ਮੈਡੀਕਲ ਸਹਾਇਤਾ ਲਈ ਸਭ ਤੋਂ ਨੇੜਲੀ ਉਮੀਦ ਕਿਸ਼ਤੀ ਦੁਆਰਾ ਦੋ ਘੰਟਿਆਂ ਦੀ ਹੀ ਸਵਾਰੀ ਸੀ ਜੋ ਪਾਣੀ ਦੇ ਰਸਤਿਓਂ ਹੁੰਦੀ ਹੈ। ਅੱਧ-ਬਣੀ ਸੜਕ ਦੇ ਪਾਰ ਇੱਕ ਉੱਚੀ ਪਹਾੜੀ ਨੂੰ ਪਾਰ ਕਰਨਾ ਇੱਕ ਵਿਕਲਪ ਸੀ।
ਅਤੇ ਪ੍ਰਭਾ ਗੋਲੋਰੀ ਨੌ ਮਹੀਨਿਆਂ ਦੇ ਗਰਭਵਤੀ ਸੀ ਅਤੇ ਉਹ ਆਪਣੇ ਪ੍ਰਸਵ ਦੇ ਪੂਰੇ ਦਿਨੀਂ ਬੈਠੀ ਸਨ।
ਜਦੋਂ ਦੁਪਹਿਰ ਦੇ ਕਰੀਬ 2 ਵਜੇ ਮੈਂ ਕੋਟਾਗੁਡਾ ਬਸਤੀ ਪੁੱਜੀ ਤਾਂ ਪ੍ਰਭਾ ਦੇ ਗੁਆਂਢੀ ਉਨ੍ਹਾਂ ਦੀ ਝੌਂਪੜੀ ਦੇ ਚੁਫੇਰੇ ਇਸੇ ਉਮੀਦ ਨਾਲ਼ ਖੜ੍ਹੇ ਸਨ ਕਿ ਬੱਚਾ ਨਹੀਂ ਬਚੇਗਾ।
35 ਸਾਲਾ ਪ੍ਰਭਾ ਨੇ ਆਪਣਾ ਪਹਿਲਾ ਬੱਚਾ ਗੁਆਇਆ ਹੈ ਜਦੋਂ ਉਹ ਤਿੰਨ ਮਹੀਨਿਆਂ ਦਾ ਸੀ, ਦੂਜਾ ਬੱਚਾ ਉਨ੍ਹਾਂ ਦੀ ਧੀ ਹੈ ਜੋ ਹੁਣ ਛੇ ਸਾਲਾਂ ਦੀ ਹੈ। ਉਨ੍ਹਾਂ ਨੇ ਆਪਣੇ ਦੋਵਾਂ ਬੱਚਿਆਂ ਨੂੰ ਦਾਈ, ਰਵਾਇਤੀ ਜਨਮ ਸੇਵਿਕਾ ਦੀ ਸਹਾਇਤਾ ਨਾਲ਼ ਬਿਨਾਂ ਕਿਸੇ ਮੁਸ਼ਕਲ ਦੇ ਘਰੇ ਹੀ ਪੈਦਾ ਕੀਤਾ। ਪਰ ਇਸ ਵਾਰ ਦਾਈਆਂ ਨੂੰ ਵੀ ਝਿਜਕ ਸੀ, ਉਨ੍ਹਾਂ ਦਾ ਕਹਿਣਾ ਸੀ ਕਿ ਇਸ ਵਾਰ ਜਣੇਪਾ ਕਾਫੀ ਮੁਸ਼ਕਲ ਰਹਿਣ ਵਾਲ਼ਾ ਹੈ।
ਉਸ ਦੁਪਹਿਰ ਮੈਂ ਸਟੋਰੀ ਕਵਰ ਕਰਨ ਲਈ ਪਿੰਡ ਦੇ ਨੇੜੇ-ਤੇੜੇ ਹੀ ਸਾਂ ਜਦੋਂ ਮੇਰਾ ਫ਼ੋਨ ਵੱਜਿਆ। ਆਪਣੇ ਇੱਕ ਦੋਸਤ ਦੀ ਮੋਟਰਬਾਈਕ (ਮੇਰੀ ਆਪਣੀ ਸਕੂਟਰੀ ਪਹਾੜੀ ਸੜਕਾਂ 'ਤੇ ਨਹੀਂ ਚੱਲ ਸਕਦੀ) ਲੈ ਕੇ ਮੈਂ ਕੋਟਾਗੁਡਾ ਵੱਲ ਸ਼ੂਟ ਵੱਟੀ ਜੋ ਓੜੀਸਾ ਦੇ ਮਾਲਕਨਗਿਰੀ ਜਿਲ੍ਹੇ ਦੀ ਇੱਕ ਬਸਤੀ ਹੈ ਜਿਸ ਵਿੱਚ ਕਰੀਬ 60 ਲੋਕ ਰਹਿੰਦੇ ਹਨ।
ਪਹੁੰਚ ਤੋਂ ਪਰ੍ਹੇ ਹੋਣ ਦੀ ਆਪਣੀ ਵਿਸ਼ੇਸ਼ਤਾ ਤੋਂ ਇਲਾਵਾ, ਮੱਧ ਭਾਰਤ ਦੇ ਆਦਿਵਾਸੀ ਬੇਲਟ ਦੇ ਹੋਰਨਾਂ ਹਿੱਸਿਆਂ ਵਾਂਗ, ਚਿਤਰਕੌਂਡਾ ਬਲਾਕ ਦਾ ਪਿੰਡ ਨਕਸਲੀ ਦਹਿਸ਼ਤਗਰਦਾਂ ਅਤੇ ਰਾਜ ਸੁਰੱਖਿਆ ਬਲਾਂ ਦਰਮਿਆਨ ਵਾਰ-ਵਾਰ ਹੁੰਦੇ ਸੰਘਰਸ਼ਾਂ ਦਾ ਗਵਾਹ ਹੈ। ਇੱਥੇ ਕਈ ਥਾਵੀਂ ਸੜਕਾਂ ਅਤੇ ਕਈ ਹੋਰ ਬੁਨਿਆਦੀ ਢਾਂਚੇ ਵਿਰਾਨ ਅਤੇ ਖਸਤਾ ਹਾਲਤ ਵਿੱਚ ਹਨ।












