''ਨਹੀਂ, ਕਰਫ਼ਿਊ ਸਾਡੇ ਲਈ ਨਹੀਂ ਹੈ। ਅਸੀਂ ਇੱਕ ਦਿਨ ਦੀ ਵੀ ਛੁੱਟੀ ਨਹੀਂ ਲੈ ਸਕਦੇ। ਆਖ਼ਰ ਲੋਕਾਂ ਦਾ ਸੁਰੱਖਿਅਤ ਰਹਿਣ ਵੀ ਤਾਂ ਜ਼ਰੂਰੀ ਹੈ ਅਤੇ ਉਹਦੇ ਵਾਸਤੇ ਸਾਨੂੰ ਸ਼ਹਿਰ ਸਾਫ਼ ਕਰਦੇ ਰਹਿਣਾ ਹੋਵੇਗਾ,'' ਚੇਨੱਈ ਦੇ ਥਾਊਜ਼ੈਂਡ ਲਾਈਟਸ ਇਲਾਕੇ ਵਿੱਚ ਕੰਮ ਕਰਨ ਵਾਲ਼ੀ ਇੱਕ ਸਫ਼ਾਈ ਕਰਮੀ, ਦੀਪਿਕਾ ਕਹਿੰਦੀ ਹਨ।
22 ਮਾਰਚ ਨੂੰ 'ਜਨਤਾ ਕਰਫ਼ਿਊ' ਦੌਰਾਨ ਲਗਭਗ ਪੂਰਾ ਦੇਸ਼ ਆਪੋ-ਆਪਣੇ ਘਰਾਂ ਵਿੱਚ ਸੀ- ਸਿਰਫ਼ ਸ਼ਾਮ ਦੇ 5 ਵਜੇ ਨੂੰ ਛੱਡ ਕੇ ਜਦੋਂ ਸਿਹਤ ਕਰਮੀਆਂ ਦੇ ਪ੍ਰਤੀ 'ਸ਼ੁਕਰਗੁਜ਼ਾਰੀ' ਪ੍ਰਗਟ ਕਰਨ ਲਈ ਭੀੜ ਇਕੱਠੀ ਹੋ ਗਈ ਸੀ। ਸਫ਼ਾਈ ਕਰਮੀ, ਜੋ ਉਨ੍ਹਾਂ ਲੋਕਾਂ ਵਿੱਚੋਂ ਸਨ ਜਿਨ੍ਹਾਂ ਲਈ ਇਹ ਸ਼ੁਕਰਗੁਜ਼ਾਰੀ ਦੀ ਵਰਖਾ ਹੋ ਰਹੀ ਸੀ, ਪੂਰਾ ਦਿਨ ਸ਼ਹਿਰ ਦੀ ਸਾਫ਼-ਸਫ਼ਾਈ ਵਿੱਚ ਲੱਗੇ ਹੋਏ ਸਨ। ''ਸਾਡੀਆਂ ਸੇਵਾਵਾਂ ਦੀ ਪਹਿਲਾਂ ਤੋਂ ਹੀ ਕਿਤੇ ਵੱਧ ਲੋੜ ਹੈ,'' ਦੀਪਿਕਾ ਕਹਿੰਦੀ ਹਨ। ''ਅਸੀਂ ਇਨ੍ਹਾਂ ਗਲ਼ੀਆਂ ਵਿੱਚੋਂ ਵਾਇਰਸ ਨੂੰ ਹੂੰਝ ਸੁੱਟਣਾ ਹੈ।''
ਹਰ ਦਿਨ ਵਾਂਗ, ਦੀਪਿਕਾ ਅਤੇ ਉਨ੍ਹਾਂ ਜਿਹੇ ਹੋਰ ਸਫ਼ਾਈ ਕਰਮੀ ਬਗ਼ੈਰ ਕਿਸੇ ਸੁਰੱਖਿਆ ਉਪਕਰਣਾਂ ਦੇ ਸੜਕਾਂ ਦੀ ਸਫ਼ਾਈ ਕਰ ਰਹੇ ਸਨ। ਪਰ ਜ਼ਿਆਦਾਤਰ ਦਿਨਾਂ ਤੋਂ ਉਲਟ, ਚੀਜ਼ਾਂ ਬਦ ਤੋਂ ਬਦਤਰ ਹੁੰਦੀਆਂ ਚਲ਼ੀਆਂ ਗਈਆਂ। ਰਾਸ਼ਟਰ-ਵਿਆਪੀ ਤਾਲਾਬੰਦੀ ਹੋਣ ਕਾਰਨ ਕਰਕੇ, ਕਈ ਕਰਮਚਾਰੀਆਂ ਨੂੰ ਕੰਮ 'ਤੇ ਅਪੜਨ ਲਈ ਉਨ੍ਹਾਂ ਵਾਹਨਾਂ 'ਤੇ ਚੜ੍ਹ ਕੇ ਜਾਣਾ ਪਿਆ ਜਿਨ੍ਹਾਂ ਵਿੱਚ ਕੂੜਾ ਲਿਜਾਇਆ ਜਾਂਦਾ ਹੈ। ਕਈ ਲੋਕ ਕਿੰਨੇ ਕਿੰਨੇ ਕਿਲੋਮੀਟਰ ਪੈਦਲ ਤੁਰ ਕੇ ਕੰਮ 'ਤੇ ਪਹੁੰਚੇ। ''22 ਮਾਰਚ ਨੂੰ ਮੈਨੂੰ ਬਾਕੀ ਦਿਨਾਂ ਦੇ ਮੁਕਾਬਲੇ ਜ਼ਿਆਦਾ ਸੜਕਾਂ ਸਾਫ਼ ਕਰਨੀਆਂ ਪਈਆਂ ਕਿਉਂਕਿ ਮੇਰੇ ਦੂਰੋਂ ਆਉਣ ਵਾਲ਼ੇ ਕਈ ਸਹਿਯੋਗੀ, ਪਹੁੰਚ ਨਹੀਂ ਪਾਏ,'' ਦੀਪਿਕਾ ਕਹਿੰਦੀ ਹਨ।
ਇਨ੍ਹਾਂ ਤਸਵੀਰਾਂ ਵਿੱਚ ਦਿਖਾਈਆਂ ਗਈਆਂ ਜ਼ਿਆਦਾਤਰ ਔਰਤਾਂ ਮੱਧ ਅਤੇ ਦੱਖਣੀ ਚੇਨੱਈ ਦੇ ਇਲਾਕੇ ਜਿਹੇ ਥਾਊਜ਼ੈਂਡ ਲਾਈਟਸ ਅਤੇ ਓਲਵਰਪੇਟ ਅਤੇ ਅੰਨਾ ਸਲਾਈ ਦੇ ਇੱਕ ਹਿੱਸੇ, ਵਿੱਚ ਕੰਮ ਕਰਦੀਆਂ ਹਨ। ਔਰਤਾਂ ਨੂੰ ਆਪਣੇ ਘਰੋਂ, ਜੋ ਉੱਤਰੀ ਚੇਨੱਈ ਵਿੱਚ ਸਥਿਤ ਹਨ, ਇੱਥੇ ਅਪੜ ਲਈ ਸਫ਼ਰ ਕਰਨਾ ਪੈਂਦਾ ਹੈ।
ਇਨ੍ਹਾਂ ਲੋਕਾਂ ਨੂੰ ਅੱਜਕੱਲ੍ਹ ਅਜੀਬ ਤਰ੍ਹਾਂ ਦੀ ਸ਼ੁਕਰਗੁਜ਼ਾਰੀ ਮਿਲ਼ ਰਹੀ ਹੈ। ਕਰਮਚਾਰੀਆਂ ਦਾ ਦੋਸ਼ ਹੈ ਕਿ 24 ਮਾਰਚ ਨੂੰ ਤਾਲਾਬੰਦੀ ਦਾ ਐਲਾਨ ਹੋਣ ਤੋਂ ਬਾਅਦ ਤੋਂ ਹੀ, ਇਹ ਲੋਕ ਛੁੱਟੀ 'ਤੇ ਜਾਣ ਦਾ ਖ਼ਤਰਾ ਮੁੱਲ ਨਹੀਂ ਲੈ ਸਕਦੇ। ''ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਜੇ ਉਹ ਗ਼ੈਰ-ਹਾਜ਼ਰ ਹੁੰਦੇ ਹਨ ਤਾਂ ਉਨ੍ਹਾਂ ਦੀ ਨੌਕਰੀ ਚਲੀ ਜਾਵੇਗੀ,'' ਸੀਟੂ ਨਾਲ਼ ਜੁੜੇ ਚੇਨੱਈ ਕਾਰਪੋਰੇਸ਼ਨ ਰੈਡ ਫ਼ਲੈਗ ਯੂਨੀਅਨ ਦੇ ਮਹਾਂਸਕੱਤਰ, ਬੀ. ਸ਼੍ਰੀਨਿਵਾਸੁਲੂ ਕਹਿੰਦੇ ਹਨ। ਸ਼੍ਰੀਨਿਵਾਸੁਲੂ ਦੱਸਦੇ ਹਨ ਕਿ ਹਾਲਾਂਕਿ ਆਉਣ-ਜਾਣ ਲਈ ਬੱਸਾਂ ਚਲਾਈਆਂ ਗਈਆਂ ਹਨ, ਪਰ ਉਹ ਕਾਫ਼ੀ ਨਹੀਂ ਹਨ ਅਤੇ ਅਕਸਰ ਦੇਰੀ ਨਾਲ਼ ਚੱਲਦੀਆਂ ਹਨ। ਇਹਦੇ ਕਾਰਨ ਕਰਕੇ ਕਰਮੀ ਆਵਾਗਮਨ ਵਾਸਤੇ ਕੂੜੇ ਦੀਆਂ ਲਾਰੀਆਂ ਦਾ ਇਸਤੇਮਾਲ ਕਰਨ ਲਈ ਮਜ਼ਬੂਰ ਹਨ। ਇੱਥੋਂ ਦੇ ਸਫ਼ਾਈ ਕਰਮੀ ਹਰ ਮਹੀਨੇ 9000 ਰੁਪਏ ਤੱਕ ਕਮਾਉਂਦੇ ਹਨ, ਚੰਗੇ-ਭਲ਼ੇ ਦਿਨਾਂ ਵਿੱਚ ਵੀ ਆਉਣ-ਜਾਣ ਲਈ ਉਨ੍ਹਾਂ ਨੂੰ ਰੋਜ਼ਾਨਾ 60 ਰੁਪਏ ਖ਼ਰਚ ਕਰਨੇ ਪੈਂਦੇ ਹਨ। ਕਰਫਿਊ ਅਤੇ ਤਾਲਾਬੰਦੀ ਦੌਰਾਨ, ਜੋ ਲੋਕ ਸਰਕਾਰੀ ਬੱਸਾਂ ਅਤੇ ਨਿਗਮ ਦੁਆਰਾ ਚਲਾਏ ਗਏ ਵਾਹਨਾਂ ਵਿੱਚ ਸਫ਼ਰ ਨਹੀਂ ਕਰ ਪਾਉਂਦੇ, ਉਨ੍ਹਾਂ ਨੂੰ ਪੂਰੀ ਵਾਟ ਪੈਦਲ ਹੀ ਤੈਅ ਕਰਨੀ ਪੈਂਦੀ ਹੈ।
![](/media/images/02-_SR07306-PK-Sanitation_workers__the_wages_.width-1440.jpg)
' ਲੋਕਾਂ ਦਾ ਸੁਰੱਖਿਅਤ ਰਹਿਣਾ ਜ਼ਰੂਰੀ ਹੈ- ਅਤੇ ਉਹਦੇ ਲਈ ਸਾਨੂੰ ਸ਼ਹਿਰ ਨੂੰ ਸਾਫ਼ ਕਰਦੇ ਰਹਿਣਾ ਹੋਵੇਗਾ ' , ਚੇਨੱਈ ਦੇ ਥਾਊਜੈਂਡ ਲਾਈਟਸ ਇਲਾਕੇ ਵਿੱਚ ਕੰਮ ਕਰਨ ਵਾਲ਼ੀ ਇੱਕ ਸਫ਼ਾਈ ਕਰਮੀ, ਦੀਪਿਕਾ ਕਹਿੰਦੀ ਹਨ
''ਐਨ ਹੁਣੇ ਹੀ ਚੇਨੱਈ ਨਗਰ ਨਿਗਮ ਨੇ ਉਨ੍ਹਾਂ ਨੂੰ ਸੁਰੱਖਿਆ ਉਪਕਰਣ ਦੇਣੇ ਸ਼ੁਰੂ ਕੀਤੇ ਹਨ, ਪਰ ਉਪਕਰਣ ਵੀ ਚੰਗੀ ਕੁਆਲਿਟੀ ਦੇ ਨਹੀਂ। ਉਨ੍ਹਾਂ ਨੂੰ ਇੱਕ ਵਾਰ ਪ੍ਰਯੋਗ ਕਰਕੇ ਸੁੱਟਣ ਵਾਲ਼ੇ ਮਾਸਕ ਦਿੱਤੇ ਗਏ ਸਨ, ਪਰ ਉਨ੍ਹਾਂ ਨੂੰ ਇਹ ਮਾਸਕ ਦੋਬਾਰਾ ਦੋਬਾਰਾ ਵਰਤਣੇ ਪੈਂਦੇ ਹਨ। ਕੁਝ ਮਲੇਰੀਆ ਦੇ ਕੰਮ ਲਈ ਤਾਇਨਾਤ ਕਰਮਚਾਰੀ (ਜੋ ਮੱਛਰਾਂ ਨੂੰ ਭਜਾਉਣ ਲਈ ਧੂੰਆਂ ਛੱਡਣ ਦਾ ਕੰਮ ਕਰਦੇ ਹਨ)- ਸਿਰਫ਼ ਉਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ- ਕੁਝ ਸੁਰੱਖਿਆ ਕਵਰ ਦਿੱਤੇ ਗਏ ਹਨ, ਪਰ ਉਨ੍ਹਾਂ ਕੋਲ਼ ਨਾ ਤਾਂ ਜੁੱਤੇ ਹਨ ਅਤੇ ਨਾ ਹੀ ਗੁਣਵੱਤਾਪੂਰਣ ਦਸਤਾਨੇ,'' ਸ਼੍ਰੀਨਿਵਾਸੁਲੂ ਕਹਿੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਕਰੋਨਾ ਵਾਇਰਸ ਦੇ ਖ਼ਿਲਾਫ਼ ਮੁਹਿੰਮ ਵਿੱਢਣ ਲਈ, ਨਿਗਮ ਨੇ, ਹਰ ਜ਼ੋਨ ਦੇ ਹਿਸਾਬ ਨਾਲ਼, ਕੁਝ ਵਾਧੂ ਰੁਪਿਆਂ ਦੀ ਮਨਜ਼ੂਰੀ ਦਿੱਤੀ ਹੈ। ਪਰ ਜ਼ਮੀਨੀ ਹਕੀਕਤ ਵਿੱਚ ਤਬਦੀਲੀ ਹੁੰਦੇ ਹੁੰਦੇ ਕੁਝ ਸਮਾਂ ਲੱਗ ਸਕਦਾ ਹੈ।
ਖ਼ਾਲੀ, ਅਸਧਾਰਣ ਰੂਪ ਨਾਲ਼ ਸ਼ਾਂਤ ਗਲ਼ੀਆਂ ਅਤੇ ਕੱਸ ਕੇ ਬੰਦ ਕੀਤੇ ਗਏ ਬੂਹਿਆਂ ਅਤੇ ਖਿੜਕੀਆਂ, ਇਨ੍ਹੀਂ ਦਿਨੀਂ ਸਫ਼ਾਈ ਕਰਮੀਆਂ ਲਈ ਕਿਸੇ ਵੀ ਰਿਹਾਇਸ਼ੀ ਇਲਾਕੇ ਵਿੱਚ ਇੱਕ ਆਵਰਤੀ ਦ੍ਰਿਸ਼ ਹਨ। ''ਪਰ ਸਾਨੂੰ ਧੁੱਪ ਵਿੱਚ ਮਿਹਨਤ ਕਰਨੀ ਪੈਂਦੀ ਹੈ ਤਾਂਕਿ ਉਨ੍ਹਾਂ ਦੇ ਬੱਚੇ ਵਾਇਰਸ ਤੋਂ ਮੁਕਤ ਰਹਿਣ। ਸਾਡੇ ਬੱਚਿਆਂ ਦੀ ਅਤੇ ਉਨ੍ਹਾਂ ਦੀ ਸੁਰੱਖਿਆ ਦੀ ਚਿੰਤਾ ਹੀ ਕਿਹਨੂੰ ਹੈ?'' ਉਨ੍ਹਾਂ ਵਿੱਚੋਂ ਕੋਈ ਇੱਕ ਸਵਾਲ ਪੁੱਛਦਾ ਹੈ। ਜਿੱਥੇ ਕਰਫ਼ਿਊ ਤੋਂ ਬਾਅਦ ਸੜਕਾਂ 'ਤੇ ਕੂੜਾ ਕੁਝ ਘੱਟ ਗਿਆ ਹੈ ਉੱਥੇ ਘਰਾਂ ਵਿੱਚੋਂ ਆਉਣ ਵਾਲ਼ਾ ਕੂੜਾ ਵੱਧ ਗਿਆ ਹੈ। ''ਇਸ ਹਾਲਤ ਵਿੱਚ ਸਾਡੇ ਕਰਮਚਾਰੀ ਕੁਦਰਤੀ ਰੂਪ ਨਾਲ਼ ਗਲ਼ਣਸ਼ੀਲ ਕੂੜੇ ਨੂੰ ਗ਼ੈਰ-ਗਲ਼ਣਸ਼ੀਲ ਕੂੜੇ ਨਾਲ਼ੋਂ ਵੱਖ ਕਰ ਸਕਣ ਵਿੱਚ ਅਸਮਰੱਥ ਹਨ। ਅਸੀਂ ਇਹਨੂੰ ਅਸਥਾਈ ਤੌਰ 'ਤੇ ਰੋਕਣ ਲਈ ਨਿਗਮ ਕੋਲ਼ ਬੇਨਤੀ ਕੀਤੀ ਹੈ,'' ਸ਼੍ਰੀਨਿਵਾਸੁਲੂ ਕਹਿੰਦੇ ਹਨ। ਇਸ ਤਾਲਾਬੰਦੀ ਦੇ ਦੌਰਾਨ ਸਫ਼ਾਈ ਕਰਮੀਆਂ ਨੂੰ ਪੀਣ ਦਾ ਪਾਣੀ ਤੱਕ ਮਿਲ਼ਣ ਵਿੱਚ ਔਖਿਆਈ ਹੋ ਰਹੀ ਹੈ, ਇਸ ਗੱਲ ਵੱਲ਼ ਇਸ਼ਾਰਾ ਕਰਦਿਆਂ ਸ਼੍ਰੀਨਿਵਾਸੁਲੂ ਕਹਿੰਦੇ ਹਨ,''ਪਹਿਲਾਂ, ਜਿਨ੍ਹਾਂ ਕਲੌਨੀਆਂ ਵਿੱਚ ਉਹ ਕੰਮ ਕਰਦੇ ਸਨ ਉੱਥੇ ਰਹਿਣ ਵਾਲ਼ੇ ਲੋਕ ਉਨ੍ਹਾਂ ਨੂੰ ਪੀਣ ਲਈ ਪਾਣੀ ਦੇ ਦਿੰਦੇ ਸਨ। ਪਰ ਹੁਣ ਕੋਈ ਕਰਮਚਾਰੀ ਦੱਸਦੇ ਹਨ ਕਿ ਉਨ੍ਹਾਂ ਨੂੰ ਪਾਣੀ ਤੱਕ ਦੇਣ ਤੋਂ ਮਨ੍ਹਾ ਕਰ ਦਿੱਤਾ ਜਾਂਦਾ ਹੈ।''
ਸ਼੍ਰੀਨਿਵਾਸੁਲੂ ਦੱਸਦੇ ਹਨ ਕਿ ਤਮਿਲਨਾਡੂ ਵਿੱਚ ਕਰੀਬ 2 ਲੱਖ ਸਫ਼ਾਈ ਕਰਮੀ ਹਨ। ਚੇਨੱਈ ਵਿੱਚ ਹੀ ਕਰੀਬ 7,000 ਕੁੱਲਵਕਤੀ ਕਰਮੀ ਹਨ, ਪਰ ਫਿਰ ਵੀ ਇਹ ਸੰਖਿਆ ਕਾਫ਼ੀ ਘੱਟ ਹੈ। ''ਕੀ ਤੁਹਾਨੂੰ 2015 ਦਾ ਹੜ੍ਹ ਅਤੇ ਉਹਦੇ ਅਗਲੇ ਹੀ ਸਾਲ ਆਇਆ ਵਰਦਾ ਚੱਕਰਵਾਤ ਚੇਤੇ ਹੈ? 13 ਜ਼ਿਲ੍ਹਿਆਂ ਦੇ ਕਰਮੀਆਂ ਨੂੰ ਚੇਨੱਈ ਆ ਕੇ ਉਹਨੂੰ ਦੋਬਾਰਾ ਸਧਾਰਣ ਹਾਲਤ ਵਿੱਚ ਲਿਆਉਣ ਲਈ 20 ਦਿਨਾਂ ਤੱਕ ਕੰਮ ਕਰਨਾ ਪਿਆ ਸੀ। ਜੇ ਰਾਜਧਾਨੀ ਦੀ ਇਹ ਹਾਲਤ ਹੈ ਤਾਂ ਬਾਕੀ ਜ਼ਿਲ੍ਹਿਆਂ ਵਿੱਚ ਤਾਂ ਕਰਮੀਆਂ ਦੀ ਜ਼ਰੂਰੀ ਗਿਣਤੀ ਨਾਲ਼ੋਂ ਕਾਫ਼ੀ ਘੱਟ ਕਰਮੀ ਹੋਣਗੇ।''
ਸਫ਼ਾਈ ਕਰਮਚਾਰੀਆਂ ਲਈ ਆਪਣੀ ਸੇਵਾਮੁਕਤੀ ਤੋਂ ਪਹਿਲਾਂ ਹੀ ਮਰ ਜਾਣਾ ਕੋਈ ਅਸਧਾਰਣ ਗੱਲ ਨਹੀਂ ਹੈ। ''ਸਾਡੇ ਕੋਲ਼ ਕੋਈ ਸੁਰੱਖਿਆ ਉਪਕਰਣ ਨਹੀਂ ਹੈ ਅਤੇ ਇਨ੍ਹਾਂ ਵਿੱਚੋਂ ਕਿਸੇ ਵੀ ਬੀਮਾਰੀ ਤੋਂ ਸੰਕ੍ਰਮਿਤ ਹੋ ਕੇ ਸਾਡੀ ਮੌਤ ਹੋ ਸਕਦੀ ਹੈ,'' ਉਨ੍ਹਾਂ ਵਿੱਚੋਂ ਇੱਕ ਕਰਮੀ ਦੱਸਦੇ ਹਨ। ਜੋ ਲੋਕ ਸਫ਼ਾਈ ਕਰਨ ਲਈ ਸੀਵਰਾਂ ਅੰਦਰ ਵੜ੍ਹਦੇ ਹਨ, ਉਨ੍ਹਾਂ ਵਿੱਚੋਂ ਕੁਝ ਕੁ ਦੀ ਮੌਤ ਸਾਹ ਘੁੱਟਣ ਨਾਲ਼ ਹੋ ਜਾਂਦੀ ਹੈ। ਫਰਵਰੀ ਦੇ ਮਹੀਨੇ ਵਿੱਚ ਹੀ, ਤਮਿਲਨਾਡੂ ਵਿੱਚ ਘੱਟ ਤੋਂ ਘੱਟ ਪੰਜ ਕਰਮਚਾਰੀਆਂ ਦੀ ਮੌਤ ਸੀਵਰ ਦੇ ਅੰਦਰ ਹੀ ਹੋ ਗਈ।
''ਸੁਭਾਵਕ ਹੈ ਕਿ ਲੋਕ ਹੁਣ ਸ਼ੁਕਰੀਆ ਅਦਾ ਕਰਦੇ ਹਨ ਕਿ ਅਸੀਂ ਉਨ੍ਹਾਂ ਦੀ ਗਲ਼ੀਆਂ ਸਾਫ਼ ਰੱਖ ਰਹੇ ਹਾਂ ਅਤੇ ਉਨ੍ਹਾਂ ਨੂੰ ਸੰਕ੍ਰਮਣ ਤੋਂ ਬਚਾ ਰਹੇ ਹਾਂ। ਟੈਲੀਵਿਯਨ ਚੈਨਲਾਂ ਨੇ ਸਾਡਾ ਇੰਟਰਵਿਊ ਲਿਆ ਹੈ। ਪਰ ਇਹ ਕੰਮ ਤਾਂ ਅਸੀਂ ਸਦਾ ਤੋਂ ਹੀ ਕਰਦੇ ਆਏ ਹਾਂ,'' ਉਹ ਕਹਿੰਦੀ ਹਨ।
''ਅਸੀਂ ਤਾਂ ਸਦਾ ਤੋਂ ਹੀ ਸ਼ਹਿਰ ਨੂੰ ਸਾਫ਼ ਰੱਖਣ ਲਈ ਕੰਮ ਕੀਤਾ ਹੈ ਅਤੇ ਉਸ ਕੰਮ ਲਈ ਆਪਣੀ ਜਾਨ ਤੱਕ ਖ਼ਤਰੇ ਵਿੱਚ ਪਾਈ ਹੈ। ਉਹ ਲੋਕ ਤਾਂ ਬੱਸ ਹੁਣ ਹੀ ਸ਼ੁਕਰੀਆ ਅਦਾ ਕਰ ਰਹੇ ਹਨ, ਪਰ ਅਸੀਂ ਤਾਂ ਸਦਾ ਤੋਂ ਹੀ ਉਨ੍ਹਾਂ ਦੀ ਭਲਾਈ ਬਾਰੇ ਸੋਚਦੇ ਆਏ ਹਾਂ।''
ਤਾਲਾਬੰਦੀ ਦੌਰਾਨ ਕੰਮ ਕਰਨ ਲਈ ਸਫ਼ਾਈ ਕਰਮੀਆਂ ਨੂੰ ਵਾਧੂ ਪੈਸੇ ਨਹੀਂ ਦਿੱਤੇ ਜਾਂਦੇ ਹਨ।
ਤੁਹਾਡੇ ਲਈ ਸਿਰਫ਼ ਸ਼ੁਕਰਗੁਜ਼ਾਰੀ ਹੀ ਬਚੀ ਹੈ।
![](/media/images/03-_SR07317PK-Sanitation_workers__the_wages_o.width-1440.jpg)
ਮਾਊਂਟ ਰੋਡ, ਅੰਨਾ ਸਲਾਈ, ਜੋ ਆਮ ਤੌਰ ‘ ਤੇ ਚੇਨੱਈ ਦੀ ਸਭ ਤੋਂ ਰੁਝੇਵੇਂ ਭਰੀਆਂ ਸੜਕਾਂ ਵਿੱਚੋਂ ਇੱਕ ਹੈ, ਵਿੱਚ ਮੌਜੂਦਾ ਸਫ਼ਾਈ ਕਰਮੀ। ਸਫ਼ਾਈ ਕਰਮੀ ਹਰ ਮਹੀਨੇ 9000 ਰੁਪਏ ਤੱਕ ਕਮਾਉਂਦੇ ਹਨ, ਪਰ ਚੰਗੇ ਤੋਂ ਚੰਗੇ ਦਿਨਾਂ ਵਿੱਚ ਵੀ ਆਵਾਗਮਨ ਲਈ ਉਨ੍ਹਾਂ ਨੂੰ ਪ੍ਰਤੀ ਦਿਨ 60 ਰੁਪਏ ਦੇ ਕਰੀਬ ਖਰਚ ਕਰਨੇ ਪੈਂਦੇ ਹਨ। ਕਰਫ਼ਿਊ ਅਤੇ ਤਾਲਾਬੰਦੀ ਦੌਰਾਨ, ਜੋ ਲੋਕ ਸਰਕਾਰੀ ਬੱਸਾਂ ਅਤੇ ਨਿਗਮ ਦੁਆਰਾ ਚਲਾਏ ਗਏ ਵਾਹਨਾਂ ਵਿੱਚ ਸਫ਼ਰ ਨਹੀਂ ਕਰ ਪਾਉਂਦੇ, ਉਨ੍ਹਾਂ ਨੂੰ ਪੂਰੀ ਦੂਰੀ ਪੈਦਲ ਹੀ ਤੈਅ ਕਰਨੀ ਪੈਂਦੀ ਹੈ
![](/media/images/04-_SR07408-PK-Sanitation_workers__the_wages_.width-1440.jpg)
ਕਈ ਸਫ਼ਾਈ ਕਰਮੀ ਆਪਣੇ ਘਰਾਂ ਤੋਂ ਕੂੜੇ ਦੇ ਟਰੱਕਾਂ ਵਿੱਚ ਸਫ਼ਰ ਕਰਕੇ ਮਾਉਂਟ ਰੋਡ, ਅੰਨਾ ਸਲਾਈ ਅਤੇ ਚੇਨੱਈ ਵਿੱਚ ਹੋਰਨਾਂ ਕਾਰਜ ਥਾਵਾਂ ‘ ਤੇ ਅਪੜਦੇ ਹਨ
![](/media/images/05-_SR07353-PK-Sanitation_workers__the_wages_.width-1440.jpg)
22 ਮਾਰਚ ਨੂੰ ‘ ਜਨਤਾ ਕਰਫ਼ਿਊ ‘ ਦੇ ਦਿਨ ਆਮ ਤੌਰ ‘ ਤੇ ਰੁਝੇਵੇਂ ਭਰੀ ਇਲਿਸ ਰੋਡ ਨੂੰ ਬਿਨਾਂ ਕਿਸੇ ਸੁਰੱਖਿਆ ਉਪਕਰਣ ਦੇ ਸਾਫ਼ ਕਰਦੀ ਹੋਈ ਸਫ਼ਾਈ ਕਰਮੀ, ਸਿਰਫ਼ ਦਸਤਾਨੇ ਨਜ਼ਰ ਆ ਰਹੇ ਹਨ
![](/media/images/06-_SR07327-PK-Sanitation_workers__the_wages_.width-1440.jpg)
‘ ਜਨਤਾ ਕਰਫਿਊ ‘ ਵਾਲ਼ੇ ਦਿਨ, ਇਲਿਸ ਰੋਡ ‘ ਤੇ ‘ ਡਿਸਪੋਜ਼ੇਬਲ ‘ ਅਤੇ ਨਾਮ ਦੇ ਹੀ ‘ ਸੁਰੱਖਿਆਤਮਕ ਉਪਕਰਣ ਪਾਈ ਸਾਫ਼-ਸਫ਼ਾਈ ਕਰਦੇ ਕਰਮਚਾਰੀ
![](/media/images/07-_SR07435-PK-Sanitation_workers__the_wages_.width-1440.jpg)
ਇਲਿਸ ਰੋਡ ਤੋਂ ਨਿਕਲ਼ਦੀ ਇੱਕ ਛੋਟੀ ਜਿਹੀ ਗਲ਼ੀ ਨੂੰ ਸਾਫ਼ ਕਰਦੀ ਹੋਈ ਸਫ਼ਾਈ ਕਰਮਚਾਰੀ : ‘ ਸਾਡੇ ਕੋਲ਼ ਕੋਈ ਸੁਰੱਖਿਆ ਉਪਕਰਣ ਨਹੀਂ ਹਨ ਅਤੇ ਇੰਝ ਸਫ਼ਾਈ ਦੇ ਕੰਮ ਨਾਲ਼ ਸਾਡੇ ਵਿੱਚੋਂ ਕਿਸੇ ਨੂੰ ਵੀ ਬੀਮਾਰੀ ਦਾ ਸੰਕ੍ਰਮਣ ਹੋ ਸਕਦਾ ਹੈ ਅਤੇ ਸਾਡੀ ਮੌਤ ਤੱਕ ਹੋ ਸਕਦੀ ਹੈ, ‘ ਉਨ੍ਹਾਂ ਵਿੱਚੋਂ ਇੱਕ ਸਫ਼ਾਈ ਕਰਮੀ ਕਹਿੰਦੀ ਹਨ
![](/media/images/08-_SR07404-PK-Sanitation_workers__the_wages_.width-1440.jpg)
‘ ਜਨਤਾ ਕਰਫ਼ਿਊ ‘ ਵਾਲ਼ੇ ਦਿਨ, ਜਦੋਂ ਕੂੜਾ ਸਾਫ਼ ਹੋ ਚੁੱਕਿਆ ਸੀ ਅਤੇ ਸੜਕਾਂ ‘ ਤੇ ਝਾੜੂ ਫੇਰਿਆ ਜਾ ਚੁੱਕਿਆ ਸੀ ਤਾਂ ਸੁੰਨਸਾਨ ਮਾਉਂਟ ਰੋਡ ਦਾ ਨਜ਼ਾਰਾ. ..
![](/media/images/09-_SR07411-PK-Sanitation_workers__the_wages_.width-1440.jpg)
ਚੇਪੌਕ ਇਲਾਕੇ ਵਿੱਚ ਇੱਕ ਸਫ਼ਾਈ ਕਰਮੀ : ਤਾਲਾਬੰਦੀ ਦੌਰਾਨ ਕੰਮ ਕਰਨ ਲਈ ਇਨ੍ਹਾਂ ਨੂੰ ਵਾਧੂ ਪੈਸੇ ਨਹੀਂ ਦਿੱਤੇ ਜਾਂਦੇ
![](/media/images/10-_SR07412-PK-Sanitation_workers__the_wages_.width-1440.jpg)
ਚੇਨੱਈ ਦੇ ਐੱਮ.ਏ. ਚਿੰਦਬਰਮ ਕੌਮਾਂਤਰੀ ਕ੍ਰਿਕੇਟ ਸਟੇਡੀਅਮ ਦੇ ਕੋਲ਼, ਚੇਪੌਕ ਵਿੱਚ ਸਫ਼ਾਈ ਕਰਦੇ ਹੋਏ
![](/media/images/11-_SR07422-PK-Sanitation_workers__the_wages_.width-1440.jpg)
ਉੱਥੇ ਚੇਪੌਕ ਵਿੱਚ ਸਥਿਤ ਭਵਨ ਜਿੱਥੇ ਕਈ ਸਰਕਾਰੀ ਦਫ਼ਤਰ ਹਨ, ਸੁੰਨਸਾਨ ਪਿਆ ਹੋਇਆ ਹੈੇ
![](/media/images/12-_SR07467-PK-Sanitation_workers__the_wages_.width-1440.jpg)
ਅਲਵਰਪੇਟ ਦੀਆਂ ਸੜਕਾਂ ਨੂੰ ਸਾਫ਼ ਕਰਦਿਆਂ ਸਫ਼ਾਈ ਕਰਮੀ, ਸੁਰੱਖਿਆ ਉਪਕਰਣ ਦੇ ਨਾਮ ‘ ਤੇ ਜਾਲ਼ੀ ਵਰਗਾ ਮਾਸਕ ਅਤੇ ਦਸਤਾਨੇ ਪਾਏ ਹੋਏ
![](/media/images/13-_SR07445-PK-Sanitation_workers__the_wages_.width-1440.jpg)
ਸਾਫ਼ ਅਤੇ ਖ਼ਾਲੀ ਓਲਵਰਪੇਟ ਦੀਆਂ ਸੜਕਾਂ
![](/media/images/14-_SR07493-PK-Sanitation_workers__the_wages_.width-1440.jpg)
ਬਗ਼ੈਰ ਕਿਸੇ ਸੁਰੱਖਿਆ ਉਪਕਰਣ ਦੇ ਸਿਰਫ਼ ਮਾਸਕ ਪਾਈ, ਟੀ. ਨਗਰ ਵਪਾਰਕ ਇਲਾਕੇ ਦੀ ਅਕਸਰ ਰੁੱਝੀਆਂ ਰਹਿਣ ਵਾਲ਼ੀਆਂ ਇਨ੍ਹਾਂ ਸੜਕਾਂ ਦੀ ਧੁਆਈ ਅਤੇ ਸਫ਼ਾਈ ਕਰਦੇ ਸਫ਼ਾਈ ਕਰਮੀ
![](/media/images/15-_SR07597-PK-Sanitation_workers__the_wages_.width-1440.jpg)
ਟੀ.ਨਗਰ ਦੀਆਂ ਵੱਖ- ਵੱਖ ਸੜਕਾਂ ਦੀ ਸਫ਼ਾਈ ਜਾਰੀ ਹੈ
![](/media/images/16-_SR07678-PK-Sanitation_workers__the_wages_.width-1440.jpg)
ਚੁਲਾਈਮੇਦੂ ਇਲਾਕੇ ਵਿੱਚ ਸਥਿਤ ਇੱਕ ਸਰਕਾਰੀ ਸਕੂਲ ਨੂੰ ਸੰਕ੍ਰਮਣ ਮੁਕਤ ਕਰਨ ਲਈ ਤਿਆਰ ਹੁੰਦੇ ਕਰਮਚਾਰੀ
![](/media/images/17-_SR07654-PK-Sanitation_workers__the_wages_.width-1440.jpg)
ਕੋਇੰਬੇਡੂ ਸਥਿਤ ਬਜ਼ਾਰ ਦੀ ਝਾੜ-ਪੂੰਝ ਕਰਦੇ ਹੋਏ
![](/media/images/18-_SR07661-PK-Sanitation_workers__the_wages_.width-1440.jpg)
ਕੋਇੰਬੇਡੂ ਵਿੱਚ ਸਫ਼ਾਈ ਕਰਮਚਾਰੀ : ' ਅਸੀਂ ਤਾਂ ਸਦਾ ਤੋਂ ਹੀ ਸ਼ਹਿਰ ਨੂੰ ਸਾਫ਼ ਰੱਖਣ ਲਈ ਕੰਮ ਕੀਤਾ ਹੈ ਅਤੇ ਉਸ ਕੰਮ ਬਦਲੇ ਆਪਣੀ ਜਾਨ ਤੱਕ ਖ਼ਤਰੇ ਵਿੱਚ ਪਾਈ ਹੈ। ਉਹ ਲੋਕ ਤਾਂ ਬੱਸ ਹੁਣ ਸ਼ੁਕਰੀਆ ਅਦਾ ਕਰ ਰਹੇ ਹਨ ਪਰ ਅਸੀਂ ਤਾਂ ਸਦਾ ਤੋਂ ਹੀ ਉਨ੍ਹਾਂ ਦੀ ਭਲਾਈ ਬਾਰੇ ਸੋਚਦੇ ਆਏ ਹਾਂ '
ਤਰਜਮਾ: ਕਮਲਜੀਤ ਕੌਰ