ਮੋਂਪਾ ਵਿਆਹਾਂ ’ਤੇ ਗਾਉਂਣ ਦੇ ਬਦਲੇ ਕਰਚੁੰਗ ਆਪਣੀਆਂ ਸੇਵਾਵਾਂ ਬਦਲੇ ਪਕਾਏ ਹੋਏ ਲੇਲੇ ਦਾ ਹਿੱਸਾ ਪ੍ਰਾਪਤ ਕਰਦੇ ਹਨ। ਉਹ ਆਪਣੀ ਸੰਗੀਤਕ ਪੇਸ਼ਕਾਰੀ ਨਾਲ ਵਿਆਹਕ ਰਸਮ ਨੂੰ ਅਸ਼ੀਰਵਾਦ ਦਿੰਦੇ ਹਨ ਅਤੇ ਲਾੜੀ ਦਾ ਪਰਿਵਾਰ ਹੀ ਉਹਨਾਂ ਨੂੰ ਸੱਦਾ ਦਿੰਦਾ ਹੈ।
ਜਦੋਂ ਮੋਂਪਾ ਭਾਈਚਾਰੇ ਦੇ ਦੋ ਜੀਅ ਵਿਆਹ ਲਈ ਰਾਜੀ ਹੋ ਜਾਂਦੇ ਹਨ ਤਾਂ ਦੋ ਦਿਨ ਦਾ ਰਸਮ-ਸਮਾਗਮ ਕੀਤਾ ਜਾਂਦਾ ਹੈ। ਇਹ ਲਾੜੇ ਦੇ ਕੁੜੀ ਦੇ ਘਰ ਜਾਣ ਨਾਲ ਸ਼ੁਰੂ ਹੁੰਦਾ ਹੈ ਜਿਥੇ ਸਥਾਨਕ ਲਾਹਣ ‘ਆਰਾ’ ਪੀਤੀ ਜਾਂਦੀ ਹੈ ਅਤੇ ਪਰਿਵਾਰ ਦੇ ਮੈਂਬਰ ਵੱਡੀ ਦਾਵਤ ਵਿੱਚ ਨੱਚਦੇ ਤੇ ਗਾਉਂਦੇ ਹਨ। ਇੱਥੇ ਹੀ ਕਰਚੁੰਗ ਗਾਉਂਦੇ ਹਨ ਅਤੇ ਉਹ ਵੀ ਬਿਨਾ ਕਿਸੇ ਸਾਜ ਦੇ। ਅਗਲੇ ਦਿਨ ਲਾੜਾ ਆਪਣੀ ਨਵ-ਵਿਆਹੀ ਵਹੁਟੀ ਨਾਲ ਆਪਣੇ ਘਰ ਵਾਪਸ ਆ ਜਾਂਦਾ ਹੈ।
ਕਰਚੁੰਗ ਦਾ ਅਸਲੀ ਨਾਮ ਤਾਂ ਰਿੰਚਿਨ ਤਾਸ਼ੀ ਹੈ ਪਰ ਉਹ ਕਰਚੁੰਗ ਵਜੋਂ ਪ੍ਰਸਿੱਧ ਹੋਏ ਹਨ। ਉਹ ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਕਾਮੇਂਗ ਜ਼ਿਲ੍ਹੇ ਵਿੱਚ ਚੰਗਪਾ ਰੋਡ ’ਤੇ ਇੱਕ ਛੋਟੀ ਜਿਹੀ ਕਿਰਿਆਨੇ ਦੀ ਦੁਕਾਨ ਚਲਾਉਂਦੇ ਹਨ। ਸੰਗੀਤ ਪ੍ਰਤੀ ਉਹਨਾਂ ਦਾ ਪ੍ਰੇਮ ਰੇਡੀਓ ਸੰਗੀਤ ਤੋਂ ਝਲਕਦਾ ਹੈ ਜੋ ਉਹਨਾਂ ਦੇ ਕੰਮ ਕਰਨ ਦੌ ਰਾਨ ਪਿੱਛੇ ਵੱਜਦਾ ਰਹਿੰਦਾ ਹੈ। ਕਰਚੁੰਗ ‘ਆਰਾ’ ਬਾਰੇ ਵੀ ਇੱਕ ਗੀਤ ਗਾ ਸਕਦੇ ਹਨ। “ਮੈਂ ਖੇਤੀਬਾੜੀ ਦੌਰਾਨ ਜਾਂ ਮਿੱਤਰਾਂ ਨਾਲ ਗੱਲਾਂਬਾਤਾਂ ਕਰਨ ਵੇਲੇ ਗਾਉਂਦਾ ਰਹਿੰਦਾ ਹਾਂ,” ਉਹ ਦੱਸਦੇ ਹਨ।
ਉਹ ਆਪਣੀ ਧਰਮ-ਪਤਨੀ ਪੇਮ ਜੋਂਬਾ, 53, ਨਾਲ ਰਹਿੰਦੇ ਹਨ ਜੋ ਉਹਨਾਂ ਦੇ ਕਹਿਣ ਅਨੁਸਾਰ ਪਰਿਵਾਰ ਦੀ ‘ਬੌਸ’ ਹਨ। ਪੇਮ ਹੀ ਹਨ ਜੋਂ ਉਪਜਾਊ ਘਾਟੀ ਵਿੱਚ ਉਹਨਾਂ ਦੀ ਇੱਕ ਏਕੜ ਦੇ ਕਰੀਬ ਜ਼ਮੀਨ ’ਤੇ ਖੇਤੀ ਕਰਦੇ ਹਨ। “ਅਸੀਂ ਚਾਵਲ, ਮੱਕੀ, ਬੈਂਗਣ, ਕੌੜੇ ਬੈਂਗਣ, ਲਾਈ ਸਾਗ, ਪਿਆਜ ਅਤੇ ਪੱਤਾ-ਗੌਭੀ ਉਗਾਉਂਦੇ ਹਾਂ,” ਉਹ ਦੱਸਦੇ ਹਨ। ਚਾਵਲ, ਬਾਜਰੇ ਅਤੇ ਸਬਜੀਆਂ ਦੀ ਉਪਜ ਦਾ ਜ਼ਿਆਦਾਤਰ ਹਿੱਸਾ ਪਰਿਵਾਰ ਵਰਤ ਲੈਂਦਾ ਹੈ ਅਤੇ ਕਦੇ-ਕਦਾਂਈ ਵਾਧੂ ਉਪਜ ਨੂੰ ਦਿਰੰਗ ਬਲਾਕ ਦੇ ਰਾਮਾ ਕੈਂਪ ਦੀ ਹਫ਼ਤਾਵਾਰੀ ਮਾਰਕਿਟ ਵਿੱਚ ਵੇਚ ਦਿੱਤਾ ਜਾਂਦਾ ਹੈ।





