ਵਾਰਾਨਸੀ ਵਿਖੇ ਚੋਣਾਂ ਵਾਲ਼ੇ ਦਿਨ ਸਲਮਾ ਨੇ ਕੀ ਦੇਖਿਆ ਕਿ ਵੋਟਾਂ ਪਾਉਣ ਵਾਲ਼ੇ ਪੁਰਸ਼ਾਂ ਤੇ ਔਰਤਾਂ ਲਈ ਅੱਡੋ-ਅੱਡ ਦੋ ਕਤਾਰਾਂ ਬਣਾਈਆਂ ਗਈਆਂ ਸਨ। ਮਸ਼ਹੂਰ ਵਿਸ਼ਵਨਾਥ ਮੰਦਰ ਦੇ ਕੋਲ਼ ਇੱਕ ਭੀੜੀ ਜਿਹੀ ਗਲ਼ੀ ਦੇ ਸਰਕਾਰੀ ਸਕੂਲ ਵਿੱਚ ਬੰਗਾਲੀ ਟੋਲੇ ਦੀਆਂ ਵੋਟਾਂ ਪੈ ਰਹੀਆਂ ਸਨ।

25 ਸਾਲਾ ਦੁਵਲੰਗੀ (ਟ੍ਰਾਂਸ) ਔਰਤ ਚੁੱਪਚਾਪ ਔਰਤਾਂ ਵਾਲ਼ੀ ਕਤਾਰ ਵਿੱਚ ਖੜ੍ਹੀ ਹੋ ਗਈ ਪਰ ਉਨ੍ਹਾਂ ਦਾ ਕਹਿਣਾ ਹੈ,  '' ਆਖੇਂ ਬੜੀ ਹੋ ਗਈ ਥੀ ਸਬਕੀ। ਪੁਰਸ਼ਾਂ ਨੇ ਤਾਂ ਮੈਨੂੰ ਅਣਦੇਖਿਆ ਕਰਨ ਦਾ ਡਰਾਮਾ ਕੀਤਾ ਤੇ ਔਰਤਾਂ ਮੈਨੂੰ ਆਪਣੀ ਕਤਾਰ ਦੇ ਐਨ ਮਗਰਲੇ ਪਾਸੇ ਖੜ੍ਹੀ ਦੇਖ ਦੰਦ ਕੱਢਣ ਲੱਗ ਗਈਆਂ ਤੇ ਕਈਆਂ ਦੀ ਕਾਨਾਫੂਸੀ ਸ਼ੁਰੂ ਹੋ ਗਈ।''

ਪਰ ਸਲਮਾ ਨੇ ਪਰਵਾਹ ਨਾ ਕੀਤੀ। ''ਮੈਂ ਵੋਟ ਪਾਉਣ ਦਾ ਪੱਕਾ ਇਰਾਦਾ ਕੀਤਾ ਹੋਇਆ ਸੀ। ਇਹ ਤਾਂ ਮੇਰਾ ਜਮਹੂਰੀ ਅਧਿਕਾਰ ਹੈ ਤੇ ਸਾਨੂੰ ਬਦਲਾਅ ਲਿਆਉਣ ਵਾਸਤੇ ਵੋਟ ਪਾਉਣੀ ਹੀ ਚਾਹੀਦੀ ਹੈ।''

ਭਾਰਤੀ ਚੋਣ ਕਮਿਸ਼ਨ (ਈਸੀ) ਦੇ ਅੰਕੜੇ ਦੱਸਦੇ ਹਨ ਕਿ ਭਾਰਤ ਅੰਦਰ 48,044 ''ਤੀਜੇ ਲਿੰਗ ਦੇ ਵੋਟਰ'' ਹਨ। ਇਨ੍ਹਾਂ ਵੋਟਰਾਂ ਦੀ ਠੀਕ-ਠਾਕ ਗਿਣਤੀ ਹੋਣ ਦੇ ਬਾਵਜੂਦ ਵੀ ਇੱਕ ਟ੍ਰਾਂਸ ਵਿਅਕਤੀ ਲਈ ਵੋਟਰ ਆਈਡੀ ਪ੍ਰਾਪਤ ਕਰਨਾ ਅਸਾਨ ਨਹੀਂ। ਵਾਰਾਨਸੀ ਦੀ ਇੱਕ ਗ਼ੈਰ-ਸਰਕਾਰੀ ਸੰਸਥਾ, ਪ੍ਰਿਜ਼ਮੈਟਿਕ ਦੀ ਸੰਸਥਾਪਕ-ਨਿਰਦੇਸ਼ਕ, ਨੀਤੀ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ 300 ਦੇ ਕਰੀਬ ਟ੍ਰਾਂਸ ਲੋਕ ਰਹਿੰਦੇ ਹਨ ਤੇ ਉਨ੍ਹਾਂ ਲਈ ਵੋਟਰ ਆਈਡੀ ਹਾਸਲ ਕਰਨਾ ਕਿਸੇ ਜੰਗ ਤੋਂ ਘੱਟ ਨਹੀਂ ਰਿਹਾ। ''ਸਾਨੂੰ ਕਰੀਬ 50 ਕੁ ਟ੍ਰਾਂਸ ਲੋਕਾਂ ਦੀ ਹੀ ਵੋਟਰ ਆਈਡੀ ਪ੍ਰਾਪਤ ਹੋਈ। ਪਰ ਚੋਣ ਕਮਿਸ਼ਨ ਦਾ ਇੱਕ ਲੋੜੀਂਦਾ ਕਦਮ ਹੈ ਕਿ ਉਹ ਜਾਂਚ ਲਈ ਘਰੋ-ਘਰੀ ਜਾਂਦੇ ਹਨ, ਸੋ ਇਸ ਨਾਲ਼ ਕੁਝ ਲੋਕਾਂ ਨੂੰ ਸਮੱਸਿਆ ਦਰਪੇਸ਼ ਆਈ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਕੋਈ ਉਨ੍ਹਾਂ ਦੇ ਘਰੇ ਆਵੇ ਤੇ ਲਿੰਗ ਪੁਸ਼ਟੀ ਕਰੇ,'' ਉਨ੍ਹਾਂ ਗੱਲ ਪੂਰੀ ਕੀਤੀ।

ਭਾਵੇਂ ਕਿ ਸਲਮਾ ਇੱਕ ਅਜਿਹਾ ਅਪਵਾਦ ਹਨ ਜਿਨ੍ਹਾਂ ਨੂੰ ਵੋਟਰ ਆਈਡੀ ਬਣਵਾਉਣ ਲਈ ਕੋਈ ਦਿੱਕਤ ਪੇਸ਼ ਨਹੀਂ ਆਈ ''ਨਾ ਮੈਂ ਆਪਣੇ ਪਰਿਵਾਰ ਨਾਲ਼ ਰਹਿੰਦੀ ਹਾਂ ਤੇ ਨਾ ਹੀ ਕਿਸੇ ਅਜਿਹੇ ਵਿਅਕਤੀ ਨਾਲ਼ ਜੋ ਮੇਰੀ ਪਛਾਣ ਤੋਂ ਅਣਜਾਣ ਹੋਵੇ,'' ਉਹ ਕਹਿੰਦੀ ਹਨ।

PHOTO • Jigyasa Mishra

1 ਜੂਨ 2024 ਨੂੰ ਜਦੋਂ ਸਲਮਾ ਵੋਟ ਪਾਉਣ ਲਈ ਵਾਰਾਨਸੀ ਦੇ ਗੁਆਂਢ ਪੈਂਦੇ ਬੰਗਾਲੀ ਟੋਲਾ ਵਿਖੇ ਸਥਿਤ ਵੋਟਿੰਗ ਬੂਥ (ਖੱਬੇ) 'ਤੇ ਗਈ ਤਾਂ ਉਨ੍ਹਾਂ ਦੇਖਿਆ ਕਿ ਉੱਥੇ ਪੁਰਸ਼ਾਂ ਤੇ ਔਰਤਾਂ ਦੀਆਂ ਅੱਡੋ-ਅੱਡ ਦੋ ਕਤਾਰਾਂ ਸਨ। ਬਤੌਰ ਇੱਕ ਟ੍ਰਾਂਸ ਔਰਤ ਤੇ ਛੋਟੇ ਜਿਹੇ ਕਾਰੋਬਾਰ ਦੀ ਮਾਲਕ, ਸਲਮਾ ਜਦੋਂ ਔਰਤਾਂ ਦੀ ਕਤਾਰ ਵਿੱਚ ਖੜ੍ਹੀ ਹੋ ਤਾਂ ਉਨ੍ਹਾਂ ਨੂੰ ਲੋਕਾਂ ਦੀ ਘੂਰੀਆਂ ਦਾ ਸਾਹਮਣਾ ਕਰਨਾ ਪਿਆ। ਪਰ ਇਸ ਸਭ ਦੇ ਬਾਵਜੂਦ ਸਲਮਾ ਅੰਦਰ ਗਈ ਤੇ ਆਪਣੀ ਵੋਟ ਪਾਈ (ਸੱਜੇ)। 'ਮੈਂ ਕਿਸੇ ਦੀ ਪਰਵਾਹ ਨਾ ਕੀਤੀ,' ਉਹ ਕਹਿੰਦੀ ਹਨ

ਸਲਮਾ, ਜਿਨ੍ਹਾਂ ਨੂੰ ਆਪਣੇ ਸਹਿ-ਜਮਾਤੀਆਂ ਦੀ ਧੱਕੇਸ਼ਾਹੀ ਕਾਰਨ 5ਵੀਂ ਜਮਾਤ ਵਿੱਚ ਹੀ ਸਕੂਲ ਛੱਡਣਾ ਪਿਆ, ਹੁਣ ਆਪਣੇ ਭਰਾ ਨਾਲ਼ ਰਹਿੰਦੀ ਹਨ। ਬਨਾਰਸੀ ਸਾੜੀਆਂ ਵੇਚਣ ਦਾ ਇੱਕ ਛੋਟਾ ਜਿਹਾ ਕਾਰੋਬਾਰ ਚਲਾਉਂਦਿਆਂ ਉਹ ਮਹੀਨੇ ਦੇ ਕਰੀਬ 10,000 ਰੁਪਏ ਕਮਾ ਲੈਂਦੀ ਹਨ। ਸਲਮਾ ਲੋਕਲ ਦੁਕਾਨਦਾਰਾਂ ਤੋਂ ਇਹ ਸਾੜੀਆਂ ਖਰੀਦ ਕੇ ਹੋਰਨਾਂ ਸ਼ਹਿਰਾਂ ਵਿੱਚ ਰਹਿੰਦੇ ਗਾਹਕਾਂ ਨੂੰ ਭੇਜਦੀ ਹਨ।

ਓਧਰ ਵਾਰਾਨਸੀ ਵਿੱਚ ਹੀ ਇੱਕ ਹੋਰ ਟ੍ਰਾਂਸ ਵੂਮੈਨ ਸ਼ਮਾ, ਬਤੌਰ ਸੈਕਸ ਵਰਕਰ ਆਪਣਾ ਗੁਜ਼ਾਰਾ ਕਰਦੀ ਹਨ। ''ਮੈਂ ਬਲੀਆ ਜ਼ਿਲ੍ਹੇ ਵਿੱਚ ਹੀ ਜੰਮੀ ਤੇ ਵੱਡੀ ਹੋਈ। ਪਰ ਸਮਾਂ ਬੀਤਣ ਨਾਲ਼ ਮੇਰੇ ਜੈਂਡਰ ਨੂੰ ਲੈ ਕੇ ਚੀਜ਼ਾਂ ਬਦ ਤੋਂ ਬਦਤਰ ਹੁੰਦੀਆਂ ਚਲੀਆਂ ਗਈਆਂ,'' ਉਹ ਖੋਲ੍ਹ ਕੇ ਦੱਸਦੀ ਹਨ। ''ਗੁਆਂਢੀ ਮੇਰੇ ਮਾਪਿਆਂ ਨੂੰ ਲਾਹਨਤਾਂ ਪਾਉਂਦੇ ਤੇ ਮੇਰੇ ਪਿਤਾ ਸਾਰਾ ਗੁੱਸਾ ਮੇਰੀ ਮਾਂ 'ਤੇ ਕੱਢਦੇ। ਮਾਂ ਵਿਚਾਰੀ ਬੇਵੱਸ ਹੋਈ ਰਹਿੰਦੀ। ਮੇਰੇ ਜਿਹੇ ਬੱਚੇ ਨੂੰ ਜੰਮਣ ਲਈ ਪਿਤਾ ਮਾਂ ਨੂੰ ਹੀ ਕਸੂਰਵਾਰ ਠਹਿਰਾਉਂਦੇ। ਉਸ ਸਾਰੇ ਝਗੜੇ 'ਚੋਂ ਬਚਦੀ-ਬਚਾਉਂਦੀ ਮੈਂ ਵਾਰਾਨਸੀ ਆ ਗਈ।'' ਵੋਟਾਂ ਵਾਲ਼ੇ ਦਿਨ ਉਹ ਸਵੇਰੇ ਸਾਜਰੇ ਹੀ ਪੋਲਿੰਗ ਬੂਥ ਅੱਪੜ ਗਈ। ਸ਼ਮਾ ਪਾਰੀ ਨੂੰ ਦੱਸਦੀ ਹਨ, ''ਮੈਂ ਭੀੜ ਤੇ ਲੋਕਾਂ ਦੀਆਂ ਘੂਰੀਆਂ ਤੋਂ ਪਹਿਲਾਂ-ਪਹਿਲਾਂ ਨਿਕਲ਼ ਜਾਣਾ ਚਾਹੁੰਦੀ ਸਾਂ।''

ਜਦੋਂ ਗੱਲ ਸੁਰੱਖਿਆ ਦੀ ਆਉਂਦੀ ਹੈ ਤਾਂ ਸ਼ਹਿਰ ਕਦੇ ਵੀ ਟ੍ਰਾਂਸ ਵਿਅਕਤੀਆਂ ਲਈ ਸੁਰੱਖਿਅਤ ਥਾਂ ਨਹੀਂ ਰਿਹਾ, ਭਾਵੇਂਕਿ ਸਰਕਾਰਾਂ ਟ੍ਰਾਂਸਜੈਂਡਰ ਵਿਅਕਤੀ ( ਅਧਿਕਾਰਾਂ ਦੀ ਰਾਖੀ ) ਐਕਟ ਅਧੀਨ ਇਸ ਭਾਈਚਾਰੇ ਦੇ ਲੋਕਾਂ ਦੇ ਬਚਾਅ, ਰੱਖਿਆ ਤੇ ਮੁੜ-ਵਸੇਬੇ ਦੇ ਨਾਲ਼-ਨਾਲ਼ ਅਜਿਹੇ ਵਿਅਕਤੀਆਂ ਦੀਆਂ ਲੋੜਾਂ ਨੂੰ ਪੂਰਿਆਂ ਕਰਨ ਲਈ ਚੁੱਕੇ ਜਾਣ ਵਾਲ਼ੇ ਕਦਮਾਂ ਨੂੰ ਲੈ ਕੇ ਮਾਅਰਕੇ ਵੀ ਮਾਰਦੀਆਂ ਰਹੀਆਂ ਹਨ। ਨੀਤੀ ਦਾ ਕਹਿਣਾ ਹੈ ਬਾਵਜੂਦ ਇਸ ਸਭ ਦੇ ਉਨ੍ਹਾਂ ਨੂੰ ਹਰ ਮਹੀਨੇ ਅਜਿਹੇ 5 ਤੋਂ 7 ਮਾਮਲਿਆਂ ਨਾਲ਼ ਦੋ-ਹੱਥਾਂ ਹੋਣਾ ਪੈਂਦਾ ਹੈ।

ਪਾਰੀ ਨੇ ਦੋਵਾਂ ਟ੍ਰਾਂਸ ਔਰਤਾਂ ਨੂੰ ਸ਼ੋਸ਼ਣ ਦੇ ਆਪੋ-ਆਪਣੇ ਤਜ਼ਰਬੇ ਸਾਂਝੇ ਕਰਨ ਲਈ ਕਿਹਾ, ਸਲਮਾ, ਜਿਨ੍ਹਾਂ ਨੇ ਧੱਕੇਸ਼ਾਹੀ ਝੱਲੀ। ਅਰਚਨਾ ਨੂੰ ਆਪਣੇ ਮਾਲਕ, ਜਿਸ ਬਿਊਟੀਪਾਰਲਰ ਵਿੱਚ ਉਹ ਕੰਮ ਕਰਦੀ ਸਨ, ਵੱਲੋਂ ਜਿਣਸੀ ਸ਼ੋਸਣ ਦਾ ਸਾਹਮਣਾ ਕਰਨਾ ਪਿਆ। ਹਾਦਸੇ ਤੋਂ ਬਾਅਦ ਅਰਚਨਾ ਸ਼ਿਕਾਇਤ ਦਰਜ ਕਰਾਉਣ ਪੁਲਿਸ ਥਾਣੇ ਗਈ ਜਿੱਥੇ ਅਫ਼ਸਰਾਂ ਨੇ ਉਨ੍ਹਾਂ ਦੀ ਗੱਲ 'ਤੇ ਯਕੀਨ ਨਾ ਕੀਤਾ ਤੇ ਉਲਟਾ ਉਨ੍ਹਾਂ ਨੂੰ ਡਰਾਇਆ-ਧਮਕਾਇਆ ਤੇ ਅਪਮਾਨਤ ਕੀਤਾ। ਪਰ ਅਰਚਨਾ ਉਨ੍ਹਾਂ ਦੇ ਇਸ ਰਵੱਈਏ ਤੋਂ ਹੈਰਾਨ ਨਾ ਹੋਈ ਕਿਉਂਕਿ 2024 ਦੀ ਆਈਆਈਟੀ-ਬੀਐੱਚਯੂ ਦੀ ਸਮੂਹਿਕ ਬਲਾਤਕਾਰ ਦਾ ਸ਼ਿਕਾਰ ਹੋਈ ਕੁੜੀ ਦੀ ਘਟਨਾ ਉਨ੍ਹਾਂ ਦੇ ਸਾਹਮਣੇ ਸੀ। ਜਿਸ ਬਾਰੇ ਉਹ ਕਹਿੰਦੀ ਹਨ,''ਜਿੱਥੇ ਔਰਤਾਂ ਸੁਰੱਖਿਅਤ ਨਹੀਂ ਉੱਥੇ ਟ੍ਰਾਂਸ-ਔਰਤਾਂ ਸੁਰੱਖਿਅਤ ਹੋ ਸਕਦੀਆਂ ਨੇ?''

PHOTO • Jigyasa Mishra
PHOTO • Abhishek K. Sharma

ਖੱਬੇ: ਸਲਮਾ ਦਾ ਕਹਿਣਾ ਹੈ ਕਿ ਸਰਕਾਰੀ ਨੌਕਰੀਆਂ ਵਿੱਚ ਵੀ ਟ੍ਰਾਂਸ ਵਿਅਕਤੀਆਂ ਲਈ ਰਾਖਵਾਂਕਰਨ ਹੋਣਾ ਚਾਹੀਦਾ ਹੈ। ਸੱਜੇ: ਵੋਟਾਂ ਤੋਂ ਪਹਿਲਾਂ ਆਪਣੀਆਂ ਮੰਗਾਂ ਚੁੱਕਦੇ ਵਾਰਾਨਸੀ ਦੇ ਟ੍ਰਾਂਸ ਭਾਈਚਾਰੇ ਦੇ ਲੋਕ। ਖੱਬੇ ਪਾਸੇ ਦੇਖੋ ਸਲਮਾ (ਭੂਰੀ ਸਲਵਾਰ ਕਮੀਜ ਪਹਿਨੀ)

*****

ਵਾਰਾਨਸੀ ਦੀ ਹਾਈ-ਪ੍ਰੋਫਾਈਲ ਲੋਕ ਸਭਾ ਸੀਟ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਲੜੀ ਤੇ ਆਪਣੇ ਨੇੜਲੇ ਵਿਰੋਧੀ, ਕਾਂਗਰਸ ਪਾਰਟੀ ਦੇ ਅਜੈ ਰਾਏ ਨੂੰ ਡੇਢ ਲੱਖ ਵੋਟਾਂ ਦੇ ਫ਼ਰਕ ਨਾਲ਼ ਹਰਾਇਆ।

''ਦੱਸ ਸਾਲ ਹੋ ਗਏ ਪ੍ਰਧਾਨ ਮੰਤਰੀ ਨੂੰ ਸਾਡੇ ਸ਼ਹਿਰ ਵਿੱਚੋਂ ਮੈਂਬਰ ਆਫ਼ ਪਾਰਲੀਮੈਂਟ ਚੁਣ ਕੇ ਗਿਆਂ ਨੂੰ, ਪਰ ਕਦੇ ਉਨ੍ਹਾਂ ਸਾਡੇ ਬਾਰੇ ਸੋਚਿਆ?'' ਸਲਮਾ ਸਵਾਲ ਕਰਦੀ ਹਨ। ਹੁਣ ਉਨ੍ਹਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਸਤਾਉਣ ਲੱਗੀ ਹੈ। ''ਭਵਿੱਖ ਹਨ੍ਹੇਰਾ ਖੂਹ ਜਾਪਦਾ ਏ। ਪਰ ਅਸੀਂ ਵੀ ਸਰਕਾਰ ਦੇ ਮੂੰਹ ਵੱਲ ਦੇਖੀ ਜਾ ਰਹੇ ਹਾਂ,'' ਉਹ ਕਹਿੰਦੀ ਹਨ।

ਸ਼ਮਾ ਤੇ ਅਰਚਨਾ ਨੇ ਸਹਿਮਤੀ ਜਤਾਈ। 2019 ਵਿੱਚ ਇਨ੍ਹਾਂ ਦੋਵਾਂ ਟ੍ਰਾਂਸ ਔਰਤਾਂ ਨੇ ਨਰਿੰਦਰ ਮੋਦੀ ਨੂੰ ਵੋਟ ਪਾਈ ਸੀ ਪਰ 2024 ਵਿੱਚ ਉਨ੍ਹਾਂ ਆਪਣਾ ਮਨ ਬਦਲ ਲਿਆ। ਇਸ ਵਾਰੀਂ, ਸ਼ਮਾ ਕਹਿੰਦੀ ਹਨ,''ਇਸ ਵਾਰ ਮੈਂ ਬਦਲਾਅ ਲਈ ਵੋਟ ਪਾਈ ਹੈ।''

ਅੰਡਰ-ਗ੍ਰੈਜੂਏਟ ਵਿਦਿਆਰਥੀ ਰਹੀ 25 ਸਾਲਾ ਅਰਚਨਾ ਸੈਕਸ ਵਰਕ ਰਾਹੀਂ ਆਪਣਾ ਗੁਜਾਰਾ ਤੋਰਦੀ ਹਨ, ਉਹ ਕਹਿੰਦੀ ਹਨ,''ਮੈਂ ਮੋਦੀ ਦੇ ਭਾਸ਼ਣਾਂ ਤੋਂ ਬੜੀ ਮੁਤਾਸਿਰ ਹੁੰਦੀ। ਪਰ ਹੁਣ ਮੈਨੂੰ ਪਤਾ ਲੱਗਿਆ ਉਹ ਤਾਂ ਸਿਰਫ਼ ਟੈਲੀਪ੍ਰੋਮਪਟਰ ਦਾ ਕਮਾਲ ਸੀ।''

ਕਨੂੰਨ ਵਿੱਚ ਬਦਲਾਵਾਂ ਤੇ ਅਧਿਕਾਰਾਂ ਦੀ ਲਿਖਤੀ ਗਰੰਟੀ ਨੂੰ ਲੈ ਕੇ ਵੀ ਹੁਣ ਉਹ ਅਜਿਹਾ ਹੀ ਕੁਝ ਸੋਚਦੀਆਂ ਹਨ।

PHOTO • Jigyasa Mishra

ਸਲਮਾ ਤੇ ਹੋਰ ਟ੍ਰਾਂਸ ਔਰਤਾਂ ਨੇ ਸਰਕਾਰ ਵੱਲੋਂ ਪੱਲੇ ਪਈ ਨਿਰਾਸ਼ਾ ਤੇ ਆਪਣੇ ਹਨ੍ਹੇਰਮਈ ਭਵਿੱਖ ਨੂੰ ਲੈ ਕੇ ਪਾਰੀ ਨਾਲ਼ ਗੱਲ ਕੀਤੀ। 'ਭਵਿੱਖ ਹਨ੍ਹੇਰਾ ਖੂਹ ਜਾਪਦਾ ਏ। ਪਰ ਅਸੀਂ ਵੀ ਸਰਕਾਰ ਦੇ ਮੂੰਹ ਵੱਲ ਦੇਖੀ ਜਾ ਰਹੇ ਹਾਂ'

''ਦਸ ਸਾਲ ਪਹਿਲਾਂ, ਉਨ੍ਹਾਂ ਨੇ ਊਠ ਦੇ ਮੂੰਹ ਵਿੱਚ ਜੀਰਾ ਪਾਇਆ ਤੇ ਇਹਨੂੰ ਇਤਿਹਾਸਕ ਫ਼ੈਸਲਾ ਗਰਦਾਨ ਦਿੱਤਾ ਜਿਸ ਵਿੱਚ ਸਾਨੂੰ ਤੀਜੇ ਜੈਂਡਰ ਵਜੋਂ ਮਾਨਤਾ ਦਿੱਤੀ ਗਈ...ਪਰ ਉਹ ਵੀ ਕਾਗ਼ਜ਼ੀ ਹੀ,'' ਸੁਪਰੀਮ ਕੋਰਟ ਦੇ 2014 ਦੇ ਫ਼ੈਸਲੇ ਦਾ ਜ਼ਿਕਰ ਕਰਦਿਆਂ ਸ਼ਮਾ ਕਹਿੰਦੀ ਹਨ, ਜਿਸ ਵਿੱਚ ਸੁਪਰੀਮ ਕੋਰਟ ਵੱਲੋਂ ''ਸਰਕਾਰ ਨੂੰ ਟ੍ਰਾਂਸਜੈਂਡਰਾਂ ਨੂੰ ਤੀਜੇ ਲਿੰਗ ਵਜੋਂ ਮਾਨਤਾ ਦਿੱਤੇ ਜਾਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ।'' ਬਾਕੀ ਦੇ ਹੋਰਨਾਂ ਦਿਸ਼ਾ-ਨਿਰਦੇਸ਼ਾਂ ਅੰਦਰ ਵਿਦਿਅਕ ਸੰਸਥਾਵਾਂ ਤੇ ਜਨਤਕ ਰੁਜ਼ਗਾਰ ਵਿੱਚ ਰਾਖਵੇਂਕਰਨ ਤੇ ਭਾਈਚਾਰੇ ਲਈ ਸਮਾਜਿਕ ਕਲਿਆਣਕਾਰੀ ਯੋਜਨਾਵਾਂ ਨੂੰ ਤਿਆਰ ਕਰਨ ਲਈ ਕਦਮ ਚੁੱਕੇ ਜਾਣ ਦਾ ਨਿਰਦੇਸ਼ ਵੀ ਸ਼ਾਮਲ ਸੀ।

2019 ਵਿੱਚ, ਕੇਂਦਰ ਸਰਕਾਰ ਟ੍ਰਾਂਸਜੈਂਡਰ ਪਰਸਨਜ਼ ( ਪ੍ਰੋਟੈਕਸ਼ਨ ਆਫ਼ ਰਾਈਟਸ ) ਐਕਟ ਪਾਸ ਕਰਦੀ ਹੈ ਜਿਸ ਵਿੱਚ ਸਿੱਖਿਆ ਅਤੇ ਰੁਜ਼ਗਾਰ ਦੇ ਰਾਹ ਵਿੱਚ ਭਾਈਚਾਰੇ ਨਾਲ਼ ਹੁੰਦੇ ਵਿਤਕਰੇ ਨੂੰ ਰੋਕਣ ਤੇ ਬਣਦੀ ਜ਼ਿੰਮੇਦਾਰੀ ਨੂੰ ਯਕੀਨੀ ਬਣਾਇਆ; ਪਰ ਨਾ ਤਾਂ ਸਿੱਖਿਆ ਸੰਸਥਾਵਾਂ ਵਿੱਚ ਦਾਖ਼ਲੇ 'ਚ ਕੋਈ ਰਾਖਵਾਂਕਰਨ ਮਿਲ਼ਿਆ ਤੇ ਨਾ ਹੀ ਜਨਤਕ ਰੁਜ਼ਗਾਰ ਵਿੱਚ ਹੀ।

''ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਾਨੂੰ ਹਰੇਕ ਨੌਕਰੀ- ਚਪੜਾਸੀ ਤੋਂ ਲੈ ਕੇ ਅਫ਼ਸਰ ਤੱਕ- ਵਿੱਚ ਰਾਖਵਾਂਕਰਨ ਦੇਵੇ,'' ਸਲਮਾ ਕਹਿੰਦੀ ਹਨ।

(ਸਟੋਰੀ ਵਿੱਚ ਨੀਤੀ ਤੇ ਸਲਮਾ ਦੇ ਨਾਮ ਨੂੰ ਛੱਡ ਕੇ ਬਾਕੀਆਂ ਦੇ ਕਹਿਣ ' ਤੇ ਉਨ੍ਹਾਂ ਦੇ ਨਾਮ ਬਦਲ ਦਿੱਤੇ ਗਏ ਹਨ)

ਤਰਜਮਾ: ਕਮਲਜੀਤ ਕੌਰ

Jigyasa Mishra

Jigyasa Mishra is an independent journalist based in Chitrakoot, Uttar Pradesh.

Other stories by Jigyasa Mishra
Illustration : Jigyasa Mishra

Jigyasa Mishra is an independent journalist based in Chitrakoot, Uttar Pradesh.

Other stories by Jigyasa Mishra
Photographs : Abhishek K. Sharma

Abhishek K. Sharma is a Varanasi-based photo and video journalist. He has worked with several national and international media outlets as a freelancer, contributing stories on social and environmental issues.

Other stories by Abhishek K. Sharma
Editor : Sarbajaya Bhattacharya

Sarbajaya Bhattacharya is a Senior Assistant Editor at PARI. She is an experienced Bangla translator. Based in Kolkata, she is interested in the history of the city and travel literature.

Other stories by Sarbajaya Bhattacharya
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur