"ਸਾਡਾ ਕੰਮ ਪਹਿਲਾਂ ਹੀ ਪ੍ਰਭਾਵਤ ਹੋ ਰਿਹਾ ਸੀ", ਜਗਮੋਹਨ ਦੱਸਦਾ ਹੈ, ਜੋ ਕਿ ਪੱਛਮੀ ਦਿੱਲੀ ਦੇ ਉੱਤਮ ਨਗਰ ਇਲਾਕੇ ਦਾ ਘੁਮਿਆਰ ਹੈ, ਉਹਨੇ ਲਗਭਗ ਇੱਕ ਸਾਲ ਪਹਿਲਾਂ ਰਾਜ ਅਧਿਕਾਰੀਆਂ ਦੁਆਰਾ ਲੱਕੜ ਅਤੇ ਬੂਰੇ ਨਾਲ਼ ਚੱਲਣ ਵਾਲ਼ੀਆਂ ਦੀ ਭੱਠੀਆਂ (ਮਿੱਟੀ ਦੇ ਭਾਂਡੇ ਪਕਾਉਣ ਵਾਲ਼ੀਆਂ) ਨੂੰ ਖ਼ਤਮ ਕਰਨ ਦੇ ਆਰਡਰ ਦਾ ਹਵਾਲਾ ਦਿੰਦਿਆਂ ਕਿਹਾ। "ਇਸ ਕਾਰਨ ਕਰਕੇ, ਕੁਝ ਘੁਮਿਆਰ ਬਹੁਤ ਘੱਟ ਮਾਤਰਾ ਵਿੱਚ ਸਮਾਨ ਬਣਾ ਰਹੇ ਹਨ, ਕੁਝ ਤਾਂ ਫੇਰੀ ਵਾਲ਼ੇ ਬਣ ਕੇ ਰਹਿ ਗਏ ਹਨ ਅਤੇ ਕੁਝ ਕੁ ਘੁਮਿਆਰਾਂ ਨੇ ਇਹ ਕੰਮ ਹੀ ਛੱਡ ਦਿੱਤਾ ਹੈ ਅਤੇ ਹੁਣ ਆਈ ਇਸ ਮਹਾਂਮਾਰੀ ਅਤੇ ਤਾਲਾਬੰਦੀ ਨੇ ਤਾਂ ਸਾਡੀ ਵਿਕਰੀ ਦੇ ਸਿਖਰਲੇ ਮੌਸਮ (ਮਾਰਚ ਤੋਂ ਜੁਲਾਈ) ਦਾ ਬੇੜਾ ਹੀ ਗਰਕ ਕਰ ਛੱਡਿਆ ਹੈ।
ਜਗਮੋਹਨ (ਕਵਰ ਫ਼ੋਟੋ ਵਿੱਚ ਐਨ ਉੱਪਰ; ਉਹ ਆਪਣਾ ਛੋਟਾ ਨਾਮ ਵਰਤਦਾ ਹੈ) ਦੀ ਉਮਰ 48 ਹੈ ਅਤੇ ਜੋ ਪਿਛਲੇ ਤਿੰਨ ਦਹਾਕਿਆਂ ਤੋਂ ਮਿੱਟੀ ਦੇ ਭਾਂਡੇ ਬਣਾਉਂਦਾ ਰਿਹਾ ਹੈ। "ਜੋ ਚੰਗੀ ਗੱਲ ਅਸਾਂ ਮਹਿਸੂਸ ਕੀਤੀ ਉਹ ਇਹ ਸੀ ਇਸ ਸਾਲ ਮਟਕਿਆਂ ਦੀ ਚੰਗੀ ਮੰਗ ਦਾ (ਬਹੁਤ ਜ਼ਿਆਦਾ) ਹੋਣਾ, ਕਾਰਨ ਸੀ ਲੋਕ ਵੱਲੋਂ ਫਰਿਜ ਦਾ ਠੰਡਾ ਪਾਣੀ ਪੀਣ ਤੋਂ ਗੁਰੇਜ਼ ਕਰਨਾ (ਕੋਵਿਡ-19 ਦੇ ਡਰੋਂ)। ਪਰ ਭਾਵੇਂ ਕਿ ਅਸੀਂ ਤਾਲਾਬੰਦੀ ਦੌਰਾਨ ਮਿੱਟੀ ਦੀ ਕਮੀ ਕਰਕੇ ਕਿੰਨੀ ਵੀ ਭੱਜਨੱਸ ਕੀਤੀ ਹੋਵੇ, ਪਰ ਫਿਰ ਵੀ ਅਸੀਂ ਲੋੜੀਂਦਾ ਸਟਾਕ ਤਿਆਰ ਨਾ ਰੱਖ ਸਕੇ।" ਆਮ ਤੌਰ 'ਤੇ ਇੱਕ ਘੁਮਿਆਰ ਆਪਣੇ ਪੂਰੇ ਪਰਿਵਾਰ ਦੀ ਮਦਦ ਲੈ ਕੇ 2-3 ਦਿਨਾਂ ਵਿੱਚ ਔਸਤਨ 150-200 ਮਟਕੇ ਬਣਾ ਸਕਦਾ ਹੈ।
ਬਸਤੀ ਦੀਆਂ ਗਲ਼ੀਆਂ ਦੇ ਨਾਲ਼-ਨਾਲ਼ ਸੁੱਕੀ ਮਿੱਟੀ ਦੇ ਢੇਰ ਲੱਗੇ ਹੋਏ ਹਨ-ਅਤੇ, ਰੁਝੇਵੇਂ ਭਰੇ ਦਿਨਾਂ ਵਿੱਚ, ਬੂਹਿਆਂ ਦੇ ਮਗਰੋਂ ਘੜੇ ਬਣਾਉਂਦੇ ਘੁਮਿਆਰਾਂ ਦੇ ਚੱਕਿਆਂ ਦੀ ਚੀਂ-ਚੀਂ ਅਤੇ ਵਿਹੜੇ ਅਤੇ ਸ਼ੈਡਾਂ 'ਤੇ ਸੈਂਕੜੇ ਹੀ ਸੁੱਕਣੇ ਪਏ ਘੜਿਆਂ, ਲੈਂਪਾਂ, ਮੂਰਤੀਆਂ ਅਤੇ ਹੋਰ ਵੀ ਚੀਜ਼ਾਂ ਦੀਆਂ ਟੁਣਕਾਰਾਂ ਸੁਣੀਂਦੀਆਂ ਹਨ। ਇਨ੍ਹਾਂ ਵਸਤਾਂ ਨੂੰ ਭੱਠੀ ਵਿੱਚ ਪਕਾਉਣ ਤੋਂ ਪਹਿਲਾਂ ਗੇਰੂ ਰੋਗਣ (ਤਰਲ ਲਾਲ ਮਿੱਟੀ ਜੋ ਕਿ ਇਨ੍ਹਾਂ ਟੇਰਾਕੋਟਾ ਚੀਜ਼ਾਂ ਨੂੰ ਕੁਦਰਤੀ ਰੰਗਤ ਦਿੰਦੀ ਹੈ)ਨਾਲ਼ ਰੰਗਿਆ ਜਾਂਦਾ ਹੈ। ਇਹ ਪਰੰਪਰਾਗਤ ਕੱਚੀਆਂ ਭੱਠੀਆਂ ਅਕਸਰ ਘਰਾਂ ਦੀਆਂ ਛੱਤਾਂ 'ਤੇ ਹੀ ਬਣੀਆਂ ਹੁੰਦੀਆਂ ਹਨ। ਬਾਹਰਲੇ ਪਾਸੇ, ਵੰਨ-ਸੁਵੰਨੀਆਂ ਤਿਆਰ ਵਸਤਾਂ ਗਾਹਕਾਂ ਅਤੇ ਫੇਰੀ ਵਾਲ਼ਿਆਂ ਦੇ ਖ਼ਰੀਦਣ ਲਈ ਸਜਾਈਆਂ ਜਾਂਦੀਆਂ ਹਨ।
ਗੁਆਂਢੀ ਇਲਾਕੇ ਨੂੰ ਵੀ ਪ੍ਰਜਾਪਤੀ ਬਸਤੀ ਜਾਂ ਕੁਮ੍ਹਾਹ ਗ੍ਰਾਮ ਵੀ ਕਿਹਾ ਜਾਂਦਾ ਹੈ, ਇਸ ਬਸਤੀ ਵਿੱਚ 400-500 ਪਰਿਵਾਰ ਰਹਿੰਦੇ ਹਨ, ਹਰਕ੍ਰਿਸ਼ਨ ਪ੍ਰਜਾਪਤੀ, ਜੋ ਕਿ ਬਸਤੀ ਦਾ ਪ੍ਰਧਾਨ ਹੈ ਉਹਦੇ ਅੰਦਾਜੇ ਮੁਤਾਬਕ "ਕਈ ਘੁਮਿਆਰ ਜੋ ਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਸਨ ਉਹ ਕੰਮ ਨਾ ਹੋਣ ਕਰਕੇ ਆਪਣੇ ਪਿੰਡਾਂ ਨੂੰ ਵਾਪਸ ਮੁੜ ਗਏ ਹਨ," 63 ਸਾਲਾ ਪ੍ਰਜਾਪਤੀ ਜੋ ਕਿ 1990 ਦਾ ਰਾਸ਼ਟਰੀ ਅਵਾਰਡ ਅਤੇ 2012 ਵਿੱਚ ਸਰਕਾਰੀ ਸ਼ਿਲਪ ਗੁਰੂ ਅਵਾਰਡ ਜੇਤੂ ਹੈ।









