ਕਈ ਵਾਰ ਹਾਥੀ ਮੇਰੇ ਪਿੱਛੇ ਪਏ ਹਨ, ਪਰ ਅਜੇ ਤੱਕ ਮੇਰਾ ਬਚਾਅ ਹੀ ਰਿਹਾ ਹੈ, ਰਵੀ ਕੁਮਾਰ ਨੇਤਾਮ ਨੇ ਮੁਸਕੁਰਾਉਂਦਿਆਂ ਕਿਹਾ।

25 ਸਾਲਾ ਗੋਂਡ ਆਦਿਵਾਸੀ ਅਰਸੀਕਨਹਰ ਰੇਂਜ ਵਿਚਲੇ ਜੰਗਲੀ ਰਸਤੇ ਤੇ ਚੱਲ ਰਿਹਾ ਹੈ। ਛੱਤੀਸਗੜ੍ਹ ਦੇ ਉਦੰਤੀ ਸੀਤਾਨਦੀ ਟਾਈਗਰ ਰਿਜ਼ਰਵ ਵਿੱਚ ਹਾਥੀ ਟ੍ਰੈਕਰ ( ਹਾਥੀਆਂ ਦੀ ਹਿਲਜੁਲ ਤੇ ਨਜ਼ਰ ਰੱਖਣ ਵਾਲਾ) ਦੇ ਤੌਰ ਤੇ ਕੰਮ ਕਰਨ ਵਾਲਾ ਰਵੀ ਪੈਰਾਂ ਦੇ ਨਿਸ਼ਾਨਾਂ ਅਤੇ ਮਲ ਤੋਂ ਇਹਨਾਂ ਪਕੀਡਰਮਾਂ (ਮੋਟੀ ਚਮੜੀ ਵਾਲੇ ਜੀਵਾਂ) ਦਾ ਪਤਾ ਲਾਉਣਾ ਜਾਣਦਾ ਹੈ।

ਮੈਂ ਜੰਗਲ ਵਿੱਚ ਪੈਦਾ ਹੋਇਆਂ ਤੇ ਇੱਥੇ ਹੀ ਪਲਿਆਂ। ਮੈਨੂੰ ਇਹ ਸਭ ਸਿੱਖਣ ਲਈ ਸਕੂਲ ਜਾਣ ਦੀ ਲੋੜ ਨਹੀਂ, ਧਮਤਰੀ ਜ਼ਿਲ੍ਹੇ ਦੇ ਥੇਨਹੀ ਪਿੰਡ ਦੇ ਰਹਿਣ ਵਾਲੇ ਰਵੀ ਨੇ ਦੱਸਿਆ। ਉਹਨੇ 12ਵੀਂ ਤੱਕ ਪੜ੍ਹਾਈ ਕੀਤੀ ਅਤੇ ਹੁਣ ਵਾਲੇ ਕੰਮ ਤੋਂ ਪਹਿਲਾਂ, ਕਰੀਬ ਚਾਰ ਸਾਲ ਪਹਿਲਾਂ ਜੰਗਲਾਤ ਵਿਭਾਗ ਵਿੱਚ ਫਾਇਰ ਗਾਰਡ ਦੇ ਤੌਰ ਤੇ ਕੰਮ ਕਰਨ ਲੱਗਿਆ।

ਜਿਵੇਂ-ਜਿਵੇਂ ਸਾਨੂੰ ਟ੍ਰੈਕਰ ਜੰਗਲ ਵਿੱਚ ਲੈ ਕੇ ਜਾ ਰਹੇ ਹਨ, ਤਾਂ ਸਿਰਫ਼ ਕੀੜੇ-ਮਕੌੜਿਆਂ ਦੀ ਹਲਕੀ ਗੂੰਜ ਤੇ ਸਾਲ ਤੇ ਟੀਕ ਦੇ ਰੁੱਖਾਂ ਨੂੰ ਛੂਹ ਕੇ ਲੰਘਦੀ ਹਵਾ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਕਦੇ-ਕਦਾਈਂ ਕਿਸੇ ਪੰਛੀ ਦੇ ਕੂਕਣ ਜਾਂ ਕਿਸੇ ਟਹਿਣੀ ਦੇ ਟੁੱਟਣ ਦੀ ਆਵਾਜ਼ ਕੰਨੀਂ ਪੈਂਦੀ ਹੈ। ਹਾਥੀ ਟ੍ਰੈਕਰਾਂ ਨੂੰ ਪਰਤੱਖ ਸੁਰਾਗਾਂ ਦੇ ਨਾਲ਼ ਇਹਨਾਂ ਆਵਾਜ਼ਾਂ ਵੱਲ ਵੀ ਧਿਆਨ ਰੱਖਣਾ ਪੈਂਦਾ ਹੈ।

PHOTO • Prajjwal Thakur
PHOTO • Prajjwal Thakur

ਖੱਬੇ: ‘ਮੈਂ ਜੰਗਲ ਵਿੱਚ ਪੈਦਾ ਹੋਇਆਂ ਤੇ ਇੱਥੇ ਹੀ ਪਲਿਆਂ,’ ਹਾਥੀ ਟ੍ਰੈਕਰ ਰਵੀ ਕੁਮਾਰ ਨੇਤਾਮ ਨੇ ਕਿਹਾ, ‘ਮੈਨੂੰ ਇਹ ਸਭ ਸਿੱਖਣ ਲਈ ਸਕੂਲ ਜਾਣ ਦੀ ਲੋੜ ਨਹੀਂ।’ ਸੱਜੇ: ਅਰਸੀਕਨਹਰ ਜੰਗਲ ਰੇਂਜ ਵਿੱਚ ਹਾਥੀ ਟ੍ਰੈਕਰਾਂ ਦਾ ਕੈਂਪ। ਹਾਥੀ ਕਰੀਬ 300 ਮੀਟਰ ਦੂਰ ਹਨ

ਹਾਥੀ ਇਸ ਜੰਗਲ ਵਿੱਚ ਥੋੜ੍ਹਾ ਸਮਾਂ ਪਹਿਲਾਂ ਹੀ ਆਏ ਹਨ। ਉਹ ਤਿੰਨ ਸਾਲ ਪਹਿਲਾਂ ਉੜੀਸਾ ਤੋਂ ਆਏ ਸਨ। ਜੰਗਲਾਤ ਅਫ਼ਸਰ ਉਹਨਾਂ ਨੂੰ ਸਿਕਾਸੇਰ ਹਾਥੀ ਝੁੰਡ ਦੇ ਤੌਰ ਤੇ ਜਾਣਦੇ ਹਨ ਤੇ ਉਹ ਹੁਣ 20-20 ਹਾਥੀਆਂ ਦੇ ਦੋ ਝੁੰਡਾਂ ਵਿੱਚ ਵੰਡੇ ਗਏ ਹਨ। ਦਿਉਦੱਤ ਤਾਰਾਮ ਨੇ ਦੱਸਿਆ ਕਿ ਇੱਕ ਝੁੰਡ ਗਰੀਆਬੰਦ ਚਲਾ ਗਿਆ ਤੇ ਦੂਸਰੇ ਨੂੰ ਸਥਾਨਕ ਲੋਕ ਇੱਥੇ ਟ੍ਰੈਕ ਕਰ ਰਹੇ ਹਨ। 55 ਸਾਲਾ ਦਿਉਦੱਤ ਨੇ ਜੰਗਲਾਤ ਮਹਿਕਮੇ ਵਿੱਚ ਸੁਰੱਖਿਆਕਰਮੀ ਦੇ ਤੌਰ ਤੇ ਸ਼ੁਰੂਆਤ ਕੀਤੀ ਤੇ ਹੁਣ ਜੰਗਲਾਤ ਰੇਂਜਰ ਦੇ ਤੌਰ ਤੇ ਕੰਮ ਕਰ ਰਿਹਾ ਹੈ। 35 ਸਾਲਾਂ ਦੇ ਤਜਰਬੇ ਤੋਂ ਬਾਅਦ ਹੁਣ ਉਹ ਜੰਗਲ ਦੇ ਪੱਤੇ-ਪੱਤੇ ਨੂੰ ਜਾਣਦਾ ਹੈ।

ਇਸ ਇਲਾਕੇ ਵਿੱਚ ਕਈ ਡੈਮ ਤੇ ਜੰਗਲ ਵਿੱਚ ਛੱਪੜ ਹੋਣ ਕਰਕੇ ਪਾਣੀ ਬਹੁਤ ਹੈ, ਵੱਡੇ ਜਾਨਵਰਾਂ ਦੇ ਇੱਥੇ ਹੋਣ ਦਾ ਕਾਰਨ ਦੱਸਦਿਆਂ ਦਿਉਦੱਤ ਨੇ ਕਿਹਾ। ਪਕੀਡਰਮਾਂ ਦੇ ਮਨਪਸੰਦ ਖਾਣੇ – ਜਿਵੇਂ ਕਿ ਮਹੂਆ ਦੇ ਰੁੱਖ ਦਾ ਫਲ – ਨਾਲ਼ ਜੰਗਲ ਭਰਿਆ ਪਿਆ ਹੈ। ਮਨੁੱਖੀ ਆਵਾਜਾਈ ਵੀ ਘੱਟ ਹੈ। ਸੰਘਣਾ ਜੰਗਲ ਹੈ ਤੇ ਕੋਈ ਮਾਈਨਿੰਗ ਨਹੀਂ ਹੁੰਦੀ। ਇਸ ਕਰਕੇ ਇਹ ਇਲਾਕਾ ਹਾਥੀਆਂ ਲਈ ਸੁਖਾਵਾਂ ਹੈ, ਦਿਉਦੱਤ ਨੇ ਦੱਸਿਆ।

ਹਾਥੀ ਟ੍ਰੈਕਰ ਹਰ ਮੌਸਮ ਵਿੱਚ ਦਿਨ-ਰਾਤ ਸ਼ਿਫਟਾਂ ਵਿੱਚ ਕੰਮ ਕਰਦੇ ਹਨ, ਪੈਦਲ ਹਾਥੀਆਂ ਦਾ ਪਤਾ ਲਾਉਂਦੇ ਹਨ ਤੇ ਉਹਨਾਂ ਦੀ ਹਿਲਜੁਲ ਦਾ ਧਿਆਨ ਰੱਖਣ ਲਈ ਪਿੰਡਾਂ ਵਿੱਚ ਵੀ ਜਾਂਦੇ ਹਨ। ਉਹ ਆਪਣੀ ਜਾਣਕਾਰੀ ਹਾਥੀ ਟ੍ਰੈਕਰ ਐਪ ਤੇ ਲਗਾਤਾਰ ਸਾਂਝੀ ਕਰਦੇ ਹਨ।

PHOTO • Prajjwal Thakur
PHOTO • Prajjwal Thakur

ਖੱਬੇ: ਪੈਰਾਂ ਦੇ ਨਿਸ਼ਾਨਾਂ ਤੋਂ ਹਾਥੀਆਂ ਨੂੰ ਟ੍ਰੈਕ ਕਰਨ ਬਾਰੇ ਦੱਸਦੇ ਹੋਏ ਜੰਗਲਾਤ ਰੇਂਜਰ, ਦਿਉਦੱਤ ਤਾਰਾਮ। ਸੱਜੇ: ਨੱਥੂਰਾਮ ਨੇਤਾਮ ਹਾਥੀ ਦੇ ਮਲ ਦੀ ਜਾਂਚ ਕਰਦੇ ਹੋਏ

PHOTO • Prajjwal Thakur
PHOTO • Prajjwal Thakur

ਖੱਬੇ: ਗਸ਼ਤ ਦੌਰਾਨ ਹਾਥੀ ਟ੍ਰੈਕਰ। ਸੱਜੇ: ਟ੍ਰੈਕਰਾਂ ਨੇ ਜਾਣਕਾਰੀ ਇੱਕ ਐਪ ਉੱਤੇ ਪਾਉਣੀ ਹੁੰਦੀ ਹੈ ਅਤੇ ਲੋਕਾਂ ਨੂੰ ਚੇਤੰਨ ਵੀ ਕਰਨਾ ਹੁੰਦਾ ਹੈ ਤੇ ਵਟਸਐਪ ਜ਼ਰੀਏ ਵੀ ਜਾਣਕਾਰੀ ਦੇਣੀ ਹੁੰਦੀ ਹੈ

ਐਪਲੀਕੇਸ਼ਨ ਨੂੰ FMIS ( ਜੰਗਲਾਤ ਸਾਂਭ-ਸੰਭਾਲ ਜਾਣਕਾਰੀ ਸਿਸਟਮ) ਅਤੇ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਜੰਗਲੀ ਜੀਵ ਵਿੰਗ ਦੁਆਰਾ ਸਾਂਝੇ ਤੌਰ ਤੇ ਤਿਆਰ ਕੀਤਾ ਗਿਆ ਹੈ। ਜਾਣਕਾਰੀ ਦੀ ਵਰਤੋਂ ਹਾਥੀਆਂ ਦੇ ਟਿਕਾਣੇ ਦੇ 10 ਕਿਲੋਮੀਟਰ ਦੇ ਦਾਇਰੇ ਵਿਚਲੇ ਵਸਨੀਕਾਂ ਨੂੰ ਸੂਚਿਤ ਕਰਨ ਲਈ ਕੀਤੀ ਜਾਂਦੀ ਹੈ, ਉਦੰਤੀ ਸੀਤਾਨਦੀ ਟਾਈਗਰ ਰਿਜ਼ਰਵ ਦੇ ਉਪ-ਨਿਰਦੇਸ਼ਕ ਵਰੁਣ ਕੁਮਾਰ ਜੈਨ ਨੇ ਕਿਹਾ।

ਹਾਥੀਆਂ ’ਤੇ ਨਜ਼ਰ ਰੱਖਣ ਵਾਲੀ ਟੀਮ ਦੇ ਕੰਮ ਦੇ ਕੋਈ ਨਿਸ਼ਚਿਤ ਘੰਟੇ ਨਹੀਂ ਹਨ ਅਤੇ ਉਹ 1500 ਰੁਪਏ ਮਹੀਨਾ ਠੇਕੇ ਤੇ ਕੰਮ ਕਰਦੇ ਹਨ, ਨਾ ਹੀ ਉਹਨਾਂ ਦੇ ਜ਼ਖ਼ਮੀ ਹੋਣ ਦੀ ਸੂਰਤ ਵਿੱਚ ਉਹਨਾਂ ਨੂੰ ਕੋਈ ਬੀਮਾ ਕਵਰ ਮਿਲਦਾ ਹੈ। ਜੇ ਹਾਥੀ ਰਾਤ ਸਮੇਂ ਆ ਜਾਣ ਤਾਂ ਸਾਨੂੰ ਵੀ ਰਾਤ ਸਮੇਂ ਆਉਣਾ ਪੈਂਦਾ ਹੈ ਕਿਉਂਕਿ ਮੈਂ ਇਸ ਇਲਾਕੇ ਦਾ ਸੁਰੱਖਿਆਕਰਮੀ ਹਾਂ। ਇਹ ਮੇਰੀ ਜ਼ਿੰਮੇਦਾਰੀ ਹੈ, ਗੋਂਡ ਆਦਿਵਾਸੀ ਕਬੀਲੇ ਨਾਲ਼ ਸਬੰਧ ਰੱਖਣ ਵਾਲੇ 40 ਸਾਲਾ ਸੁਰੱਖਿਆਕਰਮੀ ਨਾਰਾਇਣ ਸਿੰਘ ਧਰੁਵ ਨੇ ਕਿਹਾ।

ਹਾਥੀ ਦੁਪਹਿਰੇ 12 ਤੋਂ 3 ਵਜੇ ਤੱਕ ਸੌਂਦੇ ਹਨ, ਉਹਨੇ ਦੱਸਿਆ, ਤੇ ਉਸ ਤੋਂ ਬਾਅਦ ਮੁੱਖ ਹਾਥੀ ” ( ਸਾਨ੍ਹ) ਆਵਾਜ਼ ਦਿੰਦਾ ਹੈ ਤੇ ਝੁੰਡ ਮੁੜ ਤੁਰ ਪੈਂਦਾ ਹੈ। ਜੇ ਕੋਈ ਮਨੁੱਖ ਨਜ਼ਰੀਂ ਪਵੇ ਤਾਂ ਹਾਥੀ ਬਾਕੀ ਝੁੰਡ ਨੂੰ ਆਵਾਜ਼ ਦੇ ਕੇ ਚੇਤੰਨ ਕਰਦੇ ਹਨ। ਇਹਦੇ ਨਾਲ਼ ਟ੍ਰੈਕਰਾਂ ਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਹਾਥੀ ਨੇੜੇ-ਤੇੜੇ ਹਨ। ਮੈਂ ਅਜੇ ਤੱਕ ਹਾਥੀਆਂ ਬਾਰੇ ਕੁਝ ਪੜ੍ਹਿਆ ਨਹੀਂ। ਜੋ ਵੀ ਮੈਂ ਸਿੱਖਿਆ ਹੈ ਉਹ ਹਾਥੀ ਟ੍ਰੈਕਰ ਦੇ ਤੌਰ ਤੇ ਕੰਮ ਕਰਨ ਦੇ ਆਪਣੇ ਤਜਰਬੇ ਤੋਂ ਸਿੱਖਿਆ ਹੈ, ਧਰੁਵ ਨੇ ਕਿਹਾ। ਰ ਸਿੱਖਿਆ ਹੈ ਕਿ । ਜੇ ਕੋਈ ਮੁੈ। ਹਾ

ਜੇ ਹਾਥੀ ਦਿਨ ’ਚ 25-30 ਕਿਲੋਮੀਟਰ ਚੱਲੇ ਤਾਂ ਇਹ ਸਜ਼ਾ ਵਾਂਗ ਹੀ ਹੋ ਜਾਂਦਾ ਹੈ, ਨੱਥੂਰਾਮ ਨੇ ਕਿਹਾ। ਤਿੰਨ ਬੱਚਿਆਂ ਦਾ ਬਾਪ, ਨੱਥੂਰਾਮ ਜੰਗਲ ਵਿੱਚ ਪੈਂਦੇ ਇੱਕ ਪਿੰਡ ’ਚ ਦੋ ਕਮਰਿਆਂ ਦੇ ਕੱਚੇ ਘਰ ਵਿੱਚ ਰਹਿੰਦਾ ਹੈ। ਉਹ ਜੰਗਲਾਤ ਵਿਭਾਗ ਲਈ ਫਾਇਰ ਵਾਚਰ ਦੇ ਤੌਰ ’ਤੇ ਕੰਮ ਕਰਦਾ ਸੀ ਪਰ ਦੋ ਸਾਲ ਪਹਿਲਾਂ ਹਾਥੀਆਂ ਦਾ ਟ੍ਰੈਕਰ ਬਣ ਗਿਆ।

PHOTO • Prajjwal Thakur
PHOTO • Prajjwal Thakur

ਖੱਬੇ: ਨਾਰਾਇਣ ਸਿੰਘ ਧਰੁਵ, ਜੰਗਲਾਤ ਸੁਰੱਖਿਆਕਰਮੀ ਤੇ ਹਾਥੀ ਟ੍ਰੈਕਰ, ਨੇ ਕਿਹਾ, ‘ਜੇ ਹਾਥੀ ਰਾਤ ਸਮੇਂ ਆ ਜਾਣ, ਤਾਂ ਸਾਨੂੰ ਵੀ ਆਉਣਾ ਪੈਂਦਾ ਹੈ।’ਸੱਜੇ: ਪੰਚਾਇਤ ਦਫ਼ਤਰ ਨੇੜੇ ਥੇਨਹੀ ਪਿੰਡ ਦੇ ਵਸਨੀਕ। ਉਹਨਾਂ ਦੀਆਂ ਫ਼ਸਲਾਂ ਹਾਥੀਆਂ ਦੁਆਰਾ ਨੁਕਸਾਨੀਆਂ ਗਈਆਂ ਹਨ

*****

ਜਦ ਰਾਤ ਸਮੇਂ ਟ੍ਰੈਕਰ ਚਿਤਾਵਨੀ ਦਿੰਦੇ ਹਨ ਤਾਂ ਪਿੰਡ ਵਾਸੀ ਆਪਣੀ ਨੀਂਦ ’ਚੋਂ ਉੱਠ ਖੇਤਾਂ ਵਿੱਚ ਹਾਥੀਆਂ ਨੂੰ ਚਰਦੇ ਵੇਖਣ ਤੁਰ ਪੈਂਦੇ ਹਨ। ਨੌਜਵਾਨ ਤੇ ਬੱਚੇ ਸੁਰੱਖਿਅਤ ਦੂਰੀ ਤੇ ਖੜ੍ਹ ਆਪਣੀਆਂ ਫਲੈਸ਼ ਲਾਈਟਾਂ ਦੀ ਰੌਸ਼ਨੀ ਵਿੱਚ ਇਹਨਾਂ ਵੱਡੇ ਜਾਨਵਰਾਂ ਨੂੰ ਦੇਖਦੇ ਹਨ।

ਆਮ ਕਰਕੇ ਸਥਾਨਕ ਲੋਕ ਰਾਤ ਸਮੇਂ ਅੱਗ ਮੱਚਦੀ ਰੱਖ ਕੇ ਹਾਥੀਆਂ ਨੂੰ ਪਰ੍ਹੇ ਰੱਖਦੇ ਹਨ, ਜੋ ਰਾਤ ਸਮੇਂ ਭੋਜਨ ਦੀ ਭਾਲ ਵਿੱਚ ਝੋਨੇ ਦੇ ਖੇਤਾਂ ਵਿੱਚ ਚਰਨ ਲਈ ਆਉਂਦੇ ਹਨ। ਪਿੰਡਾਂ ਦੇ ਕੁਝ ਲੋਕ ਜੰਗਲ ਵਿੱਚ ਪੂਰੀ ਰਾਤ ਮੱਚਦੀ ਅੱਗ ਦੁਆਲੇ ਬੈਠੇ ਦੇਖਦੇ ਰਹਿੰਦੇ ਹਨ ਪਰ ਝੁੰਡ ਕੋਲੋਂ ਆਪਣੀ ਫ਼ਸਲ ਨੂੰ ਬਚਾ ਨਹੀਂ ਪਾਉਂਦੇ।

ਜਦ ਹਾਥੀ ਪਹਿਲੀ ਵਾਰ ਇੱਥੇ ਆਏ ਤਾਂ ਜੰਗਲਾਤ ਵਿਭਾਗ ਦੇ ਲੋਕ ਐਨੇ ਖੁਸ਼ ਸਨ ਕਿ ਉਹਨਾਂ ਨੇ ਹਾਥੀਆਂ ਲਈ ਬਹੁਤ ਸਾਰੇ ਫਲ ਤੇ ਸਬਜ਼ੀਆਂ ਜਿਵੇਂ ਕਿ ਗੰਨੇ, ਗੋਭੀ ਤੇ ਕੇਲਿਆਂ ਦਾ ਇੰਤਜ਼ਾਮ ਕੀਤਾ, ਥੇਨਹੀ ਦੇ ਵਸਨੀਕ ਨੌਹਰ ਲਾਲ ਨਾਗ ਨੇ ਕਿਹਾ। ਨੌਹਰ ਵਰਗੇ ਵਸਨੀਕਾਂ ਨੂੰ ਖੁਸ਼ੀ ਨਹੀਂ ਹੁੰਦੀ ਤੇ ਉਹ ਆਪਣੀ ਫ਼ਸਲ ਦੇ ਨੁਕਸਾਨ ਨੂੰ ਲੈ ਕੇ ਚਿੰਤਤ ਹਨ।

PHOTO • Prajjwal Thakur
PHOTO • Prajjwal Thakur

ਖੱਬੇ ਤੇ ਸੱਜੇ: ਥੇਨਹੀ ਵਿੱਚ ਹਾਥੀਆਂ ਦੁਆਰਾ ਕੀਤਾ ਗਿਆ ਨੁਕਸਾਨ

ਜਦ PARI ਨੇ ਅਗਲੀ ਸਵੇਰ ਥੇਨਹੀ ਪਿੰਡ ਦਾ ਦੌਰਾ ਕੀਤਾ ਤਾਂ ਅਸੀਂ ਹਾਥੀਆਂ ਦੁਆਰਾ ਛੱਡੇ ਨਿਸ਼ਾਨ ਤੇ ਕੀਤਾ ਨੁਕਸਾਨ ਅੱਖੀਂ ਵੇਖਿਆ। ਝੁੰਡ ਨੇ ਨਵੀਆਂ ਬੀਜੀਆਂ ਫ਼ਸਲਾਂ ਤਬਾਹ ਕਰ ਦਿੱਤੀਆਂ ਸਨ ਤੇ ਦਰੱਖਤਾਂ ਦੇ ਤਣਿਆਂ ’ਤੇ ਜਿੱਥੇ ਉਹਨਾਂ ਆਪਣੀ ਪਿੱਛ ਖੁਰਕੀ, ਮਿੱਟੀ ਲੱਗੀ ਹੋਈ ਸੀ।

ਉਦੰਤੀ ਸੀਤਾਨਦੀ ਟਾਈਗਰ ਰਿਜ਼ਰਵ ਦੇ ਉਪ-ਨਿਰਦੇਸ਼ਕ ਵਰੁਣ ਕੁਮਾਰ ਜੈਨ ਮੁਤਾਬਕ ਜੰਗਲਾਤ ਵਿਭਾਗ ਵੱਲੋਂ ਪ੍ਰਤੀ ਏਕੜ ਜ਼ਮੀਨ ਲਈ 22,249 ਰੁਪਏ ਮੁਆਵਜ਼ਾ ਦਿੱਤਾ ਜਾਵੇਗਾ। ਪਰ ਇੱਥੋਂ ਦੇ ਲੋਕਾਂ ਦਾ ਮੰਨਣਾ ਹੈ ਕਿ ਅਫ਼ਸਰਸ਼ਾਹੀ ਦੀ “ਪ੍ਰਕਿਰਿਆ” ਕਾਰਨ ਪੈਸੇ ਸਹੀ ਤਰੀਕੇ ਉਹਨਾਂ ਤੱਕ ਨਹੀਂ ਪਹੁੰਚਣਗੇ। “ਅਸੀਂ ਹੁਣ ਕੀ ਕਰ ਸਕਦੇ ਹਾਂ?” ਉਹ ਪੁੱਛਦੇ ਹਨ, “ਜੋ ਵੀ ਕਰਨਾ ਹੈ, ਜੰਗਲਾਤ ਅਫ਼ਸਰਾਂ ਨੇ ਕਰਨਾ ਹੈ, ਅਸੀਂ ਤਾਂ ਐਨਾ ਜਾਣਦੇ ਹਾਂ ਕਿ ਅਸੀਂ ਨਹੀਂ ਚਾਹੁੰਦੇ ਕਿ ਹਾਥੀ ਇੱਥੇ ਰਹਿਣ।”

ਤਰਜਮਾ: ਅਰਸ਼ਦੀਪ ਅਰਸ਼ੀ

Prajjwal Thakur

Prajjwal Thakur is an undergraduate student at Azim Premji University.

Other stories by Prajjwal Thakur
Editor : Sarbajaya Bhattacharya

Sarbajaya Bhattacharya is a Senior Assistant Editor at PARI. She is an experienced Bangla translator. Based in Kolkata, she is interested in the history of the city and travel literature.

Other stories by Sarbajaya Bhattacharya
Translator : Arshdeep Arshi

Arshdeep Arshi is an independent journalist and translator based in Chandigarh and has worked with News18 Punjab and Hindustan Times. She has an M Phil in English literature from Punjabi University, Patiala.

Other stories by Arshdeep Arshi