ਭਾਵੇਂ, ਮੁੰਬਈ ਸ਼ਹਿਰ ਦਾ ਹਰ ਕੋਨਾ ਮੈਟਰੋ ਅਤੇ ਐਕਸਪ੍ਰੈਸਵੇਅ ਨਾਲ਼ ਜੁੜਿਆ ਹੋਇਆ ਹੋਵੇ, ਪਰ ਦਾਮੂ ਨਗਰ ਵਾਸੀਆਂ ਨੂੰ ਥੋੜ੍ਹੀ ਜਿਹੀ ਯਾਤਰਾ ਕਰਨ ਲਈ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਿਤੇ ਕਿਤੇ ਮੁਸੀਬਤਾਂ ਦਾ ਵੀ। ਇੱਥੋਂ ਦੇ ਲੋਕ ਅਜੇ ਵੀ ਖੁੱਲ੍ਹੀਆਂ ਥਾਵਾਂ 'ਤੇ ਜੰਗਲ-ਪਾਣੀ ਜਾਂਦੇ ਹਨ ਅਤੇ ਇਨ੍ਹਾਂ ਖੁੱਲ੍ਹੀਆਂ ਥਾਵਾਂ ਤੱਕ ਜਾਣ ਲਈ ਉਨ੍ਹਾਂ ਨੂੰ ਫੁੱਟ ਉੱਚੀ ਕੰਧ 'ਤੇ ਤੁਰਨਾ ਪੈਂਦਾ ਹੈ। ਇੱਥੋਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਲ਼ ਦੀ ਹਵਾੜ ਛੱਡਦੇ ਕੂੜੇ ਦੇ ਢੇਰ ਨੂੰ ਵੀ ਪਾਰ ਕਰਨਾ ਪੈਂਦਾ ਹੈ। ਇਹ ਖੁੱਲ੍ਹੀ ਥਾਂ ਸੁੱਕੇ ਘਾਹ ਦਾ ਮੈਦਾਨ ਹੈ, ਵਿਰਲੇ-ਟਾਂਵੇ ਰੁੱਖ ਵੀ ਕੀ ਲੁਕ ਕੇ ਬਹਿਣ ਜੋਗੀ ਨਿੱਜਤਾ ਦੇ ਸਕਦੇ ਹਨ?

ਪਰ "ਇੱਥੇ ਅਜਿਹੀ ਕੋਈ ਨਿੱਜਤਾ ਨਹੀਂ ਹੈ," ਮੀਰਾ ਯੇਡੇ ਕਹਿੰਦੀ ਹਨ। 51 ਸਾਲਾ ਔਰਤ ਇਲਾਕੇ ਦੀ ਕਾਫ਼ੀ ਪੁਰਾਣੀ ਵਸਨੀਕ ਹੈ। "ਪੈਰਾਂ ਦਾ ਖੜਾਕ ਸੁਣਦੇ ਹੀ ਸਾਨੂੰ ਔਰਤਾਂ ਨੂੰ ਖੜ੍ਹੇ ਹੋਣਾ ਪੈਂਦਾ ਹੈ।'' ਸਾਲਾਂ ਤੋਂ, ਜ਼ਮੀਨ ਔਰਤਾਂ ਅਤੇ ਮਰਦਾਂ ਦੇ ਸ਼ੌਚ ਕਰਨ ਲਈ ਵੰਡੀ ਗਈ ਹੈ, ਜਿਸ ਵਿੱਚ ਔਰਤਾਂ ਖੱਬੇ ਪਾਸੇ ਅਤੇ ਮਰਦ ਸੱਜੇ ਪਾਸੇ ਸ਼ੌਚ ਕਰਨ ਲਈ ਬੈਠਦੇ ਹਨ। ਸਮੱਸਿਆ ਇਹ ਹੈ, "ਇਨ੍ਹਾਂ ਦੋਵਾਂ ਹਿੱਸਿਆਂ ਵਿੱਚ ਦੂਰੀ ਕਾਫ਼ੀ ਘੱਟ ਹੈ: ਸ਼ਾਇਦ ਕੁਝ ਕੁ ਮੀਟਰ। ਕੋਈ ਹੈ ਜੋ ਇਸ ਦੂਰੀ ਨੂੰ ਮਾਪੇਗਾ?" ਅਤੇ ਦੋਵਾਂ ਹਿੱਸਿਆਂ ਵਿਚਕਾਰ ਕੋਈ ਪਰਦਾ ਜਾਂ ਕੰਧ ਨਹੀਂ ਹੈ।

ਦਾਮੂ ਨਗਰ ਦੇ ਬਹੁਤ ਸਾਰੇ ਵਸਨੀਕ ਪਹਿਲੀ ਜਾਂ ਦੂਜੀ ਪੀੜ੍ਹੀ ਦੇ ਪੇਂਡੂ ਪ੍ਰਵਾਸੀ ਹਨ, ਇਹ ਇੱਕ ਅਜਿਹਾ ਮੁੱਦਾ ਹੈ ਜੋ ਮੁੰਬਈ ਉੱਤਰੀ ਹਲਕੇ ਦੇ ਇਸ ਹਿੱਸੇ ਲਈ ਚੋਣਾਂ ਦੀ ਰਾਜਨੀਤੀ ਤੋਂ ਕਿਤੇ ਪਰ੍ਹੇ ਹੈ। ਇਹ (ਮੁੱਦਾ) ਉਨ੍ਹਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਜਦੋਂ ਭਾਰਤ ਆਪਣੀ 18ਵੀਂ ਲੋਕ ਸਭਾ ਲਈ 543 ਸੰਸਦ ਮੈਂਬਰਾਂ ਦੀ ਚੋਣ ਲਈ ਪੜਾਅਵਾਰ ਤਰੀਕੇ ਨਾਲ਼ ਵੋਟਿੰਗ ਕਰ ਰਿਹਾ ਹੈ। ਮੀਰਾ ਦੇ ਬੇਟੇ ਪ੍ਰਕਾਸ਼ ਯੇਡੇ ਕਹਿੰਦੇ ਹਨ, "ਅੱਜ ਇੱਕ ਕਹਾਣੀ ਘੜੀ ਗਈ ਹੈ ਕਿ ਦੇਸ਼ ਵਿੱਚ ਸਭ ਕੁਝ ਠੀਕ ਹੈ।'' ਪ੍ਰਕਾਸ਼ ਆਪਣੇ ਘਰ ਦੇ ਦਰਵਾਜ਼ੇ 'ਤੇ ਖੜ੍ਹੇ ਹੋ ਸਾਡੇ ਨਾਲ਼ ਗੱਲ ਕਰ ਰਹੇ ਹਨ। ਉਨ੍ਹਾਂ ਦਾ ਘਰ ਟੀਨ ਦੀ ਇੱਕ ਚਾਦਰ ਨਾਲ਼ ਢਕਿਆ ਹੋਇਆ ਹੈ ਜੋ ਸ਼ਾਇਦ ਅੰਦਰਲੇ ਤਾਪਮਾਨ ਨੂੰ ਕੁਝ ਡਿਗਰੀ ਤੱਕ ਵਧਾ ਦਿੰਦਾ ਹੈ।

"ਦੇਸ਼ ਦੇ ਇਨ੍ਹਾਂ ਹਿੱਸਿਆਂ ਵਿੱਚ ਕੋਈ ਵੀ ਅਸਲ ਮੁੱਦਿਆਂ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ," 30 ਸਾਲਾ ਪ੍ਰਕਾਸ਼ ਕਹਿੰਦੇ ਹਨ। ਦਾਮੂ ਸ਼ਹਿਰ ਦੇ 11,000 ਤੋਂ ਵੱਧ ਵਸਨੀਕ ਪਖਾਨੇ, ਪਾਣੀ ਅਤੇ ਬਿਜਲੀ ਦੀ ਪਹੁੰਚ ਨਾ ਹੋਣ ਕਾਰਨ ਹੋਣ ਵਾਲ਼ੀ ਬੇਆਰਾਮੀ ਅਤੇ ਖਤਰਿਆਂ ਬਾਰੇ ਦੱਸ ਰਹੇ ਹਨ। ਦਾਮੂ ਸ਼ਹਿਰ, ਜਿਸ ਨੂੰ ਜਨਗਣਨਾ ਵਿੱਚ ਭੀਮ ਨਗਰ ਵੀ ਕਿਹਾ ਜਾਂਦਾ ਹੈ, ਵਿੱਚ 2,300 ਤੋਂ ਵੱਧ ਮਕਾਨ ਹਨ ਜਿਨ੍ਹਾਂ ਦੀਆਂ ਕੰਧਾਂ ਖਸਤਾ ਹਾਲ ਹਨ, ਤਰਪਾਲ ਅਤੇ ਟੀਨ ਦੀਆਂ ਚਾਦਰਾਂ ਦੀਆਂ ਛੱਤਾਂ ਹਨ। ਇਹ ਘਰ ਸੰਜੇ ਗਾਂਧੀ ਨੈਸ਼ਨਲ ਪਾਰਕ ਦੇ ਨਾਲ਼ ਇੱਕ ਪਹਾੜੀ 'ਤੇ ਸਥਿਤ ਹਨ। ਇਨ੍ਹਾਂ ਘਰਾਂ ਤੱਕ ਪਹੁੰਚਣ ਲਈ ਤੁਹਾਨੂੰ ਭੀੜੇ, ਊਬੜ-ਖਾਬੜ, ਪਥਰੀਲੇ ਰਸਤਿਆਂ 'ਤੇ ਤੁਰਨਾ ਪੈਂਦਾ ਹੈ ਤੇ ਵਗਦੀ ਰੋਹੀ (ਸੀਵਰੇਜ ਡ੍ਰੇਨੇਜ) ਵਿੱਚ ਪੈਰ ਵੜ੍ਹਨ ਤੋਂ ਵੀ ਰੋਕਣਾ ਪੈਂਦਾ ਹੈ।

PHOTO • Jyoti
PHOTO • Jyoti

ਖੱਬੇ : ਪ੍ਰਕਾਸ਼ ਯੇਡੇ ਦਾਮੂ ਨਗਰ ਵਿੱਚ ਆਪਣੇ ਘਰ ਦੇ ਸਾਹਮਣੇ। ਉਹ ਇੱਥੇ ਆਪਣੀ ਮਾਂ ਮੀਰਾ ਅਤੇ ਪਿਤਾ ਗਿਆਨਦੇਵ ਨਾਲ਼ ਰਹਿੰਦੇ ਹਨ। ਸੱਜੇ : ਦਾਮੂ ਨਗਰ ਝੁੱਗੀ - ਝੌਂਪੜੀ ਦਾ ਪ੍ਰਵੇਸ਼ ਦੁਆਰ , ਜਿਸ ਨੂੰ ਭੀਮ ਨਗਰ ਵੀ ਕਿਹਾ ਜਾਂਦਾ ਹੈ

PHOTO • Jyoti
PHOTO • Jyoti

ਖੱਬੇ : ਦਾਮੂ ਨਗਰ ਦੇ ਵਸਨੀਕਾਂ ਨੂੰ ਇੱਕ-ਫੁੱਟੀ ਕੰਧ 'ਤੇ ਚੜ੍ਹਦਿਆਂ ਕੂੜੇ ਦੇ ਢੇਰ ਦੇ ਨਾਲ਼-ਨਾਲ਼ ਤੁਰਨਾ ਪੈਂਦਾ ਹੈ, ਇਹ ਰਸਤਾ ਖੁੱਲ੍ਹੀ ਜਗ੍ਹਾ ਤੱਕ ਪਹੁੰਚ ਸਕਣ ਜਿੱਥੇ ਉਹ ਪਖਾਨੇ ਲਈ ਜਾਂਦੇ ਹਨ ਕਿਉਂਕਿ ਉਹ ਆਪਣੇ ਘਰਾਂ ਵਿੱਚ ਪਖਾਨੇ ਵਿੱਚ ਹਨ। ਸੱਜੇ : ਨਾਗਰਿਕ ਸੰਸਥਾਵਾਂ ਨੇ ਝੁੱਗੀਆਂ - ਝੌਂਪੜੀਆਂ ਵਿੱਚ ਪਾਣੀ , ਬਿਜਲੀ ਅਤੇ ਪਖਾਨੇ ਵਰਗੀਆਂ ਮੁੱਢਲੀਆਂ ਮਿਊਂਸਪਲ ਸੇਵਾਵਾਂ ਪ੍ਰਦਾਨ ਨਹੀਂ ਕੀਤੀਆਂ ਹਨ , ਇਸਦਾ ਕਾਰਨ ਇਹ ਹੈ ਕਿ ਇਹ ਕਲੋਨੀਆਂ ' ਗੈਰਕਾਨੂੰਨੀ ' ਹਨ

ਫਿਰ ਵੀ ਪਿਛਲੀਆਂ ਚੋਣਾਂ ਵਾਂਗਰ ਇੱਥੋਂ ਦੇ ਲੋਕਾਂ ਦੇ ਵੋਟ ਸਿਰਫ਼ ਸਭ ਤੋਂ ਬੁਨਿਆਦੀ ਸਹੂਲਤਾਂ ਦੀ ਘਾਟ ਬਾਰੇ ਨਹੀਂ ਹਨ।

''ਇਸ ਵਾਰ ਸਾਡੇ ਲਈ ਚੋਣ ਮੁੱਦਾ ਖ਼ਬਰਾਂ ਹੈ।  ਖ਼ਬਰ ਸੱਚੀ ਹੋਣੀ ਚਾਹੀਦੀ ਹੈ ਅਤੇ ਮੀਡੀਆ ਸਾਡੇ ਵਰਗੇ ਲੋਕਾਂ ਬਾਰੇ ਸੱਚ ਨਹੀਂ ਦੱਸ ਰਿਹਾ," ਪ੍ਰਕਾਸ਼ ਯੇਡੇ ਕਹਿੰਦੇ ਹਨ। ਉਹ ਗ਼ਲਤ ਜਾਣਕਾਰੀ, ਜਾਅਲੀ ਅਤੇ ਪੱਖਪਾਤੀ ਖ਼ਬਰਾਂ ਬਾਰੇ ਸ਼ਿਕਾਇਤ ਕਰਦੇ ਹਨ। ''ਲੋਕ ਦੇਖੇ, ਸੁਣੇ ਦੇ ਆਧਾਰ 'ਤੇ ਵੋਟ ਪਾਉਣਗੇ ਅਤੇ ਮੀਡੀਆ 'ਚ ਜੋ ਅਸੀਂ ਸੁਣਦੇ ਅਤੇ ਦੇਖਦੇ ਹਾਂ, ਉਹ ਹੈ ਸਿਰਫ਼ ਤੇ ਸਿਰਫ਼ ਮੋਦੀ ਦੀ ਪ੍ਰਸ਼ੰਸਾ।''

ਪ੍ਰਕਾਸ਼ ਨੂੰ ਜ਼ਿਆਦਾਤਰ ਜਾਣਕਾਰੀ ਇਸ਼ਤਿਹਾਰਬਾਜ਼ੀ-ਮੁਕਤ ਸੁਤੰਤਰ ਮੀਡੀਆ ਤੋਂ ਮਿਲ਼ਦੀ ਹੈ। "ਇੱਥੇ ਮੇਰੀ ਉਮਰ ਦੇ ਜ਼ਿਆਦਾਤਰ ਲੋਕ ਬੇਰੁਜ਼ਗਾਰ ਹਨ। ਉਹ ਹਾਊਸਕੀਪਿੰਗ ਅਤੇ ਮਜ਼ਦੂਰੀ ਵਰਗੀਆਂ ਨੌਕਰੀਆਂ 'ਤੇ ਨਿਰਭਰ ਕਰਦੇ ਹਨ। 12ਵੀਂ ਪਾਸ ਬਹੁਤ ਘੱਟ ਵਿਦਿਆਰਥੀ ਵ੍ਹਾਈਟ ਕਾਲਰ ਨੌਕਰੀਆਂ ਕਰ ਰਹੇ ਹਨ," ਉਹ ਕਹਿੰਦੇ ਹਨ, ਉਹ ਰਾਸ਼ਟਰਵਿਆਪੀ ਸਮੱਸਿਆ, ਬੇਰੁਜ਼ਗਾਰੀ ਬਾਰੇ ਗੱਲ ਕਰ ਰਹੇ ਹੁੰਦੇ ਹਨ।

ਪ੍ਰਕਾਸ਼ ਨੇ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ ਅਤੇ ਉਹ ਮਲਾਡ ਦੀ ਇਕ ਨਿੱਜੀ ਕੰਪਨੀ 'ਚ ਫ਼ੋਟੋ ਐਡੀਟਰ ਦੇ ਤੌਰ 'ਤੇ ਕੰਮ ਕਰਿਆ ਕਰਦੇ। ਇੱਥੇ ਉਨ੍ਹਾਂ ਨੂੰ 15,000 ਰੁਪਏ ਤਨਖਾਹ ਮਿਲ਼ਦੀ ਸੀ, ਤੇ ਇਹ ਕੰਮ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਨੇ ਖੋਹ ਲਿਆ। ''ਕੁੱਲ ਮਿਲਾ ਕੇ ਕਰੀਬ 50 ਲੋਕਾਂ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਹੈ। ਮੈਨੂੰ ਬੇਰੁਜ਼ਗਾਰ ਹੋਇਆਂ ਇੱਕ ਮਹੀਨਾ ਹੋ ਗਿਆ ਹੈ," ਉਹ ਕਹਿੰਦੇ ਹਨ।

ਸਾਲ 2000 'ਚ ਦੇਸ਼ ਭਰ 'ਚ ਕੁੱਲ ਬੇਰੁਜ਼ਗਾਰਾਂ 'ਚ ਪੜ੍ਹੇ-ਲਿਖੇ ਨੌਜਵਾਨਾਂ ਦੀ ਹਿੱਸੇਦਾਰੀ 54.2 ਫੀਸਦੀ ਸੀ। ਭਾਰਤ ਰੁਜ਼ਗਾਰ ਰਿਪੋਰਟ 2024 ਸਾਨੂੰ ਦੱਸਦੀ ਹੈ ਕਿ 2022 ਆਉਂਦੇ-ਆਉਂਦੇ ਇਹ ਹਿੱਸੇਦਾਰੀ ਵੱਧ ਕੇ 65.7 ਪ੍ਰਤੀਸ਼ਤ ਹੋ ਗਈ ਹੈ। ਇਹ ਰਿਪੋਰਟ ਅੰਤਰਰਾਸ਼ਟਰੀ ਕਿਰਤ ਸੰਗਠਨ (ਆਈਐਲਓ) ਅਤੇ ਦਿੱਲੀ ਦੇ ਇੰਸਟੀਚਿਊਟ ਆਫ ਹਿਊਮਨ ਡਿਵੈਲਪਮੈਂਟ (ਆਈਐਚਡੀ) ਨੇ 26 ਮਾਰਚ ਨੂੰ ਜਾਰੀ ਕੀਤੀ ਸੀ।

PHOTO • Jyoti
PHOTO • Jyoti

ਖੱਬੇ : ' ਖ਼ਬਰਾਂ ਸੱਚੀਆਂ ਹੋਣੀਆਂ ਚਾਹੀਦੀਆਂ ਹਨ , ਅਤੇ ਮੀਡੀਆ ਸਾਡੇ ਵਰਗੇ ਲੋਕਾਂ ਬਾਰੇ ਸੱਚ ਨਹੀਂ ਦੱਸ ਰਿਹਾ ,' ਪ੍ਰਕਾਸ਼ ਕਹਿੰਦੇ ਹਨ। ਸੱਜੇ : ਚੰਦਰਕਲਾ ਖਰਾਤ ਨੇ 2015 ਵਿੱਚ ਦਾਮੂ ਸ਼ਹਿਰ ਵਿੱਚ ਸਿਲੰਡਰ ਧਮਾਕਿਆਂ ਦੀਆਂ ਇੱਕ ਤੋਂ ਬਾਅਦ ਇੱਕ ਹੋਈਆਂ ਘਟਨਾਵਾਂ ਤੋਂ ਬਾਅਦ ਲੱਗੀ ਅੱਗ ਵਿੱਚ ਆਪਣੇ ਪਤੀ ਨੂੰ ਗੁਆ ਦਿੱਤਾ ਸੀ। ਉਹ ਹੁਣ ਸੜਕਾਂ ਅਤੇ ਕੂੜੇ ਦੇ ਢੇਰਾਂ ਤੋਂ ਪਲਾਸਟਿਕ ਦੀਆਂ ਚੀਜ਼ਾਂ ਇਕੱਠੀਆਂ ਕਰਕੇ ਅਤੇ ਉਨ੍ਹਾਂ ਨੂੰ ਸਕ੍ਰੈਪ ਡੀਲਰਾਂ ਨੂੰ ਵੇਚ ਕੇ ਗੁਜ਼ਾਰਾ ਕਰਦੀ ਹਨ

ਪ੍ਰਕਾਸ਼ ਦੀ ਆਮਦਨੀ ਉਨ੍ਹਾਂ ਦੇ ਪਰਿਵਾਰ ਦੀ ਤਰੱਕੀ ਵਿੱਚ ਇੱਕ ਮੀਲ ਪੱਥਰ ਸੀ, ਇਹ ਨੌਕਰੀ ਉਨ੍ਹਾਂ ਨੂੰ ਕੁਝ ਕੁ ਸਾਲ ਪਹਿਲਾਂ ਹੀ ਮਿਲ਼ੀ ਸੀ। ਇੰਨਾ ਹੀ ਨਹੀਂ ਉਨ੍ਹਾਂ ਦੀ ਇਹ ਕਹਾਣੀ ਦੁਖਾਂਤ ਤੋਂ ਬਾਅਦ ਜਿੱਤ ਦੇ ਰੂਪ ਵਿੱਚ ਸਾਹਮਣੇ ਆਈ ਸੀ। ਦਾਮੂ ਸ਼ਹਿਰ 2015 ਵਿੱਚ ਰਸੋਈ ਗੈਸ ਸਿਲੰਡਰ ਧਮਾਕਿਆਂ ਦੀਆਂ ਇੱਕ ਤੋਂ ਬਾਅਦ ਇੱਕ ਘਟਨਾਵਾਂ ਕਾਰਨ ਸੜ ਗਿਆ ਸੀ। ਯੇਡੇ ਪਰਿਵਾਰ ਅੱਗ ਪੀੜਤਾਂ ਵਿੱਚੋਂ ਇਕ ਸੀ। "ਅਸੀਂ ਉਸ ਦਿਨ ਤੇੜ ਕੱਪੜਿਆਂ ਨਾਲ਼ ਹੀ ਬਾਹਰ ਭੱਜ ਗਏ। ਬਾਕੀ ਸਭ ਕੁਝ ਸੜ ਗਿਆ - ਦਸਤਾਵੇਜ਼, ਗਹਿਣੇ, ਫਰਨੀਚਰ, ਭਾਂਡੇ, ਇਲੈਕਟ੍ਰਾਨਿਕਸ ਸਮਾਨ," ਮੀਰਾ ਯਾਦ ਕਰਦੀ ਹਨ।

"ਵਿਨੋਦ ਤਾਵੜੇ (ਮਹਾਰਾਸ਼ਟਰ ਦੇ ਤਤਕਾਲੀ ਸਿੱਖਿਆ ਮੰਤਰੀ ਅਤੇ ਬੋਰੀਵਲੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ) ਨੇ ਸਾਨੂੰ ਇੱਕ ਮਹੀਨੇ ਦੇ ਅੰਦਰ ਪੱਕਾ ਮਕਾਨ ਦੇਣ ਦਾ ਵਾਅਦਾ ਕੀਤਾ ਸੀ," ਪ੍ਰਕਾਸ਼ ਭਿਆਨਕ ਅੱਗ ਤੋਂ ਬਾਅਦ ਕੀਤੇ ਵਾਅਦੇ ਨੂੰ ਯਾਦ ਕਰਦੇ ਹੋਏ ਯਾਦ ਕਰਦੇ ਹਨ।

ਇਸ ਵਾਅਦੇ ਨੂੰ ਅੱਠ ਸਾਲ ਬੀਤ ਚੁੱਕੇ ਹਨ। ਉਸ ਤੋਂ ਬਾਅਦ, ਇੱਥੋਂ ਦੇ ਲੋਕਾਂ ਨੇ 2019 ਦੀਆਂ ਆਮ ਚੋਣਾਂ ਅਤੇ ਉਸੇ ਸਾਲ ਹੋਈਆਂ ਰਾਜ ਵਿਧਾਨ ਸਭਾ ਚੋਣਾਂ ਵਿੱਚ ਵੋਟ ਪਾਈ। ਪਰ ਜ਼ਿੰਦਗੀ ਵਿੱਚ ਕੋਈ ਬਦਲਾਅ ਨਾ ਆਇਆ। ਪ੍ਰਕਾਸ਼ ਦੇ ਦਾਦਾ-ਦਾਦੀ, ਜੋ ਬੇਜ਼ਮੀਨੇ ਖੇਤ ਮਜ਼ਦੂਰ ਸਨ, ਜਾਲਨਾ ਜ਼ਿਲ੍ਹੇ ਦੇ ਰਹਿਣ ਵਾਲ਼ੇ ਸਨ। ਉਹ 70ਵਿਆਂ ਵਿੱਚ ਮੁੰਬਈ ਚਲੇ ਗਏ।

ਉਨ੍ਹਾਂ ਦੇ ਪਿਤਾ, 58 ਸਾਲਾ ਗਿਆਨਦੇਵ, ਅਜੇ ਵੀ ਪੇਂਟਰ ਵਜੋਂ ਕੰਮ ਕਰਦੇ ਹਨ ਅਤੇ ਮਾਂ ਮੀਰਾ ਠੇਕਾ ਸਫਾਈ ਕਰਮਚਾਰੀ ਵਜੋਂ ਕੰਮ ਕਰਦੀ ਹਨ। ਉਨ੍ਹਾਂ ਦਾ ਕੰਮ ਘਰਾਂ ਤੋਂ ਕੂੜਾ ਇਕੱਠਾ ਕਰਨਾ ਹੈ। "ਅਸੀਂ ਤਿੰਨੋਂ ਹਰ ਮਹੀਨੇ 30,000 ਰੁਪਏ ਕਮਾਉਂਦੇ ਸੀ, ਪ੍ਰਕਾਸ਼ ਦੀ ਤਨਖ਼ਾਹ ਮਿਲ਼ਾ ਕੇ। ਅਸੀਂ ਇੰਨੇ ਪੈਸੇ ਵਿੱਚ ਸਿਲੰਡਰ, ਤੇਲ, ਅਨਾਜ ਅਤੇ ਖਾਣ-ਪੀਣ ਦੀਆਂ ਚੀਜ਼ਾਂ (ਅੱਜ ਜਿੰਨੀਆਂ ਮਹਿੰਗੀਆਂ ਨਹੀਂ) ਖ਼ਰੀਦ ਕੁਝ ਹੱਦ ਤੱਕ ਚੰਗੀ ਜ਼ਿੰਦਗੀ ਬਤੀਤ ਕੀਤੀ," ਮੀਰਾ ਕਹਿੰਦੀ ਹਨ।

ਹਰ ਵੇਲ਼ੇ ਆਪਣੀ ਜ਼ਿੰਦਗੀ ਨੂੰ ਪੱਟੜੀ 'ਤੇ ਲਿਆਉਣ ਦੀ ਉਨ੍ਹਾਂ ਦੀ ਕੋਸ਼ਿਸ਼ ਨੂੰ ਨਵੀਂਆਂ ਤਬਾਹੀਆਂ ਨੇ ਆਣ ਘੇਰਿਆ: "ਅੱਗ ਲੱਗਣ ਤੋਂ ਬਾਅਦ, ਨੋਟਬੰਦੀ ਹੋ ਗਈ। ਫਿਰ ਕੋਰੋਨਾ ਅਤੇ ਲੌਕਡਾਊਨ ਆਇਆ। ਸਰਕਾਰ ਤੋਂ ਕੋਈ ਰਾਹਤ ਨਾ ਮਿਲੀ," ਉਹ ਕਹਿੰਦੀ ਹਨ।

PHOTO • Jyoti
PHOTO • Jyoti

ਖੱਬੇ : ਯੇਡੇ ਪਰਿਵਾਰ ਨੇ 2015 ਵਿੱਚ ਅੱਗ ਲੱਗਣ ਦੇ ਹਾਦਸੇ ਵਿੱਚ ਆਪਣਾ ਸਾਰਾ ਸਾਮਾਨ ਗੁਆ ਦਿੱਤਾ। ਬੋਰੀਵਲੀ ਤੋਂ ਸਾਬਕਾ ਵਿਧਾਇਕ ਵਿਨੋਦ ਤਾਵੜੇ ਨੇ ਇੱਥੋਂ ਦੇ ਵਸਨੀਕਾਂ ਨੂੰ ਪੱਕੇ ਮਕਾਨ ਦੇਣ ਦਾ ਵਾਅਦਾ ਕੀਤਾ ਸੀ। ਅੱਠ ਸਾਲ ਬਾਅਦ ਵੀ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ। ਸੱਜੇ : ਪ੍ਰਕਾਸ਼, ਮਲਾਡ ਵਿੱਚ ਇੱਕ ਨਿੱਜੀ ਫਰਮ ਵਿੱਚ ਫ਼ੋਟੋ ਸੰਪਾਦਕ ਵਜੋਂ ਕੰਮ ਕਰ ਰਹੇ ਸੀ। ਪਰ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਉਨ੍ਹਾਂ ਦੀ ਨੌਕਰੀ ਵੀ ਖੋਹ ਲਈ। ਉਹ ਹੁਣ ਇੱਕ ਮਹੀਨੇ ਤੋਂ ਬੇਰੁਜ਼ਗਾਰ ਹੈ

PHOTO • Jyoti

ਸੰਜੇ ਗਾਂਧੀ ਨੈਸ਼ਨਲ ਪਾਰਕ ਦੇ ਅੰਦਰ ਇੱਕ ਪਹਾੜੀ ' ਤੇ ਸਥਿਤ ਦਾਮੂ ਨਗਰ ਵਿੱਚ ਲਗਭਗ 2,300 ਘਰ ਹਨ। ਇਨ੍ਹਾਂ ਖ਼ਸਤਾ ਹਾਲ ਮਕਾਨਾਂ ਤੱਕ ਜਾਣ ਲਈ ਭੀੜੇ , ਪਥਰੀਲੇ ਅਤੇ ਊਬੜ-ਖਾਬੜ ਰਸਤੇ ਥਾਣੀਂ ਲੰਘਣਾ ਪੈਂਦਾ ਹੈ

ਪ੍ਰਧਾਨ ਮੰਤਰੀ ਆਵਾਸ ਯੋਜਨਾ-ਮਿਸ਼ਨ ਦੇ ਤਹਿਤ ਮੋਦੀ ਸਰਕਾਰ ਦੀ "ਸਾਰਿਆਂ ਨੂੰ ਘਰ (ਸ਼ਹਿਰੀ)" ਯੋਜਨਾ ਦਾ ਉਦੇਸ਼ 2022 ਤੱਕ ਸਾਰੇ ਯੋਗ ਪਰਿਵਾਰਾਂ ਨੂੰ ਮਕਾਨ ਮੁਹੱਈਆ ਕਰਵਾਉਣਾ ਹੈ। ਪ੍ਰਕਾਸ਼ ਨੇ ਇਹ ਦੇਖਣ ਲਈ ਆਪਣੀ ਕੋਸ਼ਿਸ਼ ਜਾਰੀ ਰੱਖੀ ਕਿ ਉਨ੍ਹਾਂ ਦਾ ਪਰਿਵਾਰ ਇਸ ਯੋਜਨਾ ਦੇ 'ਯੋਗ' ਹੈ ਵੀ ਜਾਂ ਨਹੀਂ।

"ਮੈਂ ਆਪਣੇ ਪਰਿਵਾਰ ਲਈ ਇਸ ਯੋਜਨਾ ਦਾ ਲਾਭ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਪਰ ਬਿਨਾਂ ਕਿਸੇ ਆਮਦਨ ਦੇ ਸਬੂਤ ਅਤੇ ਜਾਇਜ਼ ਦਸਤਾਵੇਜ਼ਾਂ ਦੇ, ਕੋਈ ਵੀ ਇਸ ਲਈ ਯੋਗ ਨਹੀਂ ਹੋ ਸਕੇਗਾ," ਉਹ ਕਹਿੰਦੇ ਹਨ।

ਰਾਜ ਸਰਕਾਰ ਵੱਲੋਂ ਇਸ ਸਾਲ ਫਰਵਰੀ (2024) ਵਿੱਚ ਮਹਾਰਾਸ਼ਟਰ ਰਾਜ ਸਿੱਖਿਆ ਦਾ ਅਧਿਕਾਰ ( ਆਰਟੀਈ ) ਐਕਟ ਦੀਆਂ ਧਾਰਾਵਾਂ ਪ੍ਰਤੀ ਨੋਟੀਫਿਕੇਸ਼ਨ ਨੇ ਉਨ੍ਹਾਂ ਨੂੰ ਹੋਰ ਪਰੇਸ਼ਾਨ ਕਰ ਦਿੱਤਾ ਹੈ। ਇਸ ਸੋਧ ਨਾਲ਼ ਜੇਕਰ ਬੱਚੇ ਦੀ ਰਿਹਾਇਸ਼ ਤੋਂ ਇੱਕ ਕਿਲੋਮੀਟਰ ਦੇ ਅੰਦਰ ਕੋਈ ਸਰਕਾਰੀ ਜਾਂ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਹੈ ਤਾਂ ਉਸ ਨੂੰ ਉੱਥੇ ਦਾਖਲਾ ਲੈਣਾ ਹੋਵੇਗਾ। ਇਸ ਦਾ ਮਤਲਬ ਇਹ ਹੈ ਕਿ ਅੰਗਰੇਜ਼ੀ ਮਾਧਿਅਮ ਦੇ ਸਕੂਲਾਂ ਸਮੇਤ ਨਿੱਜੀ ਸਕੂਲਾਂ ਨੂੰ ਹਾਸ਼ੀਆਗਤ ਭਾਈਚਾਰਿਆਂ ਦੇ ਬੱਚਿਆਂ ਲਈ ਆਰਟੀਈ ਦੇ 25 ਫੀਸਦੀ ਕੋਟੇ ਦੇ ਅੰਦਰ ਦਾਖਲਾ ਦੇਣ ਤੋਂ ਰੋਕਿਆ ਗਿਆ ਹੈ। "ਇਸ ਨੇ ਅਸਲ ਵਿੱਚ ਆਰਟੀਈ ਐਕਟ ਨੂੰ ਅਰਥਹੀਣ ਬਣਾ ਦਿੱਤਾ ਹੈ," ਅਨੁਦਾਨਿਤ ਸਿੱਖਿਆ ਬਚਾਓ ਸਮਿਤੀ (ਸੇਵ ਏਡਿਡ ਸਕੂਲ ਐਸੋਸੀਏਸ਼ਨ) ਦੇ ਪ੍ਰੋਫੈਸਰ ਸੁਧੀਰ ਪਰਾਂਜਪੇ ਕਹਿੰਦੇ ਹਨ।

ਉਨ੍ਹਾਂ ਕਿਹਾ ਕਿ ਅਜਿਹੇ ਫੈਸਲਿਆਂ ਕਾਰਨ ਸਾਨੂੰ ਮਿਆਰੀ ਸਿੱਖਿਆ ਨਹੀਂ ਮਿਲ਼ ਸਕਦੀ। ਗੁਣਵੱਤਾ ਦੀ ਗਰੰਟੀ ਦੇਣ ਵਾਲ਼ਾ ਇੱਕੋ ਇੱਕ ਕਾਨੂੰਨ (ਇਸ ਨੋਟੀਫ਼ਿਕੇਸ਼ਨ ਨਾਲ਼) ਵੀ ਹੁਣ ਮੌਜੂਦ ਨਹੀਂ ਹੈ। ਤਾਂ ਫਿਰ ਅਸੀਂ ਤਰੱਕੀ ਕਿਵੇਂ ਕਰ ਸਕਦੇ ਹਾਂ?" ਉਹ ਉਦਾਸ ਹੋ ਕੇ ਪੁੱਛਦੇ ਹਨ।

ਦਾਮੂ ਨਗਰ ਵਿੱਚ ਪ੍ਰਕਾਸ਼ ਅਤੇ ਹੋਰਾਂ ਲਈ ਇੱਕੋ ਇੱਕ ਰਸਤਾ ਬਚਿਆ ਹੈ, ਉਹ ਹੈ ਅਗਲੀ ਪੀੜ੍ਹੀ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨਾ। ਅਤੇ ਦਾਮੂ ਨਗਰ ਦੇ ਬੱਚਿਆਂ ਦੀ ਗਰੀਬੀ ਬਾਰੇ ਤਾਂ ਕੋਈ ਸ਼ੱਕ ਨਹੀਂ ਹੈ। ਇੱਥੋਂ ਦੇ ਜ਼ਿਆਦਾਤਰ ਵਸਨੀਕ, ਜਿਨ੍ਹਾਂ ਵਿੱਚੋਂ ਕੁਝ ਚਾਰ ਦਹਾਕਿਆਂ ਤੋਂ ਇਸੇ ਝੁੱਗੀ-ਬਸਤੀ ਵਿੱਚ ਰਹਿ ਰਹੇ ਹਨ, ਨਵ-ਬੋਧੀ ਭਾਈਚਾਰੇ ਨਾਲ਼ ਸਬੰਧਤ ਹਨ - ਯਾਨੀ ਦਲਿਤ। ਕਈਆਂ ਲਈ, ਉਨ੍ਹਾਂ ਦੇ ਦਾਦਾ-ਦਾਦੀ ਅਤੇ ਮਾਪੇ 1972 ਦੇ ਭਿਆਨਕ ਸੋਕੇ ਦੌਰਾਨ ਜਾਲਨਾ ਅਤੇ ਸੋਲਾਪੁਰ ਤੋਂ ਮੁੰਬਈ ਚਲੇ ਗਏ ਸਨ।

PHOTO • Jyoti
PHOTO • Jyoti

ਖੱਬੇ: ਰਾਜ ਸਰਕਾਰ ਵੱਲੋਂ ਇਸ ਸਾਲ ਜਾਰੀ ਕੀਤੇ ਗਏ ਗਜ਼ਟ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਜੇ ਇੱਕ ਕਿਲੋਮੀਟਰ ਦੇ ਦਾਇਰੇ ਵਿੱਚ ਕੋਈ ਸਰਕਾਰੀ ਜਾਂ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਹੈ ਤਾਂ ਪ੍ਰਾਈਵੇਟ ਸਕੂਲਾਂ ਨੂੰ ਸਿੱਖਿਆ ਦੇ ਅਧਿਕਾਰ ਕੋਟੇ ਤੋਂ 25 ਪ੍ਰਤੀਸ਼ਤ ਤੋਂ ਛੋਟ ਦਿੱਤੀ ਗਈ ਹੈ। ਅਨੁਦਾਨਿਤ ਸਿੱਖਿਆ ਬਚਾਓ ਸਮਿਤੀ ਦੇ ਪ੍ਰੋਫੈਸਰ ਸੁਧੀਰ ਪਰਾਂਜਪੇ ਕਹਿੰਦੇ ਹਨ ਕਿ ਇਸ ਨਾਲ਼ ਦਾਮੂ ਨਗਰ ਦੇ ਗ਼ਰੀਬ ਬੱਚੇ ਮਿਆਰੀ ਸਿੱਖਿਆ ਦਾ ਅਧਿਕਾਰ ਗੁਆ ਸਕਦੇ ਹਨ। ਸੱਜੇ : ਦਾਮੂ ਨਗਰ ਵਿੱਚ ਔਰਤਾਂ ਨੂੰ ਸੁਰੱਖਿਅਤ ਪਖਾਨੇ ਨਹੀਂ ਮਿਲ਼ਦੇ। ' ਇੱਥੋਂ ਤੱਕ ਕਿ ਜਦੋਂ ਅਸੀਂ ਬਿਮਾਰੀ ਜਾਂ ਸੱਟਾਂ ਵਰਗੀ ਸਮੱਸਿਆ ਤੋਂ ਪੀੜਤ ਹੁੰਦੇ ਹਾਂ , ਤਾਂ ਕਿਸੇ ਨੂੰ ਪਾਣੀ ਦੀ ਬਾਲਟੀ ਲੈ ਕੇ ਪਹਾੜੀ ' ਤੇ ਚੜ੍ਹਨਾ ਪੈਂਦਾ ਹੈ , ' ਲਤਾ ਸੋਨਵਾਨੇ ( ਹਰਾ ਦੁਪੱਟਾ ) ਕਹਿੰਦੀ ਹਨ

PHOTO • Jyoti
PHOTO • Jyoti

ਖੱਬੇ ਅਤੇ ਸੱਜੇ : ਲਤਾ ਆਪਣੇ ਬੱਚਿਆਂ ਨਾਲ਼ ਆਪਣੇ ਘਰ ਵਿੱਚ

ਇਹ ਸਿਰਫ਼ ਆਰਟੀਈ ਨਹੀਂ ਹੈ ਜਿਸ ਦਾ ਲਾਭ ਲੈਣਾ ਅਤੇ ਉਸਨੂੰ ਬਣਾਈ ਰੱਖਣਾ ਮੁਸ਼ਕਲ ਹੈ। ਪ੍ਰਕਾਸ਼ ਦੇ ਗੁਆਂਢੀ ਅਬਾਸਾਹਿਬ ਮਹਾਸਕੇ ਦੀ 'ਲਾਈਟ ਬੋਤਲ' ਉੱਦਮ ਖੜ੍ਹਾ ਕਰਨ ਦੀ ਕੋਸ਼ਿਸ਼ ਵੀ ਅਸਫਲ ਰਹੀ। "ਇਹ ਯੋਜਨਾਵਾਂ ਸਿਰਫ਼ ਨਾਮ ਦੀਆਂ ਹਨ," 43 ਸਾਲਾ ਮਹਾਸਕੇ ਕਹਿੰਦੇ ਹਨ। "ਮੈਂ ਮੁਦਰਾ ਯੋਜਨਾ ਤਹਿਤ ਕਰਜ਼ਾ ਲੈਣ ਦੀ ਕੋਸ਼ਿਸ਼ ਕੀਤੀ। ਪਰ ਮੈਨੂੰ ਨਹੀਂ ਮਿਲ਼ਿਆ ਕਿਉਂਕਿ ਮੈਨੂੰ ਕਾਲ਼ੀ ਸੂਚੀ ਵਿੱਚ ਪਾ ਦਿੱਤਾ ਗਿਆ ਹੈ। ਇਹਦਾ ਕਾਰਨ ਕਿ ਮੈਂ ਆਪਣੇ 10,000 ਦੇ ਬੈਂਕ ਲੋਨ ਦੀ ਇੱਕ ਸਿਰਫ਼ ਇੱਕ ਈਐੱਮਆਈ ਦੇਣੋਂ ਖੁੰਝ ਗਿਆ ਸਾਂ।''

ਪਾਰੀ ਨਿਯਮਿਤ ਤੌਰ 'ਤੇ ਪੇਂਡੂ ਅਤੇ ਸ਼ਹਿਰੀ ਗਰੀਬਾਂ ਲਈ ਵੱਖ-ਵੱਖ ਸਿਹਤ ਅਤੇ ਭਲਾਈ ਸਕੀਮਾਂ ਦੀ ਉਪਲਬਧਤਾ ਦੀ ਸਥਿਤੀ ਬਾਰੇ ਰਿਪੋਰਟ ਕਰਦੀ ਰਹੀ ਹੈ। [ਉਦਾਹਰਨ ਲਈ, ਪੜ੍ਹੋ: ਇਲਾਜ ਮੁਫ਼ਤ ਪਰ ਕਿਰਾਇਆ ਹੈਸੀਅਤ ਤੋਂ ਬਾਹਰ ਅਤੇ ‘ਮੇਰੇ ਪੋਤਾ-ਪੋਤੀ ਆਪਣਾ ਖ਼ੁਦ ਦਾ ਘਰ ਬਣਾਉਣਗੇ ’)।

ਮਹਾਸਕੇ ਦੀ ਵਰਕਸ਼ਾਪ ਅਤੇ ਉਨ੍ਹਾਂ ਪਰਿਵਾਰ 10x10  ਫੁੱਟ ਦੇ ਕਮਰੇ ਵਿੱਚ ਚੱਲਦਾ ਹੈ। ਖੱਬੇ ਪਾਸਿਓਂ, ਅੰਦਰ ਵੜ੍ਹਦੇ ਸਾਰ ਹੀ ਰਸੋਈ ਤੇ ਮੋਰੀ [ਬਾਥਰੂਮ] ਹੈ। ਇਸ ਦੇ ਨਾਲ਼ ਹੀ, ਬੋਤਲਾਂ ਨੂੰ ਸਜਾਉਣ ਲਈ ਲੋੜੀਂਦੀ ਸਾਰੀ ਸਮੱਗਰੀ ਯੋਜਨਾਬੱਧ ਤਰੀਕੇ ਨਾਲ਼ ਅਲਮਾਰੀਆਂ ਵਿੱਚ ਸਟੋਰ ਕੀਤੀ ਗਈ ਹੈ।

"ਮੈਂ ਕਾਂਦੀਵਲੀ ਅਤੇ ਮਲਾਡ ਵਿੱਚ ਘੁੰਮਦਾ ਹਾਂ ਅਤੇ ਇਹ ਲਾਈਟਾਂ ਵੇਚਦਾ ਹਾਂ।" ਉਹ ਸ਼ਰਾਬ ਦੀਆਂ ਦੁਕਾਨਾਂ ਤੇ ਕਬਾੜੀਆਂ ਕੋਲ਼ੋਂ ਖਾਲੀ ਬੋਤਲਾਂ ਇਕੱਠੀਆਂ ਕਰਦੇ ਹਨ। ''ਵਿਮਲ [ਉਨ੍ਹਾਂ ਦੀ ਪਤਨੀ] ਉਨ੍ਹਾਂ ਨੂੰ ਸਾਫ਼ ਕਰਨ, ਧੋਣ ਅਤੇ ਸੁਕਾਉਣ ਵਿੱਚ ਮਦਦ ਕਰਦੀ ਹਨ। ਫਿਰ ਮੈਂ ਹਰ ਬੋਤਲ ਨੂੰ ਨਕਲੀ ਫੁੱਲਾਂ ਅਤੇ ਧਾਗੇ ਨਾਲ਼ ਸਜਾਉਂਦਾ ਹਾਂ। ਫਿਰ ਮੈਂ ਇਸ ਵਿੱਚ ਤਾਰਾਂ ਅਤੇ ਬੈਟਰੀਆਂ ਜੋੜਦਾ ਹਾਂ," ਉਹ 'ਲਾਈਟ ਬੋਤਲਾਂ' ਬਣਾਉਣ ਦੀ ਪ੍ਰਕਿਰਿਆ ਬਾਰੇ ਸੰਖੇਪ ਵਿੱਚ ਦੱਸਦੇ ਹੋਏ ਕਹਿੰਦੇ ਹਨ। 'ਸਭ ਤੋਂ ਪਹਿਲਾਂ, ਮੈਂ ਤਾਂਬੇ ਦੀ ਤਾਰ ਐੱਲਈਡੀ ਲਾਈਟ ਤਾਰਾਂ ਨਾਲ ਜੁੜੀਆਂ ਚਾਰ LR44 ਬੈਟਰੀਆਂ ਸਥਾਪਤ ਕਰਦਾ ਹਾਂ। ਫਿਰ ਮੈਂ ਉਸ ਬਲਬ ਨੂੰ ਕੁਝ ਨਕਲੀ ਫੁੱਲਾਂ ਦੇ ਨਾਲ਼ ਬੋਤਲ ਵਿੱਚ ਧੱਕ ਦਿੰਦਾ ਹਾਂ। ਹੁਣ ਇਹ ਲਾਈਟ ਬੋਤਲ ਤਿਆਰ ਹੈ। ਤੁਸੀਂ ਇਸ ਨੂੰ ਬੈਟਰੀ ਵਿੱਚ ਲੱਗੇ ਆਨ-ਆਫ ਸਵਿਚ ਰਾਹੀਂ ਚਲਾ ਸਕਦੇ ਹੋ।'' ਉਹ ਇਨ੍ਹਾਂ ਸਜਾਵਟੀ ਲਾਈਟਾਂ ਨੂੰ ਕਲਾਤਮਕ ਛੋਹ ਦਿੰਦੇ ਹੈ ਜਿਨ੍ਹਾਂ ਨੂੰ ਕੁਝ ਲੋਕ ਆਪਣੇ ਘਰਾਂ ਵਿੱਚ ਰੱਖਣਾ ਪਸੰਦ ਕਰਦੇ ਹਨ।।

"ਮੇਰੇ ਅੰਦਰ ਕਲਾ ਪ੍ਰਤੀ ਜਨੂੰਨ ਹੈ ਅਤੇ ਮੈਂ ਆਪਣੇ ਹੁਨਰ ਦਾ ਵਿਸਥਾਰ ਕਰਨਾ ਚਾਹੁੰਦਾ ਹਾਂ। ਇਸ ਦੇ ਜ਼ਰੀਏ ਮੈਂ ਵਧੇਰੇ ਕਮਾਈ ਕਰ ਸਕਾਂਗਾ ਅਤੇ ਉਸ ਕਮਾਈ ਨਾਲ਼ ਮੈਂ ਆਪਣੀਆਂ ਤਿੰਨੋਂ ਧੀਆਂ ਨੂੰ ਬਿਹਤਰ ਸਿੱਖਿਆ ਦੇ ਸਕਾਂਗਾ," ਅਬਾਸਾਹਿਬ ਮਹਾਸਕੇ ਕਹਿੰਦੇ ਹਨ। ਹਰੇਕ ਬੋਤਲ ਬਣਾਉਣ ਲਈ 30 ਤੋਂ 40 ਰੁਪਏ ਤੱਕ ਦੀ ਲਾਗਤ ਆਉਂਦੀ ਹੈ। ਮਹਾਸਕੇ ਇੱਕ ਲੈਂਪ 200 ਰੁਪਏ ਵਿੱਚ ਵੇਚਦੇ ਹਨ। ਉਨ੍ਹਾਂ ਦੀ ਰੋਜ਼ਾਨਾ ਕਮਾਈ ਆਮ ਤੌਰ 'ਤੇ 500 ਰੁਪਏ ਤੋਂ ਵੀ ਘੱਟ ਹੁੰਦੀ ਹੈ। "ਮੈਂ ਮਹੀਨੇ ਵਿੱਚ 30 ਦਿਨ ਕੰਮ ਕਰਕੇ 10,000 ਤੋਂ 12,000 ਰੁਪਏ ਮਹੀਨਾ ਕਮਾ ਲੈਂਦਾ ਹਾਂ," ਉਹ ਕਹਿੰਦੇ ਹਨ, ਇਹ ਦੱਸਦੇ ਹੋਏ ਕਿ ਉਹ ਇੱਕ ਦਿਨ ਵਿੱਚ ਔਸਤਨ ਦੋ ਬੋਤਲਾਂ ਵੇਚਦੇ ਹਨ। "ਇਸ ਆਮਦਨੀ ਨਾਲ਼ ਪੰਜ ਮੈਂਬਰੀ ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੈ," ਉਹ ਕਹਿੰਦੇ ਹਨ। ਮਹਾਸਕੇ ਮੂਲ਼ ਰੂਪ ਵਿੱਚ ਜ਼ਿਲ੍ਹਾ ਤੇ ਤਾਲੁਕਾ, ਜਲਾਨਾ ਦੇ ਪਿੰਡ ਥੇਰਗਾਂਓਂ ਦੇ ਰਹਿਣ ਵਾਲ਼ੇ ਹਨ।

PHOTO • Jyoti
PHOTO • Jyoti

ਖੱਬੇ: ਅਬਾਸਾਹਿਬ ਮਹਾਸਕੇ 'ਲਾਈਟ ਬੋਤਲਾਂ' ਬਣਾਉਂਦੇ ਹਨ ਅਤੇ ਕਾਂਦੀਵਲੀ ਤੇ ਮਲਾਡ ਇਲਾਕਿਆਂ ਵਿੱਚ ਵੇਚਦੇ ਹਨ। ਉਹ 10x10ਫੁੱਟੇ ਆਪਣੇ ਘਰ ਵਿੱਚੋਂ ਹੀ ਆਪਣੀ ਵਰਕਸ਼ਾਪ ਚਲਾਉਂਦੇ ਹਨ। ਸੱਜੇ: ਅਬਾਸਾਹਿਬ ਦੁਆਰਾ ਬਣਾਈ ਗਈ ਇੱਕ ਬੋਤਲ ਜਿਸ ਨੂੰ ਨਕਲੀ ਫੁੱਲਾਂ ਨਾਲ਼ ਸਜਾਇਆ ਗਿਆ ਸੀ। ਉਹ ਸ਼ਰਾਬ ਦੀਆਂ ਦੁਕਾਨਾਂ ਅਤੇ ਕਬਾੜੀਆਂ ਕੋਲ਼ੋਂ ਪੁਰਾਣੀਆਂ ਬੋਤਲਾਂ ਲਿਆਉਂਦੇ ਹਨ

PHOTO • Jyoti
PHOTO • Jyoti

ਖੱਬੇ: ਉਨ੍ਹਾਂ ਦੀ ਪਤਨੀ, ਵਿਮਲ ਬੋਤਲਾਂ ਨੂੰ ਸਾਫ਼ ਕਰਨ, ਧੋਣ ਅਤੇ ਸੁਕਾਉਣ ਵਿੱਚ ਮਦਦ ਕਰਦੀ ਹਨ। ਸੱਜੇ: ਹਰੇਕ ਬੋਤਲ ਨੂੰ ਬਣਾਉਣ ਵਿੱਚ 30-40 ਰੁਪਏ ਦਾ ਖ਼ਰਚਾ ਆਉਂਦਾ ਹੈ। ਮਹਸਕੇ ਉਨ੍ਹਾਂ ਨੂੰ 200-200 ਰੁਪਏ ਵਿੱਚ ਵੇਚਦੇ ਹਨ ਅਤੇ ਇਸ ਨਾਲ਼ ਹਰ ਮਹੀਨੇ ਲਗਭਗ 10,000-12,000 ਰੁਪਏ ਕਮਾ ਲੈਂਦੇ ਹਨ। ਇਸਦਾ ਮਤਲਬ ਹੈ ਕਿ ਉਹ ਇੱਕ ਦਿਨ ਵਿੱਚ ਲਗਭਗ ਦੋ ਬੋਤਲਾਂ ਹੀ ਵੇਚ ਪਾਉਂਦੇ ਹਨ

ਮਹਾਸਕੇ ਆਪਣੇ ਡੇਢ ਏਕੜ ਦੇ ਖੇਤ ਵਿੱਚ ਸੋਇਆਬੀਨ ਅਤੇ ਜਵਾਰ ਉਗਾਉਣ ਲਈ ਹਰ ਸਾਲ ਜੂਨ ਤੱਕ ਆਪਣੇ ਪਿੰਡ ਵਾਪਸ ਆ ਜਾਂਦੇ ਹਨ। "ਹਰ ਵਾਰ ਹੱਥ ਖਾਲੀ ਹੀ ਰਹਿ ਜਾਂਦੇ ਹਨ। ਘੱਟ ਬਾਰਸ਼ ਕਾਰਨ ਸਾਨੂੰ ਚੰਗੀ ਪੈਦਾਵਾਰ ਨਹੀਂ ਮਿਲ਼ਦੀ," ਉਹ ਸ਼ਿਕਾਇਤ ਕਰਦੇ ਹਨ। ਮਹਾਸਕੇ ਨੇ ਪਿਛਲੇ ਦੋ ਸਾਲਾਂ ਤੋਂ ਖੇਤੀ ਬੰਦ ਕਰ ਦਿੱਤੀ ਹੈ।

ਪ੍ਰਕਾਸ਼, ਮੀਰਾ, ਮਹਾਸਕੇ ਅਤੇ ਦਾਮੂ ਨਗਰ ਝੁੱਗੀ-ਝੌਂਪੜੀ ਦੇ ਹੋਰ ਵਸਨੀਕ 2011 ਦੀ ਮਰਦਮਸ਼ੁਮਾਰੀ ਵਿੱਚ ਦਰਜ ਭਾਰਤ ਦੇ 65 ਮਿਲੀਅਨ ਤੋਂ ਵੱਧ ਝੁੱਗੀ-ਝੌਂਪੜੀ ਵਾਸੀਆਂ ਦਾ ਇੱਕ ਛੋਟਾ ਜਿਹਾ, ਲਗਭਗ ਨਾਮਾਤਰ ਹਿੱਸਾ ਹਨ।  ਪਰ, ਹੋਰ ਝੁੱਗੀ-ਝੌਂਪੜੀ ਵਾਸੀਆਂ ਦੇ ਨਾਲ, ਉਹ ਆਰ/ਐੱਸ ਮਿਊਂਸਪਲ ਵਾਰਡ ਵਿੱਚ ਵੱਡੀ ਗਿਣਤੀ ਵਿੱਚ ਵੋਟਾਂ ਪਾਉਂਦੇ ਹਨ, ਜਿਸ ਦਾ ਉਹ ਹਿੱਸਾ ਹਨ।

"ਝੁੱਗੀਆਂ-ਝੌਂਪੜੀਆਂ ਪੇਂਡੂ ਪ੍ਰਵਾਸੀਆਂ ਦੀ ਇੱਕ ਵੱਖਰੀ ਦੁਨੀਆ (ਦੁਨੀਆ) ਹਨ," ਅਬਾਸਾਹਿਬ ਕਹਿੰਦੇ ਹਨ।

20 ਮਈ ਨੂੰ, ਕਾਂਦੀਵਾਲੀ ਦੇ ਲੋਕੀਂ ਮੁੰਬਈ ਉੱਤਰੀ ਲੋਕ ਸਭਾ ਸੀਟ ਲਈ ਵੋਟਾਂ ਪਾਉਣਗੇ। ਇਸ ਹਲਕੇ ਤੋਂ ਮੌਜੂਦਾ ਸੰਸਦ ਮੈਂਬਰ, ਭਾਰਤੀ ਜਨਤਾ ਪਾਰਟੀ ਦੇ ਗੋਪਾਲ ਸ਼ੈੱਟੀ ਨੇ 2019 ਵਿੱਚ ਕਾਂਗਰਸ ਪਾਰਟੀ ਦੀ ਉਰਮਿਲਾ ਮਾਤੋਂਡਕਰ ਨੂੰ ਸਾਢੇ ਚਾਰ ਲੱਖ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ਼ ਹਰਾਇਆ ਸੀ।

ਇਸ ਵਾਰ ਭਾਜਪਾ ਨੇ ਗੋਪਾਲ ਸ਼ੈੱਟੀ ਨੂੰ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦੀ ਥਾਂ ਕੇਂਦਰੀ ਮੰਤਰੀ ਪੀਯੂਸ਼ ਗੋਇਲ ਮੁੰਬਈ ਉੱਤਰੀ ਤੋਂ ਚੋਣ ਲੜ ਰਹੇ ਹਨ। ''ਭਾਜਪਾ ਨੇ ਇੱਥੇ ਦੋ ਵਾਰ (2014 ਅਤੇ 2019) ਜਿੱਤ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਕਾਂਗਰਸ ਨੇ ਇੱਥੇ ਜਿੱਤ ਹਾਸਲ ਕੀਤੀ ਸੀ। ਪਰ ਜਿਵੇਂ ਕਿ ਮੈਂ ਵੇਖਦਾ ਹਾਂ, ਭਾਜਪਾ ਦੇ ਫੈਸਲੇ ਗ਼ਰੀਬਾਂ ਦੇ ਹੱਕ ਵਿੱਚ ਨਹੀਂ ਹਨ," ਅਬਾਸਾਹਿਬ ਮਹਾਸਕੇ ਕਹਿੰਦੇ ਹਨ।

PHOTO • Jyoti
PHOTO • Jyoti

ਖੱਬੇ: ਦਾਮੂ ਨਗਰ ਦੀਆਂ ਤੰਗ ਗਲੀਆਂ। ਝੁੱਗੀ ਦੇ ਵਸਨੀਕ 20 ਮਈ ਨੂੰ ਵੋਟ ਪਾਉਣਗੇ। ਸੱਜੇ: ਅਬਾਸਾਹਿਬ ਮਹਾਸਕੇ, ਵਿਮਲ ਅਤੇ ਉਨ੍ਹਾਂ ਦੀਆਂ ਧੀਆਂ ਆਪਣੇ ਘਰ ਵਿੱਚ। 'ਇਓਂ ਜਾਪਦਾ ਹੈ ਜਿਵੇਂ ਇਹ ਚੋਣਾਂ ਸਾਡੇ ਵਰਗੇ ਵੰਚਿਤ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਪੈ ਰਹੀਆਂ ਹੋਣ'

ਈਵੀਐੱਮ ਨੂੰ ਲੈ ਕੇ ਸ਼ੱਕ ਰੱਖਣ ਵਾਲ਼ੀ ਮੀਰਾ ਯੇਡੇ ਦਾ ਕਹਿਣਾ ਹੈ ਕਿ ਬੈਲਟ ਪੇਪਰ ਸਭ ਤੋਂ ਭਰੋਸੇਮੰਦ ਹਨ। ਉਨ੍ਹਾਂ ਕਿਹਾ ਕਿ ਮੈਨੂੰ ਪਤਾ ਲੱਗਾ ਹੈ ਕਿ ਇਹ ਵੋਟਿੰਗ ਮਸ਼ੀਨਾਂ ਜਾਅਲੀ ਹਨ। ਪਹਿਲਾਂ ਦਾ ਪੇਪਰ ਵਾਲ਼ਾ ਤਰੀਕਾ ਬਿਹਤਰ ਸੀ। ਮੈਨੂੰ ਪੂਰੀ ਤਸੱਲੀ ਮਿਲ਼ਦੀ ਕਿ ਮੈਂ ਜਿਸਨੂੰ ਵੋਟ ਪਾਈ ਹੈ ਉਸੇ ਨੂੰ ਗਈ ਵੀ ਹੈ," ਮੀਰਾ ਕਹਿੰਦੀ ਹਨ।

ਖ਼ਬਰਾਂ ਅਤੇ ਗ਼ਲਤ ਜਾਣਕਾਰੀ ਬਾਰੇ ਬੇਰੁਜ਼ਗਾਰ ਪ੍ਰਕਾਸ਼ ਦੇ ਵਿਚਾਰ; ਸਫਾਈ ਕਰਮਚਾਰੀ ਮੀਰਾ ਦਾ ਈਵੀਐੱਮ 'ਤੇ ਭਰੋਸਾ ਨਹੀਂ; ਅਤੇ ਮਹਾਸਕੇ ਦੀਆਂ ਇੱਕ ਸਰਕਾਰੀ ਯੋਜਨਾ ਦੀ ਮਦਦ ਨਾਲ਼ ਆਪਣਾ ਛੋਟਾ ਕਾਰੋਬਾਰ ਸਥਾਪਤ ਕਰਨ ਦੀਆਂ ਅਸਫਲ ਕੋਸ਼ਿਸ਼ਾਂ। ਇਸ ਲਈ ਇੱਥੇ ਹਰ ਕਿਸੇ ਕੋਲ਼ ਦੱਸਣ ਲਈ ਇੱਕ ਕਹਾਣੀ ਹੈ।

"ਮੈਨੂੰ ਉਮੀਦ ਹੈ ਕਿ ਮੈਂ ਇੱਕ ਚੰਗੇ ਉਮੀਦਵਾਰ ਨੂੰ ਵੋਟ ਦੇਵਾਂਗਾ ਜੋ ਸੱਚਮੁੱਚ ਸਾਡੀਆਂ ਚਿੰਤਾਵਾਂ ਨੂੰ ਲੈ ਕੇ ਫ਼ਿਕਰਮੰਦ ਹੈ," ਪ੍ਰਕਾਸ਼ ਕਹਿੰਦੇ ਹਨ।

''ਹੁਣ ਤੱਕ ਜੋ ਵੀ ਜਿੱਤਿਆ ਹੈ, ਉਸ ਨਾਲ਼ ਸਾਡਾ ਕੋਈ ਵਿਕਾਸ ਨਹੀਂ ਹੋਇਆ। ਸਾਡੀਆਂ ਮੁਸ਼ਕਲਾਂ ਜੱਸ ਦੀਆਂ ਤੱਸ ਬਣੀ ਰਹੀਆਂ। ਅਸੀਂ ਜਿਹਨੂੰ ਵੀ ਵੋਟ ਦੇਈਏ, ਅਖ਼ੀਰ ਸਾਡੀ ਮਿਹਨਤ ਹੀ ਸਾਡੇ ਕੰਮ ਆਵੇਗੀ, ਨਾ ਕਿ ਜਿੱਤਣ ਵਾਲ਼ਾ ਨੇਤਾ। ਸਾਨੂੰ ਆਪਣੇ ਜੀਵਨ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾ ਕਿ ਕਿਸੇ ਨੇਤਾ ਨੂੰ," ਮੀਰਾ ਕਹਿੰਦੀ ਹਨ।

''ਇਓਂ ਜਾਪਦਾ ਹੈ ਜਿਵੇਂ ਇਹ ਚੋਣਾਂ ਸਾਡੇ ਵਰਗੇ ਵੰਚਿਤ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਪੈ ਰਹੀਆਂ ਹੋਣ,'' ਅਬਾਸਾਹਿਬ ਫ਼ੈਸਲਾਕੁੰਨ ਲਹਿਜੇ ਵਿੱਚ ਕਹਿੰਦੇ ਹਨ। ਦੂਜੇ ਸ਼ਬਦਾਂ ਵਿੱਚ, ਇਸ ਵਾਰ ਦਾਮੂ ਨਗਰ ਦੇ ਲੋਕ ਲੋਕਤੰਤਰ ਨੂੰ ਬਚਾਉਣ ਲਈ ਵੋਟ ਪਾਉਣਗੇ।

ਤਰਜਮਾ: ਕਮਲਜੀਤ ਕੌਰ

Jyoti is a Senior Reporter at the People’s Archive of Rural India; she has previously worked with news channels like ‘Mi Marathi’ and ‘Maharashtra1’.

Other stories by Jyoti

P. Sainath is Founder Editor, People's Archive of Rural India. He has been a rural reporter for decades and is the author of 'Everybody Loves a Good Drought' and 'The Last Heroes: Foot Soldiers of Indian Freedom'.

Other stories by P. Sainath
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur