ਸੁਕੁਮਾਰ ਬਿਸਵਾਸ ਕੋਈ ਆਮ ਨਾਰੀਅਲ ਵਿਕਰੇਤਾ ਨਹੀਂ ਹਨ। ਗਾਣੇ ਪ੍ਰਤੀ ਉਨ੍ਹਾਂ ਦਾ ਲਗਾਅ ਕਦੇ ਨਹੀਂ ਮੁੱਕਦਾ। ਉਹ ਤਾਂ ਪਿਆਸੇ ਗਾਹਕਾਂ ਵਾਸਤੇ ਨਾਰੀਅਲ ਕੱਟਦਿਆਂ ਵੀ ਗੁਣਗੁਣਾਉਂਦੇ ਹੀ ਰਹਿੰਦੇ ਹਨ। "ਮੈਂ ਖਾਣੇ ਤੋਂ ਬਿਨਾਂ ਰਹਿ ਸਕਦਾ ਹਾਂ, ਪਰ ਮੈਂ ਗਾਏ ਬਗ਼ੈਰ ਨਹੀਂ।" ਉਹ ਕਹਿੰਦੇ ਹਨ। ਲੰਕਾਪਾੜਾ ਅਤੇ ਸ਼ਾਂਤੀਪੁਰ ਦੇ ਆਸ ਪਾਸ ਦੇ ਇਲਾਕਿਆਂ ਦੇ ਲੋਕ ਪਿਆਰ ਨਾਲ਼ ਉਨ੍ਹਾਂ ਨੂੰ 'ਡਾਬਦਾਦੂ' (ਨਾਰੀਅਲ ਦੇ ਦਾਦਾ) ਕਹਿੰਦੇ ਹਨ।
70 ਸਾਲਾ ਬਜ਼ੁਰਗ ਹਰੇ ਨਾਰੀਅਲ ਵਿੱਚ ਪਾਈਪ ਪਾ ਕੇ ਤੁਹਾਨੂੰ ਫੜ੍ਹਾਉਂਦਾ ਹੈ ਤੇ ਜਿਓਂ ਹੀ ਤੁਸੀਂ ਪਾਣੀ ਪੀ ਲੈਂਦੇ ਹੋ, ਉਹ ਗੀਤ ਗਾਉਂਦਾ ਹੋਇਆ ਹਰੇ ਨਾਰੀਅਲ ਨੂੰ ਛਿਲਦਾ ਤੇ ਕੱਟਦਾ ਹੈ ਤੇ ਵਿੱਚੋਂ ਮਲਾਈ ਕੱਢ ਕੇ ਤੁਹਾਨੂੰ ਦੇ ਦਿੰਦਾ ਹੈ। ਉਹ ਲਾਲਨ ਫ਼ਕੀਰ, ਗਾਇਕ ਸ਼ਾਹ ਅਬਦੁਲ ਕਰੀਮ, ਭਾਬਾ ਖਿਆਪਾ ਅਤੇ ਹੋਰਾਂ ਦੁਆਰਾ ਰਚਿਤ ਗੀਤ ਗਾਉਂਦਾ ਹੈ। ਉਹ ਖੁਦ ਮੰਨਦੇ ਹਨ ਕਿ ਇਨ੍ਹਾਂ ਗੀਤਾਂ ਵਿੱਚ ਹੀ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅਰਥ ਲੱਭੇ ਹਨ। ਇੱਕ ਵਾਕ ਦਾ ਹਵਾਲਾ ਦਿੰਦੇ ਹੋਏ ਪਾਰੀ ਨੂੰ ਕਹਿੰਦੇ ਹਨ:"ਅਸੀਂ ਸੱਚਾਈ ਤੱਕ ਓਦੋਂ ਹੀ ਪਹੁੰਚ ਸਕਦੇ ਹਾਂ ਜਦੋਂ ਸਾਨੂੰ ਪਤਾ ਹੋਊ ਕਿ ਸੱਚਾਈ ਹੈ ਕੀ। ਸੱਚਾਈ ਤੱਕ ਪਹੁੰਚਣ ਲਈ ਸਾਨੂੰ ਆਪਣੇ ਅੰਦਰ ਇਮਾਨਦਾਰੀ ਰੱਖਣੀ ਚਾਹੀਦੀ ਹੈ। ਅਸੀਂ ਦੂਜਿਆਂ ਨੂੰ ਉਦੋਂ ਹੀ ਪਿਆਰ ਕਰ ਸਕਦੇ ਹਾਂ ਜਦੋਂ ਅਸੀਂ ਬੇਈਮਾਨੀ ਤੋਂ ਮੁਕਤ ਹੋਵਾਂਗੇ।''
ਉਹ ਉਦੋਂ ਵੀ ਗਾਉਂਦੇ ਰਹਿੰਦੇ ਹਨ ਜਦੋਂ ਉਹ ਆਪਣੀ ਟੋਲੀ (ਟ੍ਰਾਈਸਾਈਕਲ ਨਾਲ਼ ਜੁੜੀ ਵੈਨ) 'ਤੇ ਸਵਾਰ ਹੋ ਕੇ ਇੱਕ ਇਲਾਕੇ ਤੋਂ ਦੂਜੇ ਇਲਾਕੇ ਜਾਂਦੇ ਹਨ। ਉਨ੍ਹਾਂ ਦੇ ਗੀਤ ਨੂੰ ਸੁਣਦਿਆਂ ਹੀ ਲੋਕਾਂ ਨੂੰ ਉਨ੍ਹਾਂ ਦੇ ਆਉਣ ਬਾਰੇ ਪਤਾ ਲੱਗ ਜਾਂਦਾ ਹੈ।
"ਜੋ ਲੋਕ ਨਾਰੀਅਲ ਪਾਣੀ ਨਹੀਂ ਵੀ ਪੀਣਾ ਚਾਹੁੰਦੇ ਹੁੰਦੇ, ਉਹ ਵੀ ਖੜ੍ਹ ਕੇ ਮੇਰੇ ਗਾਣੇ ਸੁਣਦੇ ਜ਼ਰੂਰ ਨੇ। ਉਨ੍ਹਾਂ ਨੂੰ ਨਾਰੀਅਲ ਪਾਣੀ ਖ਼ਰੀਦਣ ਦੀ ਲੋੜ ਨਹੀਂ ਹੈ। ਮੈਨੂੰ ਬਹੁਤੀ ਵਿਕਰੀ ਦੀ ਕੋਈ ਉਮੀਦ ਵੀ ਨਹੀਂ ਹੁੰਦੀ। ਮੇਰੇ ਕੋਲ਼ ਜੋ ਕੁਝ ਵੀ ਹੈ ਮੈਂ ਉਸੇ ਤੋਂ ਖੁਸ਼ ਹਾਂ," ਗਾਹਕਾਂ ਨੂੰ ਨਾਰੀਅਲ ਦਿੰਦਿਆਂ ਤੇ ਪੈਸੇ ਲੈਂਦਿਆਂ ਉਹ ਗੱਲਬਾਤ ਜਾਰੀ ਰੱਖਦੇ ਹਨ।




