“ਮੈਨੂੰ ਤਣਾਅ ਜਿਹਾ ਮਹਿਸੂਸ ਹੁੰਦਾ ਹੈ, ਪਰ ਮੈਂ ਰੁਕਦੀ ਨਹੀਂ। ਥੋੜ੍ਹੀ ਜਿੰਨੀ ਕਮਾਈ ਅਤੇ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਮੈਨੂੰ ਹਰ ਦਿਨ ਲੰਬਾ ਪੈਂਡਾ ਤੈਅ ਕਰਨਾ ਪੈਂਦਾ ਹੈ,’’ ਸੈਂਤਿਲ ਕੁਮਾਰੀ (40 ਸਾਲ) ਮੱਛੀ ਵੇਚਣ ਲਈ ਹਰ ਦਿਨ ਘੱਟੋ-ਘੱਟ 130 ਕਿਲੋਮੀਟਰ ਯਾਤਰਾ ਕਰਦੀ ਹਨ। ਉਨ੍ਹਾਂ ਕੋਵਿਡ ਤਾਲਾਬੰਦੀ ਤੋਂ ਬਾਅਦ ਮੱਛੀ ਵੇਚਣ ਲਈ ਦਰਪੇਸ਼ ਆਉਂਦੀਆਂ ਸਮੱਸਿਆਵਾਂ ਬਾਰੇ ਸਾਨੂੰ ਦੱਸਦੀ ਹਨ। “ਮੇਰੇ ਸਿਰ ਕਰਜ਼ਾ ਵੱਧਦਾ ਜਾ ਰਿਹਾ ਹੈ। ਮੇਰੇ ਕੋਲ਼ ਇੰਨੇ ਪੈਸੇ ਨਹੀਂ ਹਨ ਕਿ ਮੈਂ ਆਪਣੀ ਧੀ ਦੀਆਂ ਆਨਲਾਈਨ ਕਲਾਸਾਂ ਲਵਾਉਣ ਲਈ ਸਮਾਰਟਫ਼ੋਨ ਖ਼ਰੀਦ ਸਕਾਂ। ਮੇਰੇ ਸਿਰ ਜ਼ਿੰਮੇਦਾਰੀਆਂ ਦਾ ਵੀ ਬੜਾ ਬੋਝ ਹੈ।”

ਸੈਂਤਿਲ, ਤਮਿਲਨਾਡੂ ਦੇ ਮਯਿਲਾਦੁਥੁਰਾਈ ਜ਼ਿਲ੍ਹੇ ਦੇ, ਮਛੇਰਿਆਂ ਦੇ ਪਿੰਡ ਵਨਾਗਿਰੀ ਵਿੱਚ ਰਹਿੰਦੀ ਹਨ। ਇੱਥੇ ਹਰ ਉਮਰ ਦੀਆਂ ਕਰੀਬ 400 ਔਰਤਾਂ ਮੱਛੀ ਵੇਚਣ ਦੇ ਕੰਮੇ ਲੱਗੀਆਂ ਹਨ। ਉਨ੍ਹਾਂ ਦੇ ਕੰਮ ਦਾ ਤਰੀਕਾ ਇੱਕ ਦੂਸਰੇ ਨਾਲ਼ੋਂ ਮੁਖ਼ਤਲਿਫ਼ ਹੈ। ਕੁਝ ਔਰਤਾਂ ਆਪਣੇ ਸਿਰਾਂ ‘ਤੇ ਮੱਛੀਆਂ ਦੀਆਂ ਟੋਕਰੀਆਂ ਚੁੱਕੀ ਪਿੰਡ ਦੀਆਂ ਗਲ਼ੀਆਂ ਵਿੱਚ ਨਿਕਲ਼ ਪੈਂਦੀਆਂ ਹਨ, ਕੁਝ ਆਟੋ, ਵੈਨ ਜਾਂ ਬੱਸਾਂ ‘ਤੇ ਸਵਾਰ ਹੋ ਨੇੜੇ-ਤੇੜੇ ਦੇ ਪਿੰਡਾਂ ਵਿੱਚ ਜਾ ਕੇ ਮੱਛੀਆਂ ਵੇਚਦੀਆਂ ਹਨ ਅਤੇ ਕੁਝ ਔਰਤਾਂ ਤਾਂ ਬੱਸ ਰਾਹੀਂ ਦੂਜੇ ਜ਼ਿਲ੍ਹਿਆਂ ਦੀਆਂ ਮੰਡੀਆਂ ਤੀਕਰ ਜਾਂਦੀਆਂ ਹਨ।

ਸੇਂਤਿਲ ਕੁਮਾਰੀ ਵਾਂਗਰ, ਜ਼ਿਆਦਾਤਰ ਔਰਤਾਂ ਆਪਣੀ ਕਮਾਈ ਨਾਲ਼ ਘਰ ਦਾ ਖ਼ਰਚਾ ਚਲਾਉਂਦੀਆਂ ਹਨ। ਹਾਲਾਂਕਿ, ਇਸ ਦੌਰਾਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਹਾਂਮਾਰੀ ਨੇ ਇਨ੍ਹਾਂ ਸਾਰੀਆਂ ਔਰਤਾਂ ‘ਤੇ ਅਸਰ ਪਾਇਆ ਹੈ। ਪਰਿਵਾਰ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਿਆਂ ਕਰਨ ਲਈ, ਉਨ੍ਹਾਂ ਨੂੰ ਸ਼ਾਹੂਕਾਰਾਂ ਅਤੇ ਮਾਈਕ੍ਰੋਫ਼ਾਇਨਾਂਸ ਕੰਪਨੀਆਂ ਪਾਸੋਂ ਉਧਾਰ ਚੁੱਕਣਾ ਪਿਆ ਅਤੇ ਇਸ ਤਰ੍ਹਾਂ ਕਰਜ਼ੇ ਦੀ ਜਿਲ੍ਹਣ ਵਿੱਚ ਫਸ ਗਈ। ਇਸ ਗੱਲ ਦੀ ਉਮੀਦ ਘੱਟ ਹੀ ਹੈ ਕਿ ਉਹ ਕਦੇ ਆਪਣਾ ਕਰਜ਼ਾ ਹੀ ਲਾਹ ਸਕੇਗੀ। ਇੱਕ ਕਰਜ਼ਾ ਲਾਹੁਣ ਲਈ ਸਾਨੂੰ ਦੂਸਰਾ ਕਰਜ਼ਾ ਲੈਣਾ ਪੈਂਦਾ ਹੈ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਅੰਤ ਵਿੱਚ ਭਾਰੀ ਵਿਆਜ਼ ਦਰਾਂ ਤਾਰੀਆਂ ਪੈਂਦੀਆਂ ਹਨ। ਮੱਛੀ ਵਿਕ੍ਰੇਤਾ 43 ਸਾਲਾ ਅੰਮ੍ਰਿਤਾ ਕਹਿੰਦੀ ਹਨ,‘‘ਮੈਂ ਸਮੇਂ ਸਿਰ ਕਰਜ਼ੇ ਦਾ ਭੁਗਤਾਨ ਨਹੀਂ ਕਰ ਪਾ ਰਹੀ ਹਾਂ, ਜਿਹਦੇ ਕਾਰਨ ਵਿਆਜ ਵੱਧਦਾ ਹੀ ਜਾ ਰਿਹਾ ਹੈ।”

ਰਾਜ ਦੀ ਕਿਸੇ ਪਾਲਿਸੀ ਵਿੱਚ ਕਿਤੇ ਵੀ ਔਰਤ ਮੱਛੀ ਵਿਕ੍ਰੇਤਾਵਾਂ ਦੀ ਪੂੰਜੀ ਨਾਲ਼ ਜੁੜੀ ਅਤੇ ਹੋਰ ਵਿੱਤੀ ਲੋੜਾਂ ‘ਤੇ ਧਿਆਨ ਨਹੀਂ ਦਿੱਤਾ ਗਿਆ ਹੈ। ਦੂਸਰੇ ਪਾਸੇ, ਪੁਰਖਾਂ ਦਰਮਿਆਨ ਵੱਧਦੀ ਬੇਰੁਜ਼ਗਾਰੀ ਕਾਰਨ, ਗ਼ੈਰ-ਮਛੇਰਾ ਭਾਈਚਾਰੇ ਦੀਆਂ ਔਰਤਾਂ ਨੇ ਵੀ ਮੱਛੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸਭ ਕਾਰਨ ਮੱਛੀਆਂ ਅਤੇ ਆਵਾਜਾਈ ਦੀ ਲਾਗਤ ਵੱਧ ਗਈ ਹੈ ਅਤੇ ਆਮਦਨੀ ਘੱਟ ਹੋ ਗਈ ਹੈ। ਪਹਿਲਾਂ ਜਿੱਥੇ ਉਨ੍ਹਾਂ ਦੀ ਦਿਹਾੜੀ ਦੀ ਕਮਾਈ 200-300 ਰੁਪਏ ਹੋ ਜਾਂਦੀ ਸੀ, ਹੁਣ ਘੱਟ ਕੇ 100 ਰੁਪਏ ਹੋ ਗਈ ਹੈ ਅਤੇ ਕਦੇ-ਕਦੇ ਤਾਂ ਉਨ੍ਹਾਂ ਦੀ ਇਸ ਤੋਂ ਵੀ ਘੱਟ ਕਮਾਈ ਹੁੰਦੀ ਹੈ।

ਉਨ੍ਹਾਂ ਦੀ ਜ਼ਿੰਦਗੀ ਮੁਸ਼ਕਲਾਂ ਨਾਲ਼ ਭਰੀ ਹੈ, ਫਿਰ ਵੀ ਦਿਨਾਂ ਦੇ ਬੀਤਣ ਨਾਲ਼ ਉਨ੍ਹਾਂ ਦੇ ਸੰਘਰਸ਼ ਜਾਰੀ ਹਨ, ਬੰਦਰਗਾਹਾਂ ‘ਤੇ ਜਾਣ ਲਈ ਸਵੇਰੇ ਉੱਠਣਾ ਜਾਰੀ ਹੈ, ਮੱਛੀਆਂ ਖ਼ਰੀਦਣੀਆਂ ਜਾਰੀ ਹਨ, ਗਾਲ਼੍ਹਾਂ ਸੁਣਨੀਆਂ ਜਾਰੀ ਹਨ ਅਤੇ ਮੱਛੀਆਂ ਵੇਚਣ ਲਈ ਹਰ ਹੀਲਾ ਜਾਰੀ ਹੈ।

ਵੀਡਿਓ ਦੇਖੋ: ਵਨਾਗਿਰੀ: 'ਮੈਂ ਮੱਛੀ ਵੇਚਣ ਨਹੀਂ ਜਾ ਸਕੀ'

ਤਰਜਮਾ: ਕਮਲਜੀਤ ਕੌਰ

Nitya Rao

Nitya Rao is Professor, Gender and Development, University of East Anglia, Norwich, UK. She has worked extensively as a researcher, teacher and advocate in the field of women’s rights, employment and education for over three decades.

Other stories by Nitya Rao
Alessandra Silver

Alessandra Silver is an Italian-born filmmaker based in Auroville, Puducherry, who has received several awards for her film production and photo reportage in Africa.

Other stories by Alessandra Silver
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur