"ਕੌਂਡਰਾ ਸੰਮਾਈਹ... ਨੂੰ ਸਿਰ 'ਤੇ ਚੜ੍ਹੇ ਕਰਜ਼ੇ ਦੀ ਬਦੌਲਤ ਦਿਮਾਗ਼ੀ ਪਰੇਸ਼ਾਨੀ ਹੋਈ ਜਿਸਦੇ ਚੱਲਦਿਆਂ ਉਹਨੇ ਜ਼ਹਿਰੀਲੀ ਕੀਟ-ਨਾਸ਼ਕ ਨਿਗਲ਼ ਲਈ..." ਐੱਫਆਈਆਰ ਵਿੱਚ ਕਿਹਾ ਗਿਆ ਹੈ।

17 ਦਸੰਬਰ 2017 ਨੂੰ ਥਾਰੀਗੋਪੁਲਾ ਪੁਲਿਸ ਥਾਣੇ ਵਿੱਚ ਐੱਫਆਈਆਰ (ਪ੍ਰਥਮ ਸੂਚਨਾ ਰਿਪੋਰਟ) ਦਾਇਰ ਕੀਤੀ ਗਈ, ਜੋ ਕਿ ਨਰਾਸਾਪੁਰ ਪਿੰਡ ਤੋਂ ਤਿੰਨ ਕਿਲੋਮੀਟਰ ਦੂਰ ਹੈ, ਜਿੱਥੇ ਸੰਮਾਈਹ ਅਤੇ ਉਹਦੀ ਪਤਨੀ ਕੌਂਡਰਾ ਸਾਗਰਿਕਾ ਛੇ ਏਕੜ ਦੇ ਖੇਤ ਵਿੱਚ ਜੋ ਕਿ ਵਰਖਾ-ਸਿੰਚਿਤ ਭੂਮੀ ਸੀ, 'ਤੇ ਬੀਟੀ-ਕੌਟਨ ਦੀ ਖੇਤੀ ਕਰਦੇ।

ਉਨ੍ਹਾਂ ਦਾ ਕਰਜ਼ਾ 5 ਲੱਖ ਦੇ ਕਰੀਬ ਪਹੁੰਚ ਗਿਆ ਜੋ ਕਰਜ਼ਾ ਉਨ੍ਹਾਂ ਨੇ ਖਾਸ ਕਰਕੇ ਆਪਣੇ ਰਿਸ਼ਤੇਦਾਰਾਂ ਕੋਲੋਂ ਵੱਖ-ਵੱਖ ਵਿਆਜ਼ ਦਰਾਂ 'ਤੇ ਲਿਆ ਸੀ। ਸੰਮਾਈਹ ਅਤੇ ਸਾਗਰਿਕਾ ਕੋਲ਼ ਆਪਣੀ ਤਾਂ ਇੱਕ ਏਕੜ ਤੋਂ ਥੋੜ੍ਹੀ ਜਿਹੀ ਵੱਧ ਜ਼ਮੀਨ ਸੀ ਅਤੇ ਬਾਕੀ ਉਨ੍ਹਾਂ ਨੇ ਰਿਸ਼ਤੇਦਾਰਾਂ ਤੋਂ ਪਟੇ 'ਤੇ ਲਈ ਸੀ। "ਕਿਸਾਨ ਦਾ ਹਰ ਮੌਸਮ ਤੋਂ ਪਹਿਲਾਂ ਕਰਜ਼ਾ ਲੈਣ ਲਈ ਮਜ਼ਬੂਰ ਹੋਣਾ ਹੀ ਇਸ ਕਰਜ਼ੇ ਦੀ ਬੱਝੀ ਪੰਡ ਦਾ ਕਾਰਨ ਸੀ," ਸਾਗਰਿਕਾ ਕਹਿੰਦੀ ਹੈ। ਉੱਪਰੋਂ ਸੋਕੇ ਨੇ ਰਹਿੰਦੀ-ਖੂੰਹਦੀ ਕਸਰ ਵੀ ਪੂਰੀ ਕਰ ਦਿੱਤੀ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਜ਼ਮੀਨ 'ਤੇ ਖੇਤੀ ਕਰਨ ਦੀ ਕੋਸ਼ਿਸ਼ ਕੀਤੀ, ਜੋੜੇ ਨੇ ਨਰਮੇ ਦੇ ਖੇਤਾਂ ਵਿੱਚ ਖੇਤ ਮਜ਼ਦੂਰਾਂ ਵਾਂਗ ਹੱਢ ਤੋੜੇ। 2011 ਵਿੱਚ ਉਨ੍ਹਾਂ ਦਾ ਵਿਆਹ ਹੋਣ ਤੋਂ ਬਾਅਦ, ਉਹ ਕੁਝ ਸਮਾਂ ਹੈਦਰਾਬਾਦ ਵਿੱਚ ਰਹੇ, ਜਿੱਥੇ  ਸੰਮਾਈਹ ਬਤੌਰ ਡਰਾਈਵਰ ਕੰਮ ਕਰਦਾ ਰਿਹਾ। 2013 ਵਿੱਚ ਜਦੋਂ  ਸੰਮਾਈਹ ਦੇ ਪਿਤਾ ਦੀ ਸਿਹਤ ਵਿਗੜਨ ਲੱਗੀ ਤਾਂ ਉਹ ਤੇਲੰਗਾਨਾ ਦੇ ਜਾਂਗਾਓ ਵਿੱਚ ਪੈਂਦੇ ਨਰਾਸਾਪੁਰ ਪਰਤ ਆਏ।

ਸਤੰਬਰ 2017 ਵਿੱਚ ਜਦੋਂ ਸੰਮਾਈਹ ਨੇ ਆਤਮਹੱਤਿਆ ਕੀਤੀ ਤਾਂ ਉਹ 29 ਸਾਲਾਂ ਦਾ ਸੀ। ਸਾਗਰਿਕਾ ਦੀ ਉਮਰ ਸਿਰਫ਼ 23 ਸਾਲ ਸੀ। ਉਨ੍ਹਾਂ ਦੇ ਬੱਚੇ, ਸਨੇਹਿਤਾ ਦੀ ਉਮਰ 5 ਸਾਲ ਅਤੇ ਬੇਟੇ ਸਾਤਵਿਕ ਦੀ ਉਮਰ 3 ਸਾਲ ਸੀ। "ਮੇਰੇ ਬੱਚੇ ਹਰ ਰੋਜ਼ ਉਨ੍ਹਾਂ ਪਲਾਂ ਨੂੰ ਯਾਦ ਕਰਦੇ ਹਨ ਜੋ ਉਨ੍ਹਾਂ ਨੇ ਮੇਰੇ ਪਤੀ ਨਾਲ਼ ਗੁਜ਼ਾਰੇ," ਉਹ ਕਹਿੰਦੀ ਹੈ। "ਮੇਰੇ ਪਤੀ ਦੀ ਮੌਤ ਤੋਂ ਬਾਅਦ ਦਾ ਪਹਿਲਾ ਵਰ੍ਹਾ ਬੜਾ ਔਖਾ ਸਾਬਤ ਹੋਇਆ। ਮੇਰੇ ਰਿਸ਼ਤੇਦਾਰ ਮੈਨੂੰ ਕਿਸੇ ਪ੍ਰੋਗਰਾਮ ਵਿੱਚ ਨਹੀਂ ਬੁਲਾਉਂਦੇ ਸਨ। ਹੁਣ ਜਦੋਂ ਉਨ੍ਹਾਂ ਨੇ ਮੇਰਾ ਸੰਘਰਸ਼ ਦੇਖਿਆ ਹੈ ਤਾਂ ਮੈਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ ਹੈ..."

Kondra Sammaiah was 29 years old in September 2017, Sagarika was 23. Their children, Snehitta and Satvik, were 5 and 3
PHOTO • Raju Ooru Govardhangiri
Kondra Sammaiah was 29 years old in September 2017, Sagarika was 23. Their children, Snehitta and Satvik, were 5 and 3
PHOTO • Kondra Sagarika

ਸਤੰਬਰ 2017 ਵਿੱਚ ਸੰਮਾਈਹ 29 ਸਾਲਾਂ ਦਾ ਸੀ ਅਤੇ ਸਾਗਰਿਕਾ 23 ਸਾਲਾਂ ਦੀ। ਉਨ੍ਹਾਂ ਦੀ ਬੇਟੀ ਸਨੇਹਿਤਾ 5 ਸਾਲਾਂ ਦੀ ਅਤੇ ਬੇਟਾ ਸਾਤਵਿਕ 3 ਸਾਲਾਂ ਦਾ ਸੀ

ਫਰਵਰੀ 2018 ਵਿੱਚ, ਉਹਦੇ ਪਤੀ ਦੇ ਗੁਜ਼ਰਣ ਤੋਂ ਕੁਝ ਮਹੀਨੇ ਬਾਅਦ, ਸਾਗਰਿਕਾ ਨੇ ਖੁਦ ਨੂੰ ਆਪਣੀ ਜ਼ਮੀਨ ਵਿੱਚੋਂ ਕਰੀਬ 7 ਕੁਇੰਟਲ ਨਰਮਾ ਪੈਦਾ ਕਰਕੇ, ਇੱਕ ਸਥਾਨਕ ਖਰੀਦਦਾਰ ਨੂੰ ਵੇਚਣ ਦੇ ਸਮਰੱਥ ਕੀਤਾ। ਸਾਰੇ ਖਰਚੇ ਕੱਢ ਕੇ ਉਹਨੂੰ ਉੱਕੇ-ਪੁੱਕੇ 12,000 ਰੁਪਏ ਬਚੇ ਜਿਸ ਪੈਸੇ ਨਾਲ਼ ਉਹਨੇ ਫੌਰੀ ਖ਼ਰਚੇ ਪੂਰੇ ਕੀਤੇ। 2018 ਦੇ ਅਗਲੇ ਬਿਜਾਈ ਦੇ ਮੌਸਮ ਵਿੱਚ, ਉਹਨੇ ਦੋਬਾਰਾ ਨਰਮੇ ਦੀ ਕਾਸ਼ਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਮਾੜੇ ਝਾੜ ਕਰਕੇ ਉਹਦਾ ਇਹ ਕੰਮ ਇੱਥੇ ਹੀ ਰੁੱਕ ਗਿਆ। ਉਹ ਜ਼ਮੀਨ ਹੁਣ ਖਾਲੀ ਪਈ ਹੈ, ਉਹ ਦੱਸਦੀ ਹੈ, ਕਿ ਦੋਬਾਰਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਜ਼ਮੀਨ ਨੂੰ ਪੱਧਰ ਕੀਤੇ ਜਾਣ ਦੇ ਨਾਲ਼-ਨਾਲ਼ ਹੋਰ ਵੀ ਕਈ ਕੰਮ ਕਰਨੇ ਪੈਣਗੇ। ਪਟੇ 'ਤੇ ਲਈ ਜ਼ਮੀਨ ਦੇ ਕਿਰਾਏਨਾਮੇ ਦਾ ਨਵੀਨੀਕਰਨ ਨਹੀਂ ਕੀਤਾ ਗਿਆ ਸੀ।

ਉਹਦੇ ਪਤੀ ਦੀ ਮੌਤ ਤੋਂ ਕੁਝ ਹਫ਼ਤੇ ਬਾਅਦ, ਉਹ ਜ਼ਮੀਨ ਆਪਣੇ ਨਾਮ ਤਬਦੀਲ ਕਰਾਉਣ ਵਾਸਤੇ ਥਾਰੀਗੋਪੁੱਲਾ ਵਿੱਚ ਪੈਂਦੇ ਮੰਡਲ ਰੈਵੇਨਿਊ ਆਫਿਸ (MRO) ਗਈ। ਉਹਦੀ ਸੱਸ ਅਤੇ ਦਿਓਰ ਨੇ ਦ੍ਰਿੜਤਾ ਨਾਲ਼ ਉਹਦਾ ਵਿਰੋਧ ਕੀਤਾ। ਪਰ ਜੁਲਾਈ 2020 ਵਿੱਚ, ਸਾਗਰਿਕਾ ਬੜੀ ਮੁਸ਼ਕਲ ਨਾਲ਼ ਇੱਕ ਏਕੜ ਜ਼ਮੀਨ ਆਪਣੇ (ਮਨੋਨੀਤ ਬੇਟੇ ਨੂੰ ਬਣਾ ਕੇ) ਨਾਮ ਕਰਾਉਣ ਦੇ ਯੋਗ ਹੋਈ।

ਉਹ ਆਪਣੇ ਬੱਚਿਆਂ ਨਾਲ਼ ਉਸੇ ਘਰ ਵਿੱਚ ਰਹਿੰਦੀ ਹੈ ਜੋ ਉਹਦੇ ਸਹੁਰੇ ਪਰਿਵਾਰ ਨਾਲ਼ ਸਬੰਧਤ ਹੈ। ਉਹਨੂੰ ਕਿਰਾਇਆ ਦੇਣ ਵਾਸਤੇ ਤਾਂ ਨਹੀਂ ਕਿਹਾ ਜਾਂਦਾ ਪਰ ਬਾਕੀ ਸਾਰੇ ਖਰਚੇ ਉਹਨੂੰ ਆਪਣੇ ਸਿਰ-ਬ-ਸਿਰ ਪੂਰੇ ਕਰਨੇ ਪੈਂਦੇ ਹਨ। ਉਹਦੇ ਸਹੁਰੇ, ਕੌਂਡਰਾ ਯੇਲੀਆਹ ਦੀ ਮੌਤ 2014 ਵਿੱਚ ਹੋ ਗਈ ਸੀ ਅਤੇ ਉਹਦੀ ਸੱਸ, ਕੌਂਡਰਾ ਅੰਜੂਮਾ ਨੂੰ ਹੈਦਰਾਬਾਦ ਵਿੱਚ ਘਰ ਵਿੱਚ ਨਾਲ਼ ਰਹਿਣ ਵਾਲੀ ਨੌਕਰਾਣੀ ਵਜੋਂ ਨੌਕਰੀ ਮਿਲ਼ ਗਈ।

Sagarika works as an agricultural labourer, and at MGNREGA sites when work is available
PHOTO • Jodumuntala Shreeja

ਸਾਗਰਿਕਾ ਖੇਤ ਮਜ਼ਦੂਰੀ ਕਰਦੀ ਹੈ ਅਤੇ ਜਦੋਂ ਮਨਰੇਗਾ ਵਿੱਚ ਕੰਮ ਉਪਲਬਧ ਹੁੰਦਾ ਹੈ ਤਾਂ ਉਹ ਉੱਥੇ ਵੀ ਦਿਹਾੜੀਆਂ ਲਾਉਂਦੀ ਹੈ।

ਉਹਦੇ ਚਾਚੇ, ਉਹ ਉਨ੍ਹਾਂ ਦਾ ਜ਼ਿਕਰ (ਉਹਦੇ ਸਹੁਰੇ ਦੇ ਭਰਾ) ਕਰਦਿਆਂ ਦੱਸਦੀ ਹੈ, ਜੋ ਕਿ ਦੂਸਰੇ ਪਿੰਡ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਨੇ ਹੁਣੇ-ਹੁਣੇ ਉਸੇ ਪੰਜ ਏਕੜ 'ਤੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਜੋ ਜ਼ਮੀਨ ਉਨ੍ਹਾਂ ਨੇ ਸਾਗਰਿਕਾ ਅਤੇ ਸੰਮਾਈਹ ਨੂੰ ਪਟੇ 'ਤੇ ਦਿੱਤੀ ਸੀ। ਇਸ ਸਾਲ ਅਕਤੂਬਰ ਵਿੱਚ ਉਨ੍ਹਾਂ ਨੇ ਉਹਨੂੰ (ਸਾਗਰਿਕਾ) ਨੂੰ ਉਹ ਘਰ ਛੱਡਣ ਲਈ ਕਿਹਾ ਜਿਸ ਵਿੱਚ ਉਹ ਰਹਿੰਦੀ ਹੈ। "ਹੁਣ ਕਿਉਂਕਿ ਉਨ੍ਹਾਂ ਨੇ ਇੱਥੇ (ਨਰਾਸਾਪੁਰ ਵਿੱਚ) ਖੇਤੀ ਕਰਨੀ ਸ਼ੁਰੂ ਕਰ ਦਿੱਤੀ ਹੈ, ਇਸਲਈ ਇੱਥੇ ਆਉਣ 'ਤੇ ਉਨ੍ਹਾਂ ਨੂੰ ਰੁਕਣ ਵਾਸਤੇ ਜਗ੍ਹਾ ਚਾਹੀਦੀ ਹੈ," ਉਹ ਦੱਸਦੀ ਹੈ। "ਉਨ੍ਹਾਂ ਨੇ ਦੀਵਾਲੀ ਤੱਕ ਮੈਨੂੰ ਘਰ ਖਾਲੀ ਕਰਨ ਲਈ ਕਿਹਾ, ਪਰ ਮੈਂ ਕੋਈ ਹੋਰ ਟਿਕਾਣਾ ਨਾ ਲੱਭ ਸਕੀ। ਪਿੰਡ ਅੰਦਰ ਕਿਰਾਏ 'ਤੇ ਥਾਂ ਲੱਭਣੀ ਔਖੀ ਹੁੰਦੀ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਕੀ ਕਰਾਂ।"

ਸਾਗਰਿਕਾ ਦੇ ਮਾਪੇ ਨਰਾਸਾਪੁਰ ਵਿੱਚ ਰਹਿੰਦੇ ਹਨ। ਉਹਦੀ ਮਾਂ, ਸ਼ਰਤਰਲਾ ਕਾਨਾਕਾ ਲਕਸ਼ਮੀ, ਉਮਰ 45, ਇੱਕ ਆਸ਼ਾ ਵਰਕਰ (ਅਕ੍ਰੈਡਿਟਡ ਸੌਸ਼ਲ ਹੈਲਥ ਐਕਟੀਵਿਸਟ) ਹੈ। ਉਹਦਾ ਪਿਤਾ, ਸ਼ਰਤਰਲਾ ਇਲਾਹੀਅਹ, ਉਮਰ 60, ਨੇ ਸਿਹਤ ਵਿਗੜਨ ਕਰਕੇ ਕਈ ਸਾਲ ਪਹਿਲਾਂ ਨਰਾਸਾਪੁਰ ਵਿੱਚ ਦਿਹਾੜੀ 'ਤੇ ਹਮਾਲੀ ਦਾ ਕੰਮ (ਗੱਡੀ/ਟਰੱਕ ਭਰਨਾ/ਲਾਹੁਣਾ) ਕਰਨਾ ਛੱਡ ਦਿੱਤਾ ਹੈ।

ਸੰਮਾਈਹ ਦੀ ਆਤਮਹੱਤਿਆ ਤੋਂ ਬਾਅਦ ਤੋਂ ਹੀ, ਸਾਗਰਿਕਾ ਆਪਣੇ ਸਾਰੇ ਖਰਚਿਆਂ ਨੂੰ ਆਪਣੀ ਉਸੇ ਆਮਦਨੀ ਤੋਂ ਸਾਰਦੀ ਰਹੀ ਹੈ, ਜੋ ਆਮਦਨੀ ਉਹਨੂੰ ਮਨਰੇਗਾ (ਜਦੋਂ ਕੰਮ ਉਪਲਬਧ ਹੁੰਦਾ ਹੈ) 'ਤੇ ਦਿਹਾੜੀਆਂ ਲਾ ਕੇ ਅਤੇ ਖੇਤਾਂ ਵਿੱਚ ਕੰਮ ਕਰਕੇ ਹੁੰਦੀ ਹੈ। "ਜਦੋਂ ਮੇਰਾ ਪਤੀ ਜਿਊਂਦਾ ਸੀ, ਮੈਂ ਉਦੋਂ ਵੀ ਕੰਮ ਕਰਦੀ ਰਹੀ ਸਾਂ, ਪਰ ਮੈਂ ਜਾਣਦੀ ਸਾਂ ਕਿ ਮੈਨੂੰ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ ਅਤੇ ਮੈਂ ਸਿਰਫ਼ ਆਪਣੇ ਬੱਚਿਆਂ ਦਾ ਪਾਲਣ-ਪੌਸ਼ਣ ਕਰਨਾ ਸੀ," ਉਹ ਕਹਿੰਦੀ ਹੈ, "ਮੈਂ ਜਾਣਦੀ ਹਾਂ ਕਿ ਹੁਣ ਕੋਈ ਨਹੀਂ ਹੈ ਜਿਸ 'ਤੇ ਮੈਂ ਨਿਰਭਰ ਰਹਿ ਸਕਾਂ। ਇਹ ਅਹਿਸਾਸ ਬਹੁਤ ਹੀ ਮੁਸ਼ਕਲ ਹੈ," ਸਾਗਰਿਕਾ ਕਹਿੰਦੀ ਹੈ ਜੋ ਸੰਮਾਈਹ ਦੇ ਵਾਂਗ ਹੀ ਦਲਿਤ ਭਾਈਚਾਰੇ ਦੀ ਮਾਲਾ ਜਾਤ ਨਾਲ਼ ਸਬੰਧ ਰੱਖਦੀ ਹੈ।

ਪਿਛਲੇ ਸਾਲ, ਉਹਨੇ ਖਰਾਬ ਸਿਹਤ ਕਰਕੇ ਮਾਰਚ ਤੋਂ ਬਾਦ ਖੇਤਾਂ ਵਿੱਚ ਕੰਮ ਕਰਨਾ ਬੰਦ ਕਰ ਦਿੱਤਾ, ਪਰ ਅਪ੍ਰੈਲ ਅਤੇ ਮਈ ਵਿੱਚ ਮਨਰੇਗਾ ਦਾ ਕੁਝ ਕੰਮ ਕੀਤਾ। ਇਸ ਸਾਲ, ਜਨਵਰੀ ਅਤੇ ਫਰਵਰੀ ਵਿੱਚ ਉਹਨੇ ਦੋਬਾਰਾ ਖੇਤਾਂ ਵਿੱਚ ਕੰਮ ਕੀਤਾ, ਅਤੇ ਮਾਰਚ ਵਿੱਚ ਹੋਈ ਤਾਲਾਬੰਦੀ ਤੋਂ ਬਾਅਦ, ਮਨਰੇਗਾ ਵਿੱਚ ਉਹਨੂੰ ਅਪ੍ਰੈਲ ਅਤੇ ਮਈ ਵਿੱਚ ਕਰੀਬ 30 ਦਿਨਾਂ ਦਾ ਕੰਮ ਮਿਲ਼ ਗਿਆ, ਪਰ ਉਹਨੂੰ ਸਿਰਫ਼ 1500 ਰੁਪਏ ਹੀ ਤਨਖਾਹ ਮਿਲੀ। ਇਸ ਸਾਲ ਅਗਸਤ ਤੋਂ ਹੀ ਉਹ ਵਧੇਰੇ ਨਿਰੰਤਰਤਾ ਨਾਲ਼ ਕੰਮ ਕਰ ਰਹੀ ਹੈ।

"ਸਿਹਤ ਠੀਕ ਨਹੀਂ ਹੈ, ਇਸੇ ਕਰਕੇ," ਉਹ ਕਹਿੰਦੀ ਹੈ। "ਮੇਰਾ ਕੰਮ ਪੂਰਾ ਦਿਨ ਝੁਕੇ ਰਹਿਣ ਦੀ ਮੰਗ ਕਰਦਾ ਹੈ। ਡਾਕਟਰਾਂ ਨੇ ਮੈਨੂੰ ਨਾ ਝੁਕਣ ਦੀ ਸਲਾਹ ਦਿੱਤੀ ਹੈ। ਇਸਲਈ ਮੈਂ ਕੰਮ ਬੰਦ ਕਰ ਦਿੱਤਾ।" ਪਿਛਲੇ ਸਾਲ ਫਰਵਰੀ ਵਿੱਚ, ਡਾਕਟਰੀ ਜਾਂਚ ਦੌਰਾਨ ਸਾਗਰਿਕਾ ਦੇ ਟਾਂਕਿਆਂ ਦੇ ਜ਼ਖਮਾਂ ਵਿੱਚ ਲਹੂ ਦਾ ਥੱਕਾ ਨਜ਼ਰ ਆਇਆ, ਇਹ ਟਾਂਕੇ ਉਹਨੂੰ ਅਪ੍ਰੈਲ 2014 ਵਿੱਚ ਵਾਰਾਂਗਲ ਸ਼ਹਿਰ ਦੇ ਨਰਸਿੰਗ ਹੋਮ ਵਿੱਚ ਸਾਤਵਿਕ ਦੇ ਜਨਮ ਵੇਲੇ ਸੀ-ਸੈਕਸ਼ਨ ਪ੍ਰਸਵ ਦੌਰਾਨ ਲੱਗੇ ਸਨ।

ਪਿਛਲੇ ਛੇ ਮਹੀਨਿਆਂ ਤੋਂ, ਸਾਗਰਿਕਾ ਬਾਰ-ਬਾਰ ਚੜ੍ਹਨ ਵਾਲੇ ਬੁਖਾਰ ਅਤੇ ਥਕਾਵਟ ਤੋਂ ਪੀੜਤ ਰਹੀ, ਉਹਨੂੰ ਲਹੂ ਦੇ ਥੱਕੇ ਕਰਕੇ ਦਰਦ ਵੀ ਰਹਿੰਦਾ ਰਿਹਾ, ਜਿਸ ਦਰਦ ਨੇ ਉਹਨੂੰ ਕਈ ਦਿਨਾਂ ਤੱਕ ਬਿਸਤਰੇ 'ਤੇ ਸੁੱਟੀ ਰੱਖਿਆ। ਉਹ ਨਹੀਂ ਜਾਣਦੀ ਕਿ ਨਰਸਾਰਾਪੁਰ ਤੋਂ ਲਗਭਗ 25 ਕਿਲੋਮੀਟਰ ਦੂਰ, ਜਾਂਗਾਓਂ ਸ਼ਹਿਰ ਦੇ ਉਸ ਡਾਕਟਰ ਕੋਲੋਂ ਇਹ ਸਮੱਸਿਆ ਕਿਉਂ ਨਹੀਂ ਫੜ੍ਹੀ ਗਈ ਜਿਸ ਕੋਲ਼ ਉਹ ਜਾਂਦੀ ਹੈ।

ਫਿਰ ਵੀ, ਉਹਨੂੰ ਘਰ ਦਾ ਸਾਰਾ ਕੰਮ ਆਪੇ ਕਰਨਾ ਪੈਂਦਾ ਹੈ ਅਤੇ ਸਾਰੇ ਕੰਮ ਨਿਪਟਾਉਣ ਵਾਸਤੇ ਸਵੇਰੇ 5 ਵਜੇ ਉੱਠਣਾ ਪੈਂਦਾ ਹੈ। ਫਿਰ ਉਹ ਸਨੇਹਿਤਾ ਨੂੰ ਉਠਾਉਂਦੀ ਹੈ ਅਤੇ ਫਿਰ ਉਹ ਦੋਵੇਂ ਕੰਮ 'ਤੇ ਜਾਣ ਲਈ ਤਿਆਰ ਹੁੰਦੀਆਂ ਹਨ, ਜਦੋਂਕਿ ਦਿਨ ਵੇਲੇ ਸਾਤਵਿਕ ਨੂੰ ਸਾਗਰਿਕਾ ਦੇ ਮਾਪਿਆਂ ਦੇ ਘਰ (ਪਿੰਡ ਵਿੱਚ) ਛੱਡਿਆ ਜਾਂਦਾ ਹੈ। ਉਹ ਸਵੇਰੇ 9 ਵਜੇ ਕੰਮ 'ਤੇ ਪੁੱਜਦੀਆਂ ਹਨ ਅਤੇ ਸ਼ਾਮੀ 6 ਵਜੇ ਘਰ ਮੁੜਦੀਆਂ ਹਨ।

Sagarika lives with her kids Snehitta and Satvik in Narasapur village, in a house that belongs to her husband’s family
PHOTO • Courtesy: Kondra Sagarika
Sagarika lives with her kids Snehitta and Satvik in Narasapur village, in a house that belongs to her husband’s family
PHOTO • Ramulu Beeram

ਸਾਗਰਿਕਾ ਨਰਾਸਾਪੁਰ ਪਿੰਡ ਵਿੱਚ ਆਪਣੇ ਬੱਚਿਆਂ ਸਨੇਹਿਤਾ ਅਤੇ ਸਾਤਵਿਕ ਨਾਲ਼ ਆਪਣੇ ਸਹੁਰਿਆਂ ਦੇ ਘਰ ਵਿੱਚ ਰਹਿੰਦੀ ਹੈ

ਸਾਗਰਿਕਾ ਦੱਸਦੀ ਹੈ ਕਿ ਉਹਨੇ ਸੰਮਾਈਹ ਦੀ ਮੌਤ ਤੋਂ ਬਾਅਦ ਬਹੁਤ ਕੁਝ ਸਿੱਖਿਆ। "ਮੈਂ ਨਿਰਾਸ਼ ਨਹੀਂ ਹੁੰਦੀ ਜਦੋਂ ਲੋਕ ਮੇਰੇ ਬਾਰੇ ਮਾੜੇ ਬੋਲ ਬੋਲਦੇ ਹਨ। ਮੈਂ ਜਾਣਦੀ ਹਾਂ ਕਿ ਆਪਣੇ ਬੱਚਿਆਂ ਖਾਤਰ ਮੈਨੂੰ ਜਿਊਣਾ ਹੀ ਪਵੇਗਾ। ਉਨ੍ਹਾਂ ਨੂੰ ਪੜ੍ਹਾਉਣ ਖਾਤਰ ਮੈਂ ਕੰਮ ਕਰਾਂਗੀ।"

ਉਹ ਆਪਣੇ ਪਤੀ ਦੁਆਰਾ ਲਏ ਗਏ ਕੁੱਲ ਕਰਜ਼ੇ ਵਿੱਚੋਂ ਇੱਕ ਛੋਟੀ ਜਿਹੀ ਰਾਸ਼ੀ ਵੀ ਚੁਕਾਉਣ ਦੇ ਯੋਗ ਨਹੀਂ ਹੋਈ। 2020 ਵਿੱਚ, ਉਹਨੇ ਆਪਣੀ ਭੈਣ (ਜੋ ਆਪਣੇ ਪਤੀ ਦੇ ਨਾਲ਼ ਇਸੇ ਪਿੰਡ ਵਿੱਚ ਦੋ ਏਕੜ ਦੀ ਜ਼ਮੀਨ 'ਤੇ ਖੇਤੀ ਕਰਦੀ ਹੈ) ਵੱਲੋਂ ਲਿਆ ਕਰਜ਼ਾ ਮੋੜਨ ਦੀ ਕੋਸ਼ਿਸ਼ ਕਰਦੀ ਰਹੀ, ਬਾਕੀ 62,000 ਦੀ ਰਾਸ਼ੀ ਵਿੱਚ ਉਹ ਜਿਵੇਂ-ਕਿਵੇਂ ਕਰਕੇ 50,000 ਲਾਹੁਣ ਦੇ ਕਾਬਲ ਬਣੀ। (ਐੱਨਐੱਸਐੱਸ ਦੇ 70ਵੇਂ ਦੌਰ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਤੇਲੰਗਾਨਾ ਦਾ ਕਿਸਾਨ ਦੇਸ਼ ਦੇ ਕਰਜ਼ਾਈ ਕਿਸਾਨਾਂ ਦਾ 89.1 ਫੀਸਦੀ ਹਿੱਸਾ ਹੈ ਜੋ ਰਾਸ਼ਟਰੀ ਪੱਧਰ ਦੇ 51.9 ਫੀਸਦ ਦੇ ਮੁਕਾਬਲੇ ਬਹੁਤ ਜਿਆਦਾ ਹੈ।)

ਉਹ ਆਪਣੇ ਪਤੀ ਦੁਆਰਾ ਲਏ ਗਏ ਕੁੱਲ ਕਰਜ਼ੇ ਵਿੱਚੋਂ ਇੱਕ ਛੋਟੀ ਜਿਹੀ ਰਾਸ਼ੀ ਵੀ ਚੁਕਾਉਣ ਦੇ ਯੋਗ ਨਹੀਂ ਹੋਈ। 2020 ਵਿੱਚ, ਉਹਨੇ ਆਪਣੀ ਭੈਣ (ਜੋ ਆਪਣੇ ਪਤੀ ਦੇ ਨਾਲ਼ ਇਸੇ ਪਿੰਡ ਵਿੱਚ ਦੋ ਏਕੜ ਦੀ ਜ਼ਮੀਨ 'ਤੇ ਖੇਤੀ ਕਰਦੀ ਹੈ) ਵੱਲੋਂ ਲਿਆ ਕਰਜ਼ਾ ਮੋੜਨ ਦੀ ਕੋਸ਼ਿਸ਼ ਕਰਦੀ ਰਹੀ, ਬਾਕੀ 62,000 ਦੀ ਰਾਸ਼ੀ ਵਿੱਚ ਉਹ ਜਿਵੇਂ-ਕਿਵੇਂ ਕਰਕੇ 50,000 ਲਾਹੁਣ ਦੇ ਕਾਬਲ ਬਣੀ। (ਐੱਨਐੱਸਐੱਸ ਦੇ 70ਵੇਂ ਦੌਰ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਤੇਲੰਗਾਨਾ ਦਾ ਕਿਸਾਨ ਦੇਸ਼ ਦੇ ਕਰਜ਼ਾਈ ਕਿਸਾਨਾਂ ਦਾ 89.1 ਫੀਸਦੀ ਹਿੱਸਾ ਹੈ ਜੋ ਰਾਸ਼ਟਰੀ ਪੱਧਰ ਦੇ 51.9 ਫੀਸਦ ਦੇ ਮੁਕਾਬਲੇ ਬਹੁਤ ਜਿਆਦਾ ਹੈ।)

ਸਾਗਰਿਕਾ ਨੂੰ ਮਹੀਨੇਵਾਰ 2000 ਰੁਪਏ ਵਿਧਵਾ ਪੈਨਸ਼ਨ ਮਿਲ਼ਦੀ ਹੈ ਅਤੇ ਕਦੇ-ਕਦਾਈਂ ਰਥੂ ਸਵਰਾਜਿਆ ਵੇਦਿਕਾ ਵੱਲੋਂ 2000 ਰੁਪਏ ਭੱਤਾ ਮਿਲ਼ਦਾ ਹੈ, ਜੋ ਕਿ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿਚਲੇ ਕਿਸਾਨਾਂ ਦੇ ਅਧਿਕਾਰਾਂ ਦੀ ਵਕਾਲਤ ਕਰਨ ਵਾਲਾ ਸਮਹੂ ਹੈ, ਜਿਨ੍ਹਾਂ ਦੇ ਕੰਮਾਂ ਵਿੱਚ ਸਰਕਾਰੀ ਸਕੀਮਾਂ ਵਾਸਤੇ ਲੋਕਾਂ ਦੇ ਫਾਰਮ ਭਰਨਾ ਅਤੇ ਲੋਕਾਂ ਦੇ ਨਾਲ਼ ਤਸਦੀਕ ਪ੍ਰਕਿਰਿਆ ਮੁਕੰਮਲ ਕਰਾਉਣ ਲਈ ਪੁਲਿਸ ਥਾਣੇ ਜਾਣਾ ਤੱਕ ਸ਼ਾਮਲ ਹੈ।

ਉਹਨੂੰ ਤੇਲੰਗਾਨਾ ਸਰਕਾਰ ਵੱਲੋਂ 6 ਲੱਖ ਰੁਪਏ ਦਾ ਮੁਆਵਜਾ ਨਹੀਂ ਮਿਲਿਆ ਜੋ ਮਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਂਦਾ ਹੈ।

"ਸ਼ੁਰੂ ਵਿੱਚ ਉਨ੍ਹਾਂ ਨੇ (ਐੱਮਆਰਓ ਦੇ ਅਧਿਕਾਰੀਆਂ)ਮੈਨੂੰ ਦੱਸਿਆ ਸੀ ਕਿ ਮੈਨੂੰ ਐਕਸ-ਗ੍ਰੇਟਿਆ (ਦਾਅਵੇ ਦੀ ਰਾਸ਼ੀ) ਮਿਲੇਗੀ। ਉਨ੍ਹਾਂ ਨੇ ਮੈਨੂੰ ਬਾਰ-ਬਾਰ ਆਉਂਦੇ ਰਹਿਣ ਲਈ ਕਿਹਾ। ਅਖੀਰ (ਦਸੰਬਰ 2018 ਵਿੱਚ) ਉਨ੍ਹਾਂ ਨੇ ਮੈਨੂੰ ਕਿਹਾ ਕਿ ਉਨ੍ਹਾਂ ਨੂੰ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੇਰੇ ਪਤੀ ਦਾ ਪਿੰਡ ਦੇ ਹੀ ਕਿਸੇ ਵਿਅਕਤੀ ਨਾਲ਼ ਝਗੜਾ ਸੀ। ਇਸਲਈ ਆਤਮਹੱਤਿਆ ਖੇਤੀ ਨਾਲ਼ ਜੁੜੀ ਆਤਮਹੱਤਿਆ ਨਹੀਂ ਸੀ ਅਤੇ ਮੇਰੀ ਫਾਈਲ ਬੰਦ ਹੋ ਚੁੱਕੀ ਹੈ," ਸਾਗਰਿਕਾ ਨੇ ਯਾਦ ਕੀਤਾ।

'We eat only rice and pickles now,' says Sagarika, as prices have increased after the lockdown
PHOTO • Ramulu Beeram

'ਹੁਣ ਅਸੀਂ ਚਾਵਲ ਅਤੇ ਅਚਾਰ ਖਾਂਦੇ ਹਾਂ,' ਸਾਗਰਿਕਾ ਦੱਸਦੀ ਹੈ, ਕਿਉਂਕਿ ਤਾਲਾਬੰਦੀ ਤੋਂ ਬਾਅਦ ਚੀਜਾਂ ਦੇ ਭਾਅ ਅਸਮਾਨੀਂ ਚੜ੍ਹ ਗਏ ਹਨ।

ਪਰ ਐੱਫਆਈ ਵਿੱਚ ਕਿਸੇ ਵੀ ਝਗੜੇ ਦਾ ਜਿਕਰ ਨਹੀਂ ਅਤੇ ਸਾਗਰਿਕਾ ਬੜਾ ਜੋਰ ਲਾਉਂਦੀ ਹੈ ਕਿ ਕਿਸੇ ਕਿਸਮ ਦਾ ਕੋਈ ਝਗੜਾ ਨਹੀਂ ਸੀ। ਉਹ ਦੱਸਦੀ ਹੈ, ਆਤਮਹੱਤਿਆ ਤੋਂ ਬਾਅਦ, ਕੋਈ ਅਫ਼ਸਰ ਕੇਸ ਦਾ ਮੁਲਾਂਕਣ ਕਰਨ ਉਹਦੇ ਘਰ ਨਹੀਂ ਆਇਆ। ਹਰ ਵਾਰ ਉਹ ਐੱਮਆਰਓ ਦਫ਼ਤਰ ਗਈ, ਹਰ ਵਾਰ ਉਹਨੂੰ ਕੇਸ ਬੰਦ ਕਰਨ ਦੇ ਵੱਖੋ-ਵੱਖ ਕਾਰਨ ਦੱਸੇ ਗਏ।

ਨਵੰਬਰ 2019 ਤੱਕ ਉਹ ਕੇਸ ਬੰਦ ਹੋਣ ਦੇ ਉਸੇ ਵੇਰਵੇ ਦੀ ਭਾਲ਼ ਕਰਦੀ ਰਹੀ ਹੈ, ਉਸਨੂੰ ਆਰਟੀਆਈ ( ਸੂਚਨਾ ਦੇ ਅਧਿਕਾਰ ) ਐਪਲੀਕੇਸ਼ਨ ਜ਼ਰੀਏ ਆਪਣੇ ਮੁਆਵਜੇ ਦੇ ਸਟੇਟਸ ਬਾਰੇ ਜਾਣਨ ਵਾਸਤੇ ਕਿਹਾ ਗਿਆ। ਇਸ ਕੰਮ ਲਈ, ਰਥੂ ਸਵਰਾਜਿਆ ਵੇਦਿਕਾ ਦੁਆਰਾ ਉਹਦੀ ਸਹਾਇਤਾ ਕੀਤੀ ਗਈ। ਫਰਵਰੀ 2020 ਵਿੱਚ ਉਹਦੀ ਅਰਜੀ ਜਾਂਗਾਓ ਸ਼ਹਿਰ ਦੇ ਰੈਵੇਨਿਊ ਡਿਸਟ੍ਰਿਕਟ ਆਫਿਸ ਭੇਜੀ ਗਈ। ਅਜੇ ਤੱਕ ਉਹਦੀ ਕੋਈ ਸੁਣਵਾਈ ਨਹੀਂ ਹੋਈ।

ਅਤੇ ਫਿਰ, 25 ਮਾਰਚ ਤੋਂ ਦੇਸ਼ ਵਿਆਪੀ ਤਾਲਾਬੰਦੀ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਸਕੂਲ ਬੰਦ ਹਨ, ਉਹਨੂੰ ਆਪਣੇ ਬੱਚਿਆਂ ਦੀ ਚਿੰਤਾ ਹੁੰਦੀ ਹੈ। ਸਨੇਹਿਤਾ ਨੂੰ ਜਾਂਗਾਓਂ ਜ਼ਿਲ੍ਹੇ ਦੇ ਨਿੱਜੀ ਬੋਰਡਿੰਗ ਸਕੂਲ ਤੋਂ ਘਰੇ ਵਾਪਸ ਭੇਜ ਦਿੱਤਾ ਗਿਆ, ਸਾਤਵਿਕ ਜੋ ਆਪਣੇ ਪਿੰਡ ਦੇ ਹੀ ਸਰਕਾਰੀ ਸਕੂਲ ਪੜ੍ਹਦਾ ਸੀ, ਤਾਲਾਬੰਦੀ ਤੋਂ ਬਾਅਦ ਘਰ ਹੀ ਰਹਿੰਦਾ ਹੈ। "ਬੱਚੇ ਘਰੋਂ ਬਾਹਰ ਹੀ ਖੇਡਦੇ ਰਹਿੰਦੇ ਹਨ। ਉਨ੍ਹਾਂ ਵਿੱਚ ਅਨੁਸ਼ਾਸ਼ਨ ਖ਼ਤਮ ਹੋ ਰਿਹਾ ਹੈ," ਸਾਗਰਿਕਾ ਕਹਿੰਦੀ ਹੈ, ਜੋ ਖੁਦ 10ਵੀਂ ਤੱਕ ਪੜ੍ਹੀ ਹੈ।

"ਅਤੇ ਹਰੇਕ ਚੀਜ਼ ਦੇ ਭਾਅ ਅਸਮਾਨੀਂ ਜਾ ਪੁੱਜੇ ਹਨ (ਤਾਲਾਬੰਦੀ ਹੋਣ ਕਾਰਨ)। ਪਹਿਲਾਂ ਜਿੱਥੇ 10 ਰੁਪਏ ਦਾ ਇੱਕ ਪੈਕੇਟ ਦੁੱਧ ਮਿਲ਼ਦਾ ਸੀ, ਹੁਣ ਉਹ 12 ਰੁਪਏ ਦਾ ਹੈ। ਸਬਜੀਆਂ ਖਰੀਦਣਾ ਮੇਰੇ ਵੱਸ ਦੀ ਗੱਲ ਨਹੀਂ ਰਹੀ। ਹੁਣ ਅਸੀਂ ਸਿਰਫ਼ ਚੌਲ ਅਤੇ ਅਚਾਰ ਹੀ ਖਾਂਦੇ ਹਾਂ। ਸ਼ਾਮ ਨੂੰ ਮੈਂ ਸਿਰਫ਼ ਬੱਚਿਆਂ ਦੇ ਮੰਗਣ 'ਤੇ ਹੀ ਭੋਜਨ ਦਿੰਦੀ ਹਾਂ। ਜੇਕਰ ਉਹ ਕਹਿੰਦੇ ਹਨ,'ਮੈਨੂੰ ਭੁੱਖ ਲੱਗੀ ਹੈ', ਸਿਰਫ਼ ਤਾਂ ਹੀ। ਨਹੀਂ ਤਾਂ, ਅਸੀਂ ਇੰਝ ਹੀ ਸੌਂ ਜਾਈਦਾ ਹੈ।"

ਇਹ ਕਹਾਣੀ ਜੂਨ ਤੋਂ ਦਸੰਬਰ 2020 ਦੌਰਾਨ ਫ਼ੋਨ 'ਤੇ ਲਈ ਗਈ ਇੰਟਰਵਿਊ 'ਤੇ ਅਧਾਰਤ ਹੈ।

ਪੱਤਰਕਾਰ, ਹੈਦਰਾਬਾਦ ਅਧਾਰਤ ਰਥੂ ਸਵਰਾਜਿਆ ਵੇਦਿਕਾ ਦੇ ਲਕਸ਼ਮੀ ਪ੍ਰਿਯੰਕਾ ਬੌਲਾਵਰਮ ਅਤੇ ਵਿਨੀਤ ਰੈਡੀ, ਜੋ ਕਿ ਪੋਸਟ-ਗ੍ਰੈਜੂਏਟ ਸਟੂਡੈਂਟ ਹੈ, ਉਨ੍ਹਾਂ ਦੀ ਇਸ ਕਹਾਣੀ ਵਾਸਤੇ ਦਿੱਤੀ ਮਦਦ ਲਈ ਧੰਨਵਾਦ ਕਰਦੀ ਹੈ।

ਤਰਜਮਾ: ਕਮਲਜੀਤ ਕੌਰ

Riya Behl

Riya Behl is a multimedia journalist writing on gender and education. A former Senior Assistant Editor at People’s Archive of Rural India (PARI), Riya also worked closely with students and educators to bring PARI into the classroom.

Other stories by Riya Behl
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur