ਮਦਰਾਸ (ਹੁਣ ਚੇਨੱਈ) ਦੇ ਪੁਰਾਣੇ ਕਾਰੋਬਾਰੀ ਕੇਂਦਰ, ਜਾਰਜ ਟਾਊਨ, ਦੇ ਲਗਭਗ ਐਨ ਵਿਚਾਲੇ ਸਥਿਤ ਇੱਕ ਭੀੜੀ, ਵਲ਼ੇਵੇਂਦਾਰ ਗਲ਼ੀ ਵਿੱਚ ਸਵੇਰੇ-ਸਾਜਰੇ ਹੀ ਚਹਿਲ-ਪਹਿਲ ਸ਼ੁਰੂ ਹੋ ਜਾਂਦੀ ਹੈ। ਪਰ ਜੇਕਰ ਤੁਸੀਂ ਇਸ ਗਲ਼ੀ ਨੂੰ ਇਹਦੇ ਸਰਕਾਰੀ (ਅਧਿਕਾਰਕ) ਨਾਮ ਯਾਨਿ ਕਿ 'ਬੈਡ੍ਰਿਯਨ ਸਟ੍ਰੀਟ' ਲੈ ਕੇ ਲੱਭਣ ਦੀ ਕੋਸ਼ਿਸ਼ ਕਰੋਗੇ ਤਾਂ ਯਕੀਨ ਮੰਨੋ ਕਦੇ ਲੱਭ ਹੀ ਨਹੀਂ ਪਾਓਗੇ। ਹਰ ਕੋਈ ਇਹਨੂੰ ਪੂਕਾੜਈ (ਫੁੱਲ ਮੰਡੀ) ਕਹਿੰਦਾ ਹੈ। ਇੰਝ ਇਸਲਈ ਵੀ ਕਿਉਂਕਿ 1996 ਵਿੱਚ ਚੇਨੱਈ ਵਿਖੇ ਕੋਯਮਬੇੜੂ ਵਿੱਚ ਸਬਜ਼ੀ ਤੇ ਫੁੱਲਾਂ ਦਾ ਵੱਡਾ ਸਾਰਾ ਬਜ਼ਾਰ ਬਣਨ ਤੋਂ ਵੀ ਕਾਫ਼ੀ ਪਹਿਲਾਂ ਤੋਂ ਇੱਥੇ ਬੋਰੀਆਂ ਦੇ ਹਿਸਾਬੇ ਫੁੱਲ ਵੇਚੇ ਜਾਂਦੇ ਸਨ ਅਤੇ 18 ਸਾਲ ਬਾਅਦ ਵੀ, ਪੂਕਾੜਈ ਵਿਖੇ ਸਵੇਰੇ ਦੀ ਚਹਿਲ-ਪਹਿਲ ਜਿਓਂ ਦੀ ਤਿਓਂ ਬਣੀ ਹੋਈ ਹੈ, ਜਿੱਥੇ ਆਉਂਦੇ ਵਿਕ੍ਰੇਤਾ ਕਿਤੇ ਹੋਰ ਜਾਣ ਨੂੰ ਰਾਜ਼ੀ ਹੀ ਨਹੀਂ ਅਤੇ ਖ਼ਰੀਦਦਾਰ ਵੀ ਤੈਅ ਇਨ੍ਹਾਂ ਨਵੇਂ ਬਜ਼ਾਰਾਂ ਤੱਕ ਨਹੀਂ ਜਾਣਾ ਚਾਹੁੰਦੇ।

ਦਿਨ ਚੜ੍ਹਨ ਤੋਂ ਪਹਿਲਾਂ ਹੀ ਪੂਕਾੜਈ ਵਿਖੇ ਲੋਕਾਂ ਦਾ ਹੜ੍ਹ ਆ ਜਾਂਦਾ ਹੈ ਅਤੇ ਤੁਹਾਨੂੰ ਪੈਰ ਧਰਨ ਤੱਕ ਦੀ ਥਾਂ ਨਹੀਂ ਮਿਲ਼ਣੀ। ਕੋਯਮਬੇੜੂ, ਆਂਧਰਾ ਪ੍ਰਦੇਸ਼ ਅਤੇ ਬੀਹੜ ਦੱਖਣੀ ਤਮਿਲਨਾਡੂ ਤੋਂ ਫੁੱਲਾਂ ਨੂੰ ਨੱਕੋ-ਨੱਕ ਭਰੀਆਂ ਬੋਰੀਆਂ ਇੱਥੇ ਪਹੁੰਚਦੀਆਂ ਹਨ। ਸੜਕ ਹਮੇਸ਼ਾ ਹੀ ਚਿੱਕੜ ਨਾਲ਼ ਭਰੀ ਰਹਿੰਦੀ ਤੇ ਵਿਚਕਾਰ ਕਰਕੇ ਕੂੜੇ-ਕਰਕਟ ਦੀ ਪਹਾੜੀ ਜਿਹੀ ਬਣੀ ਰਹਿੰਦੀ ਹੈ। ਕਲਪਨਾ ਕਰਕੇ ਦੇਖੋ ਕਿ ਹਜ਼ਾਰਾਂ-ਹਜ਼ਾਰ ਪੈਰਾਂ ਹੇਠ ਪੁਰਾਣੇ ਫੁੱਲ ਮਿੱਧੇ ਜਾਂਦੇ ਰਹਿੰਦੇ ਹਨ; ਸੈਂਕੜੇ ਗੱਡੀਆਂ ਦੇ ਟਾਇਰ ਇਨ੍ਹਾਂ ਦਾ ਕਚੂਮਰ ਕੱਢਦੇ ਰਹਿੰਦੇ ਹਨ ਅਤੇ ਫਿਰ ਜ਼ਰਾ ਇਨ੍ਹਾਂ ਉੱਠਦੀ ਨਿਕਲ਼ਦੀ ਹਵਾੜ ਦੀ ਕਲਪਨਾ ਤਾਂ ਕਰਕੇ ਦੇਖੋ। ਇਹ ਸਭ ਕੁਝ ਦੇਖਣਾ ਚੰਗਾ ਨਹੀਂ ਲੱਗਦਾ। ਪਰ ਗਲ਼ੀ ਆਪਣੇ-ਆਪ ਵਿੱਚ ਹੀ ਇਸ ਸਭ ਕਾਸੇ ਦੀ ਦਾਅਵਤ ਬਣ ਜਾਂਦੀ ਹੈ। ਗਲ਼ੀ ਦੇ ਦੋਵੀਂ ਪਾਸੀਂ ਦੁਕਾਨਾਂ ਹਨ; ਕੁਝ ਕੁ ਪੱਕੀਆਂ ਹਨ ਜਿਨ੍ਹਾਂ ਅੰਦਰ ਅਲਮਾਰੀਆਂ ਹਨ ਤੇ ਛੱਤ ਨਾਲ਼ ਪੱਖੇ ਵੀ ਟੰਗੇ ਹੋਏ ਹਨ; ਬਾਕੀ ਦੁਕਾਨਾਂ ਤਾਂ ਬੱਸ ਦੁਕਾਨਾਂ ਤਾਂ ਝੌਂਪੜੀ ਜਿਹੀਆਂ ਹਨ। ਹਾਲਾਂਕਿ, ਸਾਰੀਆਂ ਦੁਕਾਨਾਂ ਬੜੀਆਂ ਰੰਗ-ਬਿਰੰਗੀਆਂ ਜਾਪਦੀਆਂ ਹਨ। ਤਸਵੀਰ ਵਿਚਲੀ ਦੁਕਾਨ ਪੂਕਾੜਈ ਦੀਆਂ ਪੱਕੀਆਂ ਦੁਕਾਨਾਂ ਵਿੱਚੋਂ ਇੱਕ ਹੈ। ਕਈ ਦੁਕਾਨਾਂ ਪ੍ਰਵਾਸੀ ਮਜ਼ਦੂਰਾਂ ਦੁਆਰਾ ਚਲਾਈਆਂ ਜਾ ਰਹੀਆਂ ਹਨ, ਜੋ ਪਿੰਡ ਵਿਖੇ ਸੋਕੇ ਦੀ ਮਾਰ ਝੱਲਦੇ ਖੇਤਾਂ ਅਤੇ ਘੱਟਦੇ ਰੁਜ਼ਗਾਰ ਦੇ ਕਾਰਨ ਇੱਥੇ ਆ ਗਏ ਹਨ। ਉਨ੍ਹਾਂ ਦੇ ਸਹਾਇਕ ਵੀ ਅਕਸਰ ਉਨ੍ਹਾਂ ਦੇ ਪਿੰਡ ਜਾਂ ਨੇੜੇ-ਤੇੜੇ ਦੇ ਪਿੰਡਾਂ ਦੇ ਹੀ ਨੌਜਵਾਨ ਲੜਕੇ ਹੁੰਦੇ ਹਨ, ਜੋ ਦੁਕਾਨ ਦੇ ਮਗਰ ਬਣੇ ਜਾਂ ਉੱਪਰ ਬਣੇ ਛੋਟੇ ਜਿਹੇ ਕਮਰਿਆਂ ਵਿੱਚ ਰਹਿੰਦੇ ਹਨ। (ਇਹ ਤਸਵੀਰ 19 ਅਪ੍ਰੈਲ 2012 ਦੀ ਹੈ ਜਦੋਂ ਮੈਂ ਸਵੇਰੇ-ਸਵੇਰੇ ਪੂਕਾੜਈ ਗਈ ਸਾਂ)

A man sits by his flower stall
PHOTO • Aparna Karthikeyan

ਵੀ. ਸ਼ਨਮੁਗਾਵੇਲ (ਖੱਬੇ) 1984 ਵਿੱਚ ਡਿੰਡੀਗੁਲ ਦੇ ਗੌਂਡਮਪੱਟੀ ਤੋਂ ਚੇਨੱਈ ਆਏ ਸਨ। ਉਨ੍ਹਾਂ ਨੂੰ ਪਲਾਇਨ ਇਸਲਈ ਵੀ ਕਰਨਾ ਪਿਆ ਕਿਉਂਕਿ ਪਿੰਡ ਵਿੱਚ ਰਹਿੰਦਿਆਂ ਭਾਵੇਂ ਉਹ ਮਜ਼ਦੂਰੀ ਲਈ ਬਾਹਰ ਵੀ ਜਾਂਦੇ ਤਾਂ ਵੀ ਉਨ੍ਹਾਂ ਨੂੰ ਮਸਾਂ ਹੀ 5 ਰੁਪਏ ਦਿਹਾੜੀ ਬਣਦੀ। ਚੇਨੱਈ ਵਿੱਚ ਉਸ ਸਮੇਂ ਵੀ ਦਿਹਾੜੀ 10 ਗੁਣਾ ਵੱਧ ਸੀ। ਉਨ੍ਹਾਂ ਦੇ ਪਿਤਾ ਆਪਣੀ ਤਿੰਨ ਏਕੜ ਜ਼ਮੀਨ 'ਤੇ ਖੇਤੀ ਕਰਦੇ ਸਨ। ਪਰ ਜਦੋਂ ਤੋਂ ਮੀਂਹ ਪੈਣਾ ਘੱਟ ਹੁੰਦਾ ਗਿਆ ਅਤੇ ਪਾਣੀ ਦੀ ਕਿੱਲਤ ਹੋ ਗਈ ਤਾਂ ਉਨ੍ਹਾਂ ਲਈ ਰੋਜ਼ੀ-ਰੋਟੀ ਕਮਾਉਣਾ ਅਸੰਭਵ ਹੋ ਗਿਆ। ਹੁਣ ਉਨ੍ਹਾਂ ਦੇ ਪਿੰਡ ਵਿਖੇ ਬੋਰਵੈੱਲ ਲੱਗਣ ਲੱਗੇ ਹਨ, ਪਰ ਕਾਫ਼ੀ ਦੇਰ ਹੋ ਚੁੱਕੀ ਹੈ ਕਿਉਂਕਿ ਲੋਕਾਂ ਨੇ ਪਹਿਲਾਂ ਹੀ ਪਿੰਡ ਛੱਡਣਾ ਸ਼ੁਰੂ ਕਰ ਦਿੱਤਾ ਹੈ।

PHOTO • Aparna Karthikeyan

ਪੈਸਿਆਂ ਦੀ ਗਿਣਤੀ ਕਰ ਰਹੇ ਕੇ. ਰਾਮਚੰਦਰ (ਉੱਪਰ ਤਸਵੀਰ ਵਿੱਚ) ਸੱਜੇ ਪਾਸੇ ਖੜ੍ਹੇ ਹਨ। ਉਹ ਡਿੰਡੀਗੁਲ ਜ਼ਿਲ੍ਹੇ ਦੇ ਚੋਂਗਨਚੱਟੀਪੱਟੀ ਦੇ ਵਾਸੀ ਹਨ। ਆਪਣੇ ਪਿੰਡ ਵਿਖੇ ਬਤੌਰ ਖੇਤ ਮਜ਼ਦੂਰ ਕੰਮ ਕਰਨ ਵਾਲ਼ੇ ਰਾਮਚੰਦਰ, 2003 ਵਿੱਚ ਬਿਹਤਰ ਕਮਾਈ ਦੀ ਭਾਲ਼ ਵਿੱਚ ਚੇਨੱਈ ਆਏ। ਉਨ੍ਹਾਂ ਦੇ ਮਾਪੇ ਅਜੇ ਵੀ ਪਿੰਡ ਵਿਖੇ ਰਹਿ ਕੇ ਖੇਤਾਂ ਵਿੱਚ ਕੰਮ ਕਰਦੇ ਹਨ। ਉਨ੍ਹਾਂ ਵਾਂਗਰ ਉਨ੍ਹਾਂ ਦੇ ਪਿੰਡ ਦੇ ਬਹੁਤੇਰੇ ਬਾਸ਼ਿੰਦੇ ਕੰਮ ਦੀ ਭਾ਼ਲ ਵਿੱਚ ਪਲਾਇਨ ਕਰ ਚੁੱਕੇ ਹਨ; ਸਿਰਫ਼ 40 ਜਾਂ 50 ਸਾਲ ਦੇ ਵਿਅਕਤੀ ਹੀ ਉੱਥੇ ਰਹਿ ਗਏ ਹਨ। ਜ਼ਿਆਦਾਤਰ ਨੌਜਵਾਨ ਤਿਰੂਪੁਰ, ਕੋਇੰਬਟੂਰ ਜਾਂ ਚੇਨੱਈ ਵਿਖੇ ਕੰਮ ਕਰਨ ਲਈ ਚਲੇ ਗਏ ਹਨ। ਰਾਮਚੰਦਰ ਮੁਤਾਬਕ, 1,000 ਲੋਕਾਂ ਦੀ ਵਸੋਂ ਵਾਲ਼ੇ ਇਸ ਪਿੰਡ ਵਿਖੇ, ਹੁਣ ਅੱਧੀ ਤੋਂ ਵੀ ਘੱਟ ਅਬਾਦੀ ਵਾਸ ਕਰਦੀ ਹੈ। ਉਨ੍ਹਾਂ ਵਿੱਚੋਂ ਉਨ੍ਹਾਂ ਦੀ ਉਮਰ ਦੇ ਕਾਫ਼ੀ ਵਿਰਲੇ ਪੁਰਸ਼ ਹੀ ਪਿੰਡ ਰਹਿੰਦੇ ਹਨ।

PHOTO • Aparna Karthikeyan

ਏ. ਮੁਤੁਰਾਜ, ਡਿੰਡੀਗੁਲ ਜ਼ਿਲ੍ਹੇ ਦੇ ਪਚਈਮਲਯਨਕੋਟਈ ਤੋਂ ਹਨ, ਜਿੱਥੇ ਪੰਜ ਸਾਲ ਪਹਿਲਾਂ 30,000 ਰੁਪਏ ਵਿੱਚ ਵੇਚੀ ਜਾਣ ਵਾਲ਼ੀ 1 ਸੈਂਟ (ਸੈਂਟ-ਦੱਖਣੀ ਭਾਰਤ ਵਿੱਚ ਜ਼ਮੀਨ ਦੀ ਪੈਮਾਇਸ਼ ਦੀ ਇਕਾਈ ਹੈ। 1 ਸੈਂਟ= 1/100 ਏਕੜ ਦੇ ਕਰੀਬ) ਜ਼ਮੀਨ ਹੁਣ ਇੱਕ ਲੱਖ ਰੁਪਏ ਦੀ ਹੈ। ਕਾਰਨ? ਇਹ ਪ੍ਰਮੁੱਖ ਸ਼ਹਿਰਾਂ ਨੂੰ ਜੋੜਨ ਵਾਲ਼ੇ ਚੌਰਾਹੇ ਦੇ ਨੇੜੇ ਸਥਿਤ ਹੈ ਅਤੇ ਜੋ ਲੋਕ ਉੱਥੇ ਰਹਿੰਦੇ ਹਨ ਉਹ ਰੋਜ਼ਾਨਾ ਉਨ੍ਹਾਂ ਸ਼ਹਿਰਾਂ ਵਿੱਚੋਂ ਹੀ ਕਿਸੇ ਵੀ ਸ਼ਹਿਰ ਅਸਾਨੀ ਨਾਲ਼ ਆ-ਜਾ ਸਕਦੇ ਹਨ। ਇਸ ਕਾਰਨ ਕਰਕੇ ਹੁਣ ਕੋਈ ਖੇਤੀ ਨਹੀਂ ਕਰਨਾ ਚਾਹੁੰਦਾ, ਖੇਤਾਂ ਵਿੱਚ ਕੰਮ ਕਰਨ ਵਾਲ਼ੇ ਟਾਂਵੇਂ-ਟਾਂਵੇਂ ਲੋਕ ਹੀ ਬਚੇ ਹਨ। ਮੁਤੁਰਾਜ ਦੀ ਮਾਂ ਉਨ੍ਹਾਂ ਕੁਝ ਕੁ ਲੋਕਾਂ ਵਿੱਚੋਂ ਹਨ ਜੋ ਹੁਣ ਵੀ ਖੇਤੀ ਕਰਦੇ ਹਨ (ਉਨ੍ਹਾਂ ਕੋਲ਼ ਦੋ ਏਕੜ ਜ਼ਮੀਨ ਹੈ) ਅਤੇ ਉਹ ਖੇਤ ਮਜ਼ਦੂਰਾਂ ਦੀ ਮਦਦ ਨਾ਼ਲ ਕਨੇਰ ਦੇ ਫੁੱਲ ਉਗਾਉਂਦੀ ਹਨ। ਪਾਣੀ ਦੀ ਉਪਲਬਧਤਾ, ਹਾਲਾਂਕਿ ਮਜ਼ਦੂਰਾਂ ਤੋਂ ਵੀ ਘੱਟ ਹੈ। ਕਰੀਬ 800 ਫੁੱਟ ਦੀ ਬੋਰਿੰਗ ਵਿੱਚ ਪਾਣੀ ਘੱਟ ਜਾਂ ਬਿਲਕੁਲ ਨਾ ਹੋਣ ਕਾਰਨ, ਹੁਣ ਉਹ ਹਫ਼ਤੇ ਵਿੱਚ ਦੋ ਵਾਰੀਂ ਆਪਣੇ ਖੇਤਾਂ ਦੀ ਸਿੰਚਾਈ ਲਈ ਟੈਂਕਰ (700 ਰੁਪਏ ਪ੍ਰਤੀ ਲੋਡ) ਰਾਹੀਂ ਪਾਣੀ ਖਰੀਦਦੀ ਹਨ। ਮੀਂਹ ਕਾਰਨ ਹਾਲਾਤ ਵਿੱਚ ਸੁਧਾਰ ਹੋ ਸਕਦਾ ਹੈ, ਪਰ ਪਿੰਡ ਵਿੱਚ ਜੀਵਨ ਸਦਾ ਕਠਿਨ ਹੀ ਰਿਹਾ; ਅਤੇ ਜਦੋਂ ਮੁਤੁਰਾਜ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ 18 ਸਾਲ ਪਹਿਲਾਂ ਚੇਨੱਈ ਵਿਖੇ ਰੁਜ਼ਗਾਰ ਦੀ ਭਾਲ਼ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਉੱਥੋਂ ਪਲਾਇਨ ਕਰਨ ਦਾ ਰਾਹ ਚੁਣਿਆ।

PHOTO • Aparna Karthikeyan

ਐੱਸ. ਪਰਾਕ੍ਰਮਪਾਂਡਿਯਨ (ਖੱਬੇ) ਦੇ ਦਾਦਾ ਜੀ ਨੇ ਉਨ੍ਹਾਂ ਲਈ ਵੱਡੇ-ਵੱਡੇ ਸੁਪਨੇ ਦੇਖੇ ਸਨ- ਉਹ ਚਾਹੁੰਦੇ ਸਨ ਕਿ ਪਰਾਕ੍ਰਮਪਾਂਡਿਯਨ ਪੁਲਿਸ ਵਿੱਚ ਜਾਵੇ ਅਤੇ ਇਸਲਈ ਉਨ੍ਹਾਂ ਦਾ ਨਾਮ ਮਦੁਰਈ ਦੇ ਇੱਕ ਰਾਜੇ ਦੇ ਨਾਮ 'ਤੇ ਰੱਖਿਆ ਗਿਆ। ਉਨ੍ਹਾਂ ਨੇ ਸੋਚਿਆ ਕਿ ਇਹ ਉਨ੍ਹਾਂ ਦੀ ਛਾਤੀ 'ਤੇ ਪਿਨ ਕੀਤੇ ਗਏ ਬੈਜ 'ਤੇ ਲਿਖਿਆ ਇਹ ਨਾਮ ਚੰਗਾ ਲੱਗੇਗਾ। ਪਰ, 'ਪਰਾਕ' (ਇੱਥੇ ਹਰ ਕੋਈ ਉਨ੍ਹਾਂ ਨੂੰ ਇਸੇ ਨਾਮ ਨਾਲ਼ ਸੱਦਦਾ ਹੈ ਅਤੇ ਸਥਾਨਕ ਭਾਸ਼ਾ ਵਿੱਚ ਜਿਹਦਾ ਅਰਥ ਹੈ ਸੁਪਨਸਾਜ਼) ਕਦੇ ਸਕੂਲ ਨਹੀਂ ਗਏ ਅਤੇ ਹੁਣ ਫੁੱਲ ਵੇਚਦੇ ਹਨ। ਡਿੰਡੀਗੁਲ ਜ਼ਿਲ੍ਹੇ ਦੇ ਪੱਲਾਪੱਟੀ ਪਿੰਡ ਤੋਂ ਪਰਾਕ੍ਰਮਪਾਂਡਿਯਨ 14 ਸਾਲ ਦੀ ਉਮਰੇ ਚੇਨੱਈ ਆ ਗਏ ਸਨ। ਸ਼ੁਰੂ ਵਿੱਚ, ਉਨ੍ਹਾਂ ਨੇ ਕੋਯਮਬੇੜੂ ਵਿਖੇ ਕੰਮ ਕੀਤਾ ਤੇ ਬਾਅਦ ਵਿੱਚ ਇੱਕ ਦੁਕਾਨ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਚੱਕਰ ਵਿੱਚ ਉਨ੍ਹਾਂ ਸਿਰ 2.5 ਲੱਖ ਰੁਪਏ ਦਾ ਕਰਜਾ (ਮੂਲ਼ ਤੇ ਵਿਆਜ ਜੋੜ ਕੇ) ਚੜ੍ਹ ਗਿਆ। ਫਿਰ ਉਨ੍ਹਾਂ ਨੇ ਜ਼ਮੀਨ ਵੇਚ ਦਿੱਤੀ ਤੇ 1.5 ਰੁਪਏ ਮੋੜ ਦਿੱਤੇ। ਪਰ ਬਾਕੀ ਦਾ ਰਹਿੰਦਾ ਕਰਜਾ ਲਾਹੁਣ ਲਈ ਪੈਸਾ ਜੋੜਨ ਦੀਆਂ ਤਰਕੀਬਾਂ ਵਿੱਚ ਲੱਗੇ ਰਹਿੰਦੇ ਹਨ; ਉਹ ਹਰ ਰੋਜ਼ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਦੇ ਹਨ ਅਤੇ ਸੂਰਜ ਢਲ਼ਣ ਤੱਕ ਕੰਮ ਕਰਦੇ ਹਨ।

ਤਰਜਮਾ: ਕਮਲਜੀਤ ਕੌਰ

Aparna Karthikeyan

Aparna Karthikeyan is an independent journalist, author and Senior Fellow, PARI. Her non-fiction book 'Nine Rupees an Hour' documents the disappearing livelihoods of Tamil Nadu. She has written five books for children. Aparna lives in Chennai with her family and dogs.

Other stories by Aparna Karthikeyan
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur