"ਜੇ ਇਹ ਪੇਸ਼ਾ ਅਲੋਪ ਹੋ ਜਾਂਦਾ ਹੈ ਤਾਂ ਮੇਰੇ ਕੋਲ਼ ਕੰਮ ਦੀ ਭਾਲ਼ ਵਿੱਚ ਕਿਸੇ ਹੋਰ ਰਾਜ ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੋਣਾ," ਅਸਾਮ ਦੇ ਦਰਾਂਗ ਜ਼ਿਲ੍ਹੇ ਦੇ ਨਾ-ਮਾਤੀ ਪਿੰਡ ਦੀ ਬਾਂਸ ਟੋਕਰੀ ਬਣਾਉਣ ਵਾਲ਼ੀ ਮਜੀਦਾ ਬੇਗਮ ਕਹਿੰਦੀ ਹਨ।
25 ਸਾਲਾ ਕਾਰੀਗਰ ਦਿਹਾੜੀ-ਮਜ਼ਦੂਰ ਤੇ ਇਕੱਲੀ ਮਾਂ ਹੈ ਜੋ ਕੰਮ ਕਰਕੇ ਆਪਣੇ 10 ਸਾਲਾ ਬੇਟੇ ਅਤੇ ਬਿਮਾਰ ਮਾਂ ਦਾ ਪਾਲਣ ਪੋਸ਼ਣ ਕਰਦੀ ਹੈ। "ਮੈਂ ਦਿਹਾੜੀ ਦੀਆਂ 40 ਖਾਸਾ (ਟੋਕਰੀਆਂ) ਬਣਾ ਸਕਦੀ ਹਾਂ, ਪਰ ਹੁਣ ਮੈਂ ਸਿਰਫ਼ 20 ਖਾਸਾ ਹੀ ਬੁਣਦੀ ਹਾਂ," ਉਹ ਸਥਾਨਕ ਮੀਆਂ ਬੋਲੀ ਵਿੱਚ ਕਹਿੰਦੀ ਹਨ। ਮਜੀਦਾ ਹਰ 20 ਟੋਕਰੀਆਂ ਬੁਣਨ ਬਦਲੇ 160 ਰੁਪਏ ਕਮਾਉਂਦੀ ਹਨ। ਇਹ ਅਨੁਸੂਚਿਤ ਰੁਜ਼ਗਾਰ ਲਈ ਰਾਜ ਦੁਆਰਾ ਨਿਰਧਾਰਤ ਘੱਟੋ ਘੱਟ ਉਜਰਤ 241.92 ਰੁਪਏ (ਘੱਟੋ ਘੱਟ ਉਜਰਤ ਐਕਟ, 1948, 2016 ਦੀ ਰਿਪੋਰਟ) ਤੋਂ ਕਾਫੀ ਘੱਟ ਹੈ।
ਬਾਂਸ ਦੀਆਂ ਕੀਮਤਾਂ ਵਿੱਚ ਵਾਧੇ ਅਤੇ ਇੱਥੇ ਸਬਜ਼ੀ ਮੰਡੀਆਂ ਵਿੱਚ ਟੋਕਰੀਆਂ ਦੀ ਘਟਦੀ ਮੰਗ ਨੇ ਬਾਂਸ ਦੀਆਂ ਟੋਕਰੀਆਂ ਦੀ ਵਿਕਰੀ ਤੋਂ ਹੋਣ ਵਾਲ਼ੇ ਮਾਲੀਆ ਨੂੰ ਪ੍ਰਭਾਵਿਤ ਕੀਤਾ ਹੈ। ਦਰਾਂਗ ਵਿੱਚ ਅਸਾਮ ਦੀਆਂ ਦੋ ਵੱਡੀਆਂ ਮੰਡੀਆਂ ਹਨ: ਬੇਚਿਮਾਰੀ ਅਤੇ ਬਾਲੂਗਾਓਂ, ਜਿੱਥੋਂ ਖੇਤੀਬਾੜੀ ਉਤਪਾਦਾਂ ਦੀ ਸਪਲਾਈ ਉੱਤਰ-ਪੂਰਬੀ ਹਿੱਸਿਆਂ ਅਤੇ ਦਿੱਲੀ ਨੂੰ ਕੀਤੀ ਜਾਂਦੀ ਹੈ।
ਮਜੀਦਾ ਦੇ ਪ੍ਰਵਾਸ ਕਰਨ ਦੀ ਮਜ਼ਬੂਰੀ ਦਾ ਡਰ ਹਵਾਈ ਗੱਲ ਨਹੀਂ ਹੈ ਇੱਥੇ ਲਗਭਗ 80 ਤੋਂ 100 ਪਰਿਵਾਰ ਪਹਿਲਾਂ ਹੀ "ਚੰਗੇ ਕੰਮ" ਦੀ ਭਾਲ਼ ਵਿੱਚ ਦੂਰ-ਦੁਰਾਡੀਆਂ ਥਾਵਾਂ 'ਤੇ ਚਲੇ ਗਏ ਹਨ। 39 ਸਾਲਾ ਹਨੀਫ ਅਲੀ ਸਥਾਨਕ ਮਦਰੱਸੇ ਦੇ ਨੇੜੇ ਵਾਰਡ ਏ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ। ਕਿਸੇ ਸਮੇਂ, ਇਸ ਪਿੰਡ ਦੇ ਲਗਭਗ 150 ਪਰਿਵਾਰ ਬਾਂਸ ਦੀ ਕਾਰੀਗਰੀ ਕਰਦੇ ਸਨ। ਪਰ ਹੁਣ, ਬਹੁਤ ਸਾਰੇ ਘਰ ਖਾਲੀ ਹਨ ਕਿਉਂਕਿ ਉਹ ਕਾਰੀਗਰ ਕੌਫੀ ਦੇ ਬਾਗਾਂ ਵਿੱਚ ਕੰਮ ਕਰਨ ਲਈ ਕੇਰਲ ਅਤੇ ਕਰਨਾਟਕ ਵਰਗੇ ਹੋਰ ਰਾਜਾਂ ਵਿੱਚ ਚਲੇ ਗਏ ਹਨ।














