ-ਧਾਰਾਵੀ ਵਿਖੇ ਰੀਸਾਈਕਲਿੰਗ ਸੈਕਟਰ ਵਿੱਚ ਇੱਕ ਪੋਰਟਰ ਵਜੋਂ ਕੰਮ ਕਰਦਿਆਂ 150-200 ਰੁਪਏ ਦਿਹਾੜੀ ਕਮਾਈ, ਉੱਤਰ ਪ੍ਰਦੇਸ਼ ਵਿਖੇ ਚੌਲ਼ ਅਤੇ ਕਣਕ ਨੂੰ ਢੋਹਣ ਵਾਲ਼ੇ ਟਰੱਕ 'ਤੇ ਪੱਲੇਦਾਰ ਵਜੋਂ ਕੰਮ ਕਰਦਿਆਂ ਤੇ ਯਾਤਰਾ ਕੀਤੀ। ਅਲੀਮ ਸਦਾ ਥੋੜ੍ਹੇ ਬਹੁਤ ਪੈਸੇ ਨਾਲ਼ ਉਨ੍ਹਾਂ ਦੀ ਮਦਦ ਕਰਦੇ। ਹਾਲਾਂਕਿ ਉਹ ਬਦਚਲਨ ਸੀ ਅਤੇ ਜੂਆ ਖੇਡਦਾ ਸੀ, ਆਈਨੁਲ ਕਹਿੰਦੀ ਹਨ, ਉਹ ਪਰਿਵਾਰ ਵਾਸਤੇ ਨਕਾਰਾ ਇਨਸਾਨ ਸੀ।
ਆਈਨੁਲ ਨੇ ਮੁੰਬਈ ਆਉਣ ਬਾਅਦ ਕੁਝ ਸਾਲਾਂ ਤੀਕਰ ਪੈਸੇ ਕਮਾਉਣ ਲਈ ਕੋਈ ਕੰਮ ਨਹੀਂ ਕੀਤਾ। ''ਮੈਂ ਆਪਣੇ ਪਤੀ ਨੂੰ ਕਹਿੰਦੀ ਕਿ ਉਹ ਮੈਨੂੰ ਦਰਗਾਹ ਵਿਖੇ ਭੀਖ ਮੰਗਣ ਜਾਣ ਦੇਵੇ,'' ਉਹ ਦੱਸਦੀ ਹਨ,''ਮੈਂ ਉਨ੍ਹਾਂ ਨੂੰ ਘਰਾਂ ਵਿੱਚ ਕੰਮ ਕਰਨ ਜਾਣ ਲਈ ਕਹਿੰਦੀ, ਪਰ ਮੈਨੂੰ ਕਿਤੇ ਵੀ ਜਾਣ ਨਾ ਦਿੰਦੇ। ਉਹ ਮੈਨੂੰ ਰੋਜ਼ 30 ਰੁਪਏ ਦਿੰਦੇ ਅਤੇ ਮੈਨੂੰ ਇਸੇ ਪੈਸੇ ਨਾਲ਼ ਗੁਜ਼ਾਰਾ ਚਲਾਉਣਾ ਪੈਂਦੀ ਸੀ। ਸਾਡੇ ਗੁਆਂਢੀ ਚੰਗੇ ਸਨ, ਜੋ ਕਦੇ-ਕਦਾਈਂ ਸਾਨੂੰ ਬਚਿਆ ਖਾਣਾ ਦੇ ਦਿਆ ਕਰਦੇ ਸਨ।'' ਜਦੋਂ ਉਨ੍ਹਾਂ ਦਾ ਪਹਿਲਾ ਬੱਚਾ ਬੀਮਾਰ ਹੋਇਆ ਤਾਂ ਆਈਨੁਲ ਨੇ ਜਮੀਲ ਦੀ ਇੱਕ ਗੱਲ ਨਾ ਮੰਨਦਿਆਂ, ਕੰਮ ਕਰਨ ਲਈ ਦਰਗਾਹ ਜਾਣਾ ਸ਼ੁਰੂ ਕਰ ਦਿੱਤਾ।
ਕਰੀਬ ਅੱਠ ਸਾਲ ਪਹਿਲਾਂ ਜਦੋਂ ਅਲੀਮ ਦੀ ਮੌਤ ਹੋਈ ਤਾਂ ''ਕਾਫ਼ੀ ਮਾੜਾ ਸਮਾਂ ਸ਼ੁਰੂ ਹੋਇਆ।'' ਜਮੀਨ ਜੋ ਸਦਾ ਇੱਕ ਹਿੰਸਕ ਵਿਅਕਤੀ ਰਿਹਾ ਸੀ, ਹੋਰ ਵੀ ਜ਼ਾਲਮ ਬਣ ਗਿਆ ਸੀ। ''ਮੈਨੂੰ ਬਹੁਤ ਕੁੱਟਿਆ ਜਾਂਦਾ ਰਿਹਾ,'' ਆਈਨੁਲ ਕਹਿੰਦੀ ਹਨ। ''ਮੈਂ ਉਹਦੇ ਮੂੰਹੋਂ ਬੜਾ ਗੰਦ ਸੁਣਿਆ ਹੈ।'' ਇੱਕ ਵਾਰ ਤਾਂ ਉਹਨੇ ਮੈਨੂੰ ਮਾਹਿਮ ਰੇਲ ਪਟੜੀ 'ਤੇ ਧੱਕਾ ਦੇ ਦਿੱਤਾ ਤੇ ਕਿਹਾ ਤੇ ਕਿਹਾ ਜਾ ਦਫ਼ਾ ਹੋ।'' ਉਹ ਮੈਨੂੰ ਆਪਣੀਆਂ ਪੁਰਾਣੀਆਂ ਸੱਟਾਂ ਦਿਖਾਉਂਦੀ ਹਨ- ਆਪਣਾ ਫੱਟੜ ਗੋਡਾ ਦਿਖਾਉਂਦਿਆਂ ਉਨ੍ਹਾਂ ਦੱਸਿਆ ਕਿ ਉਹ ਸੱਟ ਲੱਗਣ ਨਾਲ਼ ਖੁੱਲ੍ਹ ਗਿਆ ਸੀ। ''ਉਹ ਮੈਨੂੰ ਚਪੇੜਾਂ, ਸੋਟੀਆਂ ਨਾਲ਼, ਚਿਮਟੇ ਨਾਲ਼ ਜੋ ਕੁਝ ਵੀ ਹੱਥ ਆਉਂਦਾ ਉਸੇ ਨਾਲ਼ ਮਾਰਨ ਲੱਗਦਾ। ਮੈਂ ਕਰ ਵੀ ਕੀ ਸਕਦੀ ਸਾਂ? ਮੈਨੂੰ ਇਹ ਸਾਰਾ ਕੁਝ ਸਹਿਣਾ ਪਿਆ।''
ਇਸੇ ਕਲੇਸ਼ ਵਿੱਚ ਆਈਨੁਲ ਘਰ ਤਿੰਨ ਬੱਚੇ ਪੈਦਾ ਹੋਏ, ਦੋ ਬੇਟੇ, 15 ਸਾਲਾ ਮੁਹੰਮਦ, 9 ਸਾਲਾ ਜੁਨੈਦ ਅਤੇ 11 ਸਾਲਾ ਮਹਜਬੀਨ। ''ਕਦੇ-ਕਦੇ ਲੋਕਾਂ ਨੇ ਮੈਨੂੰ ਆਪਣੀ ਪਤੀ ਨੂੰ ਛੱਡਣ ਤੱਕ ਲਈ ਕਿਹਾ,'' ਉਹ ਦੱਸਦੀ ਹਨ। ''ਪਰ ਫਿਰ ਮੇਰੇ ਬੱਚਿਆਂ ਦਾ ਕੀ ਹੁੰਦਾ? ਸਾਡੀ ਬਿਰਾਦਰੀ ਦੇ ਲੋਕ ਉਨ੍ਹਾਂ (ਬੱਚਿਆਂ) ਦੇ ਵਿਆਹਾਂ ਲਈ ਰਾਜ਼ੀ ਨਾ ਹੁੰਦੇ।''
ਕੁਝ ਦਿਨਾਂ ਬਾਅਦ, ਦਰਗਾਹ ਵਿਖੇ ਆਈਨੁਲ ਦੀ ਮੁਲਾਕਾਤ ਇੱਕ ਔਰਤ ਨਾਲ਼ ਹੋਈ ਜਿਹਨੇ ਉਨ੍ਹਾਂ ਨੂੰ ਘਰ ਦੇ ਕੰਮ ਲਈ 600 ਰੁਪਏ ਦੀ ਤਨਖਾਹ 'ਤੇ ਰੱਖ ਲਿਆ। ਉਦੋਂ ਤੋਂ ਆਈਨੁਲ ਨੇ ਕਈ ਥਾਈਂ ਕੰਮ ਕੀਤਾ ਹੈ- 'ਵਾਡੀ ਲਾਈਨ' ਵਿਖੇ ਜਾਂ ਕੈਟਰਿੰਗ ਦਾ ਕੰਮ ਜਿਸ ਵਿੱਚ ਠੇਕੇਦਾਰ ਵਿਆਹਾਂ ਵਿੱਚ ਭਾਂਡੇ ਮਾਂਜਣ ਦਾ ਕੰਮ ਕਰਾਉਂਦੇ, ਉਪਨਗਰੀ ਜੋਗੇਸ਼ਵਰੀ ਵਿਖੇ ਇੱਕ ਘਰ ਵਿੱਚ ਇੱਕ ਨਰਸ ਵਜੋਂ ਵੀ ਕੰਮ ਕੀਤਾ।
ਇਨ੍ਹਾਂ ਸਾਲਾਂ ਵਿੱਚ, ਉਹ ਮਾਹਿਮ-ਧਾਰਾਵੀ ਵਿਖੇ ਆਪਣੇ ਬੱਚਿਆਂ ਦੇ ਨਾਲ਼ ਛੋਟੇ ਜਿਹੇ ਕਮਰੇ ਵਿੱਚ ਕਿਰਾਏ 'ਤੇ ਰਹੀ, ਉਨ੍ਹਾਂ ਦਾ ਪਤੀ ਅਕਸਰ ਫੁੱਟਪਾਥ 'ਤੇ ਸੌਂਦਾ ਅਤੇ ਕਈ ਵਾਰੀਂ ਉਨ੍ਹਾਂ ਨੂੰ ਸੜਕਾਂ 'ਤੇ ਜ਼ਿੰਦਗੀ ਲੰਘਾਉਣੀ ਪਈ। ਧਾਰਾਵੀ ਵਿਖੇ ਇੱਕ ਕਮਰੇ ਨੂੰ ਕਿਰਾਏ 'ਤੇ ਲੈਣ ਲਈ ਆਮ ਤੌਰ 'ਤੇ ਘੱਟ ਤੋਂ ਘੱਟ 5,000 ਰੁਪਏ ਜਮ੍ਹਾਂ ਕਰਾਉਣ ਦੀ ਲੋੜ ਹੁੰਦੀ ਹੈ। ਆਈਨੁਲ ਦੇ ਕੋਲ਼ ਅਕਸਰ ਇੰਨੀ ਕੁ ਰਕਮ ਵੀ ਨਾ ਹੋਇਆ ਕਰਦੀ। ''ਪਰ ਹੌਲ਼ੀ-ਹੌਲ਼ੀ ਇੱਥੋਂ ਦੇ ਲੋਕਾਂ ਨਾਲ਼ ਮੇਰੀ ਜਾਣ-ਪਛਾਣ ਹੋ ਗਈ ਅਤੇ ਫਿਰ ਮੈਨੂੰ ਰਕਮ ਜਮ੍ਹਾ ਕਰਾਏ ਬਿਨਾ ਹੀ ਕਮਰਾ ਮਿਲ਼ ਗਿਆ। ਮੈਨੂੰ ਕਈ ਕਮਰੇ ਬਦਲਣੇ (ਪੈਸਿਆਂ ਦੀ ਦਿੱਕਤ ਕਾਰਨ) ਪਏ, ਫਿਰ ਮੈਂ ਸੜਕ 'ਤੇ ਆ ਜਾਂਦੀ, ਉੱਥੇ ਹੀ ਰਹਿੰਦੀ, ਕੋਈ ਦੂਸਰਾ ਕਮਰਾ ਲੱਭਦੀ, ਫਿਰ ਛੱਡ ਦਿੰਦੀ...''
ਇਨ੍ਹਾਂ ਸਾਲਾਂ ਵਿੱਚ ਆਈਨੁਲ, ਆਪਣੇ ਪਰਿਵਾਰ ਦੇ ਨਾਲ਼ ਮਾਹਿਮ-ਧਾਰਾਵੀ ਦੇ ਛੋਟੇ ਜਿਹੇ ਕਮਰੇ ਵਿੱਚ ਕਿਰਾਏ 'ਤੇ ਰਹਿੰਦੀ ਰਹੀ ਅਤੇ ਕਈ ਵਾਰ ਸੜਕ 'ਤੇ ਰਹਿਣ ਲਈ ਮਜ਼ਬੂਰ ਹੋਣਾ ਪਿਆ। ਮੈਨੂੰ ਕਈ ਕਮਰੇ ਬਦਲਣੇ (ਪੈਸਿਆਂ ਦੀ ਦਿੱਕਤ ਕਾਰਨ) ਪਏ, ਫਿਰ ਮੈਂ ਸੜਕ 'ਤੇ ਆ ਜਾਂਦੀ, ਉੱਥੇ ਹੀ ਰਹਿੰਦੀ, ਕੋਈ ਦੂਸਰਾ ਕਮਰਾ ਲੱਭਦੀ, ਫਿਰ ਛੱਡ ਦਿੰਦੀ...'
ਜਨਵਰੀ 2012 ਵਿੱਚ, ਉਨ੍ਹਾਂ ਦੀ ਬਸਤੀ ਵਿੱਚ ਅੱਗ ਲੱਗ ਗਈ। ''ਉਦੋਂ ਸਵੇਰ ਦੇ ਕਰੀਬ 3 ਵੱਜੇ ਸਨ, ਹਰ ਕੋਈ ਸੌਂ ਰਿਹਾ ਸੀ,'' ਆਈਨੁਲ ਚੇਤੇ ਕਰਦੀ ਹਨ। ''ਅਸੀਂ ਛੱਤਾਂ 'ਤੇ ਜਾ ਚੜ੍ਹੇ ਅਤੇ ਭੱਜ ਗਏ।'' ਅੱਗ ਲੱਗਣ ਬਾਅਦ, ਉਨ੍ਹਾਂ ਅਤੇ ਉਨ੍ਹਾਂ ਦੇ ਬੱਚਿਆਂ ਨੇ ਮਾਹਿਮ- ਸਾਇਨ ਪੁਲ ਦੇ ਫੁੱਟਪਾਥ 'ਤੇ ਅੱਠ ਮਹੀਨੇ ਕੱਟੇ; ਉਨ੍ਹਾਂ ਦਾ ਪਤੀ ਵੀ ਨਾਲ਼ ਸੀ। ''ਮਾਨਸੂਨ ਦਾ ਸਮਾਂ ਕਾਫ਼ੀ ਮੁਸ਼ਕਲ ਰਿਹਾ,'' ਉਹ ਕਹਿੰਦੀ ਹਨ। ''ਜਦੋਂ ਬਹੁਤਾ ਮੀਂਹ ਪੈਂਦਾ ਤਾਂ ਮੈਂ ਆਪਣੇ ਬੱਚਿਆਂ ਨਾਲ਼ ਨੇੜਲੀ ਭਾਂਗਾਰ ਦੀ ਦੁਕਾਨ ਦੇ ਹੇਠਾਂ ਠ੍ਹਾਰ ਲੈ ਲੈਂਦੀ।''
ਸਥਾਨਕ ਸੰਗਠਨਾਂ ਅਤੇ ਨੇਤਾਵਾਂ ਨੇ ਅੱਗ ਤੋਂ ਪ੍ਰਭਾਵਤ ਲੋਕਾਂ ਦੀ ਮਦਦ ਕੀਤੀ, ਆਈਨੁਲ ਦੱਸਦੀ ਹਨ। ਉਨ੍ਹਾਂ ਨੂੰ ਵੀ ਅਨਾਜ, ਭਾਂਡੇ, ਬਾਲਟੀਆਂ, ਇੱਕ ਸਟੋਵ, ਚਟਾਈਆਂ ਮਿਲ਼ੀਆਂ। ਹੌਲ਼ੀ-ਹੌਲ਼ੀ ਆਈਨੁਲ ਦੇ ਦੋਸਤਾਂ ਅਤੇ ਜਾਣਕਾਰਾਂ ਦੀ ਗਿਣਤੀ ਵਧਣ ਲੱਗੀ, ਉਨ੍ਹਾਂ ਦੀ ਮਦਦ ਸਹਾਰੇ ਦੋ ਸਾਲ ਪਹਿਲਾਂ, ਉਨ੍ਹਾਂ ਨੂੰ ਪੁਲ 'ਤੇ ਇੱਕ ਕਮਰਾ ਮਿਲ਼ ਗਿਆ, ਜਿੱਥੇ ਉਹ ਹੁਣ ਆਪਣੇ ਪਰਿਵਾਰ ਦੇ ਨਾਲ਼ ਰਹਿੰਦੀ ਹਨ। ਹਵਾ-ਰਹਿਤ ਕਮਰਿਆਂ ਤੋਂ ਉਲਟ ਇਸ ਕਮਰੇ ਵਿੱਚ ਵੱਡੀਆਂ ਖਿੜਕੀਆਂ ਹਨ ਤੇ ਕਾਫ਼ੀ ਹਵਾਦਾਰ ਹੈ ''ਇਹ ਛੱਤ ਵਾਂਗਰ ਹਵਾਦਾਰ ਹੈ,'' ਉਹ ਮੈਨੂੰ ਬੜੇ ਫ਼ਖਰ ਨਾਲ਼ ਦੱਸਦੀ ਹਨ।
ਮਾਰਚ 2015 ਤੋਂ, ਆਈਨੁਲ ਨੂੰ ਇੱਕ ਸਥਾਨਕ ਗ਼ੈਰ-ਲਾਭਕਾਰੀ ਸੰਗਠਨ ਵਿਖੇ, ਜੋ ਰੀਸਾਈਕਲਿੰਗ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਕੰਮ ਕਰਦਾ ਹੈ, ਰੱਦੀ ਕਾਗ਼ਜ਼ ਚੁਗਣ ਦੀ ਨੌਕਰੀ ਮਿਲ਼ ਗਈ ਹੈ। ਇਸ ਕੰਮ ਤੋਂ ਉਨ੍ਹਾਂ 6,000 ਰੁਪਏ ਦੀ ਸਥਿਰ ਤਨਖਾਹ ਮਿਲ਼ਣ ਲੱਗੀ ਹੈ ਅਤੇ ਇਸ ਨਾਲ਼ ਉਨ੍ਹਾਂ ਅੰਦਰ ਸਵੈ-ਮਾਣ ਦੀ ਭਾਵਨਾ ਜਾਗ ਉੱਠੀ ਹੈ। ਆਪਣੀ ਤਨਖਾਹ ਰਾਹੀਂ, ਉਹ ਹਰ ਮਹੀਨੇ 3,500 ਰੁਪਏ ਕਮਰੇ ਦਾ ਕਿਰਾਇਆ ਦਿੰਦੀ ਹਨ ਤੇ ਲਗਭਗ 1000 ਰੁਪਿਆ ਅਨਾਜ, ਆਟੇ, ਰਾਸ਼ਨ ਤੇ ਕੁਝ ਸਬਜੀਆਂ ਲਿਆਉਣ 'ਤੇ ਖਰਚ ਕਰਦੀ ਹਨ- ਪਰਿਵਾਰ ਦਾ ਰਾਸ਼ਨ ਕਾਰਡ ਅੱਗ ਵਿੱਚ ਸੜ ਗਿਆ ਸੀ ਅਤੇ ਉਦੋਂ ਤੋਂ ਆਈਨੁਲ ਕੋਲ਼ ਦੂਸਰਾ ਰਾਸ਼ਨ ਕਾਰਡ ਨਹੀਂ ਹੈ। ਉਨ੍ਹਾਂ ਦੀ ਆਮਦਨੀ ਦੇ ਬਾਕੀ ਪੈਸੇ ਬਿਜਲੀ ਦਾ ਬਿਲ ਅਤੇ ਹੋਰ ਖਰਚੇ ਕਰਦਿਆਂ ਉੱਡ ਜਾਂਦੀ ਹੈ। ''ਮੈਨੂੰ ਚੰਗਾ ਲੱਗਦਾ ਹੈ ਜਦੋਂ ਮੇਰੇ ਬੱਚਿਆਂ ਨੂੰ ਰੱਜਵੀਂ ਰੋਟੀ ਨਸੀਬ ਹੁੰਦੀ ਹੈ,'' ਉਹ ਕਹਿੰਦੀ ਹਨ।
ਪਖ਼ਾਨੇ ਲਈ ਪਰਿਵਾਰ ਜਨਤਕ ਟਾਇਲਟ ਬਲੋਕ ਦੀ ਵਰਤੋਂ ਕਰਦਾ ਹੈ। ਸਾਂਝੀ ਟੂਟੀ ਵਾਸਤੇ ਉਨ੍ਹਂ ਨੂੰ ਮਹੀਨੇ ਦਾ 200 ਰੁਪਿਆ (ਸਥਾਨਕ ਸਸ਼ਕਤ ਔਰਤ ਨੂੰ) ਦੇਣਾ ਪੈਂਦਾ ਹੈ; ਆਈਨੁਲ ਹਰ ਸ਼ਾਮੀਂ 7-8 ਵਜੇ ਵਿਚਕਾਰ ਬਾਲਟੀਆਂ, ਡੱਬਿਆਂ ਤੇ ਬੋਤਲਾਂ ਵਿੱਚ ਪਾਣੀ ਭਰਦੀ ਹਨ। ''ਮੇਰਾ ਬੇਟਾ ਮੁਹੰਮਦ ਪਾਣੀ ਭਰਨ ਤੇ ਢੋਹਣ ਵਿੱਚ ਮੇਰੀ ਮਦਦ ਕਰਦਾ ਹੈ,'' ਉਹ ਦੱਸਦੀ ਹਨ। ਉਨ੍ਹਾਂ ਦੀ ਬੇਟੀ ਮਹਜਬੀਨ, ਛੇਵੀਂ ਜਮਾਤ ਵਿੱਚ ਹੈ, ਉਹ ਤੇਜ਼ ਦਿਮਾਗ਼ ਹੈ ਅਤੇ ਜਦੋਂ ਮੈਂ ਉਨ੍ਹਾਂ ਦੇ ਘਰ ਗਈ ਤਾਂ ਉਹ ਕਿਤਾਬਾਂ ਵਿੱਚ ਰੁਝੀ ਹੋਈ ਸੀ। ਉਨ੍ਹਾਂ ਦੇ ਛੋਟਾ ਬੇਟਾ ਜੁਨੈਦ ਸੰਗਾਊ ਤੇ ਹਸਮੁਖ ਹੈ ਤੇ ਅਜੇ ਦੂਜੀ ਜਮਾਤ ਵਿੱਚ ਹੈ, ਦੋਵੇਂ ਬੱਚੇ ਨੇੜਲੇ ਨਗਰਪਾਲਿਕਾ ਸਕੂਲ ਵਿੱਚ ਪੜ੍ਹਦੇ ਹਨ।
ਮੁਹੰਮਦ ਨੇ ਪੰਜਵੀਂ ਜਮਾਤ ਤੋਂ ਬਾਅਦ ਸਕੂਲ ਛੱਡ ਦਿੱਤਾ ਤੇ ਹੁਣ ਕਦੇ-ਕਦਾਈਂ ਵੈਲਡਰ ਦੇ ਸਹਾਇਕ ਵਜੋਂ ਕੰਮ ਕਰਦਾ ਹੈ ਜਿਹਦੇ ਬਦਲੇ ਉਹਨੂੰ 100 ਰੁਪਏ ਦਿਹਾੜੀ ਮਿਲ਼ਦੀ ਹੈ। ਕਦੇ-ਕਦੇ ਗੁਆਂਢੀਆਂ ਨੂੰ ਕੁਝ ਕਿਤਾਬਾਂ ਲਿਆ ਕੇ ਦੇਣ ਬਦਲੇ ਵੀ ਥੋੜ੍ਹੀ-ਬਹੁਤ ਕਮਾਈ ਹੋ ਜਾਂਦੀ ਹੈ। ਉਹਦੀ ਉਮੀਦਾਂ ਛੋਟੀਆਂ ਹਨ- ਆਪਣੇ ਗੁਆਂਢੀ ਵਾਂਗਰ ਸੜਕ ਕੰਢੇ ਕਿਤਾਬਾਂ ਦੀ ਦੁਕਾਨ ਖੋਲ੍ਹਣੀ ਚਾਹੁੰਦਾ ਹੈ ਜਾਂ ਫਿਰ ਆਪਣੇ ਚਾਚੇ ਵਾਂਗਰ ਇੱਕ ਮਕੈਨਿਕ ਬਣਨਾ ਲੋਚਦਾ ਹੈ। ਕਈ ਵਾਰੀ ਉਹ ਕਹਿੰਦਾ ਹੈ,''ਮੈਂ ਦਰਅਸਲ ਇੱਕ ਨਾਈ ਬਣਨਾ ਚਾਹੁੰਦਾ ਹਾਂ, ਜਿਵੇਂ ਮੇਰੀ ਬਿਰਾਦਰੀ ਦੇ ਬਾਕੀ ਲੋਕ ਹਨ, ਪਰ ਮੈਨੂੰ ਇਹ ਕੰਮ ਸਿਖਣਾ ਪੈਣਾ ਹੈ... ਤਾਂ ਮੈਂ ਕੋਈ ਵੀ ਕੰਮ ਕਰ ਲਵਾਂਗਾ, ਇਹ ਠੀਕ ਰਹੇਗਾ ਅਤੇ ਪੈਸੇ ਕਮਾ ਕੇ ਮਾਂ ਦੀ ਮਦਦ ਕਰਾਂਗਾ।''
ਹੁਣ ਜਦੋਂ ਮੁਹੰਮਦ ਦਾ ਪਿਤਾ ਮਾਂ ਨੂੰ ਕੁੱਟਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਆਪਣੇ ਪਿਤਾ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਇਸਲਈ ਜਮੀਲ ਸਾਹਮਣੇ ਚੀਕਾਂ ਮਾਰਨ ਤੋਂ ਇਲਾਵਾ ਹੋਰ ਕੋਈ ਚਾਰਾ ਰਹਿ ਨਹੀਂ ਜਾਂਦਾ। ਸਾਲਾਂ-ਬੱਧੀ ਕੁੱਟ ਖਾਣ ਤੇ ਸਖ਼ਤ ਮਿਹਨਤ ਕਰਨ ਤੇ ਭੁੱਖੇ ਰਹਿਣ ਕਾਰਨ ਆਈਨੁਲ ਦੀ ਸਿਹਤ 'ਤੇ ਕਾਫ਼ੀ ਬੁਰਾ ਅਸਰ ਪਿਆ ਹੈ- ਉਹ ਪੀਲ਼ੀ ਪੈ ਚੁੱਕੀ ਹਨ ਤੇ ਉਨ੍ਹਾਂ ਨੂੰ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਵੀ ਹੈ ਤੇ ਉਨ੍ਹਾਂ ਦਾ ਸਿਰ ਵੀ ਦੁਖਦਾ ਰਹਿੰਦਾ ਹੈ।
ਆਈਨੁਲ ਇੱਕ-ਦੋ ਵਾਰੀਂ ਬਟਲਵਾਲ ਮੁਹੱਲਾ ਵੀ ਵਾਪਸ ਗਈ। ਉੱਥੇ, ਉਹ ਉਦੋਂ ਤੱਕ ਆਪਣੀ ਮਾਂ ਦੇ ਨਾਲ਼ ਰਹੀ ਜਦੋਂ ਤੱਕ ਕਿ ਲੰਬੀ ਬੀਮਾਰ ਤੋਂ ਬਾਅਦ ਉਨ੍ਹਾਂ ਦਾ ਦੇਹਾਂਤ ਨਹੀਂ ਹੋ ਗਿਆ। ''ਉਹ ਮੈਨੂੰ ਕੁਝ ਪੈਸੇ ਭੇਜ ਦਿਆ ਕਰਦੀ ਸਨ, ਉਨ੍ਹਾਂ ਨੇ ਮੇਰੀ ਮਦਦ ਕਰਨ ਦੀ ਬੜੀ ਕੋਸ਼ਿਸ਼ ਕੀਤੀ... ਮੇਰੀ ਪਿਆਰੀ ਅੰਮੀਂ,'' ਮੱਠੇ ਸੁਰ ਵਿੱਚ ਆਈਨੁਲ ਕਹਿੰਦੀ ਹਨ। ਉਹ ਅਜੇ ਵੀ ਕੁਝ ਸਾਲਾਂ ਬਾਅਦ ਆਪਣੇ ਘਰ ਜਾਂਦੀ ਰਹਿੰਦੀ ਹਨ ਅਤੇ ਹੁਣ ਵੀ ਆਪਣੀ ਭਤੀਜੀ ਦੇ ਵਿਆਹ ਲਈ ਅਮਰੋਹਾ ਦੀ ਟ੍ਰੇਨ ਫੜ੍ਹਨ ਦੀ ਤਿਆਰ ਕੱਸ ਰਹੀ ਹਨ।
''ਮੇਰੇ ਦਿਲ ਵਿੱਚ ਅਜੇ ਵੀ ਇਹੀ ਇੱਛਾ ਬਚੀ ਹੈ ਕਿ ਮੈਂ ਆਪਣੇ ਸ਼ਹਿਰ (ਜੱਦੀ) ਵਿਖੇ ਆਪਣਾ ਇੱਕ ਛੋਟਾ ਜਿਹਾ ਘਰ ਪਾਵਾਂ। ਤਾਂਕਿ ਜਦੋਂ ਮੈਂ ਮਰਾਂ ਤਾਂ ਮੇਰੀ ਮੌਤ ਮੇਰੀ ਆਪਣੀ ਜ਼ਮੀਨ 'ਤੇ ਹੀ ਹੋਵੇ। ਮੇਰਾ ਦਿਲ ਬੰਬਈ ਨਹੀਂ ਰਹਿੰਦਾ... ਇਸ ਸ਼ਹਿਰ ਵਿੱਚ ਮੈਨੂੰ ਘੁਟਣ ਹੁੰਦੀ ਹੈ... ਪਿੰਡ ਵਿਖੇ ਭਾਵੇਂ ਅਸੀਂ ਭੁੱਖੇ ਮਰਦੇ ਸਾਂ, ਫਿਰ ਵੀ ਅਸੀਂ ਕਾਮਯਾਬ ਰਹੇ। ਮੇਰੀਆਂ ਯਾਦਾਂ ਉੱਥੇ ਹੀ ਰਹਿ ਗਈਆਂ ਹਨ, ਮੇਰਾ ਬਚਪਨ ਉੱਥੇ ਲੰਘਿਆ ਸੀ। ਉੱਥੇ ਮੈਂ ਸੌਖ਼ਿਆਂ ਹੀ ਹੱਸ ਵੀ ਲਿਆ ਕਰਦੀ ਸਾਂ।''
ਤਰਜਮਾ: ਕਮਲਜੀਤ ਕੌਰ