ਇਹ ਸਮਝਣਾ ਮੁਸ਼ਕਲ ਨਹੀਂ ਹੈ ਕਿ ਉਹ ''ਇਸ ਜ਼ਮੀਨ ਨੂੰ ਇੰਨਾ ਮਹੱਤਵ ਕਿਉਂ ਦਿੰਦੇ ਹਨ।'' ਖ਼ਾਸਕਰਕੇ ਉਦੋਂ ਜਦੋਂ ਤੁਸੀਂ ਇੱਕੋ ਹੀ ਇਲਾਕੇ ਵਿੱਚ ਰਹਿੰਦੇ ਹੋਵੋ ਅਤੇ ਇੱਥੋਂ ਦੀ ਸਮੁੰਦਰੀ ਵਿਲੱਖਣਾ ਨੂੰ ਸਮਝਦੇ ਹੋਵੋ। ਇਸ ਪਾਰਕ ਵਿੱਚ ਮੂੰਗੇ ਦੀਆਂ ਭਿੱਤੀਆਂ (ਚੱਟਾਨਨੁਮਾ), ਜਲੀ ਬਨਸਪਤੀ (ਮੈਂਗਰੋਵ ਜੰਗਲ), ਰੇਤਲੇ ਸਮੁੰਦਰੀ ਤਟ, ਚਿੱਕੜੀ-ਹਿੱਸੇ, ਸਮੁੰਦਰੀ ਨਾਲ਼ੀ (ਕਰੀਕ), ਪਥਰੀਲੀ ਤੱਟਰੇਖਾ, ਸਮੁੰਦਰੀ ਘਾਹ ਦੇ ਮੈਦਾਨ (ਬਿਸਤਰੇ) ਅਤੇ ਹੋਰ ਬਹੁਤ ਕੁਝ ਸ਼ਾਮਲ ਹੈ
ਇੰਡੋ-ਜਰਮਨ ਬਾਇਓਡਾਇਵਰਸਿਟੀ ਪ੍ਰੋਗਰਾਮ, GIZ ਵੱਲੋਂ ਪ੍ਰਕਾਸ਼ਤ 2016 ਦੇ ਇੱਕ ਖੋਜ ਪੱਤਰ ਵਿੱਚ ਇਸ ਇਕੋਰੀਜਨ ਦਾ ਚੰਗੀ ਤਰ੍ਹਾਂ ਨਾਲ਼ ਦਸਤਾਵੇਜੀਕਰਨ ਕੀਤਾ ਗਿਆ ਸੀ। ਇਸ ਇਲਾਕੇ ਵਿੱਚ ਸਮੁੰਦਰੀ ਬੂਟੀਆਂ ਦੀਆਂ 100 ਕਿਸਮਾਂ, ਜਲਸੋਖਕ ਜੀਵਾਂ ਦੀਆਂ 70 ਕਿਸਮਾਂ ਅਤੇ ਨਰਮ ਤੇ ਸਖ਼ਤ ਮੂੰਗੇ ਦੀਆਂ 70 ਤੋਂ ਵੱਧ ਕਿਸਮਾਂ ਪਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਮੱਛੀ ਦੀਆਂ 200 ਕਿਸਮਾਂ, ਝੀਂਗਾ-ਮੱਛੀ ਦੀਆਂ 27 ਕਿਸਮਾਂ, ਕੇਕੜਿਆਂ ਦੀਆਂ 30 ਕਿਸਮਾਂ ਅਤੇ ਸਮੁੰਦਰੀ ਘਾਹ ਦੀਆਂ 4 ਕਿਸਮਾਂ ਪਾਈਆਂ ਜਾਂਦੀਆਂ ਹਨ।
ਇਹ ਸਭ ਇੱਥੇ ਹੀ ਨਹੀਂ ਰੁਕਦਾ। ਜਿਵੇਂ ਉਪਰੋਕਤ ਖੋਜ ਪੱਤਰ ਵਿੱਚ ਜ਼ਿਕਰ ਮਿਲ਼ਦਾ ਹੈ: ਇੱਥੇ ਤੁਹਾਨੂੰ ਸਮੁੰਦਰੀ ਕਛੂਏ ਤੇ ਸਮੁੰਦਰੀ ਥਣਧਾਰੀਆਂ ਦੀਆਂ ਤਿੰਨ ਕਿਸਮਾਂ, ਸੰਖ ਦੀਆਂ 200 ਤੋਂ ਵੱਧ ਕਿਸਮਾਂ, ਘੋਗਿਆਂ ਦੀਆਂ 90 ਤੋਂ ਵੱਧ ਕਿਸਮਾਂ, ਜੋਕਾਂ ਦੀਆਂ 55 ਕਿਸਮਾਂ ਅਤੇ ਪੰਛੀਆਂ ਦੀਆਂ 78 ਕਿਸਮਾਂ ਦੇਖਣ ਨੂੰ ਮਿਲ਼ਣਗੀਆਂ।
ਫਕੀਰਾਨੀ ਜਾਟ ਅਤੇ ਰਬਾੜੀ ਕਬੀਲੇ ਦੇ ਲੋਕ ਕਈ ਪੀੜ੍ਹੀਆਂ ਤੋਂ ਇਸ ਖੇਤਰ ਵਿੱਚ ਊਠਾਂ ਨੂੰ ਚਰਾਉਂਦੇ ਰਹੇ ਹਨ। ਗੁਜਰਾਤੀ ਭਾਸ਼ਾ ਵਿੱਚ ‘ਖਾਰਾਈ’ ਦਾ ਅਰਥ ਹੈ ‘ਨਮਕੀਨ’। ਖਾਰਾਈ, ਊਠ ਦੀ ਇੱਕ ਵਿਸ਼ੇਸ਼ ਨਸਲ ਹੈ ਜਿਸ ਨੇ ਆਪਣੇ ਆਪ ਨੂੰ ਇੱਕ ਵਾਤਾਵਰਣਕ ਖੇਤਰ ਦੇ ਹਾਲਾਤਾਂ ਵਿੱਚ ਢਾਲ ਲਿਆ ਹੁੰਦਾ ਹੈ, ਜੋ ਹਾਲਾਤ ਉਹਨਾਂ ਖੇਤਰਾਂ ਨਾਲੋਂ ਵੱਖਰੇ ਹੁੰਦੇ ਹਨ ਜਿੱਥੇ (ਖੇਤਰਾਂ) ਊਠ ਆਮ ਤੌਰ 'ਤੇ ਰਹਿੰਦੇ ਹਨ। ਉਹ ਕਈ ਤਰ੍ਹਾਂ ਦੇ ਪੌਦੇ ਅਤੇ ਬੂਟੇ ਖਾਂਦੇ ਹਨ, ਪਰ ਜਿਵੇਂ ਕਿ ਕਾਰੋ ਮੇਰੂ ਨੇ ਸਾਨੂੰ ਦੱਸਿਆ, ਜਲੀ-ਪੌਦੇ ਉਨ੍ਹਾਂ ਦੀ ਖੁਰਾਕ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹਨ।
ਇਨ੍ਹਾਂ ਜਾਨਵਰਾਂ- ਤੈਰਾਕੀ ਲਈ ਜਾਣੇ ਜਾਂਦੇ ਇਕਲੌਤੇ ਕੁੱਬੜਧਾਰੀ ਜੀਵ- ਦੇ ਨਾਲ਼ ਮਾਲਧਾਰੀ ਇਕਾਈ ਜਾਂ ਕਬੀਲੇ ਦੇ ਆਜੜੀਆਂ ਦੀ ਇੱਕ ਪੂਰੀ ਟੀਮ ਹੁੰਦੀ ਹੈ ਜੋ ਇਨ੍ਹਾਂ ਦੇ ਮਾਲਕ ਹੁੰਦੇ ਹਨ। ਇਸ ਟੀਮ ਵਿੱਚ ਦੋ ਮਾਲਧਾਰੀ ਵਿਅਕਤੀ ਹੁੰਦੇ ਹਨ ਜੋ ਊਠਾਂ ਦੇ ਨਾਲ਼-ਨਾਲ਼ ਤੈਰਦੇ ਹਨ। ਕਈ ਵਾਰੀਂ, ਉਨ੍ਹਾਂ ਵਿੱਚੋਂ ਇੱਕ ਵਿਅਕਤੀ ਭੋਜਨ ਅਤੇ ਪੀਣ ਵਾਲ਼ੇ ਪਾਣੀ ਨੂੰ ਲਿਜਾਣ ਲਈ ਅਤੇ ਪਿੰਡ ਵਾਪਸ ਮੁੜਨ ਲਈ ਛੋਟੀ ਜਿਹੀ ਬੇੜੀ ਦਾ ਇਸਤੇਮਾਲ ਕਰਦਾ ਹੈ। ਦੂਸਰਾ ਆਜੜੀ ਜਾਨਵਰਾਂ ਦੇ ਨਾਲ਼ ਉਸੇ ਦੀਪ 'ਤੇ ਰੁਕਿਆ ਰਹਿੰਦਾ ਹੈ, ਜਿੱਥੇ ਉਹ ਊਠਣੀ ਦੇ ਦੁੱਧ ਨਾਲ਼ ਆਪਣੀ ਹਲਕੀ ਜਿਹੀ ਖ਼ੁਰਾਕ ਪੂਰੀ ਕਰਦਾ ਹੈ, ਇਹ ਉਨ੍ਹਾਂ ਦੇ ਭਾਈਚਾਰੇ ਦੀ ਖ਼ੁਰਾਕ ਦਾ ਲੋੜੀਂਦਾ ਹਿੱਸਾ ਹੈ।