ਦੋਵਾਂ ਦੀ ਉਮਰ 17 ਸਾਲ ਹੈ ਅਤੇ ਦੋਵੇਂ ਹੀ ਗਰਭਵਤੀ ਹਨ। ਦੋਵੇਂ ਹੀ ਯਕਦਮ ਹੱਸ ਪੈਂਦੀਆਂ ਹਨ ਅਤੇ ਕਈ ਵਾਰੀ ਆਪਣੇ ਮਾਪਿਆਂ ਵੱਲੋਂ ਦਿੱਤੀਆਂ ਇਹ ਹਿਦਾਇਤਾਂ ਭੁੱਲ ਜਾਂਦੀਆਂ ਹਨ ਕਿ ਆਪਣੀਆਂ ਨਜ਼ਰਾਂ ਨੀਵੀਂਆਂ ਰੱਖਣੀਆਂ ਹਨ। ਦੋਵੇਂ ਇਸ ਗੱਲੋਂ ਡਰੀਆਂ ਵੀ ਹੋਈਆਂ ਹਨ ਕਿ ਆਉਣ ਵਾਲ਼ਾ ਸਮਾਂ ਪਤਾ ਨਹੀਂ ਕੀ ਰੰਗ ਦਿਖਾਵੇਗਾ।
ਸਲੀਮਾ ਪਰਵੀਨ ਅਤੇ ਅਸਮਾ ਖ਼ਾਤੂਨ (ਬਦਲੇ ਨਾਮ) ਪਿਛਲ਼ੇ ਸਾਲ ਸੱਤਵੀਂ ਜਮਾਤ ਵਿੱਚ ਸਨ, ਹਾਲਾਂਕਿ ਪਿੰਡ ਦਾ ਸਰਕਾਰੀ ਸਕੂਲ ਸਾਲ 2020 ਦੇ ਸ਼ੈਸ਼ਨ ਵਿੱਚ ਪੂਰੇ ਸਾਲ ਬੰਦ ਰਿਹਾ। ਪਿਛਲੇ ਸਾਲ ਜਿਓਂ ਹੀ ਤਾਲਾਬੰਦੀ ਸ਼ੁਰੂ ਹੋਈ ਅਤੇ ਪਟਨਾ, ਦਿੱਲੀ ਅਤੇ ਮੁੰਬਈ ਵਿੱਚ ਕੰਮ ਕਰਨ ਗਏ ਹੋਏ ਉਨ੍ਹਾਂ ਦੇ ਪਰਿਵਾਰਾਂ ਦੇ ਪੁਰਸ਼ ਬਿਹਾਰ ਦੇ ਅਰਰਿਆ ਜ਼ਿਲ੍ਹੇ ਵਿੱਚ ਬੰਗਾਲੀ ਟੋਲਾ ਬਸਤੀ ਵਿੱਚ ਸਥਿਤ ਆਪਣੇ ਘਰ ਮੁੜ ਆਏ। ਬੱਸ ਫਿਰ ਕੀ ਸੀ ਉਨ੍ਹਾਂ ਦੇ ਘਰਾਂ ਵਿੱਚ ਇੱਕ ਤੋਂ ਬਾਅਦ ਇੱਕ ਵਿਆਹ ਹੋਣ ਲੱਗੇ।
''ਕਰੋਨਾ ਮੇਂ ਹੁਈ ਸ਼ਾਦੀ,'' ਅਸਮਾ ਕਹਿੰਦੀ ਹਨ ਜੋ ਦੋਵਾਂ ਵਿੱਚੋਂ ਵੱਧ ਗਾਲ਼੍ਹੜੀ ਹਨ। ''ਮੇਰਾ ਵਿਆਹ ਕਰੋਨਾ ਕਾਲ਼ ਵਿੱਚ ਹੋਇਆ।''
ਸਲੀਮਾ ਦਾ ਨਿਕਾਹ ਦੋ ਸਾਲ ਪਹਿਲਾਂ ਹੋ ਗਿਆ ਸੀ ਅਤੇ ਉਹਦੇ 18 ਸਾਲ ਦੀ ਹੋਣ ਤੋਂ ਪਹਿਲਾਂ ਹੀ ਉਹ ਆਪਣੇ ਪਤੀ ਨਾਲ਼ ਰਹਿਣਾ ਸ਼ੁਰੂ ਕਰਨ ਵਾਲ਼ੀ ਸਨ। ਅਚਾਨਕ ਤਾਲਾਬੰਦੀ ਲੱਗ ਗਈ ਅਤੇ ਦਰਜ਼ੀ ਦਾ ਕੰਮ ਕਰਨ ਵਾਲ਼ੇ ਉਨ੍ਹਾਂ ਦੇ 20 ਸਾਲਾ ਪਤੀ ਅਤੇ ਉਹਦੇ ਪਰਿਵਾਰ ਨੇ ਜੋ ਉਸੇ ਬਸਤੀ ਵਿੱਚ ਰਹਿੰਦਾ ਸੀ, ਜ਼ਿੱਦ ਫੜ੍ਹ ਲਈ ਕਿ ਉਹ (ਸਲੀਮਾ) ਉਨ੍ਹਾਂ ਦੇ ਘਰ ਆ ਜਾਵੇ। ਇਹ ਜੁਲਾਈ 2020 ਦੀ ਗੱਲ ਹੈ। ਪਤੀ ਕੋਲ਼ ਕੰਮ ਨਹੀਂ ਸੀ ਅਤੇ ਉਹ ਪੂਰਾ ਦਿਨ ਘਰ ਹੀ ਰਹਿੰਦੇ ਸਨ ਬਾਕੀ ਦੇ ਪੁਰਸ਼ ਮੈਂਬਰ ਵੀ ਘਰ ਹੀ ਰਹਿੰਦੇ- ਅਜਿਹੇ ਵੇਲ਼ੇ ਕੰਮ ਕਰਨ ਵਾਲ਼ੇ ਵੱਧ ਹੱਥਾਂ ਦਾ ਮਿਲ਼ਣਾ ਚੰਗੀ ਗੱਲ ਹੁੰਦੀ ਹੈ।
ਅਸਮਾ ਕੋਲ਼ ਵਿਆਹ ਵਾਸਤੇ ਆਪਣਾ ਮਨ ਰਾਜ਼ੀ ਕਰਨ ਤੱਕ ਦਾ ਸਮਾਂ ਨਹੀਂ ਸੀ। ਉਨ੍ਹਾਂ ਦੀ 23 ਸਾਲਾ ਵੱਡੀ ਭੈਣ ਦੀ ਸਾਲ 2019 ਵਿੱਚ ਕੈਂਸਰ ਕਾਰਨ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੇ ਜੀਜਾ ਨੇ ਪਿਛਲੇ ਸਾਲ ਜੂਨ ਵਿੱਚ ਤਾਲਾਬੰਦੀ ਦੌਰਾਨ ਅਸਮਾ ਨਾਲ਼ ਵਿਆਹ ਕਰਨ ਦੀ ਜ਼ਿੱਦ ਕੀਤੀ, ਜੋ ਪਲੰਬਰ ਦਾ ਕੰਮ ਕਰਦੇ ਹਨ। ਜੂਨ 2020 ਵਿੱਚ ਉਨ੍ਹਾਂ ਦਾ ਆਪਸ ਵਿੱਚ ਵਿਆਹ ਕਰ ਦਿੱਤਾ ਗਿਆ।
ਦੋਵਾਂ ਵਿੱਚੋਂ ਕਿਸੇ ਕੁੜੀ ਨੂੰ ਨਹੀਂ ਪਤਾ ਕਿ ਬੱਚੇ ਕਿਵੇਂ ਪੈਦਾ ਹੁੰਦੇ ਹਨ। ''ਇਹ ਗੱਲਾਂ ਮਾਂ ਨਹੀਂ ਸਮਝਾ ਸਕਦੀ, ਅਸਮਾ ਦੀ ਮਾਂ ਰੁਖਸਾਨਾ ਜਿਓਂ ਹੀ ਇਹ ਗੱਲ ਕਹਿੰਦੀ ਹਨ, ਦੋਵੇਂ ਕੁੜੀਆਂ ਹੋਰ ਜ਼ੋਰ-ਜ਼ੋਰ ਦੀ ਹੱਸਣ ਲੱਗਦੀਆਂ ਹਨ। ''ਲਾਜ ਕੀ ਬਾਤ ਹੈ (ਸ਼ਰਮ ਆਉਂਦੀ ਹੈ)।'' ਇਸ ਗੱਲ ਨਾਲ਼ ਹਰ ਕੋਈ ਸਹਿਮਤ ਹੈ ਕਿ ਕੁੜੀ (ਲਾੜੀ ਬਣਨ ਵਾਲ਼ੀ) ਦੀ ਭਾਬੀ ਉਹਨੂੰ ਇਹ ਜਾਣਕਾਰੀ ਦੇਣ ਦਾ ਸਹੀ ਜ਼ਰੀਆ ਹੈ। ਪਰ, ਅਸਮਾ ਅਤੇ ਸਲੀਮਾ ਨਨਾਣ-ਭਰਜਾਈ ਹਨ ਅਤੇ ਦੋਵਾਂ ਵਿੱਚੋਂ ਕੋਈ ਵੀ ਗਰਭਅਵਸਥਾ ਜਾਂ ਪ੍ਰਸਵ ਬਾਰੇ ਸਲਾਹ ਦੇਣ ਦੀ ਹਾਲਤ ਵਿੱਚ ਨਹੀਂ ਹੈ।










