ਮਾਰਚ ਦੀ ਗਰਮ ਤੇ ਤਪਦੀ ਦੁਪਹਿਰ ਦਾ ਵੇਲ਼ਾ ਹੈ ਤੇ ਔਰਾਪਾਣੀ ਪਿੰਡ ਦੇ ਕਈ ਲੋਕੀਂ ਛੋਟੀ ਜਿਹੀ ਚਰਚ ਵਿੱਚ ਇਕੱਠੇ ਹੋਏ ਹਨ। ਉਨ੍ਹਾਂ 'ਤੇ ਕੋਈ ਜ਼ਹਿਨੀ ਦਬਾਅ ਪਾ ਕੇ ਇੱਥੇ ਨਹੀਂ ਲਿਆਂਦਾ ਗਿਆ।
ਲੋਕੀਂ ਭੁੰਜੇ ਹੀ ਗੋਲ਼-ਘਤਾਰਾ ਬਣਾਈ ਬੈਠੇ ਹਨ, ਸਾਰਿਆਂ ਦੀ ਇੱਕ ਸਾਂਝੀ ਸਮੱਸਿਆ ਹੈ- ਉਨ੍ਹਾਂ ਨੂੰ ਬਲੱਡ ਪ੍ਰੈਸ਼ਰ ਦੇ ਗੰਭੀਰ ਮਸਲੇ ਹਨ, ਕਿਸੇ ਦਾ ਹਾਈ ਰਹਿੰਦਾ ਹੈ ਤੇ ਕਿਸੇ ਦਾ ਲੋਅ। ਇਸਲਈ, ਉਹ ਸਾਰੇ ਮਹੀਨੇ ਵਿੱਚ ਘੱਟੋ-ਘੱਟ ਇੱਕ ਵਾਰੀਂ ਤਾਂ ਜ਼ਰੂਰ ਮਿਲ਼ਦੇ ਹਨ ਤਾਂਕਿ ਉਨ੍ਹਾਂ ਦੇ ਬਲੱਡ ਪ੍ਰੈਸ਼ਰ ਦੀ ਜਾਂਚ ਵੀ ਹੋ ਜਾਵੇ ਤੇ ਆਪੋ-ਆਪਣੀ ਵਾਰੀਂ ਦੀ ਉਡੀਕ ਕਰਦਿਆਂ ਉਹ ਛੋਟੇ-ਮੋਟੇ ਮਸਲਿਆਂ 'ਤੇ ਗੱਲਬਾਤ ਵੀ ਕਰ ਸਕਣ।
''ਮੈਨੂੰ ਇਨ੍ਹਾਂ ਬੈਠਕਾਂ ਵਿੱਚ ਆਉਣਾ ਚੰਗਾ ਲੱਗਦਾ ਕਿਉਂਕਿ ਇੱਥੇ ਮੈਨੂੰ ਆਪਣੀਆਂ ਫ਼ਿਕਰਾਂ ਸਾਂਝੀਆਂ ਕਰਨ ਦਾ ਮੌਕਾ ਮਿਲ਼ਦਾ ਹੈ,'' ਰੂਪੀ ਬਘੇਲ ਕਹਿੰਦੇ ਹਨ। ਰੂਪੀ ਬਾਈ ਵਜੋਂ ਜਾਣੀ ਜਾਂਦੀ ਇਹ 53 ਸਾਲਾ ਮਹਿਲਾ ਪਿਛਲੇ ਪੰਜ ਸਾਲਾਂ ਤੋਂ ਇੱਥੇ ਆ ਰਹੀ ਹੈ। ਬੈਗਾ ਕਬੀਲੇ ਨਾਲ਼ ਤਾਅਲੁੱਕ ਰੱਖਣ ਵਾਲ਼ੇ ਰੂਪੀ ਇੱਕ ਛੋਟੇ ਕਿਸਾਨ ਹਨ ਜਿਨ੍ਹਾਂ ਨੂੰ ਖੇਤੀ ਦੇ ਤੇ ਘਰ ਦੇ ਹੋਰ ਖ਼ਰਚੇ ਪੂਰੇ ਕਰਨ ਲਈ ਜੰਗਲੀ ਉਤਪਾਦਾਂ ਦਾ ਸਹਾਰਾ ਲੈਣਾ ਪੈਂਦਾ ਹੈ। ਬੈਗਾ ਕਬੀਲਾ ਵਿਸ਼ੇਸ਼ ਤੌਰ 'ਤੇ ਕਮਜ਼ੋਰ ਕਬਾਇਲੀ ਸਮੂਹਾਂ (ਪੀਵੀਟੀਜੀ) ਵਜੋਂ ਸੂਚੀਬੱਧ ਹੈ। ਔਰਾਪਾਣੀ (ਜਿਹਨੂੰ ਓਰਾਪਾਣੀ ਵੀ ਕਿਹਾ ਜਾਂਦਾ ਹੈ) ਪਿੰਡ ਵਿਖੇ ਵੱਡੀ ਅਬਾਦੀ ਬੈਗਾ ਭਾਈਚਾਰੇ ਦੀ ਹੀ ਹੈ।
ਇਹ ਇਲਾਕਾ ਬਿਲਾਸਪੁਰ ਜ਼ਿਲ੍ਹੇ ਦੇ ਕੋਟਾ ਬਲਾਕ ਵਿਖੇ ਪੈਂਦਾ ਹੈ ਤੇ ਜੋ ਛੱਤਸੀਗੜ੍ਹ ਦੇ ਅਚਾਨਾਕਮਾਰ-ਅਮਾਰਕਾਂਟਕ ਬਾਇਓਸਫੀਅਰ ਰਿਜਰਵ (ਏਏਬੀਆਰ) ਦੇ ਨੇੜੇ ਵੀ ਸਥਿਤ ਹੈ। ''ਮੈਂ ਜੰਗਲ ਵਿੱਚ ਜਾ ਕੇ ਬਾਂਸ ਇਕੱਠੇ ਕਰ ਲਿਆਉਂਦੀ ਤੇ ਝਾੜੂ ਬਣਾ-ਬਣਾ ਵੇਚਿਆ ਕਰਦੀ। ਪਰ ਹੁਣ ਮੈਂ ਬਹੁਤਾ ਤੁਰ ਨਹੀਂ ਪਾਉਂਦੀ ਇਸੇ ਲਈ ਘਰੇ ਹੀ ਰਹਿੰਦੀ ਹਾਂ,'' ਆਪਣੀ ਹਾਈ ਬਲੱਡ-ਪ੍ਰੈਸ਼ਰ ਦੀ ਦਿੱਕਤ ਬਾਰੇ ਦੱਸਦਿਆਂ ਫੁਲਸੋਰੀ ਲਾਕੜਾ ਕਹਿੰਦੇ ਹਨ। ਸੱਠ ਸਾਲਾਂ ਨੂੰ ਢੁਕਣ ਵਾਲ਼ੇ ਫੁਲਸੋਰੀ ਹੁਣ ਘਰੇ ਰਹਿ ਕੇ ਆਪਣੀਆਂ ਬੱਕਰੀਆਂ ਤੇ ਗਾਵਾਂ ਦੀ ਦੇਖਭਾਲ਼ ਕਰਦੇ ਹਨ। ਉਂਝ ਬੈਗਾ ਕਬੀਲਾ ਆਪਣੀ ਰੋਜ਼ੀਰੋਟੀ ਵਾਸਤੇ ਜੰਗਲ 'ਤੇ ਨਿਰਭਰ ਰਹਿੰਦਾ ਹੈ।








