ਗਨੀ ਸਾਮਾ 37 ਸਾਲਾ ਕੁਦਰਤਵਾਦੀ ਅਤੇ ਨਲ ਸਰੋਵਰ ਝੀਲ ਵਿੱਚ ਇੱਕ ਕਿਸ਼ਤੀ ਚਾਲਕ ਹਨ ਜੋ ਗੁਜਰਾਤ ਦੀ ਪੰਛੀ ਰੱਖ (bird sanctuary)ਵੱਜੋ ਜਾਣੀ ਜਾਂਦੀ ਹੈ। ਅਹਿਮਦਾਬਾਦ ਜ਼ਿਲ੍ਹੇ ਦੀ ਵਿਰਮਗਾਮ ਤਹਿਸੀਲ ਵਿੱਚ 120 ਵਰਗ ਕਿਲੋਮੀਟਰ ਦੇ ਘੇਰੇ ਵਿੱਚ ਫੈਲੀ ਇਹ ਝੀਲ ਆਰਕਟਿਕ ਮਹਾਸਾਗਰ ਤੋਂ ਹਿੰਦ ਮਹਾਸਾਗਰ ਤੱਕ ਮੱਧ ਏਸ਼ੀਆਈ ਫਲਾਈਵੇਅ (Central Asian Flyway) ਰਾਹੀਂ ਆਉਣ ਵਾਲੇ ਬਹੁਤ ਸਾਰੇ ਪ੍ਰਵਾਸੀ ਪੰਛੀਆਂ ਨੂੰ ਆਕਰਸ਼ਿਤ ਕਰਦੀ ਹੈ।
“ਮੈਂ ਪੰਛੀਆਂ ਦੀਆਂ 350 ਤੋਂ ਵੀ ਵੱਧ ਕਿਸਮਾਂ ਨੂੰ ਪਛਾਣ ਸਕਦਾ ਹਾਂ,” ਉਹ ਕਹਿੰਦੇ ਹਨ, ਜਿਸ ਵਿੱਚ ਨਲ ਸਰੋਵਰ ’ਤੇ ਆਉਣ ਵਾਲੀਆਂ ਇਹਨਾਂ ਪ੍ਰਵਾਸੀ ਪੰਛੀਆਂ ਦੀਆਂ ਕਿਸਮਾਂ ਵੀ ਸ਼ਾਮਿਲ ਹਨ। “ਪਹਿਲਾਂ ਇੱਥੇ ਪੰਛੀਆਂ ਦੀਆਂ ਕਰੀਬ 240 ਕਿਸਮਾਂ ਦਿਖਦੀਆਂ ਸਨ, ਪਰ ਹੁਣ ਇਹ ਗਿਣਤੀ 315 ਨੂੰ ਵੀ ਪਾਰ ਕਰ ਚੁੱਕੀ ਹੈ।”
ਗਨੀ ਨੇ ਆਪਣਾ ਬਚਪਨ ਇਸ ਝੀਲ ਦੇ ਆਲੇ-ਦੁਆਲੇ ਹੀ ਬਤੀਤ ਕੀਤਾ ਹੈ। “ਮੇਰੇ ਪਿਤਾ ਅਤੇ ਮੇਰੇ ਦਾਦਾ ਜੀ ਇੰਨ੍ਹਾਂ ਪੰਛੀਆਂ ਦੀ ਸਾਂਭ-ਸੰਭਾਲ ਵਿੱਚ ਜੰਗਲਾਤ ਵਿਭਾਗ ਦੀ ਮਦਦ ਕਰਿਆ ਕਰਦੇ ਸਨ ਅਤੇ ਮੈਂ ਵੀ ਹੁਣ ਇਹੀ ਕਰਦਾ ਹਾਂ,” ਉਹ ਕਹਿੰਦੇ ਹਨ। “1997 ਵਿੱਚ [ਜਦੋਂ] ਮੈਂ ਇਹ ਕੰਮ ਸ਼ੁਰੂ ਕੀਤਾ ਸੀ, ਕਦੇ-ਕਦਾਈਂ ਮੈਨੂੰ ਕੰਮ ਮਿਲ ਜਾਂਦਾ ਸੀ ਅਤੇ ਕਦੇ-ਕਦੇ ਕੁਝ ਵੀ ਨਹੀਂ,” ਉਹ ਯਾਦ ਕਰਦੇ ਹਨ।
ਹਾਲਾਤ ਉਦੋਂ ਬਦਲੇ, ਜਦੋਂ 2004 ਵਿੱਚ ਜੰਗਲਾਤ ਵਿਭਾਗ ਨੇ ਪੰਛੀਆਂ ਦੀ ਸਾਂਭ-ਸੰਭਾਲ ਅਤੇ ਗਸ਼ਤ ਲਈ ਉਹਨਾਂ ਨੂੰ ਕਿਸ਼ਤੀ ਚਾਲਕ ਵਜੋਂ ਨੌਕਰੀ ’ਤੇ ਰੱਖ ਲਿਆ ਅਤੇ, “ਹੁਣ ਮੈਂ ਮਹੀਨੇ ਦੇ 19,000 ਰੁਪਏ ਦੇ ਲਗਭਗ ਕਮਾ ਲੈਂਦਾ ਹੈ।”










