ਮੈਂ ਕਿਤੇ ਲਿਖਿਆ ਹੈ ਕਿ ਤੁਹਾਡੇ ਕੋਲ਼ ਇੰਨੀ ਜ਼ੁਰੱਅਤ ਹੈ ਕਿ ਸਾਨੂੰ ਜੜ੍ਹੋਂ ਪੁੱਟ ਕੇ ਪਾਣੀ ਵਿੱਚ ਡੁਬੋ ਸਕੋ। ਪਰ ਦੇਖਿਓ ਛੇਤੀ ਹੀ ਉਹ ਦਿਨ ਵੀ ਆਉਣਾ ਜਿਸ ਦਿਨ ਤੁਹਾਡੇ ਜੋਗਾ ਪਾਣੀ ਵੀ ਨਹੀਂ ਬਚਣਾ। ਤੁਸੀਂ ਸਾਡੀ ਜ਼ਮੀਨ, ਸਾਡਾ ਪਾਣੀ ਚੁਰਾ ਸਕਦੇ ਹੋ ਪਰ ਅਸੀਂ ਵੀ ਹਾਰ ਨਹੀਂ ਮੰਨਾਂਗੇ ਅਤੇ ਆਪਣੀਆਂ ਆਉਣ ਵਾਲ਼ੀਆਂ ਪੀੜ੍ਹੀਆਂ ਦੇ ਭਵਿੱਖ ਲਈ ਲੜਦੇ ਤੇ ਮਰਦੇ ਰਹਾਂਗੇ। ਜਲ, ਜੰਗਲ ਅਤੇ ਜ਼ਮੀਨ ਵਾਸਤੇ ਸਾਡਾ ਇਹ ਸੰਘਰਸ਼ ਸਾਡੇ ਇਕੱਲਿਆਂ ਦਾ ਨਹੀਂ ਹੈ ਇਹ ਕੁਦਰਤ ਨਾਲ਼ ਜੁੜੇ ਰਹਿਣ ਦੀ ਖ਼ਾਹਿਸ਼ ਕਰਨ ਵਾਲ਼ੇ ਹਰ ਇਨਸਾਨ ਦੀ ਲੜਾਈ ਹੈ। ਆਦਿਵਾਸੀ ਕੁਦਰਤ ਨਾਲ਼ ਸੰਤੁਲਨ ਅਤੇ ਦੋਸਤੀ ਕਾਇਮ ਕਰਕੇ ਰਹਿੰਦੇ ਹਨ। ਅਸੀਂ ਸੋਚ ਵੀ ਨਹੀਂ ਸਕਦੇ ਕਿ ਅਸੀਂ ਇਸ ਕੁਦਰਤ ਨਾਲ਼ੋਂ ਨਿਖੜ ਜਾਈਏ। ਮੇਰੇ ਵੱਲੋਂ ਦੇਹਵਾਲੀ ਭੀਲੀ ਭਾਸ਼ਾ ਵਿੱਚ ਲਿਖੀਆਂ ਬਹੁਤੇਰੀਆਂ ਕਵਿਤਾਵਾਂ ਵਿੱਚ, ਮੈਂ ਆਪਣੇ ਲੋਕਾਂ ਦੀਆਂ ਕਦਰਾਂ-ਕੀਮਤਾਂ ਨੂੰ ਸੰਭਾਲ਼ਣ ਦੀ ਕੋਸ਼ਿਸ਼ ਕੀਤੀ ਹੈ।
ਆਦਿਵਾਸੀ ਭਾਈਚਾਰਿਆਂ ਪ੍ਰਤੀ ਸਾਡਾ ਅੱਜ ਦਾ ਸੰਸਾਰ ਦ੍ਰਿਸ਼ਟੀਕੋਣ ਹੀ ਆਉਣ ਵਾਲ਼ੀਆਂ ਪੀੜ੍ਹੀਆਂ ਲਈ ਇੱਕ ਬੁਨਿਆਦ ਸਾਬਤ ਹੋ ਸਕਦਾ ਹੈ। ਜਾਂ ਤਾਂ ਤੁਸੀਂ ਸਮੂਹਿਕ ਆਤਮ-ਹੱਤਿਆਵਾਂ ਲਈ ਤਿਆਰ ਹੋ ਜਾਓ, ਜੇ ਨਹੀਂ ਤਾਂ ਉਦੋਂ ਤੀਕਰ ਤੁਹਾਡੇ ਕੋਲ਼ ਉਸ ਜੀਵਨ, ਉਸ ਸੰਸਾਰ ਦ੍ਰਿਸ਼ਟੀਕਣ ਵਿੱਚ ਵਾਪਸ ਮੁੜਨ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ।
ਪੈਰ ਧਰਨ ਜੋਗੀ ਜ਼ਮੀਨ
ਭਰਾਵਾ
ਮੇਰੇ ਭਰਾਵਾ, ਤੂੰ ਕਿੱਥੇ ਸਮਝਣਾ
ਪੱਥਰ ਪੀਹਣਾ ਕੀ ਹੁੰਦਾ
ਤੇ ਮਿੱਟੀ ਨੂੰ ਸਾੜਨ ਦਾ ਮਤਲਬ ਕੀ ਹੁੰਦਾ
ਤੂੰ ਜਾਣਦੈ?
ਤੂੰ ਤਾਂ ਬੜਾ ਖ਼ੁਸ਼ ਏਂ
ਆਪਣੇ ਘਰ ਨੂੰ ਰੁਸ਼ਨਾ ਕੇ
ਬ੍ਰਹਿਮੰਡ ਦੀ ਊਰਜਾ ਨੂੰ ਕਾਬੂ ਕਰ
ਤੂੰ ਕਿੱਥੇ ਸਮਝਣ ਵਾਲ਼ਾ
ਕਿ
ਪਾਣੀ ਦੀ ਬੂੰਦ ਦਾ ਮਰਨਾ ਕੀ ਹੁੰਦੈ?
ਤੂੰ ਧਰਤੀ ਦੀ ਸਰਵੋਤਮ ਸਿਰਜਣਾ ਜੋ ਹੈਂ
ਤੇਰੇ ਸਰਉੱਚ ਹੋਣ ਦਾ ਵੱਡਾ ਸਬੂਤ ਹੈ
“ਲੇਬੋਰਟਰੀ”
ਤੂੰ ਕੀ ਲੈਣਾ ਜੀਵ-ਜੰਤੂਆਂ ਤੋਂ?
ਤੈਨੂੰ ਰੁੱਖਾਂ ਦਾ ਕੀ ਦਰਦ?
ਤੇਰੇ ਸੁਪਨੇ ਤਾਂ ਅਸਮਾਨੀਂ ਘਰ ਬਣਾਉਂਦੇ
ਤੂੰ ਧਰਤੀ ਦਾ ਲਾਡਲਾ ਨਾ ਰਿਹਾ
ਭਰਾਵਾ, ਬੁਰਾ ਤਾਂ ਨਹੀਂ ਮੰਨੇਗਾ
ਤੈਨੂੰ “ਮੂਨ ਮੈਨ” ਕਹਿ ਦਿਆਂ ਤਾਂ
ਆਖ਼ਰ ਤੂੰ ਪੰਛੀ ਤਾਂ ਨਹੀਂ
ਪਰ
ਉਡਾਰੀ ਦੇ ਸੁਪਨੇ ਤਾਂ ਦੇਖਦਾ ਏਂ
ਤੂੰ ਪੜ੍ਹਿਆ-ਲਿਖਿਆ ਏਂ,
ਛੇਤੀ ਮੰਨੇਗਾ ਕਿੱਥੇ
ਪਰ ਭਰਾਵਾ, ਸਾਡੇ ਅਨਪੜ੍ਹਾਂ ਲਈ
ਹੋ ਸਕੇ ਤਾਂ ਇੰਨਾ ਜ਼ਰੂਰ ਕਰੀਂ
ਪੈਰ ਧਰਨ ਜੋਗੀ ਜ਼ਮੀਨ ਛੱਡ ਜਾਵੀਂ
ਭਰਾਵਾ,
ਮੇਰੇ ਭਰਾਵਾ, ਤੂੰ ਕਿੱਥੇ ਸਮਝਣਾ
ਪੱਥਰ ਪੀਹਣਾ ਕੀ ਹੁੰਦਾ
ਤੇ ਮਿੱਟੀ ਨੂੰ ਸਾੜਨ ਦਾ ਮਤਲਬ ਕੀ ਹੁੰਦਾ
ਤੂੰ ਜਾਣਦੈ?
ਤੂੰ ਤਾਂ ਬੜਾ ਖ਼ੁਸ਼ ਏਂ
ਆਪਣੇ ਘਰ ਨੂੰ ਰੁਸ਼ਨਾ ਕੇ
ਬ੍ਰਹਿਮੰਡ ਦੀ ਊਰਜਾ ਨੂੰ ਕਾਬੂ ਕਰ
ਤੂੰ ਕਿੱਥੇ ਸਮਝਣ ਵਾਲ਼ਾ
ਕਿ
ਪਾਣੀ ਦੀ ਬੂੰਦ ਦਾ ਮਰਨਾ ਕੀ ਹੁੰਦੈ?
ਤੂੰ ਧਰਤੀ ਦੀ ਸਰਵੋਤਮ ਸਿਰਜਣਾ ਜੋ ਹੈਂ।
ਤਰਜਮਾ: ਕਮਲਜੀਤ ਕੌਰ