ਧੀ ਦੀ ਹਲੂਣ ਕੇ ਰੱਖ ਦੇਣ ਵਾਲ਼ੀ ਮੌਤ ਦੇ ਇਨ੍ਹਾਂ ਪੰਜ ਵਰ੍ਹਿਆਂ ਵਿੱਚ ਕਾਂਤਾ ਭੀਸੇ ਦੇ ਅੰਦਰਲੇ ਮੱਘਦੇ ਭੁੱਬਲ਼ ਨੇ ਉਨ੍ਹਾਂ ਨੂੰ ਬੋਲਣ ਦੇ ਮਾਮਲੇ ਵਿੱਚ ਫ਼ੈਸਲਾਕੁੰਨ ਬਣਾ ਦਿੱਤਾ ਹੈ। ''ਸਾਡੀ ਕੰਗਾਲ਼ੀ ਤੋਂ ਦੁਖੀ ਮੇਰੀ ਬੱਚੀ ਨੇ ਆਪਣੀ ਜਾਨ ਲੈ ਲਈ,'' ਕਾਂਤਾ ਕਹਿੰਦੀ ਹਨ, ਜਿਨ੍ਹਾਂ ਦੀ ਧੀ ਮੋਹਿਨੀ ਨੇ 20 ਜਨਵਰੀ 2016 ਨੂੰ ਖ਼ੁਦਕੁਸ਼ੀ ਕਰ ਲਈ ਸੀ।

ਜਦੋਂ ਮੋਹਿਨੀ ਦੀ ਮੌਤ ਹੋਈ ਤਦ ਉਹਦੀ ਉਮਰ 18 ਸਾਲ ਸੀ ਅਤੇ ਉਹ 12ਵੀਂ ਵਿੱਚ ਪੜ੍ਹਦੀ ਸੀ। ਮਹਾਂਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਦੇ ਭੀਸੇ ਵਾਘੋਲ਼ੀ ਪਿੰਡ ਦੀ ਰਹਿਣ ਵਾਲ਼ੀ 42 ਸਾਲਾ ਕਾਂਤਾ ਕਹਿੰਦੀ ਹਨ,''ਇਹ ਸਾਡੀ ਅਕਾਤੋਂ ਬਾਹਰੀ ਗੱਲ ਸੀ ਕਿ ਅਸੀਂ ਉਸ ਨੂੰ ਅੱਗੇ ਪੜ੍ਹਾ ਪਾਉਂਦੇ, ਇਸਲਈ ਅਸੀਂ ਉਹਦੇ ਵਿਆਹ ਵਾਸਤੇ ਮੁੰਡਾ ਲੱਭਣ ਲੱਗੇ।''

ਵਿਆਹ ਵਿੱਚ ਕਈ ਤਰ੍ਹਾਂ ਦੇ ਖਰਚੇ ਹੁੰਦੇ ਹਨ। ਕਾਂਤਾ ਅਤੇ ਉਨ੍ਹਾਂ ਦੇ 45 ਸਾਲਾ ਪਤੀ ਪਾਂਡੁਰੰਗ ਇਸ ਗੱਲ ਤੋਂ ਚਿੰਤਤ ਸਨ। ਕਾਂਤਾ ਕਹਿੰਦੀ ਹਨ,''ਮੈਂ ਅਤੇ ਮੇਰੇ ਪਤੀ, ਅਸੀਂ ਦੋਵੇਂ ਬਤੌਰ ਖੇਤ ਮਜ਼ਦੂਰ ਕੰਮ ਕਰਦੇ ਹਾਂ। ਸਾਨੂੰ ਇੰਝ ਜਾਪਿਆ ਜਿਵੇਂ ਅਸੀਂ ਮੋਹਿਨੀ ਦੇ ਵਿਆਹ ਲਈ ਲੋੜੀਂਦੀ ਪੈਸਿਆਂ ਦਾ ਜੁਗਾੜ ਨਹੀਂ ਕਰ ਪਾਵਾਂਗੇ। ਉਸ ਸਮੇਂ ਦਾਜ ਵਿੱਚ 1 ਲੱਖ ਰੁਪਏ ਲਏ ਜਾ ਰਹੇ ਸਨ।''

ਪਤੀ-ਪਤਨੀ ਪਹਿਲਾਂ ਹੀ 2.5 ਲੱਖ ਦਾ ਕਰਜ਼ਾ ਅਦਾ ਕਰਦੇ-ਕਰਦੇ ਦੂਹਰੇ ਹੁੰਦੇ ਜਾ ਰਹੇ ਸਨ, ਜੋ ਉਨ੍ਹਾਂ ਨੇ ਇੱਕ ਨਿੱਜੀ ਸ਼ਾਹੂਕਾਰ ਪਾਸੋਂ 5 ਫੀਸਦ ਪ੍ਰਤੀ ਮਹੀਨੇ ਦੀ ਵਿਆਜ ਦਰ ਨਾਲ਼ ਉਧਾਰ ਲਏ ਸੀ। ਇਹ ਕਰਜ਼ਾ ਉਨ੍ਹਾਂ ਨੇ 2013 ਵਿੱਚ ਆਪਣੀ ਧੀ ਅਸ਼ਵਨੀ ਦੇ ਵਿਆਹ ਲਈ ਚੁੱਕਿਆ ਸੀ। ਮੋਹਿਨੀ ਦੇ ਵਿਆਹ ਵਾਸਤੇ ਜ਼ਮੀਨ ਵੇਚਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਸੀ, ਜਿਹਦੇ ਬਦਲੇ ਉਨ੍ਹਾਂ ਨੂੰ 2 ਲੱਖ ਰੁਪਏ ਮਿਲਦੇ ਪਏ ਸਨ।

ਭੀਸੇ ਵਾਘੋਲੀ ਸਥਿਤ ਉਨ੍ਹਾਂ ਦੇ ਇੱਕ ਏਕੜ ਖੇਤ ਵਿੱਚ ਕਾਸ਼ਤ ਨਹੀਂ ਕੀਤੀ ਜਾ ਰਹੀ ਸੀ। ਕਾਂਤਾ ਖੋਲ੍ਹ ਕੇ ਦੱਸਦਿਆਂ ਕਹਿੰਦੀ ਹਨ,''ਇੱਥੇ ਪਾਣੀ ਦਾ ਕੋਈ ਸ੍ਰੋਤ ਨਹੀਂ ਹੈ ਅਤੇ ਸਾਡੇ ਇਲਾਕੇ ਵਿੱਚ ਸਦਾ ਸੋਕਾ ਹੀ ਪਿਆ ਰਹਿੰਦਾ ਹੈ।'' ਸਾਲ 2016 ਵਿੱਚ ਦੂਸਰਿਆਂ ਦੇ ਖੇਤਾਂ ਵਿੱਚ ਕੰਮ ਕਰਦਿਆਂ ਕਾਂਤਾ ਨੇ 150 ਰੁਪਏ ਦਿਹਾੜੀ ਤੇ ਪਾਂਡੁਰੰਗਨ  300 ਰੁਪਏ ਦਿਹਾੜੀ ਦੇ ਹਿਸਾਬ ਨਾਲ਼ ਕੰਮ ਕੀਤਾ। ਇਸ ਤਰ੍ਹਾਂ ਪੂਰੇ ਮਹੀਨੇ ਉਨ੍ਹਾਂ ਦੋਵਾਂ ਨੇ ਰਲ਼ ਕੇ 2000-2400 ਰੁਪਏ ਕਮਾਈ ਕੀਤੀ।

ਵੀਡਿਓ ਦੇਖੋ : ' ਕੰਗਾਲੀ ਕਾਰਨ ਸਾਡੀ ਬੱਚੀ ਦੀ ਜਾਨ ਚਲੀ ਗਈ '

ਇੱਕ ਰਾਤ ਜਦੋਂ ਉਹ ਜ਼ਮੀਨ ਵੇਚਣ ਬਾਰੇ ਆਪਸ ਵਿੱਚ ਸਲਾਹ-ਮਸ਼ਵਰਾ ਕਰ ਰਹੇ ਸਨ ਤਾਂ ਮੋਹਿਨੀ ਨੇ ਕਾਂਤਾ ਅਤੇ ਪਾਂਡੁਰੰਗ ਦੀ ਗੱਲਬਾਤ ਸੁਣ ਲਈ। ਕੁਝ ਦਿਨਾਂ ਬਾਅਦ ਉਹਨੇ ਆਪਣੀ ਜਾਨ ਦੇ ਦਿੱਤੀ। ਕਾਂਤਾ ਦੱਸਦੀ ਹਨ,''ਜਦੋਂ ਅਸੀਂ ਖੇਤ ਵਿੱਚ ਕੰਮ ਕਰ ਰਹੇ ਸਾਂ, ਮੋਹਿਨੀ ਨੇ ਖੁਦ ਨੂੰ ਫਾਹੇ ਟੰਗ ਲਿਆ।''

ਮੋਹਿਨੀ ਨੇ ਆਪਣੀ ਖ਼ੁਦਕੁਸ਼ੀ ਨੋਟ ਵਿੱਚ ਲਿਖਿਆ ਸੀ ਕਿ ਉਹ ਕਰਜ਼ੇ ਦੇ ਬੋਝ ਹੇਠ ਦੂਹਰੇ ਹੁੰਦੇ ਜਾਂਦੇ ਬਾਪ ਨੂੰ ਵਿਆਹ ਦੇ ਖਰਚੇ ਤੋਂ ਮੁਕਤੀ ਦਵਾਉਂਦੇ ਹੋਏ ਉਨ੍ਹਾਂ ਦੀਆਂ ਮੁਸੀਬਤਾਂ ਨੂੰ ਘੱਟ ਕਰਨਾ ਚਾਹੁੰਦੀ ਹੈ। ਉਹਨੇ ਦਾਜ-ਪ੍ਰਥਾ ਨੂੰ ਲਾਹਨਤਾਂ ਪਾਉਂਦਿਆਂ ਉਹਦੇ ਖਾਤਮੇ ਦੀ ਵਕਾਲਤ ਕੀਤੀ। ਮੋਹਿਨੀ ਨੇ ਆਪਣੇ ਮਾਪਿਆਂ ਨੂੰ ਬੇਨਤੀ ਕੀਤੀ ਸੀ ਕਿ ਉਹਦੇ ਅੰਤਮ-ਸਸਕਾਰ ਵਿੱਚ ਵੀ ਪੈਸਾ ਖਰਚ ਕਰਨ ਦੀ ਬਜਾਇ ਉਸ ਪੈਸੇ ਦਾ ਇਸਤੇਮਾਲ ਛੋਟੀ ਭੈਣ ਨਿਕਿਤਾ (7ਵੀਂ ਜਮਾਤ) ਅਤੇ ਭਰਾ (9ਵੀਂ ਜਮਾਤ) ਦੀ ਪੜ੍ਹਾਈ ਵਿੱਚ ਕੀਤਾ ਜਾਵੇ।

ਕਾਂਤਾ ਦੱਸਦੀ ਹਨ ਕਿ ਉਹਦੀ ਮੌਤ ਤੋਂ ਬਾਅਦ ਕਾਫੀ ਸਿਆਸੀ ਲੀਡਰ, ਸਰਕਾਰੀ ਅਧਿਕਾਰੀ, ਮੀਡਿਆ ਵਾਲ਼ੇ ਅਤੇ ਮੰਨੇ-ਪ੍ਰਮੰਨੇ ਲੋਕ ਉਨ੍ਹਾਂ ਨੂੰ ਮਿਲ਼ਣ ਆਏ। ਉਹ ਅੱਗੇ ਦੱਸਦੀ ਹਨ,''ਉਨ੍ਹਾਂ ਸਾਰਿਆਂ ਨੇ ਸਾਨੂੰ ਭਰੋਸਾ ਦਵਾਇਆ ਕਿ ਉਹ ਸਾਡੇ ਬੱਚਿਆਂ ਦੀ ਪੜ੍ਹਾਈ ਦਾ ਧਿਆਨ ਰੱਖਣਗੇ। ਸਰਕਾਰੀ ਅਧਿਕਾਰੀ ਨੇ ਇੱਥੋਂ ਤੱਕ ਕਿਹਾ ਕਿ ਸਾਨੂੰ ਜਲਦੀ ਹੀ ਸਰਕਾਰੀ ਯੋਜਨਾ (ਪ੍ਰਧਾਨ ਮੰਤਰੀ ਅਵਾਸ ਯੋਜਨਾ) ਤਹਿਤ ਘਰ ਵੀ ਦਿੱਤਾ ਜਾਵੇਗਾ।'' ਪਾਂਡੁਰੰਗ ਦੱਸਦੇ ਹਨ,''ਨਾ ਸਿਰਫ਼ ਪੱਕਾ ਘਰ ਸਗੋਂ ਸਾਨੂੰ ਸਰਕਾਰੀ ਯੋਜਨਾ ਤਹਿਤ ਬਿਜਲੀ ਦਾ ਕੁਨੈਕਸ਼ਨ ਅਤੇ ਐੱਲਪੀਜੀ ਗੈਸ ਕੁਨੈਕਸ਼ਨ ਵੀ ਦਿੱਤਾ ਜਾਵੇਗਾ। ਦੇਖ ਲਓ ਇੰਨੇ ਸਾਲਾਂ ਵਿੱਚ ਸਾਨੂੰ ਅਜੇ ਤੀਕਰ ਕੁਝ ਨਹੀਂ ਮਿਲ਼ਿਆ।''

ਭੀਸੇ ਵਾਘੋਲੀ ਦੀ ਸੀਮਾ 'ਤੇ ਸਥਿਤ ਉਨ੍ਹਾਂ ਦਾ ਕੱਚਾ ਕੋਠਾ ਇੱਟਾਂ ਨੂੰ ਜੋੜ ਕੇ ਬਣਾਇਆ ਗਿਆ ਹੈ। ਕਾਂਤਾ ਦੱਸਦੀ ਹਨ,''ਘਰ ਦਾ ਫਰਸ਼ ਨਹੀਂ ਪਿਆ ਜਿਸ ਕਰਕੇ ਅਕਸਰ ਸੱਪ ਅਤੇ ਗਿਰਗਿਟ ਨਿਕਲ਼ਦੇ ਰਹਿੰਦੇ ਹਨ। ਅਸੀਂ ਰਾਤਾਂ ਬਹਿ ਕੇ ਕੱਟਦੇ ਹਾਂ ਤਾਂ ਕਿ ਸਾਡੇ ਬੱਚੇ ਸੌਂ ਸਕਣ,'' ਕਾਂਤਾ ਕਹਿੰਦੀ ਹਨ। ''ਜਿੰਨੇ ਵੀ ਲੋਕ ਜੋ ਸਾਨੂੰ ਮਿਲ਼ਣ ਆਏ ਸਨ, ਜਦੋਂ ਅਸੀਂ ਉਨ੍ਹਾਂ ਨਾਲ਼ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਦੋਬਾਰਾ ਸਾਡੇ ਨਾਲ਼ ਕਦੇ ਗੱਲ ਨਹੀਂ ਕੀਤੀ।''

Mohini Bhise was only 18 when she died by suicide
PHOTO • Ira Deulgaonkar

ਖ਼ੁਦਕੁਸ਼ੀ ਕਰਨ ਵੇਲ਼ੇ ਮੋਹਿਨੀ ਭੀਸੇ 18 ਸਾਲਾਂ ਦੀ ਸਨ

ਮੋਹਿਨੀ ਨੇ ਆਪਣੀ ਖ਼ੁਦਕੁਸ਼ੀ ਨੋਟ ਵਿੱਚ ਲਿਖਿਆ ਸੀ ਕਿ ਉਹ ਕਰਜ਼ੇ ਦੇ ਬੋਝ ਹੇਠ ਦੂਹਰੇ ਹੁੰਦੇ ਜਾਂਦੇ ਬਾਪ ਨੂੰ ਵਿਆਹ ਦੇ ਖਰਚੇ ਤੋਂ ਮੁਕਤੀ ਦਵਾਉਂਦੇ ਹੋਏ ਉਨ੍ਹਾਂ ਦੀਆਂ ਮੁਸੀਬਤਾਂ ਨੂੰ ਘੱਟ ਕਰਨਾ ਚਾਹੁੰਦੀ ਸੀ। ਉਹਨੇ ਦਾਜ-ਪ੍ਰਥਾ ਨੂੰ ਲਾਹਨਤਾਂ ਪਾਉਂਦਿਆਂ ਉਹਦੇ ਖਾਤਮੇ ਦੀ ਵਕਾਲਤ ਕੀਤੀ

ਸੋ ਉਨ੍ਹਾਂ ਦੀ ਰੋਜ਼ਮੱਰਾ ਦੀ ਜ਼ਿੰਦਗੀ ਸੰਘਰਸ਼ ਨਾਲ਼ ਭਰੀ ਹੋਈ ਹੈ। ਕਾਂਤਾ ਦੱਸਦੀ ਹਨ,''ਮੈਂ ਆਪਣੀ ਰੋਜ਼ਮੱਰਾਂ ਦੀਆਂ ਮੁਸੀਬਤਾਂ ਬਾਰੇ ਦੱਸ ਹੀ ਨਹੀਂ ਸਕਦੀ। ਅਸੀਂ ਹਰ ਪਾਸਿਓਂ ਮੁਸੀਬਤਾਂ ਨਾਲ਼ ਘਿਰੇ ਹੋਏ ਹਾਂ।'' ਸਾਲ 2016 ਵਿੱਚ ਪਏ ਸੋਕੇ ਤੋਂ ਬਾਅਦ ਉਨ੍ਹਾਂ ਨੂੰ ਪਿੰਡ ਵਿੱਚ ਕੰਮ ਵੀ ਮੁਸ਼ਕਲ ਹੀ ਲੱਭਦਾ ਹੈ। ''ਦਿਹਾੜੀ ਮਜ਼ਦੂਰੀ 2014 ਤੋਂ ਨਹੀਂ ਵਧੀ ਹੈ ਪਰ ਕੀ ਮਹਿੰਗਾਈ ਉੱਥੇ ਹੀ ਰੁਕੀ ਹੋਈ ਹੈ?''

ਜਿੰਨੀ ਵੀ ਥੋੜ੍ਹੀ-ਬਹੁਤ ਕਮਾਈ ਹੁੰਦੀ ਹੈ ਉਸ ਵਿੱਚੋਂ ਵੀ ਕਾਂਤਾ ਨੂੰ ਹਰ ਮਹੀਨੇ 600 ਰੁਪਏ ਆਪਣੀ ਡਾਇਬਟੀਜ਼ ਦੀ ਦਵਾਈ ਲਈ ਵੱਖਰੇ ਰੱਖਣੇ ਪੈਂਦੇ ਹਨ।  ਕਾਂਤਾ ਅਤੇ ਪਾਂਡੁਰੰਗ, ਦੋਵਾਂ ਨੂੰ ਹੀ 2017 ਤੋਂ ਬਲੱਡਪ੍ਰੈਸ਼ਰ ਦੀ ਸ਼ਿਕਾਇਤ ਹੈ। ਕਾਂਤਾ ਕੁਝ ਗੁੱਸੇ ਵਿੱਚ ਪੁੱਛਦੀ ਹਨ,''ਕੀ ਸਰਕਾਰ ਸਾਡੀ ਸਿਹਤ ਦਾ ਖਿਆਲ ਵੀ ਨਹੀਂ ਰੱਖ ਸਕਦੀ? ਹਲਕੇ ਜਿਹੇ ਬੁਖਾਰ ਦੀ ਦਵਾਈ ਵੀ 90 ਰੁਪਏ ਤੋਂ ਘੱਟ ਨਹੀਂ ਆਉਂਦੀ। ਕੀ ਸਾਡੇ ਜਿਹੇ ਲੋਕਾਂ ਨੂੰ ਇਸ ਵਿੱਚ ਕੁਝ ਛੋਟ ਨਹੀਂ ਮਿਲ਼ਣੀ ਚਾਹੀਦੀ?''

ਇੱਥੋਂ ਤੱਕ ਕਿ ਜਨਤਕ ਵਿਤਰਣ ਪ੍ਰਣਾਲੀ ਤਹਿਤ ਜੋ ਰਾਸ਼ਨ ਉਨ੍ਹਾਂ ਨੂੰ ਮਿਲ਼ਦਾ ਹੈ, ਉਹ ਵੀ ਮਾੜੀ ਕੁਆਲਿਟੀ ਦਾ ਹੁੰਦਾ ਹੈ। ਕਾਂਤਾ ਦੱਸਦੀ ਹਨ,''ਜੋ ਚੌਲ਼ ਅਤੇ ਕਣਕ ਸਾਨੂੰ (ਰਾਸ਼ਨ-ਕਾਰਡ ਧਾਰਕਾਂ) ਮਿਲ਼ਦੀ ਹੈ, ਉਹ ਇੰਨੀ ਘਟੀਆ ਕੁਆਲਿਟੀ ਦਾ ਹੁੰਦਾ ਕਿ ਬਹੁਤ ਸਾਰੇ ਲੋਕ ਬਜ਼ਾਰ ਜਾ ਕੇ ਫਿਰ ਤੋਂ ਅੰਨ ਖਰੀਦਦੇ ਹਨ। ਪਰ ਤੁਸੀਂ ਸੋਚੋ ਸਾਡੇ ਜਿਹੇ ਲੋਕਾਂ ਦਾ ਕੀ ਬਣਨਾ ਹੈ ਜੋ ਬਜ਼ਾਰੋਂ ਅਨਾਜ ਤੱਕ ਨਹੀਂ ਖਰੀਦ ਸਕਦੇ?'' ਕਾਂਤਾ ਆਪਣੀ ਗੱਲ ਖਤਮ ਕਰਦਿਆਂ ਕਹਿੰਦੀ ਹਨ ਕਿ ਜੋ ਵੀ ਸਰਕਾਰੀ ਯੋਜਨਾਵਾਂ ਮੌਜੂਦ ਹਨ ਉਹ ਜਾਂ ਤਾਂ ਲੋਕਾਂ ਦੀ ਪਹੁੰਚ ਤੋਂ ਦੂਰ ਹਨ ਜਾਂ ਫਿਰ ਪਹੁੰਚ ਦੇ ਅੰਦਰ ਹੋਣ 'ਤੇ ਵੀ ਲੋਕਾਂ ਦੀ ਮਦਦ ਨਹੀਂ ਕਰਦੀਆਂ, ਉਹ ਨਿਚੋੜ ਕੱਢਦਿਆਂ ਕਹਿੰਦੀ ਹਨ।

ਸੋਕੇ ਦੇ ਲਿਹਾਜੋਂ ਸੰਵੇਦਨਸ਼ੀਲ ਇਲਾਕੇ ਮਰਾਠਵਾੜਾ ਦੇ ਲਾਤੂਰ ਇਲਾਕੇ ਦੇ ਲੋਕਾਂ ਨੂੰ ਹਰ ਤਰੀਕੇ ਦੀ ਮਦਦ ਦੀ ਲੋੜ ਹੈ। ਸਾਲਾਂ ਤੋਂ ਚੱਲਦੇ ਆਉਂਦੇ ਖੇਤੀ ਸੰਕਟ ਨੇ ਇਲਾਕੇ ਦੇ ਲੋਕਾਂ ਨੂੰ ਗ਼ਰੀਬੀ ਅਤੇ ਕਰਜ਼ੇ ਦੇ ਜਿਲ੍ਹਣ ਵਿੱਚ ਧਸਾਇਆ ਹੋਇਆ ਹੈ। ਕਿਸੇ ਵੀ ਤਰ੍ਹਾਂ ਦੇ ਰਾਹਤ ਕਾਰਜਾਂ ਨਾਲ਼ ਵੀ ਉਨ੍ਹਾਂ ਦੀਆਂ ਮੁਸ਼ਕਲਾਂ ਘੱਟ ਨਹੀਂ ਹੋਈਆਂ, ਫਲਸਰੂਪ ਗ਼ਰੀਬੀ ਅਤੇ ਕਰਜ਼ੇ ਦੀ ਮਾਰ ਹੇਠ ਕਈ ਕਿਸਾਨ ਖੁਦਕੁਸ਼ੀਆਂ ਕਰ ਗਏ। 2015 ਵਿੱਚ ਮੋਹਿਨੀ ਦੀ ਖੁਦਕੁਸ਼ੀ ਦੇ ਤਕਰੀਬਨ ਸਾਲ ਕੁ ਪਹਿਲਾਂ 1,133 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਤੇ ਸਾਲ 2020 ਵਿੱਚ ਮੌਤ ਦਾ ਇਹ ਅੰਕੜਾ 693 ਦਰਜ਼ ਕੀਤਾ ਗਿਆ ਸੀ।

ਇਸਲਈ ਕਾਂਤਾ ਆਪਣੇ ਭਵਿੱਖ ਨੂੰ ਲੈ ਕੇ ਆਸਵੰਦ ਨਹੀਂ ਹਨ। ''ਸਾਡੀ ਬੱਚੀ ਨੇ ਇਹ ਸੋਚਦਿਆਂ ਜਾਨ ਦੇ ਦਿੱਤੀ ਕਿ ਸ਼ਾਇਦ ਇੰਝ ਸਾਡੀ ਜ਼ਿੰਦਗੀ ਕੁਝ ਸੁਖਾਲੀ ਹੋ ਜਾਊਗੀ। ਹੁਣ ਦੱਸੋ ਭਲਾ ਮੈਂ ਉਹਨੂੰ ਕਿਵੇਂ ਸਮਝਾਵਾਂ ਕਿ ਅਸੀਂ ਮਰਾਠਵਾੜਾ ਦੇ ਕਿਸਾਨ ਹਾਂ, ਸਾਡੀ ਹਯਾਤੀ ਵਿੱਚ ਕੁਝ ਵੀ ਚੰਗਾ ਨਹੀਂ ਹੋਵੇਗਾ।''

ਤਰਜਮਾ: ਕਮਲਜੀਤ ਕੌਰ

Ira Deulgaonkar

Ira Deulgaonkar is a 2020 PARI intern. She is a Bachelor of Economics student at Symbiosis School of Economics, Pune.

Other stories by Ira Deulgaonkar
Translator : Kamaljit Kaur

Kamaljit Kaur is from Punjab and she is a freelance translator. Kamaljit has done her MA in Punjabi literature. She believes in a just and equitable world and works towards making it possible.

Other stories by Kamaljit Kaur