ਮੈਂ ਚੌਥੇ ਦਿਨ ਉੱਥੇ ਅੱਪੜ ਗਿਆਂ; ਜਿਸ ਵੇਲ਼ੇ ਮੈਂ ਪਹੁੰਚਿਆਂ ਦੁਪਹਿਰ ਹੋ ਚੁੱਕੀ ਸੀ।
ਮੈਂ ਵਾਲੰਟੀਅਰਾਂ ਦੀ ਇੱਕ ਟੀਮ ਨਾਲ਼ ਚੇਨਈ ਤੋਂ ਵਾਇਨਾਡ ਦੇ ਰਾਹ ਜਾ ਪਿਆ। ਸਾਨੂੰ ਅਜਨਬੀਆਂ ਤੋਂ ਲਿਫ਼ਟ ਲੈਣੀ ਪਈ ਕਿਉਂਕਿ ਬੱਸਾਂ ਨਹੀਂ ਸਨ।
ਹਾਦਸੇ ਵਾਲ਼ੀ ਥਾਂ ਜੰਗ ਦੇ ਮੈਦਾਨ ਵਾਂਗ ਸੀ। ਐਂਬੂਲੈਂਸਾਂ ਆ ਰਹੀਆਂ ਸਨ ਤੇ ਜਾ ਰਹੀਆਂ ਸਨ। ਲੋਕ ਵੱਡੀਆਂ ਮਸ਼ੀਨਾਂ ਰਾਹੀਂ ਲਾਸ਼ਾਂ ਦੀ ਭਾਲ਼ ਕਰਨ ਵਿੱਚ ਰੁੱਝੇ ਹੋਏ ਸਨ। ਚੂਰਾਮਾਲਾ, ਅਟਾਮਾਲਾ ਅਤੇ ਮੁੰਡਕਾਈ ਦੇ ਕਸਬੇ ਜਿਓਂ ਤਬਾਹ ਹੀ ਹੋ ਗਏ। ਉੱਥੇ ਜ਼ਿੰਦਗੀ ਦਾ ਕੋਈ ਸੰਕੇਤ ਨਹੀਂ ਸੀ। ਵਸਨੀਕਾਂ ਦੀਆਂ ਭੁੱਬਾਂ ਡੂੰਘੀ ਉਦਾਸੀ ਵਿੱਚ ਡੁੱਬ ਗਈਆਂ ਕਿ ਉਹ ਆਪਣੇ ਸਾਕ-ਅੰਗਾਂ ਦੀਆਂ ਲਾਸ਼ਾਂ ਵੀ ਨਾ ਪਛਾਣ ਸਕੇ।
ਨਦੀ ਦੇ ਕਿਨਾਰੇ ਮਲਬੇ ਅਤੇ ਲਾਸ਼ਾਂ ਦੇ ਢੇਰ ਵਿੱਚ ਬਦਲ ਗਏ। ਰਾਹਤ ਕਰਮੀ ਅਤੇ ਪਰਿਵਾਰ ਡਾਂਗਾਂ ਲੈ ਕੇ ਕੰਢਿਓ ਕੰਢੀ ਚੱਲ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿਤੇ ਉਹ ਚਿੱਕੜ ਵਿੱਚ ਨਾ ਧੱਸ ਜਾਣ। ਮੇਰੀ ਲੱਤ ਚਿੱਕੜ ਵਿੱਚ ਦੱਬ ਗਈ। ਲਾਸ਼ਾਂ ਦੀ ਪਛਾਣ ਕਰਨਾ ਬਹੁਤ ਮੁਸ਼ਕਲ ਸੀ। ਸਰੀਰ ਦੇ ਅੰਗ ਖਿੱਲਰੇ ਹੋਏ ਸਨ। ਮੇਰਾ ਕੁਦਰਤ ਨਾਲ਼ ਬਹੁਤ ਨੇੜਲਾ ਰਿਸ਼ਤਾ ਹੈ। ਪਰ ਇਨ੍ਹਾਂ ਦ੍ਰਿਸ਼ਾਂ ਨੇ ਮੈਨੂੰ ਹੈਰਾਨ ਕਰਕੇ ਰੱਖ ਦਿੱਤਾ।
ਭਾਸ਼ਾ ਦੀ ਸਮੱਸਿਆ ਕਾਰਨ, ਮੈਂ ਕਿਸੇ ਨਾਲ਼ ਗੱਲ ਤਾਂ ਨਾ ਕਰ ਸਕਿਆ ਬੱਸ ਅਹਿੱਲ ਖੜ੍ਹਾ ਉੱਥੋਂ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ਼ ਵਹਿੰਦਾ ਰਿਹਾ। ਮੈਂ ਉਨ੍ਹਾਂ ਨੂੰ ਪਰੇਸ਼ਾਨ ਨਾ ਕਰਨ ਦਾ ਫ਼ੈਸਲਾ ਕੀਤਾ। ਮੈਨੂੰ ਇੱਥੇ ਪਹਿਲਾਂ ਆਉਣਾ ਚਾਹੀਦਾ ਸੀ, ਪਰ ਸਿਹਤ ਨੇ ਇਸ ਦੀ ਇਜਾਜ਼ਤ ਨਾ ਦਿੱਤੀ।
ਮੈਂ ਵਗਦੇ ਪਾਣੀ ਦਾ ਪਿੱਛਾ ਕੀਤਾ ਅਤੇ ਕੁਝ ਕਿਲੋਮੀਟਰ ਪੈਦਲ ਚੱਲਿਆ। ਘਰ ਚਿੱਕੜ ਵਿੱਚ ਦੱਬੇ ਹੋਏ ਸਨ। ਕੁਝ ਘਰ ਪੂਰੀ ਤਰ੍ਹਾਂ ਗਾਇਬ ਵੀ ਹੋ ਗਏ ਸਨ। ਹਰ ਜਗ੍ਹਾ ਵਲੰਟੀਅਰ ਲਾਸ਼ਾਂ ਦੀ ਭਾਲ਼ ਕਰਦੇ ਵੇਖੇ ਗਏ। ਫੌਜ ਵੀ ਰਾਹਤ ਕਾਰਜਾਂ 'ਚ ਲੱਗੀ ਹੋਈ ਸੀ। ਮੈਂ ਉੱਥੇ ਦੋ ਦਿਨ ਰਿਹਾ ਪਰ ਕੋਈ ਲਾਸ਼ ਨਾ ਮਿਲ਼ੀ। ਪਰ ਭਾਲ਼ ਨਿਰੰਤਰ ਜਾਰੀ ਰਹੀ। ਉਨ੍ਹਾਂ ਨੇ ਸਿਰਫ਼ ਚਾਹ ਅਤੇ ਦੁਪਹਿਰ ਦੇ ਖਾਣੇ ਲਈ ਆਰਾਮ ਕੀਤਾ। ਉੱਥੋਂ ਦੇ ਲੋਕਾਂ ਦੀ ਏਕਤਾ ਨੇ ਮੈਨੂੰ ਸੱਚਮੁੱਚ ਹੈਰਾਨ ਕਰਕੇ ਰੱਖ ਦਿੱਤਾ।

ਚੂਰਾਮਾਲਾ ਅਤੇ ਅਟਾਮਾਲਾ ਪਿੰਡ ਪੂਰੀ ਤਰ੍ਹਾਂ ਵਹਿ ਗਏ ਹਨ। ਰਾਹਤ ਕਰਮੀਆਂ ਨੇ ਬੁਲਡੋਜ਼ਰ ਦੀ ਵਰਤੋਂ ਕੀਤੀ , ਕੁਝ ਆਪਣੀਆਂ ਮਸ਼ੀਨਾਂ ਲੈ ਕੇ ਆਏ ਸਨ
ਜਦੋਂ ਮੈਂ ਸਥਾਨਕ ਲੋਕਾਂ ਨਾਲ਼ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ 8 ਅਗਸਤ 2019 ਨੂੰ ਪੁਡੂਮਾਲਾ 'ਚ ਵੀ ਅਜਿਹੀ ਹੀ ਘਟਨਾ ਵਾਪਰੀ ਸੀ, ਜਿਸ 'ਚ 40 ਲੋਕਾਂ ਦੀ ਮੌਤ ਹੋ ਗਈ ਸੀ। ਸਾਲ 2021 'ਚ 17 ਲੋਕਾਂ ਦੀ ਮੌਤ ਹੋਈ ਸੀ। ਇਹ ਤੀਜੀ ਵਾਰ ਹੈ। ਲਗਭਗ 430 ਲੋਕਾਂ ਦੀ ਜਾਨ ਚਲੀ ਗਈ ਅਤੇ 150 ਲੋਕਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਆਖਰੀ ਦਿਨ ਜਿਓਂ ਹੀ ਮੈਂ ਉੱਥੋਂ ਨਿਕਲ਼ਣ ਲੱਗਿਆ ਤਾਂ ਮੈਨੂੰ ਦੱਸਿਆ ਗਿਆ ਕਿ ਪੁਡੂਮਾਲਾ ਨੇੜੇ ਅੱਠ ਲਾਸ਼ਾਂ ਦਫਨਾਈਆਂ ਗਈਆਂ ਹਨ। ਦਫ਼ਨਾਉਣ ਦੇ ਸਮੇਂ ਸਾਰੇ ਧਰਮਾਂ ਦੇ ਲੋਕ (ਹਿੰਦੂ, ਮੁਸਲਿਮ, ਈਸਾਈ ਅਤੇ ਹੋਰ) ਮੌਕੇ 'ਤੇ ਮੌਜੂਦ ਸਨ ਅਤੇ ਉਨ੍ਹਾਂ ਨੇ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਸਨ। ਲਾਸ਼ਾਂ ਦੀ ਪਛਾਣ ਨਾ ਹੋਣ ਕਾਰਨ ਉਨ੍ਹਾਂ ਨੂੰ ਲਈ ਸਾਂਝੀ ਅਰਦਾਸ ਕਰਨ ਤੋਂ ਬਾਅਦ ਦਫ਼ਨਾਇਆ ਗਿਆ।
ਨਾ ਸਿਸਕਣ ਦੀ ਕੋਈ ਅਵਾਜ਼ ਸੀ ਨਾ ਹੀ ਕੋਈ ਹੰਝੂ ਸੀ ਬੱਸ ਮੀਂਹ ਲਗਾਤਾਰ ਵਰ੍ਹ ਰਿਹਾ ਸੀ।
ਇੱਥੇ ਅਜਿਹੇ ਦੁਖਾਂਤ ਵਾਰ-ਵਾਰ ਕਿਉਂ ਵਾਪਰਦੇ ਹਨ? ਇਹ ਸਾਰਾ ਖੇਤਰ ਮਿੱਟੀ ਅਤੇ ਪੱਥਰਾਂ ਦਾ ਮਿਸ਼ਰਣ ਹੈ। ਸ਼ਾਇਦ ਸਖ਼ਤ ਮਿੱਟੀ ਦੀ ਅਣਹੋਂਦ ਹੀ ਅਜਿਹੀਆਂ ਘਟਨਾਵਾਂ ਦਾ ਮੁੱਢਲਾ ਕਾਰਨ ਹੈ। ਜਦੋਂ ਮੈਂ ਫ਼ੋਟੋਆਂ ਲਈਆਂ ਤਾਂ ਮਲ਼ਬੇ ਵਿੱਚ ਪੱਥਰ ਅਤੇ ਮਿੱਟੀ ਦਾ ਮਿਸ਼ਰਣ ਹੀ ਸੀ- ਨਾ ਪਹਾੜਾਂ ਜਿਹੀ ਮਜ਼ਬੂਤੀ ਸੀ ਤੇ ਨਾ ਹੀ ਨਿਰੋਲ਼ ਚੱਟਾਨਾਂ ਹੀ ਸਨ।
ਇੱਕ ਤਾਂ ਇਸ ਖੇਤਰ ਵਿੱਚ ਲਗਾਤਾਰ ਬਾਰਸ਼ ਪੈਣਾ ਆਮ ਵਰਤਾਰਾ ਨਹੀਂ ਹੈ, ਉੱਤੋਂ ਦੀ ਅਜਿਹੀ ਕੱਚੀ ਧਰਾਤਲ (ਮਿੱਟੀ) 'ਤੇ ਦੁਪਹਿਰ 1 ਵਜੇ ਤੋਂ ਸਵੇਰੇ 5 ਵਜੇ ਤੱਕ ਲਗਾਤਾਰ ਮੀਂਹ ਪੈਂਦਾ ਰਹਿਣਾ। ਇਸ ਤੋਂ ਬਾਅਦ ਰਾਤ ਨੂੰ ਤਿੰਨ ਵਾਰੀਂ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ। ਹਰ ਇਮਾਰਤ ਅਤੇ ਘਰ ਮੈਨੂੰ ਇਹੀ ਅਹਿਸਾਸ ਕਰਵਾ ਰਿਹਾ ਸੀ। ਜਦੋਂ ਮੈਂ ਉੱਥੇ ਮੌਜੂਦ ਲੋਕਾਂ ਨਾਲ਼ ਗੱਲ ਕੀਤੀ ਤਾਂ ਮੈਂ ਮਹਿਸੂਸ ਕੀਤਾ ਕਿ ਰਾਹਤ ਕਾਰਜਾਂ ਲਈ ਆਏ ਕਾਰਕੁੰਨ ਵੀ ਇੱਥੇ ਫੱਸ ਕੇ ਰਹਿ ਗਏ। ਉੱਥੇ ਰਹਿੰਦੇ ਬਾਸ਼ਿੰਦੇ ਵੀ ਇਸ ਦੁਖਾਂਤ ਦੀ ਯਾਦ ਤੋਂ ਕਦੇ ਵੀ ਬਾਹਰ ਨਹੀਂ ਨਿਕਲ਼ ਸਕਦੇ।

ਵਾਇਨਾਡ ਦੁਖਾਂਤ ਇੱਕ ਅਜਿਹੇ ਖੇਤਰ ਵਿੱਚ ਵਾਪਰਿਆ ਜਿੱਥੇ ਚਾਹ ਦੇ ਅਣਗਿਣਤ ਬਗ਼ਾਨ ਹਨ। ਇਸ ਥਾਵੇਂ ਚਾਹ ਬਗ਼ਾਨ ਮਜ਼ਦੂਰਾਂ ਦੇ ਘਰ ਹਨ

ਤੇਜ਼ੀ ਨਾਲ਼ ਵਗਦੇ ਪਾਣੀ ਨਾਲ਼ ਵਹਿ ਕੇ ਆਈ ਮਿੱਟੀ ਕਾਰਨ ਮੁੰਡਕਾਈ ਅਤੇ ਚੂਰਾਮਾਲਾ ਇਲਾਕਿਆਂ ਦੀ ਮਿੱਟੀ ਵੀ ਭੂਰੀ ਹੋ ਗਈ

ਇੱਥੇ ਦੀ ਜ਼ਮੀਨ ਪੱਥਰ ਅਤੇ ਮਿੱਟੀ ਦਾ ਮਿਸ਼ਰਣ ਹੈ। ਮੀਂਹ ਦਾ ਪਾਣੀ ਰਿਸਦਿਆਂ ਹੀ ਇਹ ਮਿੱਟੀ ਯਕਦਮ ਢਿੱਲੀ ਹੋ ਜਾਂਦੀ ਹੈ , ਜਿਸ ਨਾਲ਼ ਹਾਦਸਾ ਵਾਪਰ ਜਾਂਦਾ ਹੈ

ਬਹੁਤ ਜ਼ਿਆਦਾ ਬਾਰਸ਼ ਅਤੇ ਪਾਣੀ ਦਾ ਵਹਾਅ ਮਿੱਟੀ ਦੀ ਕਟਾਈ ਦਾ ਕਾਰਨ ਬਣਿਆ ਹੈ ਅਤੇ ਪੂਰੇ ਚਾਹ ਬਗ਼ਾਨ ਨੂੰ ਤਬਾਹ ਕਰ ਦਿੱਤਾ ; ਕਾਰਕੁੰਨਾਂ ਦੀਆਂ ਟੋਲੀਆਂ ਇਸ ਤਬਾਹ ਹੋਏ ਖੇਤਰ ਵਿੱਚੋਂ ਲਾਸ਼ਾਂ ਦੀ ਭਾਲ਼ ਕਰ ਰਹੀਆਂ ਹਨ

ਇਸ ਦੁਖਾਂਤ ਤੋਂ ਬਾਲ਼-ਬਾਲ਼ ਬਚ ਨਿਕਲ਼ਣ ਵਾਲ਼ੇ ਬੱਚੇ ਹਾਲੇ ਤੀਕਰ ਸਦਮੇ ਵਿੱਚ ਹਨ

ਕਈ ਘਰ ਪੱਥਰ ਅਤੇ ਚਿੱਕੜ ਦੇ ਮਲ਼ਬੇ ਹੇਠ ਦੱਬੇ ਹੋਏ ਹਨ

ਵਾਇਨਾਡ ਵਿੱਚ ਚਾਹ ਬਗ਼ਾਨ ਮਜ਼ਦੂਰਾਂ ਦੇ ਘਰ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ

ਹੜ੍ਹ ਨਾਲ਼ ਰੁੜ੍ਹ ਕੇ ਆਏ ਪੱਥਰਾਂ ਨਾਲ਼ ਮੁਕੰਮਲ ਤੌਰ ' ਤੇ ਤਬਾਹ ਹੋਇਆ ਦੋ ਮੰਜ਼ਿਲਾ ਮਕਾਨ

ਬਹੁਤ ਸਾਰੇ ਵਾਹਨ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਵਰਤਣ ਦੀ ਸਥਿਤੀ ਵਿੱਚ ਨਹੀਂ ਰਹੇ

ਕੁਝ ਕੁ ਪਲ ਫ਼ੁਰਸਤ ਦੇ ਕੱਢਦੇ ਵਲੰਟੀਅਰ

ਮਕਾਨ ਢਹਿਣ ਨਾਲ਼ ਪਰਿਵਾਰਾਂ ਦਾ ਸਭ ਕੁਝ ਖਤਮ ਹੋ ਗਿਆ ਹੈ , ਉਨ੍ਹਾਂ ਦਾ ਸਾਰਾ ਸਾਮਾਨ ਚਿੱਕੜ ਹੇਠ ਦੱਬ ਗਿਆ ਹੈ

ਫੌਜ ਵਲੰਟੀਅਰਾਂ ਨਾਲ਼ ਤਲਾਸ਼ੀ ਮੁਹਿੰਮ ਚਲਾ ਰਹੀ ਹੈ

ਮਸਜਿਦ ਨੇੜੇ ਤਲਾਸ਼ੀ ਮੁਹਿੰਮ


ਮਸ਼ੀਨਾਂ (ਖੱਬੇ) ਮਿੱਟੀ ਨੂੰ ਹਿਲਾਉਣ ਅਤੇ ਲਾਸ਼ਾਂ ਲੱਭਣ ਵਿੱਚ ਮਦਦ ਕਰ ਰਹੀਆਂ ਹਨ। ਨਦੀ ਕਿਨਾਰੇ ਲਾਸ਼ਾਂ ਦੀ ਭਾਲ਼ ਕਰ ਰਿਹਾ ਰਾਹਤ ਕਰਮੀ

ਰਾਹਤ ਕਰਮੀਆਂ ਨੇ ਭਾਲ਼ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ

ਇਹ ਸਕੂਲ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਿਆ ਹੈ


ਮਿੱਟੀ ਪੁੱਟਣ ਅਤੇ ਇੱਕ ਪਾਸੇ ਧੱਕਣ ਲਈ ਜੇਸੀਬੀ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ

ਰਾਹਤ ਕਾਰਜਾਂ ਲਈ ਆਏ ਸਥਾਨਕ ਲੋਕ ਅਤੇ ਵਲੰਟੀਅਰ ਭੋਜਨ ਖਾਣ ਲਈ ਛੁੱਟੀ ਲੈ ਰਹੇ ਹਨ

ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਵਿੱਚੋਂ ਇੱਕ ਪੁਡੂਮਾਲਾ ਨੇ 2019 ਅਤੇ 2021 ਵਿੱਚ ਵੀ ਅਜਿਹੇ ਦੁਖਾਂਤ ਹੰਢਾਏ ਹਨ

ਸਾਰੀ-ਸਾਰੀ ਰਾਤ ਕੰਮ ਚੱਲਦਾ ਹੈ , ਮਜ਼ਦੂਰ ਲਾਸ਼ਾਂ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ

ਕਰਮੀਆਂ ਨੂੰ ਐਂਬੂਲੈਂਸਾਂ ਵਿੱਚ ਆਉਣ ਵਾਲ਼ੀਆਂ ਲਾਸ਼ਾਂ ਵਾਸਤੇ ਐਮਰਜੈਂਸੀ ਉਪਕਰਣਾਂ ਨਾਲ਼ ਲੈਸ ਕੀਤਾ ਗਿਆ ਹੈ

ਲਾਸ਼ਾਂ ਨੂੰ ਪ੍ਰੇਅਰ ਹਾਲ ਵਿੱਚ ਲਿਜਾਇਆ ਜਾਂਦਾ ਹੈ। ਜਿੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਹੁੰਦੇ ਹਨ ਅਤੇ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕਰਦੇ ਹਨ

ਲਾਸ਼ਾਂ ਨੂੰ ਚਿੱਟੇ ਕੱਪੜੇ ਵਿੱਚ ਲਪੇਟ ਕੇ ਲਿਜਾਇਆ ਜਾਂਦਾ ਹੈ

ਜ਼ਿਆਦਾਤਰ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ

ਅੰਤਿਮ ਸੰਸਕਾਰ ਪ੍ਰਾਰਥਨਾ ਸੇਵਾ ਤੋਂ ਬਾਅਦ ਕੀਤਾ ਜਾਂਦਾ ਹੈ

ਦੇਰ ਰਾਤ ਕੰਮ ਕਰ ਰਹੇ ਵਲੰਟੀਅਰ
ਤਰਜਮਾ: ਕਮਲਜੀਤ ਕੌਰ