ਜਿਓਂ ਹੀ ਮੈਂ ਗਾਂਧੀਨਗਰ ਤੇ ਅਲਗਾਪੁਰੀ ਪਹੁੰਚਿਆ, ਮੈਂ ਦੇਖਿਆ ਕਿ ਪਿੰਡ ਦੇ ਲੋਕ ਬੇਚੈਨੀ ਨਾਲ਼ ਭਰੇ ਭੀਤੇ ਪਏ ਸਨ। ਦਲਿਤ ਅਬਾਦੀ ਵਾਲ਼ੇ ਦੋਵਾਂ ਪਿੰਡਾਂ ਨੂੰ ਬੱਸ ਇੱਕ ਸੜਕ ਹੀ ਵੱਖ ਕਰਦੀ ਸੀ। ਪਿੰਡ ਵਿੱਚ ਭਾਰੀ ਗਿਣਤੀ ਪੁਲਿਸ ਕਰਮੀ ਤੇ ਵਾਹਨ ਮੌਜੂਦ ਸਨ। ਸ਼ਿਵਕਾਸੀ ਕਸਬੇ ਦੀ ਕਨਿਸ਼ਕਾ ਫਾਇਰਵਰਕਸ ਕੰਪਨੀ ਵਿੱਚ ਅੱਗ ਲੱਗਣ ਕਾਰਨ 14 ਲੋਕਾਂ ਦੀ ਜਾਨ ਚਲੀ ਗਈ ਸੀ, ਇਸ ਦੁਖਦ ਖ਼ਬਰ ਨੇ ਭਾਈਚਾਰੇ ਅੰਦਰ ਹਿਰਖ ਦੀ ਲਹਿਰ ਵਹਾ ਛੱਡੀ ਸੀ। ਇਕੱਲੇ ਗਾਂਧੀਨਗਰ ਪਿੰਡ ਦੇ 5 ਲੋਕਾਂ ਦੀ ਮੌਤ ਹੋਈ ਤੇ ਉਹ ਸਾਰੇ ਹੀ ਦਲਿਤ ਸਨ।
ਗਲ਼ੀਆਂ ਮਰਨ ਵਾਲ਼ਿਆਂ ਦੇ ਸਾਕ-ਅੰਗਾਂ ਤੇ ਉਨ੍ਹਾਂ ਦੇ ਵੈਣਾਂ ਨਾਲ਼ ਗੂੰਜ ਰਹੀਆਂ ਸਨ। ਕਈ ਜਣੇ ਵਿਰੁਧੂਨਗਰ ਜ਼ਿਲ੍ਹੇ ਦੇ ਹੋਰਨਾਂ ਪਿੰਡਾਂ ਵਿੱਚ ਰਹਿਣ ਵਾਲ਼ੇ ਆਪਣੇ ਰਿਸ਼ਤੇਦਾਰਾਂ ਨੂੰ ਫ਼ੋਨ ਕਰ-ਕਰ ਕੇ ਸੂਚਨਾ ਦੇ ਰਹੇ ਸਨ।
ਥੋੜ੍ਹੇ ਹੀ ਚਿਰ ਬਾਅਦ ਭੀੜ ਸ਼ਮਸ਼ਾਨ ਵੱਲ ਨੂੰ ਵਧਣ ਲੱਗੀ ਤੇ ਮੈਂ ਵੀ ਉਨ੍ਹਾਂ ਨਾਲ਼ ਜਾ ਰਲ਼ਿਆ। ਪੂਰਾ ਪਿੰਡ ਗਲ਼ੀਆਂ ਵਿੱਚ ਨਿਕਲ਼ ਆਇਆ ਸੀ ਤੇ 17 ਅਕਤੂਬਰ 2023 ਨੂੰ ਹਾਦਸੇ ਦਾ ਸ਼ਿਕਾਰ ਹੋਏ ਆਪਣੇ ਪਿੰਡ ਵਾਸੀਆਂ ਦੀ ਅੰਤਮ ਯਾਤਰਾ ਵਿੱਚ ਪੈਰ ਪੁੱਟਣ ਲੱਗਿਆ। ਸੜੀਆਂ ਲਾਸ਼ਾਂ ਨੂੰ ਹਟਾਉਣ ਵਾਲ਼ਾ ਇੱਕ ਫਾਇਰ-ਫਾਈਟਰ ਪਿੰਡ ਵਾਲ਼ਿਆਂ ਨੂੰ ਲਾਸ਼ਾਂ ਦੇ ਪੋਸਟ-ਮਾਰਟਮ ਨੂੰ ਲੈ ਕੇ ਕੁਝ ਦੱਸ ਰਿਹਾ ਸੀ।
ਰਾਤ ਦੇ 8:30 ਵਜੇ ਦੇ ਕਰੀਬ ਛੇ ਐਂਬੂਲੈਂਸਾਂ ਕਬਰਿਸਤਾਨ ਅੱਪੜੀਆਂ ਤੇ ਬੇਚੈਨੀ ਨਾਲ਼ ਭਰੀ ਭੀੜ ਰੋਂਦੀ-ਕੁਰਲਾਉਂਦੀ ਹੋਈ ਉਨ੍ਹਾਂ ਮਗਰ ਭੱਜਣ ਲੱਗੀ। ਇੱਕ ਪਲ ਲਈ ਮੈਂ ਆਪਣਾ-ਆਪ ਗੁਆ ਬੈਠਾ; ਮੈਂ ਆਪਣੇ ਕੈਮਰੇ ਨੂੰ ਹੱਥ ਤੱਕ ਨਾ ਲਾ ਸਕਿਆ। ਰਾਤ ਦੇ ਹਨ੍ਹੇਰੇ ਨੇ ਕਬਰਿਸਤਾਨਘਾਟ ਨੂੰ ਵੀ ਢੱਕ ਲਿਆ ਸੀ ਤੇ ਉੱਡਦੇ ਜੁਗਨੂੰਆਂ ਦੀ ਰੌਸ਼ਨੀ ਇਕੱਠੇ ਹੋਏ ਪਿੰਡ ਵਾਸੀਆਂ ਨੂੰ ਜਿਓਂ ਰਾਹ ਦਿਖਾ ਰਹੀ ਹੋਵੇ।
ਜਿਓਂ ਹੀ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ, ਭੀੜ ਇੱਕ ਵਾਰ ਤਾਂ ਰਤਾ ਕੁ ਪਿਛਾਂਹ ਹਟ ਗਈ- ਸੜੇ ਹੋਏ ਮਾਸ ਦੀ ਬਦਬੂ ਬਰਦਾਸ਼ਤ ਤੋਂ ਬਾਹਰ ਸੀ। ਕਈਆਂ ਨੂੰ ਤਾਂ ਉਲਟੀਆਂ ਆਉਣ ਲੱਗੀਆਂ। ਹਰ ਲਾਸ਼ 'ਤੇ ਨਾਮ ਦਾ ਲੇਬਲ ਲੱਗਾ ਹੋਇਆ ਸੀ, ਸਿਰਫ਼ ਇਸੇ ਕਾਰਨ ਉਨ੍ਹਾਂ ਦੀ ਪਛਾਣ ਹੋ ਸਕੀ।






























