ਲੱਦਾਖ ਦੀ ਸੁਰੂ ਘਾਟੀ ਵਿਖੇ ਵੱਸੇ ਪਿੰਡ ਗਰਮੀਆਂ ਦੇ ਮਹੀਨਿਆਂ ਵਿੱਚ ਇੱਕ ਵਾਰ ਦੋਬਾਰਾ ਜਿਊ ਉੱਠਦੇ ਹਨ। ਹਰੇ-ਭਰੇ ਲਹਿਰਾਉਂਦੇ ਖੇਤਾਂ ਤੇ ਘਾਹ ਦੇ ਮੈਦਾਨਾਂ ਦੇ ਵਿਚਾਲਿਓਂ ਵਹਿੰਦੇ ਪਹਾੜੀ ਝਰਨਿਆਂ ਦੀ ਅਵਾਜ਼ ਵਿੱਚੋਂ ਪੈਦਾ ਹੁੰਦਾ ਸੰਗੀਤ ਜਿਹਦੀ ਧੁਨ ‘ਤੇ ਮੈਦਾਨੀਂ ਉੱਗੇ ਜੰਗਲੀ ਫੁੱਲ ਝੂਮ ਉੱਠਦੇ ਹਨ ਅਤੇ ਬਰਫ਼-ਲੱਦੀਆਂ ਟੀਸੀਆਂ ਹੋਰ ਖ਼ੂਬਸੂਰਤ ਹੋ ਉੱਠਦੀਆਂ ਹਨ। ਦਿਨ ਵੇਲ਼ੇ ਨੀਲਾ ਨੀਲਾ ਅਕਾਸ਼ ਅਤੇ ਰਾਤ ਵੇਲ਼ੇ ਅਕਾਸ਼ ਗੰਗਾ ਦਾ ਨਜ਼ਾਰਾ ਇਨਸਾਨ ਨੂੰ ਮੰਤਰ-ਮੁਗਧ ਕਰਨ ਵਾਲ਼ਾ ਹੁੰਦਾ ਹੈ।
ਕਾਰਗਿਲ ਜ਼ਿਲ੍ਹੇ ਦੀ ਇਸ ਘਾਟੀ ਦੇ ਬੱਚੇ ਚੁਗਿਰਦੇ ਨਾਲ਼ ਆਪਣਾ ਸੰਵੇਦਨਸ਼ੀਲ ਰਿਸ਼ਤਾ ਸਾਂਝਾ ਕਰਦੇ ਹਨ। ਤਾਈ ਸੁਰੂ ਪਿੰਡ ਵਿਖੇ, ਜਿੱਥੇ 2021 ਵਿੱਚ ਇਹ ਤਸਵੀਰਾਂ ਲਈਆਂ ਗਈਆਂ ਸਨ, ਕੁੜੀਆਂ ਛਾਲ਼ਾਂ ਮਾਰ ਮਾਰ ਕੇ ਵੱਡੀਆਂ-ਛੋਟੀਆਂ ਚੱਟਾਨਾਂ ‘ਤੇ ਜਾ ਚੜ੍ਹਦੀਆਂ, ਗਰਮੀਆਂ ਵੇਲ਼ੇ ਫੁੱਲ ਚੁੱਗਦੀਆਂ ਅਤੇ ਸਿਆਲ ਰੁੱਤੇ ਬਰਫ਼ ਵਟੋਰਦੀਆਂ ਅਤੇ ਟਪੂਸੀ ਮਾਰ ਝਰਨਿਆਂ ਵਿੱਚ ਜਾ ਵੜ੍ਹਦੀਆਂ ਹਨ। ਗਰਮੀਆਂ ਵਿੱਚ ਪੂਰਾ ਪੂਰਾ ਦਿਨ ਜੌਂ ਦੇ ਖੇਤਾਂ ਵਿੱਚ ਖੇਡਦੇ ਰਹਿਣਾ ਉਨ੍ਹਾਂ ਦਾ ਪਸੰਦੀਦਾ ਕੰਮ ਹੈ।
ਕਾਰਗਿਲ ਇੱਕ ਬੀਹੜ ਇਲਾਕਾ ਹੈ ਅਤੇ ਕੇਂਦਰ ਸ਼ਾਸਤ ਪ੍ਰਦੇਸ਼, ਲੱਦਾਖ ਦੇ ਇਕਲੌਤੇ ਸੈਰ-ਸਪਾਟੇ ਲਈ ਮੰਨੇ-ਪ੍ਰਮੰਨੇ ਜ਼ਿਲ੍ਹੇ ਲੇਹ ਤੋਂ ਕਾਫ਼ੀ ਦੂਰੀ ‘ਤੇ ਸਥਿਤ ਹੈ।
ਆਮ ਤੌਰ ‘ਤੇ ਬੜੇ ਲੋਕਾਂ ਨੂੰ ਇੰਝ ਲੱਗਦਾ ਹੈ ਕਿ ਕਾਰਗਿਲ ਕਸ਼ਮੀਰ ਘਾਟੀ ਵਿਖੇ ਪੈਂਦਾ ਹੈ, ਪਰ ਇੰਝ ਨਹੀਂ ਹੈ। ਕਸ਼ਮੀਰ ਤੋਂ ਉਲਟ ਜਿੱਥੇ ਸੁੰਨੀ ਮੁਸਲਮਾਨਾਂ ਦੀ ਗਿਣਤੀ ਵੱਧ ਹੈ, ਉੱਥੇ ਹੀ ਕਾਰਗਿਲ ਵਿੱਚ ਰਹਿਣ ਵਾਲ਼ੇ ਲੋਕਾਂ ਵਿੱਚ ਸ਼ਿਆ ਮੁਸਲਮਾਨਾਂ ਦੀ ਗਿਣਤੀ ਵੱਧ ਹੈ।
ਸੁਰੂ ਘਾਟੀ ਦੇ ਸ਼ਿਆ ਮੁਸਲਮਾਨ ਤਾਈ ਸੁਰੂ ਨੂੰ ਪਵਿੱਤਰ ਮੰਨਦੇ ਹਨ, ਜੋ ਕਾਰਗਿਲ ਸ਼ਹਿਰ ਤੋਂ ਕੋਈ 70 ਕਿਲੋਮੀਟਰ ਦੱਖਣ ਵਿੱਚ ਸਥਿਤ ਹੈ ਅਤੇ ਇੱਕ ਮਹੱਤਪੂਰਨ ਧਾਰਮਿਕ ਕੇਂਦਰ ਹੈ। ਇੱਥੋਂ ਦੇ ਲੋਕਾਂ ਲਈ ਇਸਲਾਮਿਕ ਨਵੇਂ-ਵਰ੍ਹੇ ਦਾ ਪਹਿਲਾ ਮਹੀਨਾ-ਮੁਰੱਹਮ-ਇਮਾਮ ਹੁਸੈਨ (ਪੈਗੰਬਰ ਮੁਹੰਮਦ ਦੇ ਪੋਤੇ) ਦੀ ਕੁਰਬਾਨੀ ਕਾਰਨ ਡੂੰਘੇ ਸ਼ੋਕ ਦਾ ਸਮਾਂ ਮੰਨਿਆ ਜਾਂਦਾ ਹੈ। ਅਕਤੂਬਰ 620 ਈਸਵੀ ਵਿੱਚ ਕਰਬਲਾ (ਹੁਣ ਦਾ ਇਰਾਕ) ਵਿੱਚ ਹੋਈ ਜੰਗ ਦੌਰਾਨ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ 72 ਸਾਥੀਆਂ ਨੂੰ ਕਤਲ ਕਰ ਦਿੱਤਾ ਗਿਆ ਸੀ।
ਮਰਦ ਅਤੇ ਔਰਤਾਂ ਦੋਵੇਂ ਹੀ ਮੁਰੱਹਮ ਦੇ ਸਾਰੇ ਰੀਤੀ-ਰਿਵਾਜਾਂ ਵਿੱਚ ਹਿੱਸਾ ਲੈਂਦੇ ਹਨ। ਕਈ ਦਿਨਾਂ ਤੱਕ ਜਲੂਸ ਜਾਂ ਦਸਤੇ ਕੱਢੇ ਜਾਂਦੇ ਹਨ। ਸਭ ਤੋਂ ਵੱਡਾ ਜਲੂਸ ਅਸ਼ੂਰਾ-ਮੁਰੱਹਮ ਦੇ ਦਸਵੇਂ ਦਿਨ ਕੱਢਿਆ ਜਾਂਦਾ ਹੈ-ਜਦੋਂ ਹੁਸੈਨ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕਰਬਲਾ ਵਿਖੇ ਹੋਏ ਸਮੂਹਿਕ ਨਰਸੰਹਾਰ (ਕਤਲੋਗਾਰਤ) ਵਿੱਚ ਮਾਰ ਮੁਕਾਇਆ ਗਿਆ ਸੀ। ਉਸ ਦਿਨ ਕਈ ਲੋਕ ਖ਼ੁਦ ਨੂੰ ਕੋੜੇ ਮਾਰਨ (ਕਾਮਾ ਜ਼ਾਨੀ) ਦੇ ਰਿਵਾਜ਼ ਤਹਿਤ ਆਪਣੀ ਹੀ ਪਿੱਠਾਂ ਨੂੰ ਜੰਜ਼ੀਰਾਂ ਅਤੇ ਤਿੱਖੇ ਹਥਿਆਰਾਂ ਨਾਲ਼ ਲਹੂ-ਲੁਹਾਨ ਕਰ ਸੁੱਟਦੇ ਹਨ ਅਤੇ ਆਪਣੀਆਂ ਛਾਤੀਆਂ (ਸੀਨਾ ਜ਼ਾਨੀ) ਪਿੱਟਦੇ ਹਨ।


























