ਜਮਾਤ ਵਿੱਚ ਬੈਠੇ ਬੱਚਿਆਂ ਨੇ ਯਕਦਮ ਕਿਹਾ ''ਅੰਗਰੇਜ਼ੀ''। ਅਸੀਂ ਸਿਰਫ਼ ਉਨ੍ਹਾਂ ਤੋਂ ਇਹੀ ਪੁੱਛਿਆ ਸੀ ਕਿ ਸਕੂਲ ਵਿੱਚ ਉਨ੍ਹਾਂ ਦਾ ਪਸੰਦੀਦਾ ਵਿਸ਼ਾ ਕੀ ਸੀ। ਹਾਲਾਂਕਿ, ਕਿਸੇ ਵੀ ਭਾਰਤੀ ਸਕੂਲ ਦੀਆਂ ਜਮਾਤਾਂ ਵਿੱਚ ਪੁੱਛਿਆ ਜਾਣ ਵਾਲ਼ਾ ਇਹ ਸਭ ਤੋਂ ਬੇਤੁਕਾ ਸਵਾਲ ਹੈ। ਜੇ ਸ਼ੁਰੂ ਦੇ ਦੋ ਬੱਚੇ ਖੜ੍ਹੇ ਹੋ ਕੇ ''ਅੰਗਰੇਜ਼ੀ'' ਕਹਿਣਗੇ ਤਾਂ ਬਾਕੀ ਦੀ ਪੂਰੀ ਜਮਾਤ ਉਨ੍ਹਾਂ ਦੋਵਾਂ ਦੀ ਹੀ ਤਾਂ ਨਕਲ ਕਰੇਗੀ। ਪਰ ਜੇਕਰ ਬੱਚਿਆਂ ਨੂੰ ਇਸ ਸਵਾਲ ਦਾ ਜਵਾਬ ਬਗੈਰ ਕਿਸੇ ਸਜ਼ਾ ਦੇ ਡਰੋਂ ਦੇਣ ਦੀ ਇਜਾਜ਼ਤ ਹੋਵੇ ਤਦ ਤੁਸੀਂ ਇਹਨੂੰ ਪੁੱਛਣ ਦਾ ਸਹੀ ਤਰੀਕਾ ਕਹਿ ਸਕਦੇ ਹੋ।
ਪਰ ਇਹ ਕੋਈ ਆਮ ਜਗ੍ਹਾ ਨਹੀਂ ਹੈ। ਏਡਾਲੀਪਾੜਾ ਵਿੱਚ ਏਕੀਕ੍ਰਿਤ ਕਬਾਇਲੀ ਵਿਕਾਸ ਪ੍ਰੋਜੈਕਟ ਸਕੂਲ, ਜਿਸ ਵਿੱਚ ਪੜ੍ਹਾਉਣ ਲਈ ਸਿਰਫ਼ ਇੱਕ ਅਧਿਆਪਕ ਹੀ ਹੈ, ਕੇਰਲ ਦੀ ਸਭ ਤੋਂ ਦੂਰ-ਦੁਰਾਡੇ ਅਤੇ ਇਕਲੌਤੀ ਕਬਾਇਲੀ ਪੰਚਾਇਤ ਏਡਾਮਲਾਕੁਡੀ ਵਿੱਚ ਸਥਿਤ ਹੈ। ਸਕੂਲ ਤੋਂ ਬਾਹਰ, ਤੁਸੀਂ ਕਿਸੇ ਨੂੰ ਅੰਗਰੇਜ਼ੀ ਵਿੱਚ ਗੱਲ ਕਰਦਿਆਂ ਨਹੀਂ ਸੁਣੋਗੇ। ਸਕੂਲ ਵਿੱਚ ਕੋਈ ਬੋਰਡ ਜਾਂ ਪੋਸਟਰ ਨਹੀਂ ਹਨ, ਅਤੇ ਅੰਗਰੇਜ਼ੀ ਵਿੱਚ ਇੱਕ ਚਿੰਨ੍ਹ ਤੱਕ ਨਹੀਂ ਲਿਖਿਆ ਹੋਇਆ ਹੈ। ਫਿਰ ਵੀ, ਜਿਵੇਂ ਕਿ ਬੱਚਿਆਂ ਨੇ ਦੱਸਿਆ, ਅੰਗਰੇਜ਼ੀ ਉਨ੍ਹਾਂ ਦਾ ਮਨਪਸੰਦ ਵਿਸ਼ਾ ਸੀ। ਕਈ ਹੋਰ ਸਕੂਲਾਂ ਦੀ ਤਰ੍ਹਾਂ, ਇਡੁੱਕੀ ਜ਼ਿਲ੍ਹੇ ਦੇ ਇਸ ਇੱਕ ਕਮਰੇ ਦੇ ਸਕੂਲ ਵਿੱਚ ਪਹਿਲੀ ਤੋਂ ਚੌਥੀ ਤੱਕ ਦੀਆਂ ਕਲਾਸਾਂ ਲੱਗਦੀਆਂ ਹਨ। ਸਕੂਲ ਦਾ ਸਾਰਾ ਕੰਮ ਇੱਕੋ, ਪਰ ਬੇਹੱਦ ਜ਼ਿੰਮੇਵਾਰ ਅਤੇ ਇਮਾਨਦਾਰ ਅਧਿਆਪਕ ਦੇ ਸਿਰ ਹੈ, ਇੰਨੀਆਂ ਪ੍ਰਤੀਕੂਲ ਹਾਲਤਾਂ ਵਿੱਚ ਇੰਨੀ ਮਿਹਨਤ ਕਰਨ ਦੇ ਬਾਵਜੂਦ, ਜਿਨ੍ਹਾਂ ਨੂੰ ਬਣਦੀ ਤਨਖਾਹ ਨਹੀਂ ਮਿਲ਼ਦੀ, ਫਿਰ ਵੀ ਉਹ ਆਪਣੇ ਫਰਜ਼ਾਂ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਤੀ ਪੂਰੀ ਤਰ੍ਹਾਂ ਵਫ਼ਾਦਾਰ ਹਨ।
ਹਾਲਾਂਕਿ, ਕਲਾਸ ਦਾ ਸਭ ਤੋਂ ਵੱਧ ਬਹਾਦੁਰ ਇੱਕ ਵਿਦਿਆਰਥੀ, ਛੋਟਾ ਮੁੰਡਾ ਖੜ੍ਹਾ ਹੁੰਦਾ ਹੈ ਅਤੇ ਪੂਰੀ ਹਿੰਮਤ ਨਾਲ਼ ਕਹਿੰਦਾ ਹੈ, "ਗਣਿਤ"। ਸਾਨੂੰ ਆਪਣਾ ਗਣਿਤ ਦਿਖਾ, ਉਸ ਨੂੰ ਕਲਾਸਰੂਮ ਵਿੱਚ ਖੜ੍ਹਾ ਕਰਕੇ ਅਸੀਂ ਉਹਨੂੰ ਕਿਹਾ। ਉਸਨੇ ਤੁਰੰਤ ਸਾਡੀ ਬੇਨਤੀ ਮੰਨ ਲਈ ਅਤੇ 1 ਤੋਂ 12 ਤੱਕ ਪਹਾੜੇ ਸੁਣਾਉਣ ਲੱਗਾ। ਉਸਨੇ ਨਾ ਆਪਣੀਆਂ ਪ੍ਰਸ਼ੰਸਾਵਾਂ ਦੀ ਪਰਵਾਹ ਕੀਤੀ ਤੇ ਨਾ ਹੀ ਸਾਹ ਲੈਣ ਲਈ ਇੱਕ ਪਲ ਵੀ ਰੁਕਿਆ।
ਇਸ ਕਲਾਸਰੂਮ ਵਿੱਚ ਗਾਇਕ ਵਿਦਿਆਰਥੀਆਂ ਦੇ ਬੈਠਣ ਦੇ ਵਿਸ਼ੇਸ਼ ਪ੍ਰਬੰਧ ਤੋਂ ਸਪੱਸ਼ਟ ਵੀ ਹੋ ਰਿਹਾ ਸੀ। ਉਹ ਕੁੜੀ ਜੋ ਕਲਾਸ ਦੀ ਸਭ ਤੋਂ ਸੀਨੀਅਰ ਵਿਦਿਆਰਥਣ ਸੀ, ਸਿਰਫ਼ ਬਾਰਾਂ ਸਾਲਾਂ ਦੀ ਹੋਵੇਗੀ। ਬਾਕੀ ਨੌਂ ਸਾਲ ਜਾਂ ਇਸ ਤੋਂ ਘੱਟ ਉਮਰ ਦੀਆਂ ਹੋਣਗੀਆਂ। ਮੁੰਡੇ ਨੇ ਵੀ ਪਹਾੜੇ ਰੱਟਾ ਲਾਏ ਹੋਏ ਸਨ ਇਹ ਅਸੀਂ ਸਮਝ ਗਏ ਹੋਏ ਸਾਂ। ਹੁਣ ਉਨ੍ਹਾਂ ਵਿਦਿਆਰਥੀਆਂ ਦੇ ਸਾਬਤ ਕਰਨ ਦੀ ਵਾਰੀ ਸੀ ਜਿਨ੍ਹਾਂ ਅੰਗਰੇਜ਼ੀ ਨੂੰ ਆਪਣਾ ਮਨਪਸੰਦ ਵਿਸ਼ਾ ਦੱਸਿਆ ਸੀ। ਸੋ ਕੁੜੀਓ ਹੁਣ ਥੋੜ੍ਹੀ ਅੰਗਰੇਜ਼ੀ ਸੁਣੋ!
ਬਾਲੜੀਆਂ ਥੋੜ੍ਹਾ ਸ਼ਰਮਾ ਰਹੀਆਂ ਸਨ, ਜੋ ਸੁਭਾਵਕ ਵੀ ਸੀ; ਅਸੀਂ ਵੀ ਤਾਂ ਅੱਠ ਜਣੇ ਧਮ-ਧਮ ਕਰਦਿਆਂ ਉਨ੍ਹਾਂ ਦੀ ਜਮਾਤ ਅੰਦਰ ਆ ਵੜ੍ਹੇ ਸੀ। ਫਿਰ ਅਧਿਆਪਕਾ, ਐੱਸ ਵਿਜੈਲਕਸ਼ਮੀ ਨੇ ਕਿਹਾ: "ਕੁੜੀਓ, ਉਨ੍ਹਾਂ ਨੂੰ ਇੱਕ ਗੀਤ ਸੁਣਾਓ।'' ਅਸੀਂ ਸਾਰੇ ਜਾਣਦੇ ਹਾਂ ਕਿ ਆਦਿਵਾਸੀ ਵਧੀਆ ਗਾ ਸਕਦੇ ਹਨ। ਪੰਜ ਮੁਤਵਾਨ ਕੁੜੀਆਂ ਨੇ ਵੀ ਬਹੁਤ ਖੂਬਸੂਰਤ ਗੀਤ ਗਾਏ। ਉਹ ਸਾਰੇ ਪੂਰੀ ਸੁਰ ਵਿੱਚ ਸਨ। ਇੱਕ ਵੀ ਸ਼ਬਦ ਤਾਲ ਤੋਂ ਭਟਕਿਆ ਨਹੀਂ ਸੀ। ਇਸ ਸਭ ਦੇ ਬਾਅਦ ਵੀ ਉਹ ਹਾਲੇ ਤੀਕਰ ਝਿਜਕੀਆਂ ਹੋਈਆਂ ਸਨ। ਛੋਟੀ ਵੈਦੇਹੀ ਨੇ ਆਪਣੀ ਗਰਦਨ ਝੁਕਾਈ ਰੱਖੀ ਅਤੇ ਦਰਸ਼ਕਾਂ ਵੱਲ ਵੇਖਣ ਦੀ ਬਜਾਏ ਆਪਣੀਆਂ ਨਜ਼ਰਾਂ ਆਪਣੇ ਡੈਸਕ 'ਤੇ ਟਿਕਾਈ ਰੱਖੀਆਂ। ਫਿਰ ਵੀ, ਉਸਨੇ ਸ਼ਾਨਦਾਰ ਗਾਇਆ, ਇਹ ਵੱਖਰੀ ਗੱਲ ਸੀ ਕਿ ਗਾਣੇ ਦੇ ਬੋਲ ਅਜੀਬ ਸਨ।
ਇਹ ਆਲੂ ਬਾਰੇ ਗਾਇਆ ਇੱਕ ਗੀਤ ਸੀ।
ਇੱਥੋਂ ਦੇ ਲੋਕ ਇਡੁੱਕੀ ਦੀਆਂ ਪਹਾੜੀਆਂ ਵਿੱਚ ਸਿਰਫ਼ ਯਾਮ (ਜਿਮੀਕੰਦ) ਉਗਾਉਂਦੇ ਹਨ ਅਤੇ ਜਿੱਥੋਂ ਤੱਕ ਮੈਂ ਜਾਣਦਾ ਹਾਂ, ਏਡਾਲੀਪਾੜਾ ਦੇ ਲਾਗਲੇ 100 ਕਿਲੋਮੀਟਰ ਦੇ ਘੇਰੇ ਵਿੱਚ ਆਲੂ ਦੀ ਕਾਸ਼ਤ ਨਹੀਂ ਹੁੰਦੀ।
ਖ਼ੈਰ, ਜੋ ਵੀ ਹੋਵੇ ਤੁਸੀਂ ਖ਼ੁਦ ਇੱਕ ਵਾਰ ਗੀਤ ਸੁਣ ਕੇ ਦੇਖੋ:
ਆਲੂ, ਆਲੂ
ਓ, ਮੇਰੇ ਪਿਆਰੇ ਆਲ਼ੂ
ਆਲੂ ਮੈਨੂੰ ਪਸੰਦ ਬੜੇ ਨੇ
ਆਲੂ ਤੈਨੂੰ ਪਸੰਦ ਬੜੇ ਨੇ
ਸਾਨੂੰ ਸਾਰਿਆਂ ਨੂੰ ਨੇ ਪਸੰਦ
ਆਲੂ, ਆਲੂ, ਆਲੂ
ਇਹ ਗਾਣਾ ਬਹੁਤ ਹੀ ਵਧੀਆ ਗਾਇਆ ਗਿਆ ਅਤੇ ਉਨ੍ਹਾਂ ਨੇ ਇਸ ਮਾਮੂਲੀ ਜਿਹੇ ਕੰਦ ਦੀ ਮਹਿਮਾ ਨੂੰ ਇੰਨੀ ਖੂਬਸੂਰਤੀ ਨਾਲ਼ ਬਿਆਨ ਕੀਤਾ, ਜਿਸ ਨੂੰ ਕਿ ਉਹ ਸ਼ਾਇਦ ਕਦੇ ਨਹੀਂ ਖਾ ਸਕਣਗੇ (ਅਸੀਂ ਗ਼ਲਤ ਸਾਬਤ ਹੋ ਸਕਦੇ ਹਾਂ; ਮੁੰਨਾਰ ਦੇ ਨੇੜਲੇ ਕੁਝ ਪਿੰਡਾਂ ਨੇ ਹੁਣ ਆਲੂਆਂ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ ਹੈ, ਇਹ ਦੂਰੀ 50 ਕਿਲੋਮੀਟਰ ਦੇ ਕਰੀਬ ਹੋ ਸਕਦੀ ਹੈ)। ਗਾਣੇ ਦੇ ਬੋਲ ਸਾਨੂੰ ਜ਼ੁਬਾਨੀ ਯਾਦ ਹੋ ਗਏ ਤੇ ਬੜਾ ਚਿਰ ਚੇਤੇ ਵੀ ਰਹੇ। ਹਫ਼ਤਿਆਂ ਬਾਅਦ, ਸਾਡੇ ਵਿੱਚੋਂ ਜ਼ਿਆਦਾਤਰ ਦੇ ਕੰਨਾਂ ਵਿੱਚ ਅਜੇ ਵੀ ਗੀਤ ਗੂੰਜ ਰਿਹਾ ਹੈ। ਇੰਝ ਵੀ ਨਹੀਂ ਕਿ ਅਸੀਂ ਅੱਠੇ ਜਣੇ ਉਸ ਸੁਆਦੀ ਪਦਾਰਥ ਦੇ ਜ਼ਬਰਦਸਤੀ ਪ੍ਰੇਮੀ ਬਣੇ ਹੋਈਏ, ਹਕੀਕਤ ਵਿੱਚ ਅਸੀਂ ਉਹਦੇ ਪ੍ਰੇਮੀ ਹਾਂ ਵੀ- ਬਲਕਿ ਇੰਝ ਇਸ ਲਈ ਵੀ ਹੈ ਕਿ ਗੀਤ ਸਾਨੂੰ ਬੰਨ੍ਹ ਕੇ ਰੱਖ ਲੈਂਦੇ ਹਨ। ਗਾਣੇ ਦੀ ਪੇਸ਼ਕਾਰੀ ਵੀ ਬਹੁਤ ਜਾਦੂਈ ਅਤੇ ਪ੍ਰਭਾਵਸ਼ਾਲੀ ਹੈ।
ਆਓ ਦੁਬਾਰਾ ਕਲਾਸ ਵਿੱਚ ਵਾਪਸ ਜਾਈਏ। ਬਹੁਤ ਸਮਝਾਉਣ ਅਤੇ ਉਤਸ਼ਾਹਤ ਕਰਨ ਤੋਂ ਬਾਅਦ, ਅਸੀਂ ਜਿਵੇਂ-ਕਿਵੇਂ ਬਾਲੜੀਆਂ ਨੂੰ ਵੀਡੀਓ ਕੈਮਰੇ ਦੇ ਸਾਹਮਣੇ ਗਾਣਾ ਦੁਹਰਾਉਣ ਲਈ ਪ੍ਰੇਰਿਤ ਕਰ ਹੀ ਲਿਆ ਅਤੇ ਹੁਣ ਆਪਣਾ ਧਿਆਨ ਮੁੰਡਿਆਂ ਵੱਲ ਕੇਂਦਰਤ ਕਰ ਦਿੱਤਾ। ਕੁੜੀਆਂ ਨੇ ਉਨ੍ਹਾਂ ਨੂੰ ਪਿੱਛੇ ਛੱਡ ਦਿੱਤਾ ਸੀ, ਅਸੀਂ ਇਸ਼ਾਰਾ ਵੀ ਕੀਤਾ। ਪਰ ਕੀ ਉਹ ਗੀਤਾਂ ਦੇ ਮਾਮਲੇ ਵਿੱਚ ਕੁੜੀਆਂ ਦਾ ਮੁਕਾਬਲਾ ਕਰਨ ਦੇ ਯੋਗ ਸਨ ਵੀ? ਉਨ੍ਹਾਂ ਸਾਡੀ ਚੁਣੌਤੀ ਸਵੀਕਾਰ ਕਰ ਲਈ। ਪਰ ਉਨ੍ਹਾਂ ਦੀ ਪੇਸ਼ਕਾਰੀ ਗਾਇਕੀ ਨਾਲ਼ੋਂ ਪਾਠ ਦੇ ਵੱਧ ਨੇੜੇ ਸੀ ਅਤੇ ਉਹ ਗੀਤ ਦੀ ਪੇਸ਼ਕਾਰੀ ਦੇ ਮਾਮਲੇ ਵਿੱਚ ਕੁੜੀਆਂ ਦੇ ਸਾਹਮਣੇ ਟਿਕ ਨਾ ਸਕੇ। ਹਾਲਾਂਕਿ, ਉਸ ਦੇ ਗੀਤ ਦੇ ਬੋਲ ਨਿਸ਼ਚਤ ਤੌਰ 'ਤੇ ਬਹੁਤ ਹੀ ਵਿਲੱਖਣ ਅਤੇ ਦਿਲਚਸਪ ਸਨ।
ਮੁੰਡਿਆਂ ਨੇ ਜੋ ਸੁਣਾਇਆ ਉਹ 'ਡਾਕਟਰ ਦੇ ਨਾਮ ਪ੍ਰਾਰਥਨਾ' ਵਰਗਾ ਗੀਤ ਸੀ। ਅਜਿਹੇ ਗੀਤ ਲਿਖਣਾ, ਸੁਣਾਉਣਾ ਜਾਂ ਗਾਉਣਾ ਭਾਰਤ ਜਿਹੇ ਦੇਸ਼ ਵਿੱਚ ਹੀ ਸੰਭਵ ਹੈ। ਮੈਂ ਤੁਹਾਨੂੰ ਗਾਣੇ ਦੇ ਸਾਰੇ ਬੋਲ ਦੱਸ ਕੇ ਭਰਮਾਉਣਾ ਨਹੀਂ ਚਾਹਾਂਗਾ, ਨਾ ਹੀ ਮੈਂ ਇਸ ਪੋਸਟ ਵਿੱਚ ਉਸ ਡਾਕਟਰ ਦੀ ਵੀਡੀਓ ਹੀ ਦੇਣਾ ਚਾਹਾਂਗਾ। ਇੱਕੋ ਕਹਾਣੀ ਵਿੱਚ ਦੋ ਚੰਗੀਆਂ ਚੀਜ਼ਾਂ ਲਿਆਉਣਾ ਠੀਕ ਵੀ ਨਹੀਂ ਰਹੇਗਾ। ਇਹ ਅੰਸ਼ ਪੰਜ ਸ਼ਾਨਦਾਰ ਬੱਚੀਆਂ: ਅੰਸ਼ੀਲਾ ਦੇਵੀ, ਉਮਾ ਦੇਵੀ, ਕਲਪਨਾ, ਵੈਦੇਹੀ ਅਤੇ ਜੈਸਮੀਨ ਦੇ ਨਾਮ ਹੀ ਹੈ। ਹਾਲਾਂਕਿ, ਮੈਨੂੰ ਇਹ ਕਹਿਣਾ ਚਾਹੀਦਾ ਹੈ ਕਿ ਡਾਕਟਰ ਦੀ ਪ੍ਰਾਰਥਨਾ ਵਿੱਚ ਕੁਝ ਆਮ ਭਾਰਤੀ ਸ਼ੈਲੀ ਦੀਆਂ ਲਾਈਨਾਂ ਸਨ, ਜਿਵੇਂ- "ਮੇਰੇ ਢਿੱਡ ਵਿੱਚ ਪੀੜ੍ਹ ਹੈ, ਡਾਕਟਰ, ਮੈਨੂੰ ਆਪਰੇਸ਼ਨ ਦੀ ਲੋੜ ਹੈ, ਡਾਕਟਰ। ਆਪਰੇਸ਼ਨ, ਆਪਰੇਸ਼ਨ, ਆਪਰੇਸ਼ਨ।''
ਪਰ ਉਹ ਇੱਕ ਹੋਰ ਗੀਤ ਹੈ ਅਤੇ ਉਸ ਵੀਡੀਓ ਲਈ ਸਾਨੂੰ ਕਿਸੇ ਹੋਰ ਦਿਨ ਦੀ ਉਡੀਕ ਕਰਨੀ ਪਵੇਗੀ।
ਇਹ ਲੇਖ ਮੂਲ਼ ਰੂਪ ਵਿੱਚ 26 ਜੂਨ 2014 ਨੂੰ P.Sainath.org 'ਤੇ ਪ੍ਰਕਾਸ਼ਤ ਹੋਇਆ ਸੀ।
ਤਰਜਮਾ: ਕਮਲਜੀਤ ਕੌਰ