"ਮੈਂ ਆਪਣੀ ਖੱਬੀ ਅੱਖ ਨਾਲ਼ ਦੇਖ ਨਹੀਂ ਸਕਦੀ। ਤਿੱਖੀ ਰੌਸ਼ਨੀ ਨਾਲ਼ ਤਕਲੀਫ਼ ਹੁੰਦੀ ਹੈ। ਇੰਨੇ ਦਰਦ ਵਿੱਚ ਰਹਿਣਾ ਕਾਫੀ ਤਕਲੀਫ਼ਦੇਹ ਹੈ," ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਬਨਗਾਓਂ ਕਸਬੇ ਦੀ ਇੱਕ ਘਰੇਲੂ ਔਰਤ, ਪ੍ਰਮਿਲਾ ਨਸਕਰ ਕਹਿੰਦੀ ਹਨ। ਚਾਲ਼ੀਵੇਂ ਨੂੰ ਢੁਕਣ ਵਾਲ਼ੀ ਪ੍ਰਮਿਲਾ, ਕੋਲਕਾਤਾ ਦੇ ਰੀਜਨਲ ਇੰਸਟੀਚਿਊਟ ਆਫ਼ ਓਪਥਲਮੋਲੋਜੀ ਦੇ ਹਫ਼ਤਾਵਾਰੀ ਕੋਰਨੀਆ ਕਲੀਨਿਕ ਵਿਖੇ ਸਾਡੇ ਨਾਲ਼ ਬੈਠੀ ਸਨ। ਉਹ ਉੱਥੇ ਇਲਾਜ ਲਈ ਆਈ ਸਨ।
ਮੈਂ ਪ੍ਰਮਿਲਾ ਨਸਕਰ ਦੇ ਦਰਦ ਨੂੰ ਪੂਰੀ ਤਰ੍ਹਾਂ ਸਮਝ ਸਕਦਾ ਸਾਂ। ਇੱਕ ਫੋਟੋਗ੍ਰਾਫਰ ਲਈ, ਇੱਕ ਅੱਖ ਗੁਆਉਣਾ ਬੇਹੱਦ ਡਰਾਉਣਾ ਵਿਚਾਰ ਹੈ। 2007 ਵਿੱਚ, ਮੈਨੂੰ ਕੋਰਨੀਅਲ ਅਲਸਰ ਵੀ ਹੋਇਆ ਸੀ। ਉਸ ਸਮੇਂ ਮੇਰੀ ਖੱਬੀ ਅੱਖ ਦੀ ਨਜ਼ਰ ਜਾਣ ਹੀ ਵਾਲ਼ੀ ਸੀ। ਉਸ ਸਮੇਂ ਮੈਂ ਵਿਦੇਸ਼ ਵਿੱਚ ਸੀ ਅਤੇ ਮੈਨੂੰ ਇਲਾਜ ਲਈ ਭਾਰਤ ਵਾਪਸ ਆਉਣਾ ਪਿਆ। ਆਪਣੀ ਨਜ਼ਰ ਵਾਪਸ ਪਾਉਣ ਲਈ ਡੇਢ ਮਹੀਨੇ ਦੀ ਪ੍ਰਕਿਰਿਆ ਮੇਰੇ ਲਈ ਕਿਸੇ ਤਸੀਹੇ ਤੋਂ ਘੱਟ ਨਾ ਰਹੀ। ਇਸ ਬੀਮਾਰੀ ਤੋਂ ਉਭਰਿਆਂ ਮੈਨੂੰ ਭਾਵੇਂ ਡੇਢ ਦਹਾਕਾ ਹੋ ਗਿਆ ਹੈ, ਪਰ ਮੈਨੂੰ ਅਜੇ ਵੀ ਅੰਨ੍ਹਾ ਹੋਣ ਦਾ ਡਰ ਸਤਾਉਂਦਾ ਰਹਿੰਦਾ ਹੈ। ਮੈਂ ਇਹ ਤੁਸੱਵਰ ਵੀ ਨਹੀਂ ਕਰਨਾ ਚਾਹੁੰਦਾ ਕਿ ਜੇ ਕਦੇ ਇੱਕ ਫੋਟੋਗ੍ਰਾਫ਼ਰ ਆਪਣੀ ਨਿਗਾਹ ਗੁਆ ਬੈਠੇ ਤਾਂ ਉਹਦੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ!
ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੇ ਅਨੁਸਾਰ, ਵਿਸ਼ਵ ਪੱਧਰ 'ਤੇ, "ਘੱਟੋ ਘੱਟ 2.2 ਅਰਬ ਲੋਕਾਂ ਦੀ ਨੇੜੇ ਦੀ ਜਾਂ ਦੂਰ ਦੀ ਨਜ਼ਰ ਕਮਜ਼ੋਰ ਹੈ। ਇਨ੍ਹਾਂ ਵਿੱਚੋਂ ਘੱਟੋ ਘੱਟ 1 ਅਰਬ ਜਾਂ ਦ੍ਰਿਸ਼ਟੀਦੋਸ਼ ਤੋਂ ਪੀੜਤ ਲਗਭਗ ਅੱਧੇ ਲੋਕ ਇਲਾਜ ਦੀਆਂ ਸੁਵਿਧਾਵਾਂ ਤੋਂ ਵਾਂਝੇ ਹਨ ਤੇ ਉਨ੍ਹਾਂ ਦੇ ਰੋਗ ਦਾ ਨਿਵਾਰਣ ਹਾਲੇ ਤੀਕਰ ਨਹੀਂ ਹੋ ਪਾਇਆ ਹੈ..."
ਮੋਤੀਆਬਿੰਦ ਤੋਂ ਬਾਅਦ ਦੁਨੀਆ ਭਰ ਵਿੱਚ ਅੰਨ੍ਹੇਪਣ ਦਾ ਦੂਜਾ ਸਭ ਤੋਂ ਆਮ ਕਾਰਨ ਕੋਰਨੀਅਲ ਬਿਮਾਰੀਆਂ ਹਨ। ਕੋਰਨੀਅਲ ਦ੍ਰਿਸ਼ਟੀਹੀਣਤਾ ਦਾ ਮਹਾਂਮਾਰੀ ਵਿਗਿਆਨ ਕਾਫੀ ਗੁੰਝਲਦਾਰ ਹੈ ਅਤੇ ਇਹਦੇ ਮਗਰ ਕਈ ਤਰ੍ਹਾਂ ਦੀ ਸੋਜਸ਼ ਅਤੇ ਵਾਇਰਲ ਲਾਗਾਂ ਸ਼ਾਮਲ ਹਨ ਜਿਸ ਕਾਰਨ ਕੋਰਨੀਅਲ ਵਿੱਚ ਝਰੀਟ (ਧੱਬੇ) ਪੈਦਾ ਹੋ ਜਾਂਦੀ ਹੈ, ਜੋ ਅਖੀਰ ਅੰਨ੍ਹੇਪਣ ਦਾ ਕਾਰਨ ਬਣਦੀ ਹੈ। ਇੱਕ ਹੋਰ ਗੱਲ ਧਿਆਨਦੇਣ ਯੋਗ ਹੈ ਕਿ ਕੋਰਨੀਆ ਨਾਲ਼ ਸਬੰਧਤ ਬੀਮਾਰੀਆਂ ਅੱਡੋ-ਅੱਡ ਦੇਸ਼ਾਂ ਮੁਤਾਬਕ ਵੱਖੋ-ਵੱਖ ਹੁੰਦੀਆਂ ਹਨ।





















