"ਹੁਣੇ ਹੁਣੇ ਮੈਂ ਓਰੀਐਂਟਲ ਸ਼ਮਾ ਪੰਛੀ ਦੀ ਕੂਕ ਸੁਣੀ।"
ਮੀਕਾਹ ਰਾਈ ਉਤਸਾਹਤ ਹਨ। ਉਹ ਉਹਦੀ ਕੂਕ ਨੂੰ ਚਹਿਕਣ ਦੀ ਮਧੁਰ ਲੜੀ ਦੇ ਹਿੱਸੇ ਵਜੋਂ ਦੱਸਦੇ ਹਨ।
ਇਸ ਕਾਲ਼ੇ, ਚਿੱਟੇ ਅਤੇ ਪੀਲੇ ਛੋਟੇ-ਛੋਟੇ ਖੰਭਾਂ ਵਾਲ਼ੇ ਜੀਵ ਬਾਰੇ ਉਨ੍ਹਾਂ ਦਾਇਹ ਉਤਸਾਹ ਛੇਤੀ ਹੀਚਿੰਤਾ ਨਾਲ਼ ਭਰ ਗਿਆ। "ਇਹ ਪੰਛੀ ਆਮ ਤੌਰ 'ਤੇ [900 ਮੀਟਰ] ਹੇਠਾਂ ਦੇਖਿਆ ਜਾਂਦਾ ਹੈ, ਪਰ ਪਿਛਲੇ ਕੁਝ ਸਮੇਂ ਤੋਂ, ਮੈਂ ਇਹਦੀ ਕੂਕ ਇੱਥੇ (2,000 ਮੀਟਰ) ਜਿਹੇ ਸੁਣ ਰਿਹਾ ਹਾਂ," 30 ਸਾਲਾ ਫੀਲਡ ਵਰਕਰ ਕਹਿੰਦੇ ਹਨ, ਜੋ ਪਿਛਲੇ 10 ਸਾਲਾਂ ਤੋਂ ਅਰੁਣਾਚਲ ਪ੍ਰਦੇਸ਼ ਵਿੱਚ ਈਗਲਨੇਸਟ ਵਾਈਲਡਲਾਈਫ ਸੈਂਚੁਰੀ ਦੇ ਪੰਛੀਆਂ ਦਾ ਨਿਰੀਖਣ ਕਰਦੇ ਰਹੇ ਹਨ।
ਮੀਕਾਹ ਇੱਥੋਂ ਦੇ ਰਹਿਣ ਵਾਲ਼ੇ ਹਨ ਅਤੇ ਵਿਗਿਆਨੀਆਂ, ਖੋਜਾਰਥੀਆਂ ਅਤੇ ਫੀਲਡ ਵਰਕਰਾਂ ਦੀ ਉਸ ਟੀਮ ਦਾ ਹਿੱਸਾ ਹਨ ਜੋ ਪਿਛਲੇ 10 ਸਾਲਾਂ ਤੋਂ ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਕਾਮੇਂਗ ਜ਼ਿਲ੍ਹੇ ਦੇ ਗਰਮ ਪਹਾੜੀ ਖੇਤਰ ਦੇ ਜੰਗਲਾਂ ਵਿੱਚ ਪਾਏ ਜਾਣ ਵਾਲ਼ੇ ਪੰਛੀਆਂ ਦੀਆਂ ਪ੍ਰਜਾਤੀਆਂ ਦਾ ਅਧਿਐਨ ਕਰ ਰਹੇ ਹਨ।
ਆਪਣੇ ਹੱਥ ਵਿੱਚ ਗੂੜ੍ਹਾ ਨੀਲਾ, ਕਾਲ਼ਾ ਤੇ ਧਾਰੀਦਾਰ ਪੰਛੀ ਫੜ੍ਹੀ ਡਾਕਟਰ ਉਮੇਸ਼ ਸ਼੍ਰੀਨਿਵਾਸਨ ਕਹਿੰਦੇ ਹਨ,''ਇਹ ਚਿੱਟੀ ਪੂਛ ਵਾਲ਼ਾ ਰੌਬਿਨ ਪੰਛੀ ਹੈ। ਇਹਦੀ ਉਡਾਰੀ ਵੱਧ ਤੋਂ ਵੱਧ 1800 ਮੀਟਰ ਰਹੀ ਹੈ, ਪਰ ਪਿਛਲੇ ਤਿੰਨ-ਚਾਰ ਸਾਲਾਂ ਤੋਂ ਇਹ ਪੰਛੀ 2000 ਮੀਟਰ ਤੋਂ ਉੱਚੇ ਦੇਖੇ ਜਾ ਰਹੇ ਹਨ।"
ਅਰੁਣਾਚਲ ਪ੍ਰਦੇਸ਼ ਵਿਖੇ ਟੀਮ ਦੇ ਮੁਖੀ ਸ੍ਰੀਨਿਵਾਸਨ, ਪੰਛੀ ਵਿਗਿਆਨੀ ਅਤੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ (ਆਈਆਈਐਸਸੀ) ਬੰਗਲੌਰ ਵਿਖੇ ਪ੍ਰੋਫੈਸਰ ਹਨ। ਉਹ ਕਹਿੰਦੇ ਹਨ, "ਪਿਛਲੇ 12 ਸਾਲਾਂ ਤੋਂ ਹਿਮਾਲਿਆ ਦੀਆਂ ਪਹਾੜੀਆਂ ਵਿੱਚ ਰਹਿਣ ਵਾਲ਼ੇ ਇਨ੍ਹਾਂ ਪੰਛੀਆਂ ਨੇ ਆਪਣੇ ਨਿਵਾਸ ਸਥਾਨਾਂ ਨੂੰ ਬਦਲ ਲਿਆ ਹੈ ਅਤੇ ਵੱਖ-ਵੱਖ ਉਚਾਈਆਂ 'ਤੇ ਰਹਿਣ ਲੱਗੇ ਹਨ।"






























