2007 ਵਿੱਚ ਪੋਲਾਮਾਰਾਸੇਟੀ ਪਦਮਾਜਾ ਦੇ ਵਿਆਹ ਵੇਲ਼ੇ ਪਰਿਵਾਰ ਨੇ ਉਨ੍ਹਾਂ ਦੇ ਦਾਜ ਵਿੱਚ 25 ਤੁਲਮ (250 ਗ੍ਰਾਮ) ਸੋਨੇ ਦੇ ਗਹਿਣੇ ਦਿੱਤੇ ਸਨ। ਘੜੀਆਂ ਦੀ ਮੁਰੰਮਤ ਕਰਕੇ ਜੀਵਨ ਬਸਰ ਕਰਨ ਵਾਲ਼ੀ 31 ਸਾਲਾ ਪਦਮਾਜਾ ਦੱਸਦੀ ਹਨ,“ਮੇਰੇ ਪਤੀ ਨੇ ਸਾਰੇ ਗਹਿਣ ਵੇਚ-ਵਟ ਲਏ ਤੇ ਅਖ਼ੀਰ ਮੈਨੂੰ ਛੱਡ ਵੀ ਦਿੱਤਾ।”
ਪਦਮਾਜਾ ਦੇ ਪਤੀ ਨੇ ਇੱਕ ਇੱਕ ਕਰਕੇ ਸਾਰੇ ਗਹਿਣੇ ਵੇਚ ਦਿੱਤੇ ਤੇ ਸ਼ਰਾਬ ਪੀ ਗਿਆ। ਉਹ ਕਹਿੰਦੀ ਹਨ,“ਮੈਂ ਆਪਣਾ ਤੇ ਆਪਣੇ ਬੱਚਿਆਂ ਦਾ ਢਿੱਡ ਭਰਨਾ ਸੀ।” ਇਸਲਈ ਉਨ੍ਹਾਂ ਨੇ ਘੜੀਆਂ ਦੀ ਮੁਰੰਮਤ ਕਰਨੀ ਸ਼ੁਰੂ ਕਰ ਦਿੱਤੀ, ਜਦੋਂ ਉਨ੍ਹਾਂ ਦੇ ਪਤੀ ਨੇ 2008 ਵਿੱਚ ਪਰਿਵਾਰ ਨਾਲ਼ ਤੋੜ-ਵਿਛੋੜੀ ਕੀਤੀ ਉਸ ਵੇਲ਼ੇ ਸ਼ਾਇਦ ਉਹ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਖੇ ਘੜੀਆਂ ਦੀ ਮੁਰੰਮਤ ਕਰਨ ਵਾਲ਼ੀ ਇਕਲੌਤੀ ਔਰਤ ਸਨ।
ਉਦੋਂ ਤੋਂ ਹੀ, ਉਹ ਘੜੀਆਂ ਦੀ ਛੋਟੀ ਜਿਹੀ ਦੁਕਾਨ ‘ਤੇ 6,000 ਰੁਪਏ ਮਹੀਨਾ ਦੀ ਤਨਖ਼ਾਹ ‘ਤੇ ਕੰਮ ਕਰ ਰਹੀ ਹਨ। ਪਰ ਮਾਰਚ ਵਿੱਚ ਜਦੋਂ ਕੋਵਿਡ-19 ਤਾਲਾਬੰਦੀ ਸ਼ੁਰੂ ਹੋਈ ਤਾਂ ਉਨ੍ਹਾਂ ਦੀ ਕਮਾਈ ਵੀ ਪ੍ਰਭਾਵਤ ਹੋਣੋਂ ਨਾ ਰਹਿ ਸਕੀ। ਉਸ ਮਹੀਨੇ ਉਨ੍ਹਾਂ ਨੂੰ ਸਿਰਫ਼ ਅੱਧੀ ਤਨਖ਼ਾਹ ਹੀ ਮਿਲ਼ੀ ਤੇ ਅਪ੍ਰੈਲ ਤੇ ਮਈ ਵਿੱਚ ਇੱਕ ਵੀ ਪੈਸਾ ਨਾ ਮਿਲ਼ਿਆ।
ਸ਼ਹਿਰ ਦੇ ਕੰਚਰਪਾਲੇਮ ਇਲਾਕੇ ਵਿਖੇ ਆਪਣੇ ਦੇ ਬੇਟਿਆਂ- ਅਮਨ (13 ਸਾਲਾ) ਤੇ ਰਾਜੇਸ਼ (10 ਸਾਲਾ) ਨਾਲ਼ ਰਹਿਣ ਵਾਲ਼ੀ ਪਦਮਾਜਾ ਦੱਸਦੀ ਹਨ,“ਮਈ ਤੱਕ ਦਾ ਕਿਰਾਇਆ ਮੈਂ ਕਿਸੇ ਤਰ੍ਹਾਂ ਆਪਣੀ ਬਚਤ ਪੂੰਜੀ ਨਾਲ਼ ਤਾਰ ਦਿੱਤਾ। ਮੈਨੂੰ ਉਮੀਦ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਸਕੂਲ ਭੇਜਣਾ ਜਾਰੀ ਰੱਖ ਪਾਊਂਗੀ। ਮੈਂ ਚਾਹੁੰਦੀ ਹਾਂ ਕਿ ਉਹ ਮੇਰੇ ਨਾਲ਼ੋਂ ਵੱਧ (10ਵੀਂ ਤੋਂ) ਪੜ੍ਹ-ਲਿਖ ਜਾਣ।”
ਪਦਮਾਜਾ ਦੀ ਕਮਾਈ ਨਾਲ਼ ਹੀ ਪੂਰੇ ਪਰਿਵਾਰ ਦਾ ਖ਼ਰਚਾ ਚੱਲ਼ਦਾ ਹੈ, ਪਰਿਵਾਰ ਵਿੱਚ ਉਨ੍ਹਾਂ ਦੇ ਮਾਤਾ-ਪਿਤਾ ਵੀ ਸ਼ਾਮਲ ਹਨ। ਉਨ੍ਹਾਂ ਦੇ ਬੇਰੁਜ਼ਗਾਰ ਪਤੀ ਕੋਲ਼ੋਂ ਕਦੇ ਕਿਸੇ ਕਿਸਮ ਦੀ ਵਿੱਤੀ ਸਹਾਇਤਾ ਨਹੀਂ ਮਿਲ਼ਦੀ। ਪਦਮਾਜਾ ਕਹਿੰਦੀ ਹਨ,“ਉਹ ਹੁਣ ਵੀ ਆਉਂਦਾ ਹੈ ਪਰ ਸਿਰਫ਼ ਉਦੋਂ ਹੀ ਜਦੋਂ ਉਸ ਕੋਲ਼ ਕੋਈ ਪੈਸਾ ਨਹੀਂ ਹੁੰਦਾ।” ਪਤੀ ਦੇ ਆਉਣ ‘ਤੇ ਉਹ ਉਨ੍ਹਾਂ ਨੂੰ ਆਪਣੇ ਨਾਲ਼ ਰੁਕਣ ਦਿੰਦੀ ਹਨ।
ਉਹ ਚੇਤੇ ਕਰਦੀ ਹਨ,“ਘੜੀਆਂ ਦੀ ਮੁਰੰਮਤ ਦਾ ਕੰਮ ਸਿੱਖਣਾ ਅਚਾਨਕ ਲਿਆ ਗਿਆ ਫ਼ੈਸਲਾ ਸੀ। ਜਦੋਂ ਮੇਰੇ ਪਤੀ ਸਾਨੂੰ ਛੱਡ ਗਏ ਤੇ ਮੇਰੇ ਹੱਥ ਵਿੱਚ ਕੋਈ ਹੁਨਰ ਨਹੀਂ ਸੀ। ਮੈਂ ਡਰਪੋਕ ਜਿਹੀ ਸਾਂ ਤੇ ਮੇਰੇ ਕੋਈ ਬਹੁਤੇ ਦੋਸਤ ਵੀ ਨਹੀਂ ਸਨ। ਮੈਨੂੰ ਕੁਝ ਸਮਝ ਹੀ ਨਹੀਂ ਆ ਰਿਹਾ ਸੀ ਕਿ ਕਰਾਂ ਤਾਂ ਕੀ ਕਰਾਂ, ਉਦੋਂ ਹੀ ਮੇਰੀ ਇੱਕ ਸਹੇਲੀ ਨੇ ਮੈਨੂੰ ਇਸ ਕੰਮ ਬਾਰੇ ਸੁਝਆ ਦਿੱਤਾ।” ਉਨ੍ਹਾਂ ਦੀ ਸਹੇਲੀ ਦੇ ਭਰਾ, ਐੱਮਡੀ ਮੁਸਤਫ਼ਾ ਨੇ ਪਦਮਾਜਾ ਨੂੰ ਘੜੀਆਂ ਠੀਕ ਕਰਨੀਆਂ ਸਿਖਾਈਆਂ। ਵਿਸ਼ਾਖਾਪਟਨਮ ਦੇ ਰੁਝੇਵੇਂ ਭਰੇ ਇਸ ਇਲਾਕੇ ਜਗਦੰਬਾ ਜੰਕਸ਼ਨ ਵਿਖੇ ਉਨ੍ਹਾਂ ਦੀ ਘੜੀਆਂ ਦੀ ਇੱਕ ਦੁਕਾਨ ਹੈ। ਪਦਮਾਜਾ ਜਿੱਥੇ ਕੰਮ ਕਰਦੀ ਹਨ ਉਹ ਦੁਕਾਨ ਵੀ ਉੱਥੇ ਜਿਹੇ ਕਰਕੇ ਹੀ ਹੈ। ਛੇ ਮਹੀਨਿਆਂ ਦੇ ਅੰਦਰ-ਅੰਦਰ ਉਨ੍ਹਾਂ ਦਾ ਇਸ ਕੰਮ ਵਿੱਚ ਚੰਗਾ ਹੱਥ ਬੈਠ ਚੁੱਕਿਆ ਹੈ।










